Home / ਓਪੀਨੀਅਨ / ਜਲਵਾਯੂ ਤਬਦੀਲੀ ਦਾ ਹਾੜ੍ਹੀ ਦੀਆਂ ਫ਼ਸਲਾਂ ਉੱਪਰ ਪ੍ਰਭਾਵ ਅਤੇ ਇਲਾਜ

ਜਲਵਾਯੂ ਤਬਦੀਲੀ ਦਾ ਹਾੜ੍ਹੀ ਦੀਆਂ ਫ਼ਸਲਾਂ ਉੱਪਰ ਪ੍ਰਭਾਵ ਅਤੇ ਇਲਾਜ

-ਅਮਰਜੀਤ ਸਿੰਘ ਸੰਧੂ ਅਤੇ ਪ੍ਰਿਤਪਾਲ ਸਿੰਘ;

ਮਨੁੱਖੀ ਦਖਲ ਅੰਦਾਜ਼ੀ ਅਤੇ ਕੁਦਰਤੀ ਕਾਰਨਾਂ ਕਰਕੇ ਮੌਸਮ ਦੀ ਪਿਛਲੇ ਦੋ ਦਹਾਕਿਆਂ ਦੇੇ ਸਮੇਂ ਦੌਰਾਨ ਔਸਤ ਅਸਮਾਨਤਾ ਦੀ ਪਰਖ ਕਰਦਿਆਂ ਅੰਤਰ-ਸਰਕਾਰੀ ਜਲਵਾਯੂ ਤਬਦੀਲ਼ੀ ਪੈਨਲ (ਆਈ. ਪੀ. ਸੀ. ਸੀ.) ਦੀ ਇੱਕ ਰਿਪੋਰਟ ਮੁਤਾਬਿਕ ਜਲਵਾਯੂ ਤਬਦੀਲ਼ੀ ਇਸ ਸਦੀ ਦੀ ਖੇਤੀ ਸਥਿਰਤਾ ਲਈ ਸੱਭ ਤੋਂ ਵੱਡੀ ਸਮੱਸਿਆ ਹੈ। ਇੱਕ ਅੰਦਾਜੇ ਅਨੁਸਾਰ ਤਾਪਮਾਨ ਵਿੱਚ ਇੱਕ ਦਰਜੇ ਦਾ ਵਾਧਾ ਕਣਕ, ਸਰੋਂਹ, ਆਲੂ, ਸੋਇਆਬੀਨ ਅਤੇ ਮੂੰਗਫਲੀ ਦਾ ਝਾੜ 3-7 ਪ੍ਰਤੀਸ਼ਤ ਤੱਕ ਘਟਾ ਸਕਦਾ ਹੈ।ਸੰਭਾਵਨਾ ਹੈ ਕਿ ਸਾਲ 2099 ਤੱਕ ਤਾਪਮਾਨ ਦਾ ਵਾਧਾ 2.5-4.9 ਪ੍ਰਤੀਸ਼ਤ ਹੋ ਸਕਦਾ ਹੈ, ਜਿਸਦੇ ਨਤੀਜੇ ਵਜੋਂ ਇਨ੍ਹਾਂ ਫ਼ਸਲਾਂ ਦੇ ਝਾੜ ਵਿੱਚ 10-40 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ।ਤਾਪਮਾਨ ਵਧਣ ਕਰਕੇ ਜ਼ਮੀਨ ਵਿਚਲਾ ਜੈਵਿਕ ਮਾਦਾ ਜਲਦੀ ਅਪਘਟਿਤ ਹੋਵੇਗਾ, ਜ਼ਮੀਨ ਵਿੱਚੋਂ ਨਾਈਟ੍ਰੋਜਨ ਤੱਤ ਦਾ ਗੈਸਾਂ ਦੇ ਰੂਪ ਵਿੱਚ ਨਿਕਾਸ ਵਧੇਗਾ ਜਿਸਦੇ ਨਤੀਜੇ ਵਜੋਂ ਉਪਜਾਊ ਸ਼ਕਤੀ ਘਟੇਗੀ। ਤਾਪਮਾਨ ਵਿੱਚ ਵਾਧੇ ਕਾਰਨ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਵਧੇਰੇ ਹਮਲੇ ਦੀ ਸੰਭਾਵਨਾ ਦੇ ਨਾਲ ਨਾਲ ਫਸਲਾਂ ਲਈ ਪਾਣੀ ਦੀ ਖਪਤ ਵੀ ਵਧੇਗੀ। ਪਰ ਤ੍ਰਾਸਦੀ ਹੈ ਕਿ ਪੰਜਾਬ, ਦੇਸ਼ ਦਾ ਸੱਭ ਤੋਂ ਉਪਜਾਊ ਖਿੱਤਾ ਹਰੀ ਕ੍ਰਾਂਤੀ ਦਾ ਸਿਹਰਾ ਬੰਨ੍ਹ ਕੇ ਆਪਣੇ ਕੁਦਰਤੀ ਸ੍ਰੋਤਾਂ ਦੀ ਕੀਮਤ ‘ਤੇ ਦੇਸ਼ ਦਾ ਢਿੱਡ ਭਰਨ ਲਈ ਰਾਸ਼ਟਰੀ ਹਿੱਤ ਪੂਰਦਾ ਰਿਹਾ ਹੈ।ਸਿੱਟੇ ਵਜੋਂ ਪਾਣੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਪੰਜਾਬ ਮਾਰੂਥਲ਼ ਬਨਣ ਵੱਲ ਵੱਧ ਰਿਹਾ ਹੈ।ਇਸਦੇ ਨਾਲ-ਨਾਲ ਖੇਤੀ ਉਤਪਾਦਿਕਤਾ ਵਿੱਚ ਹੋਰ ਜਿਕਰਯੋਗ ਵਾਧਾ ਨਹੀ ਹੋ ਰਿਹਾ, ਬਲਕਿ ਖੇਤੀ ਲਾਗਤਾਂ ਵਿੱਚ ਵਾਧਾ ਯਕੀਨਨ ਹੋ ਰਿਹਾ ਹੈ।

ਜਲਵਾਯੂ ਤਬਦੀਲ਼ੀ ਕਾਰਨ ਹੀ ਮਾਨਸੂਨ ਹਵਾਵਾਂ ਦੇ ਵਿਵਹਾਰ ਵਿੱਚ ਵਿਗਾੜ ਦੇਖਿਆ ਗਿਆ ਹੈ। ਅੰਕੜੇ ਦੱਸਦੇ ਹਨ ਕਿ ਮਾਨਸੂਨ ਰੁੱਤ (ਜੂਨ ਤੋਂ ਸਤੰਬਰ ਤੱਕ) ਦੌਰਾਨ ਭਾਂਵੇ ਕੁੱਲ ਬਾਰਿਸ਼ ਜਿਆਦਾ ਵੀ ਹੋਵੇ ਪ੍ਰੰਤੂ ਬਾਰਿਸ਼ ਦੇ ਦਿਨਾਂ ਦੀ ਗਿਣਤੀ ਘਟਣ ਕਾਰਨ ਕਿਸੇ ਸਮੇਂ ਸੋਕੇ ਵਰਗੇ ਹਾਲਾਤ ਬਣਦੇ ਹਨ ਤੇ ਕਿਤੇ ਹੜ੍ਹਾਂ ਦੀ ਮਾਰ ਪੈ ਜਾਂਦੀ ਹੈ ਸਿੱਟੇ ਵਜੋਂ ਕਿਤੇ ਖੁਸ਼ਕੀ ਕਾਰਨ ਤੇ ਕਿਤੇ ਵਾਧੂ ਪਾਣੀ ਖੜਨ ਕਰਕੇ ਵੀ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ।ਜਿਆਦਾ ਬਾਰਿਸ਼ ਦੇ ਪਾਣੀ ਨਾਲ ਜ਼ਮੀਨ ‘ਚੋਂ ਉਪਜਾਊ ਤੱਤਾਂ ਦਾ ਰੋੜ੍ਹ ਵੀ ਉਤਪਾਦਿਕਤਾ ਘਟਾ ਕੇ ਆਰਥਿਕ ਨੁਕਸਾਨ ਕਰਦਾ ਹੈ।ਦੁਜੇ ਪਾਸੇ ਸਰਦੀ ਦੌਰਾਨ ਬਾਰਿਸ਼ ਦੀ ਕਮੀ ਖੇਤੀ ਉਤਪਾਦਨ ਉੱਪਰ ਪ੍ਰਤੀਕੂਲ ਅਸਰ ਪਾਉਂਦੀ ਹੈ।ਇਹ ਵੀ ਦੇਖਿਆ ਗਿਆ ਹੈ ਕਿ ਜਲਵਾਯੂ ਤਬਦੀਲ਼ੀ ਕਾਰਨ ਗਰਮੀ ਰੁੱਤ ਦਾ ਪਸਾਰ ਹੋ ਰਿਹਾ ਹੈ।ਅਕਤੂਬਰ-ਨਵੰਬਰ ਦੌਰਾਨ ਵਧੇਰੇ ਔਸਤ ਤਾਪਮਾਨ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਉਪਰੰਤ ਬੀਜ਼ ਦੀ ਜੰਮਣ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਫਰਵਰੀ-ਮਾਰਚ ਮਹੀਨੇ ਤਾਪਮਾਨ ਵਿੱਚ ਅਗੇਤਾ ਵਾਧਾ ਕਈਂ ਫ਼ਸਲਾਂ ਦੀ ਪਰਾਗਣ ਕਿਰਿਆ ਨੂੰ ਪ੍ਰਭਾਵਿਤ ਕਰਕੇ ਝਾੜ ਵਿੱਚ ਕਮੀ ਦਾ ਕਾਰਨ ਬਣਦਾ ਹੈ।

ਬੇਸ਼ੱਕ ਜਲਵਾਯੂ ਤਬਦੀਲ਼ੀਆਂ ਸਬਜ਼ੀਆਂ, ਫ਼ਲਾਂ ਅਤੇ ਅਨਾਜ ਵਾਲੀਆਂ ਫ਼ਸਲਾਂ ਦੇ ਉਤਪਾਦਨ ਅਤੇ ਮਿਆਰ ਉੱਪਰ ਪ੍ਰਤੀਕੂਲ ਪ੍ਰਭਾਵ ਪਾਉਣਗੀਆਂ ਪ੍ਰੰਤੂ ਬਾਵਜੂਦ ਇਸਦੇ ਖੇਤੀ ਉਤਪਾਦਨ ਅਤੇ ਆਮਦਨ ਨੂੰ ਸਥਿਰ ਰੱਖਣ ਲਈ ਫ਼ਸਲ ਪ੍ਰਬੰਧ ਵਿੱਚ ਕੁੱਝ ਤਬਦੀਲ਼ੀਆਂ ਜਿਵੇਂ ਕਿ ਗਰਮੀ/ਸਰਦੀ ਰੋਧਕ ਜਾਂ ਸਹਿਨਸ਼ੀਲ ਫ਼ਸਲਾਂ ਅਤੇ ਕਿਸਮਾਂ ਦੀ ਚੋਣ, ਬਿਜਾਈ ਦਾ ਸਹੀ ਸਮਾਂ, ਬੀਜ ਦੀ ਸਹੀ ਮਾਤਰਾ, ਬਿਜਾਈ ਦਾ ਸਹੀ ਤਰੀਕਾ, ਉੱਤਮ ਸਿੰਚਾਈ ਪ੍ਰਬੰਧ, ਸੰਯੁਕਤ ਖਾਦ ਪ੍ਰਬੰਧ, ਸੰਯੁਕਤ ਕੀਟ ਪ੍ਰਬੰਧ ਅਤੇ ਬਿਮਾਰੀਆਂ ਦੀ ਰੋਕਥਾਮ ਦੇ ਨਾਲ-ਨਾਲ ਕਟਾਈ/ਵਢਾਈ ਉਪਰੰਤ ਉਤਪਾਦ ਦੀ ਸਹੀ ਸੰਭਾਲ ਅਤੇ ਮੰਡੀਕਰਨ ਲਈ ਉਚੇਚਾ ਪ੍ਰਬੰਧ ਉਸਾਰਨ ਵੱਲ ਤਵੱਜੋਂ ਦੇਣ ਦੀ ਲੋੜ ਹੈ।

ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਕੀਤੀਆਂ ਸ਼ਿਫਾਰਸ਼ਾਂ ਉੱਪਰ ਗੌਰ ਕਰਕੇ ਜਲਵਾਯੂ ਤਬਦੀਲੀਆਂ ਕਾਰਨ ਫ਼ਸਲਾਂ ਦੇ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।ਕਣਕ ਪੰਜਾਬ ਦੀ ਹਾੜ੍ਹੀ ਦੀ ਮੁੱਖ ਫ਼ਸਲ ਹੈ। ਚੰਗੇ ਝਾੜ ਲਈ ਕਣਕ ਦੀ ਬਿਜਾਈ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ। ਨਵੰਬਰ ਦਾ ਪਹਿਲਾ ਪੰਦਰ੍ਹਵਾੜਾ ਬਿਜਾਈ ਲਈ ਬਹੁਤ ਢੁਕਵਾਂ ਹੈ। ਪਰ ਕਣਕ ਦੀਆਂ ਲੰਮੇ ਸਮੇਂ ਦੀਆਂ ਕਿਸਮਾਂ (ਪੀ ਬੀ ਡਬਲਯੂ 824, ਪੀ ਬੀ ਡਬਲਯੂ 766, ਡੀ ਬੀ ਡਬਲਯੂ 187, ਐੱਚ ਡੀ 3226, ਉੱਨਤ ਪੀ ਬੀ ਡਬਲਯੂ 343, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐੱਚ ਡੀ 3086 ਅਤੇ ਡਬਲਯੂ ਐੱਚ 1105) ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਇਹ ਕਿਸਮਾਂ ਪੱਕਣ ਦੇ ਨੇੜੇ ਉੱਚੇ ਤਾਪਮਾਨ ਤੋਂ ਬਚੀਆਂ ਰਹਿਂੰਦੀਆਂ ਹਨ। ਢੁੱਕਵੇਂ ਸਮੇਂ ਤੋਂ ਬਿਜਾਈ ਵਿੱਚ ਇੱਕ ਹਫ਼ਤੇ ਦੀ ਪਿਛੇਤ, ਝਾੜ ਨੂੰ ਤਕਰੀਬਨ 150 ਕਿਲੋ ਪ੍ਰਤੀ ਏਕੜ ਪ੍ਰਤੀ ਹਫ਼ਤਾ ਘਟਾ ਦਿੰਦੀ ਹੈ।ਬੀਜ ਨੂੰ ਜੀਵਾਣੂੰ ਟੀਕਾ ਲਾ ਕੇ ਬੀਜਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ।ਖੁਰਾਕੀ ਤੱਤਾਂ ਦੀ ਪੂਰਤੀ ਲਈ ਜੈਵਿਕ, ਜੀਵਾਣੂੰ ਅਤੇ ਰਸਾਇਣਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਨੀ ਲਾਹੇਵੰਦ ਹੁੰਦੀ ਹੈ।ਦਰਮਿਆਨੀਆਂ ਜ਼ਮੀਨਾਂ ਵਿੱਚ 90 ਕਿਲੋ ਯੂਰੀਆ ਅਤੇ 55 ਕਿਲੋ ਡੀ ਏ ਪੀ ਦੀ ਵਰਤੋਂ ਕਰੋ।ਪੋਟਾਸ਼ ਖਾਦ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿੱਚ ਹੀ ਕਰੋ।ਘਾਟ ਵਾਲੀਆਂ ਜ਼ਮੀਨਾਂ ਵਿੱਚ ਮੈਂਗਨੀਜ਼, ਜ਼ਿੰਕ ਅਤੇ ਗੰਧਕ ਦੀ ਪੂਰਤੀ ਕਰੋ।ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋ ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ) ਦਾ ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗ੍ਰਾਮ ਸੈਲੀਸਿਲਕ ਏਸਿਡ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲ ਕੇ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ। ਸਮੇਂ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲਈ ਮੀਂਹ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਚ ਦੇ ਅਖੀਰ ਤੱਕ ਪਾਣੀ ਲਾਇਆ ਜਾ ਸਕਦਾ ਹੈ।ਇਹ ਖ਼ਿਆਲ ਹੋਵੇ ਕਿ ਪਾਣੀ ਲਾਉਣ ਸਮੇਂ ਹਵਾ ਨਾ ਚੱਲਦੀ ਹੋਵੇ, ਤਾਂ ਕਿ ਫ਼ਸਲ ਡਿੱਗ ਨਾ ਪਵੇ।

ਵੱਧ ਠੰਢੇ ਮੌਸਮ ਕਾਰਨ ਜਾਂ ਕੋਰੇ ਦੀ ਮਾਰ ਕਾਰਨ ਕਣਕ ਅਕਸਰ ਹੀ ਪੀਲੀ ਪੈ ਜਾਂਦੀ ਹੈ।ਅਜਿਹੇ ਹਾਲਤਾ ਵਿੱਚ ਨਾਈਟ੍ਰੋਜਨ ਦੀ ਘਾਟ ਪੂਰੀ ਕਰਨ ਲਈ 3% ਯੂਰੀਆ (3 ਕਿੱਲੋ ਯੂਰੀਆਂ ਪ੍ਰਤੀ 100 ਲੀਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰੋ।ਫ਼ਸਲ ਉਪਰ ਇੱਕਸਾਰ ਛਿੜਕਾਅ ਲਈ 300 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ।ਵਧੇਰੇ ਬਰਸਾਤ ਹੋਣ ਕਾਰਨ ਕਈਂ ਵਾਰੀ ਬਹੁਤੀਆਂ ਰਤਲੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਵੀ ਕਣਕ ਉਪਰ ਪੀਲੇਪਣ ਦੇ ਰੂਪ ਵਿੱਚ ਆ ਜਾਂਦੀ ਹੈ।ਗੰਧਕ ਦੀ ਘਾਟ ਕਾਰਨ ਉਪਰਲੇ ਨਵੇਂ ਨਿਕਲੇ ਪੱਤੇ ਪੀਲੇ ਪੈ ਜਾਂਦੇ ਹਨ, ਪਰ ਪੱਤੇ ਦੀ ਨੋਕ ਹਰੇ ਰੰਗ ਦੀ ਹੀ ਦਿਖਾਈ ਦਿੰਦੀ ਹੈ।ਗੰਧਕ ਦੀ ਘਾਟ ਨੂੰ 50 ਕਿੱਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਖੜ੍ਹੀ ਫ਼ਸਲ ਵਿੱਚ ਵੀ ਛੱਟੇ ਨਾਲ ਪਾਇਆ ਹਾ ਸਕਦਾ ਹੈ।

ਪੰਜਾਬ ਵਿੱਚ ਬੁਹਤੇ ਕਿਸਾਨ ਵੀਰ ਛੋਲਿਆਂ ਦੀ ਕਾਸ਼ਤ ਹਰੇ ਛੋਲੀਏ ਲਈ ਕਰਦੇ ਹਨ।ਇਹ ਦੇਖਿਆ ਜਾਂਦਾ ਹੈ ਕਿ ਅਕਤੂਬਰ ਮਹੀਨੇ ਵਿੱਚ ਬੀਜੀ ਛੋਲਿਆਂ ਦੀ ਫ਼ਸਲ ਵਿੱਚ ਵਿਲਟ (ਮੁਰਝਾਅ) ਰੋਗ ਦੀ ਸਮੱਸਿਆ ਆ ਜਾਂਦੀ ਹੈ।ਪਰ ਜਿਹੜੇ ਕਿਸਾਨ ਵੀਰ ਨਬੰਬਰ ਆਖੀਰ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਛੋਲਿਆਂ ਦੀ ਬੀਜਾਈ ਕਰਦੇ ਹਨ, ਉਹਨਾਂ ਦੇ ਖੇਤਾਂ ਵਿੱਚ ਵਿਲਟ ਰੋਗ ਦੀ ਸਮੱਸਿਆ ਕਾਫ਼ੀ ਘਟ ਜਾਂਦੀ ਹੈ।ਅਗੇਤੇ ਬੀਜੇ ਆਲੂਆਂ ਦੀ ਫ਼ਸਲ ਵਿੱਚ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਜ਼ਿਆਦਾ ਹੋ ਜਾਂਦਾ ਹੈ ਅਤੇ ਪਿਛੇਤੇ ਬੀਜੇ ਆਲੂਆਂ ਨੂੰ ਕੋਰੇ ਦੀ ਮਾਰ ਝੱਲਣੀ ਪੈਂਦੀ ਹੈ, ਇਸ ਲਈ ਆਲੂਆਂ ਦੀ ਬੀਜਾਈ ਸਹੀ ਸਮੇਂ ਤੇ ਹੀ ਕਰਨੀ ਚਾਹੀਦੀ ਹੈ। ਬਰਸੀਮ ਦੀ ਬੀਜ ਵਾਲੀ ਫ਼ਸਲ ਤੇ ਵੱਧ ਤਾਪਮਾਨ ਦਾ ਅਸਰ ਘਟਾਉਣ ਲਈ ਅਤੇ ਬੀਜ ਦਾ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟਰੇਟ (13:0:45) (2 ਕਿਲੋ ਪੋਟਾਸ਼ੀਅਮ ਨਾਈਟਰੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੇ ਦੋ ਛਿੜਕਾਅ ਹਫ਼ਤੇ-ਹਫ਼ਤੇ ਦੇ ਵਕਫ਼ੇ ਨਾਲ ਫੁੱਲ ਸ਼ੁਰੂ ਹੋਣ ਤੇ ਕਰੋ ਜਾਂ 7.5 ਗ੍ਰਾਮ ਸੈਲੀਸਿਲਕ ਏਸਿਡ, 225 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲ ਕੇ ਇਸ ਮਿਸ਼ਰਣ ਨੂੰ 100 ਲਿਟਰ ਪਾਣੀ ਵਿੱਚ ਘੋਲ ਲਉ। ਇਹ ਘੋਲ ਪ੍ਰਤੀ ਏਕੜ ਇਕ ਸਪਰੇ ਲਈ ਹੈ। ਇਸ ਤਰਾਂ ਦੇ ਘੋਲ ਦੀਆਂ ਦੋ ਸਪਰੇਆਂ ਇਕ ਹਫਤੇ ਦੇ ਵਕਫ਼ੇ ਨਾਲ ਫ਼ੁੱਲ ਸ਼ੁਰੂ ਹੋਣ ਤੇ ਕਰੋ।ਇਹ ਛਿੜਕਾਅ ਬਰਸੀਮ ਦੇ ਬੀਜ ਉੱਪਰ ਗਰਮੀ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਵੀ ਮੱਦਦ ਕਰਦੇ ਹਨ।

***

Check Also

ਕਣਕ ਵਿੱਚ ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਰੋਕਥਾਮ

-ਸਿਮਰਜੀਤ ਕੌਰ ਅਤੇ ਨਵਜੋਤ ਸਿੰਘ ਬਰਾੜ; ਕਣਕ ਵਿੱਚ ਮੁੱਖ ਤੌਰ ‘ਤੇ ਘਾਹ ਵਾਲੇ ਨਦੀਨ (ਜਿਵੇਂ …

Leave a Reply

Your email address will not be published. Required fields are marked *