ਗ੍ਰੇਟਰ ਟੋਰਾਂਟੋ ਏਰੀਆ ਸਮੇਤ ਓਨਟਾਰੀਓ ਭਰ ਦੇ ਕਈ ਹਿੱਸਿਆਂ ਲਈ ਐਤਵਾਰ ਨੂੰ ਐਨਵਾਇਰਮੈਂਟ ਕੈਨੇਡਾ ਵੱਲੋਂ ਸਪੈਸ਼ਲ ਏਅਰ ਕੁਆਲਿਟੀ ਐਡਵਾਈਜ਼ਰੀ ਜਾਰੀ ਕੀਤੀ ਗਈ।
ਐਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਪ੍ਰੋਵਿੰਸ ਵਿੱਚ ਜੰਗਲ ਦੀ ਅੱਗ ਕਾਰਨ ਫੈਲੇ ਧੂੰਏ ਸਦਕਾ ਹਵਾ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ ਤੇ ਵਿਜ਼ੀਬਿਲਟੀ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ।ਬਿਆਨ ਵਿੱਚ ਆਖਿਆ ਗਿਆ ਕਿ ਓਨਟਾਰੀਓ ਦੇ ਉੱਤਰ ਪੱਛਮੀ ਹਿੱਸੇ ਵਿੱਚ ਜੰਗਲ ਵਿੱਚ ਲੱਗੀ ਅੱਗ ਦੇ ਧੂੰਏਂ ਕਾਰਨ ਦੱਖਣੀ ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਵੀ ਹਵਾ ਗੰਧਲੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਹਵਾ ਪ੍ਰਦੂਸ਼ਣ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਏਜੰਸੀ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜਿਹੜੇ ਰੈਜ਼ੀਡੈਂਟਸ ਜੰਗਲ ਦੀ ਅੱਗ ਦੇ ਧੂੰਏ ਦੇ ਸੰਪਰਕ ਵਿੱਚ ਆਉਂਦੇ ਹਨ ਉਹ ਅਹਿਤਿਆਤ ਤੋਂ ਕੰਮ ਲੈਣ। ਇਹ ਵੀ ਆਖਿਆ ਗਿਆ ਕਿ ਇਹ ਧੂੰਆਂ ਲੋਕਾਂ ਦੀ ਸਿਹਤ ਲਈ ਕਾਫੀ ਹਾਨੀਕਾਰਕ ਹੋ ਸਕਦਾ ਹੈ। ਖਾਸਤੌਰ ‘ਤੇ ਬੱਚੇ, ਬਜ਼ੁਰਗ ਤੇ ਜਿਨ੍ਹਾਂ ਨੂੰ ਦਿਲ ਜਾਂ ਦਮੇ ਵਰਗੀਆਂ ਬਿਮਾਰੀਆਂ ਹਨ ਉਨ੍ਹਾਂ ਨੂੰ ਇਸ ਤੋਂ ਖਾਸ ਅਹਿਤਿਆਤ ਵਰਤਣ ਲਈ ਆਖਿਆ ਗਿਆ ਹੈ। ਜੇ ਕਿਸੇ ਨੂੰ ਖੰਘ, ਗਲੇ ਵਿੱਚ ਖਰਾਸ਼, ਸਿਰ ਦਰਦ ਜਾਂ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਉਸ ਨੂੰ ਫੌਰੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਐਨਵਾਇਰਮੈਂਟ ਕੈਨੇਡਾ ਅਨੁਸਾਰ ਇਹ ਹਾਲਾਤ ਸੋਮਵਾਰ ਨੂੰ ਵੀ ਜਾਰੀ ਰਹਿ ਸਕਦੇ ਹਨ। ਇਸ ਹਫਤੇ ਉੱਤਰ ਪੱਛਮੀ ਓਨਟਾਰੀਓ ਦੀਆਂ ਫਰਸਟ ਨੇਸ਼ਨਜ਼ ਦੇ ਸੈਂਕੜੇ ਲੋਕ ਮਿਸੀਸਾਗਾ ਦੇ ਇੱਕ ਹੋਟਲ ਵਿੱਚ ਆਰਜ਼ੀ ਤੌਰ ਉੱਤੇ ਠਹਿਰਣ ਲਈ ਮਜਬੂਰ ਹਨ।ਜੰਗਲ ਵਿੱਚ ਲੱਗੀ ਅੱਗ ਕਾਰਨ ਇਨ੍ਹਾਂ ਲੋਕਾਂ ਨੂੰ ਆਪਣਾ ਘਰ ਬਾਰ ਛੱਡ ਕੇ ਇਸ ਹੋਟਲ ਦਾ ਸਹਾਰਾ ਲੈਣਾ ਪਿਆ।