ਨਵੀਂ ਦਿੱਲੀ: ਫੌਜ ਮੁੱਖੀ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੰਦੇ ਕਿਹਾ ਹੈ ਕਿ ਐੱਲ.ਓ.ਸੀ ‘ਤੇ ਹਾਲਤ ਕਿਸੇ ਵੀ ਸਮੇਂ ਖ਼ਰਾਬ ਹੋ ਸਕਦੇ ਹਨ ਤੇ ਦੇਸ਼ ਨੂੰ ਹਰ ਕਾਰਵਾਈ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਗਸਤ ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਪਾਕਿਸਤਾਨ ਜੰਮੂ – ਕਸ਼ਮੀਰ ਵਿੱਚ ਸਰਹੱਦ ‘ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ।
3 ਮਹੀਨੇ ਵਿੱਚ ਹੋਈ ਜੰਗਬੰਦੀ ਦੀ 950 ਵਾਰ ਉਲੰਘਣਾ
ਕੇਂਦਰੀ ਗ੍ਰਹਿ ਮੰਤਰੀ ਜੀ.ਕਿਸ਼ਨ ਰੈੱਡੀ ਨੇ ਪਿਛਲੇ ਮਹੀਨੇ ਲੋਕਸਭਾ ਵਿੱਚ ਕਿਹਾ ਸੀ ਕਿ “ਅਗਸਤ 2019 ਤੋਂ ਅਕਤੂਬਰ 2019 ਦੇ ਵਿੱਚ ਜੰਮੂ-ਕਸ਼ਮੀਰ ਵਿੱਚ ਐੱਲ.ਓ.ਸੀ ਨਾਲ ਲੱਗੀ ਸਰਹੱਦ ‘ਤੇ ਜੰਗਬੰਦੀ ਉਲੰਘਣਾ ਦੀਆਂ 950 ਘਟਨਾਵਾਂ ਹੋਈਆਂ ਹਨ।”
ਤੁਹਾਨੂੰ ਦੱਸ ਦਈਏ ਜੰਮੂ – ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸਰਹੱਦ ਨੇੜੇ ਸੋਮਵਾਰ ਨੂੰ ਭਾਰਤੀ ਫੌਜ ਤੇ ਸ਼ੱਕੀ ਘੁਸਪੈਠ ਕਰਨ ਵਾਲਿਆਂ ਵਿੱਚ ਗੋਲੀਬਾਰੀ ਹੋ ਜਿਸ ਵਿੱਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਭਾਰਤੀ ਚੌਕੀਆਂ ‘ਤੇ ਭਾਰੀ ਗੋਲਾਬਾਰੀ ਕਰਕੇ ਸ਼ੱਕੀਆਂ ਨੂੰ ਦਾਖਲ ਹੋਣ ਵਿੱਚ ਸਹਾਇਤਾ ਕਰ ਰਹੀ ਹੈ।