ਸਿੱਖ ਸਰਕਟ ਲਈ NHAI ਨੂੰ ਹਦਾਇਤਾਂ ਜਾਰੀ, ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਦਾ ਹੋਵੇਗਾ ਹਿੱਸਾ: ਹਰਸਿਮਰਤ ਬਾਦਲ

TeamGlobalPunjab
2 Min Read

ਚੰਡੀਗੜ੍ਹ: ਕੇਂਦਰੀ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰਾਲੇ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨ ਐਚ ਏ ਆਈ) ਨੂੰ ਵਾਇਆ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਤਰਨਤਾਰਨ ਤੋਂ ਅੰਮ੍ਰਿਤਸਰ ਤੱਕ ਪੰਜ ਗੁਰਧਾਮਾ ਨੂੰ ਜੋੜ ਕੇ ਨਵਾਂ ਸਿੱਖ ਸਰਕਟ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਸਰਕਟ ਤਜਵੀਜ਼ਸੁਦਾ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਦਾ ਹਿੱਸਾ ਹੋਵੇਗਾ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਹਨਾਂ ਨੂੰ ਕੇਂਦਰੀ ਹਾਈਵੇ ਮੰਤਰੀ ਨਿਤਿਨ ਗਡਕਰੀ ਤੋਂ ਇਸ ਬਾਬਤ ਸੂਚਨਾ ਪ੍ਰਾਪਤ ਹੋਈ ਹੈ ਤੇ ਅਜਿਹਾ ਵਿਸ਼ਵਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਬੇਨਤੀ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।

ਸ੍ਰੀਮਤੀ ਬਾਦਲ ਨੇ ਦੱਸਿਆ ਕਿ ਹਾਈਵੇ ਮੰਤਰੀ ਨੇ ਉਹਨਾਂ ਨੂੰ ਭਰੋਸਾ ਦੁਆਇਆ ਸੀ ਕਿ ਉਹ ਸਾਰੇ ਮਾਮਲੇ ਦੀ ਘੋਖ ਕਰਵਾਉਣਗੇ ਤੇ ਹੁਣ ਵਾਇਆ ਨਕੋਦਰ ਨਵਾਂ ਗ੍ਰੀਨਫੀਲਡ ਰਾਹ ਤਿਆਰ ਹੋਵੇਗਾ ਜੋ ਪੰਜ ਵੱਖ ਵੱਖ ਸਿੱਖ ਗੁਰੂ ਸਾਹਿਬਾਨ ਨਾਲ ਜੁੜੇ ਸਾਰੇ ਸਿੱਖ ਗੁਰਧਾਮਾਂ ਨੂੰ ਜੋੜਨ ਦਾ ਕੰਮ ਕਰੇਗਾ ਤੇ ਇਹ ਐਕਸਪ੍ਰੈਸਵੇਅ ਡੇਰਾ ਬਾਬਾ ਨਾਨਕ ਤੱਕ ਜੋੜਿਆ ਜਾਵੇਗਾ ਜਿਸ ਨਾਲ ਸਿੱਧਾ ਸੰਪਰਕ ਹਾਲ ਹੀ ਵਿਚ ਤਿਆਰ ਹੋਏ ਕਰਤਾਰਪੁਰ ਸਾਹਿਬ ਲਾਂਘੇ ਤੱਕ ਜੁੜ ਜਾਵੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਹਨਾ ਕਦਮਾਂ ਨਾਲ ਜਿਥੇ ਅੰਮ੍ਰਿਤਸਰ ਤੱਕ ਸਭ ਤੋਂ ਛੋਟਾ ਰਾਹ ਮਿਲ ਜਾਵੇਗਾ ਉਥੇ ਹੀ ਪਵਿੱਤਰ ਸ਼ਹਿਰ ਦਾ ਦਿੱਲੀ ਨਾਲ ਸਿੱਧਾ ਸੰਪਰਕ ਸਥਾਪਿਤ ਹੋ ਜਾਵੇਗਾ ਜੋ ਕਿ ਅੰਮ੍ਰਿਤਸਰ ਦੇ ਵਸਨੀਕਾਂ ਦੀ ਚਿਰੋਕਣੀ ਇੱਛਾ ਸੀ ਤੇ ਇਸ ਨਾਲ ਸਿੱਖਾਂ ਦੀ ਪੰਜ ਗੁਰਧਾਮਾਂ ਤੱਕ ਤੇਜ਼ ਰਫਤਾਰ ਪਹੁੰਚ ਸਥਾਪਿਤ ਹੋ ਜਾਵੇਗੀ। ਸ੍ਰੀਮਤੀ ਬਾਦਲ ਨੇ ਹਾਈਵੇ ਮੰਤਰੀ ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਐਕਸਪ੍ਰੈਸਵੇਅ ਨੂੰ ਸਹੀ ਤਰੀਕੇ ਜੋੜਿਆ ਹੈ ਜਦਕਿ ਕਾਂਗਰਸ ਸਰਕਾਰ ਨੇ ਕਰਤਾਰਪੁਰ ਤੇ ਅੰਮ੍ਰਿਤਸਰ ਵਿਚਾਲੇ ਹਾਈਵੇ ਨੂੰ ਇਸ ਐਕਸਪ੍ਰੈਸਵੇਅ ਦਾ ਹਿੱਸਾ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਸੀ।

- Advertisement -

Share this Article
Leave a comment