ਸ੍ਰੀ ਅਕਾਲ ਤਖ਼ਤ ਸਾਹਿਬ : ਇੱਕ ਸੰਕਲਪ  – ਡਾ. ਜਾਗੀਰ ਸਿੰਘ

TeamGlobalPunjab
12 Min Read

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦੇ ਇਸ ਪਾਵਨ ਅਵਸਰ ‘ਤੇ ਸਿੱਖ ਵਿਦਵਾਨ ਡਾ. ਜਾਗੀਰ ਸਿੰਘ ਜੀ ਦੁਆਰਾ ਲਿਖਤ ਇੱਕ ਖੋਜ ਭਰਪੂਰ ਪੱਤਰ ਪ੍ਰਕਾਸ਼ਿਤ ਕਰ ਰਹੇ ਹਾਂ ਇਸ ਖੋਜ ਪੱਤਰ ਵਿੱਚ ਸ੍ਰੀ ਅਕਾਲ ਤਖ਼ਤ ਦੀ ਸਿਰਜਣਾ ਤੋਂ ਲੈ ਕੇ ਇਸ ਦੇ ਪਿਛੋਕੜ ਦੀ ਵੀ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ। ਮੀਰੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਨਾਲ ਸੰਬੰਧ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਦੂਰ ਅੰਦੇਸ਼ੀ ਦਾ ਬਹੁਤ ਖੂਬਸੂਰਤ ਢੰਗ ਨਾਲ ਵਰਨਣ ਕੀਤਾ ਗਿਆ ਹੈ।  ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਸਲ ਵਿੱਚ ਸਿੱਖਾਂ ਵਿੱਚ ਭੂਮਿਕਾ ਕੀ ਹੈ ਉਸ ਨੂੰ ਇਸ ਖੋਜ ਪੱਤਰ ਵਿੱਚ ਵਰਨਣ ਕੀਤਾ ਗਿਆ ਹੈ। ਮੀਰੀ ਤੇ ਪੀਰੀ ਦਾ ਸੰਕਲਪ, ਇਸ ਦੀ ਬਣਤਰ ਤੇ ਸਰੂਪ ਆਦਿ ਸਬੰਧੀ ਇਤਿਹਾਸਕ ਜਾਣਕਾਰੀ ਵਾਲਾ ਇਹ ਖੋਜ ਭਰਪੂਰ ਲੇਖ ਸਿੱਖ ਵਿਦਵਾਨਾਂ, ਇਤਿਹਾਸਕਾਰਾਂ, ਖੋਜਾਰਥੀਆਂ  ਵਿਦਿਆਰਥੀਆਂ ਆਦਿ ਲਈ ਲਾਹੇਵੰਦ ਹੈ। ਅਸੀਂ ਸ਼ਕਤੀ ਦੇ  ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ।  -ਡਾ. ਗੁਰਦੇਵ ਸਿੰਘ


ਸ੍ਰੀ ਅਕਾਲ ਤਖ਼ਤ ਸਾਹਿਬ : ਇੱਕ ਸੰਕਲਪ

 ਡਾ. ਜਾਗੀਰ ਸਿੰਘ

ਅਕਾਲ ਤਖ਼ਤ ਸਿੱਖਾਂ ਦਾ ਇੱਕ ਸਤਿਕਾਰ ਯੋਗ ਸਥਾਨ ਹੀ ਨਹੀਂ ਸਗੋਂ ਇੱਕ ਸੰਕਲਪ ਵੀ ਹੈ। ਇਹ ਅੰਮ੍ਰਿਤਸਰ ਵਿਖੇ ਸ੍ਰੀ ਹਰਮਿੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਸਾਹਮਣੇ ਸਥਿਤ ਹੈ। ਇਸ ਪਵਿੱਤਰ ਸਥਾਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਬਣਵਾਇਆ ਸੀ। ਅਰਥ ਪ੍ਰਸੰਗ ਵਿਚ ਅਕਾਲ ਤਖਤ ਸਾਹਿਬ ਨੂੰ ਅਕਾਲ ਪੁਰਖ, ਭਾਵ ਪ੍ਰਮਾਤਮਾ ਦਾ ਤਖ਼ਤ ਸਮਝਿਆ ਜਾਂਦਾ ਹੈ। ਇਸ ਦੀ ਬਣਤਰ ਸ਼ਾਹੀ ਤਖ਼ਤ ਵਾਂਗ ਉੱਚੇ ਸਥਾਨ ਤੇ ਹੈ। ਉਸ ਸਮੇਂ ਦੀ ਮੁਗ਼ਲ ਰਾਜ ਦਾ ਤਖ਼ਤ ਪਰਜਾ ਤੇ ਜ਼ੁਲਮ ਅਤੇ ਅਤਿਆਚਾਰ ਕਰਦਾ ਸੀ। ਉਸ ਦੇ ਵਿਰੋਧ ਵਿਚ ਗੁਰੂ ਹਰਿਗੋਬਿੰਦ ਜੀ ਨੇ ਇਸ ਤਖ਼ਤ ਦੀ ਸਥਾਪਨਾ ਕੀਤੀ ਅਤੇ ਉਸ ਨੂੰ ਮੁਗ਼ਲਾਂ ਦੇ ਤਖ਼ਤ ਤੋਂ ਵੀ ਵੱਡਾ ”ਰੱਬੀ ਤਖ਼ਤ” ਕਿਹਾ। ਬਾਅਦ ਵਿਚ ਇਸ ਤਖ਼ਤ ਦਾ ਨਾਂ ਅਕਾਲ ਤਖ਼ਤ ਪ੍ਰਸਿੱਧ ਹੋਇਆ। ਪਹਿਲਾਂ ਪਹਿਲ ਇਸ ਨੂੰ ਅਕਾਲ ਬੁੰਗਾ ਕਹਿੰਦੇ ਸਨ।

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਅਕਾਲ ਤਖ਼ਤ ਦੀ ਨੀਂਹ ਰੱਖਣ ਦੀ ਮਿਤੀ 1609 ਈ. (ਸੰਮਤ 1665) ਦਸੀ ਹੈ। ਮੈਕਾਲਫ ਨੇ ਆਪਣੀ ਪੁਸਤਕ ‘ਦੀ ਸਿੱਖ ਰਿਲੀਜਨ’ ਵਿਚ ਅਕਾਲ ਬੁੰਗੇ ਦੀ ਨੀਂਹ ਰੱਖਣ ਦਾ ਦਿਨ ਸੋਮਵਾਰ, ਹਾੜ੍ਹ ਦੇ ਚਾਨਣੇ ਪੱਖ ਦੀ ਪੰਜਾਵੀਂ ਤਿਥੀ ਸੰਮਤ 1663 ਲਿਖਿਆ ਹੈ। ਸ੍ਰੀ ਅਕਾਲ ਤਖ਼ਤ ਦੀ ਰਚਨਾ ਬਾਰੇ ‘ਦ ਬਿਸਤਾਨ–ਇ–ਮਜ਼ਾਹਿਬ’ ਦਾ ਹਵਾਲਾ ਦਿੰਦਿਆਂ ਸ. ਅਜੀਤ ਸਿੰਘ ਬਾਘਾ ਨੇ ਲਿਖਿਆ ਹੈ ਕਿ ਬਹੁਤੇ ਲੇਖਕਾਂ ਨੇ ਅਕਾਲ ਤਖ਼ਤ ਨੂੰ ਗੁਰੂ ਹਰਿਗੋਬਿੰਦ ਸਾਹਿਬ ਦਾ ਰਚਿਆ ਮੰਨਿਆ ਹੈ ਪਰ ਇੱਕ ਲੇਖਕ ਅਨੁਸਾਰ ਗੁਰੂ ਅਰਜਨ ਦੇਵ ਸਾਹਿਬ ਆਪਣੇ ਜੀਵਨ ਵਿਚ ਇਸ ਦੀ ਨੀਂਹ ਰੱਖ ਗਏ ਸਨ। ਮੁਗ਼ਲਾਂ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਬਣਾਏ ‘ਉੱਚੇ ਭਵਨਾਂ ਨੂੰ’ ਮੁਸਾਕਿਨ–ਓ–ਮਨਾਜ਼ਿਲ’ ਕਿਹਾ ਹੈ ਜਿਸ ਦੇ ਅਰਥ ‘ਡੇਰੇ ਤੇ ਚੁਬਾਰੇ’ ਹਨ। ਗਿਆਨੀ ਗਿਆਨ ਸਿੰਘ ਨੇ ਵੀ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਗੁਰੂ ਗੱਦੀ ਦੇਣ ਦਾ ਜ਼ਿਕਰ ਕਰਦਿਆਂ ਅਕਾਲ ਤਖ਼ਤ ਦਾ ਵੀ ਜ਼ਿਕਰ ਕੀਤਾ ਹੈ–

- Advertisement -

‘ਸਾਕ ਸਿਖ ਲੀਨੇ ਬੁਲਾਇ।  ਪੁਨ ਤਖ਼ਤ ਅਕਾਲ ਦਿਵਾਨ ਲਾਇ।

ਗੁਰ ਕੋ ਸਿੰਘਾਸਨ ਪਰ ਬਿਠਾਇ ਪੁਨ ਬਾਬਾ ਬੁੱਢਾ ਤਿਲਕ ਲਾਇ।’

ਹਰਿਮੰਦਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਉਪਰੰਤ ਗੁਰੂ ਅਰਜਨ ਦੇਵ ਜੀ ਨੇ ਉੱਚੀ ਥਾਂ ਤੇ ਬੈਠਣਾ ਤੇ ਸੌਣਾ ਛੱਡ ਦਿੱਤਾ ਸੀ। ਹਰਿਮੰਦਰ ਸਾਹਿਬ ਦੇ ਸਾਹਮਣੇ ਵਾਲੇ ਸਥਾਨ ਤੇ ਬੈਠ ਕੇ ਗੁਰੂ ਸਾਹਿਬ ਸੰਗਤਾਂ ਨੂੰ ਦਰਸ਼ਨ ਦਿੰਦੇ, ਉਨ੍ਹਾਂ ਦੀਆਂ ਭੇਟਾਵਾਂ ਪ੍ਰਵਾਨ ਕਰਦੇ, ਉਨ੍ਹਾਂ ਦੇ ਦੁੱਖ-ਦਰਦ ਸੁਣਦੇ ਅਤੇ ਉਨ੍ਹਾਂ ਦੇ ਝਗੜੇ ਨਿਬੇੜ ਦੇ ਸਨ। ਇਸੇ ਲਈ ਸ਼ਰਾਧਾਲੂਆਂ ਨੇ ਇਸ ਅਸਥਾਨ ਨੂੰ ‘ਤਖ਼ਤ’ ਜਾਂ ਅਕਾਲ ‘ਤਖ਼ਤ’ ਕਹਿਣਾ ਸ਼ੁਰੂ ਕਰ ਦਿੱਤਾ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਅਕਾਲ ਤਖ਼ਤ ਦੀ ਉਸਾਰੀ ਵੇਲੇ ਕਿਸੇ ਮਿਸਤਰੀ, ਮਜ਼ਦੂਰ ਜਾਂ ਤਰਖ਼ਾਣ ਕੋਲੋਂ ਕੰਮ ਨਹੀਂ ਕਰਵਾਇਆ ਸਗੋਂ ਗੁਰੂ ਹਰਿਗੋਬਿੰਦ ਜੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਆਪ ਸੇਵਾ ਕੀਤੀ, ‘ਬੁੱਢੇ ਅਰ ਗੁਰਦਾਸ ਬਨਾਯੋ’ ਕਿਉਂਕਿ ਅਕਾਲ ਤਖ਼ਤ ਸਾਰੀ ਮਨੁੱਖਤਾ ਨੂੰ ਅਜ਼ਾਦੀ ਤੇ ਪ੍ਰੇਮ ਦੇ ਸੁਨੇਹਾ ਦੇਣ ਵਾਲਾ ਤਖ਼ਤ ਬਣਨਾ ਸੀ।

ਅਕਾਲ ਤਖ਼ਤ ਦੀ ਬਣਤਰ ਅਤੇ ਨਮੂਨੇ ਦੇਵੀ ਵਿਦਵਾਨਾਂ ਨੇ ਕਈ ਅਰਥ ਕੱਢੇ ਹਨ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਅਕਾਲ ਤਖ਼ਤ ਦਾ ਖੜਵਾਂ ਗੁੰਬਦ ਸੁਰਬੀਰਤਾ ਦਾ ਪ੍ਰਤੀਕ ਹੈ ਤੇ ਹਰਿਮੰਦਰ ਸਾਹਿਬ ਦਾ ਬੇਠਵਾ ਨਿਮਰਤਾ ਦਾ ਪ੍ਰਤੀਕ ਹੈ। ਅਕਾਲ ਤਖ਼ਤ ਦੀ ਮੂਲ ਇਮਾਰਤ 1984 ਈ. ਵਿਚ ਬਲਿਊ ਸਟਾਰ ਆੱਪ੍ਰੇਸ਼ਨ ਸਮੇਂ ਢਹਿ ਢੇਰੀ ਹੋ ਗਈ ਸੀ। ਇਸ ਨੂੰ ਭਾਰਤ ਸਰਕਾਰ ਵੱਲੋਂ ਮੁਰੰਮਤ ਕਰਕੇ ਬਣਾਇਆ ਗਿਆ ਸੀ ਪਰ ਸਿੱਖ ਸੰਗਤਾਂ ਨੂੰ ਸਰਕਾਰੀ ਮਦਦ ਨਾਲ ਬਣੀ ਇਹ ਇਮਾਰਤ ਪ੍ਰਵਾਨ ਨਹੀਂ ਸੀ, ਇਸ ਲਈ ਇਸ ਨੂੰ ਢਾਹ ਕੇ ਨਵੇਂ ਸਿਰਿਓਂ ਬਣਾਇਆ ਗਿਆ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਰਚਨਾਕਰ ਕੇ ਸਿੱਖਾਂ ਦੇ ਜੀਵਨ-ਕਾਰਜ ਵਿਚ ਤਬਦੀਲੀ ਲਿਆਂਦੀ। ਗੁਰੂ ਸਾਹਿਬ ਇਥੇ ਦੀਵਾਨ ਲਾਉਂਦੇ, ਬੀਰਤਾ ਦੀ ਵਿਆਖਿਆ ਕਰਦੇ ਅਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ। ਇਸ ਦੇ ਸਾਹਮਣੇ ਦੀ ਖੁੱਲ੍ਹੀ ਥਾਂ ਵਿਚ ਕੁਸ਼ਤੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਕਸਰਤਾਂ ਵੀ ਹੁੰਦੀਆਂ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਬਣਾਉਣ ਤੋਂ ਗੁਰੂ ਸਾਹਿਬ ਦਾ ਮੰਤਵ ਇਹ ਸੀ ਕਿ ਅਧਿਆਤਮਕ ਅਤੇ ਸੰਸਾਰਕ ਮਾਮਲਿਆਂ ਵਿਚ ਸੁਮੇਲ ਰਖਿਆ ਜਾ ਸਕੇ।

ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਬੜਾ ਖੁੱਲ੍ਹਾ ਵਿਹੜਾ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਬੈਠ ਸਕਦੇ ਹਨ। ਹਰਿਮੰਦਰ ਸਾਹਿਬ ਵਿਚ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲੌਢੇ ਪਹਿਰ ਢਾਡੀ ਯੋਧਿਆਂ ਦੀਆਂ ਵਾਰਾਂ ਗਾਉਂਦੇ ਅਤੇ ਸ਼ਰਧਾਲੂ ਆਨੰਦ ਮਾਣਦੇ ਸਨ। ਇਹ ਨਵਾਂ ਉੱਦਮ ਸਿੱਖਾਂ ਵਿਚ ਬੀਰ ਰਸ ਪੈਦਾ ਕਰਨ ਲਈ ਕੀਤਾ ਗਿਆ। ਸਿੱਖ ਇਤਿਹਾਸ ਵਿਚ ਲਿਖਿਆ ਹੈ ਕਿ ਇਥੋਂ ਦਾ ਪਹਿਲਾ ਢਾਡੀ ਅਬਦੁੱਲਾ ਸੀ। ਇਸ ਤਰ੍ਹਾਂ ਅਕਾਲ ਤਖ਼ਤ ਸਿੱਖ ਪੰਥ ਦੀ ਜਥੇਬੰਦੀ ਦਾ ਕੇਂਦਰ ਬਣ ਗਿਆ। ਇਸੇ ਥਾਂ ਤੇ ਪੰਥਕ ਗੁਰਮਤੇ ਸੋਧੇ ਜਾਂਦੇ ਰਹੇ। ਆਮ ਤੌਰ ਤੇ ਇੱਕ ਸਾਲ ਵਿਚ ਦੋ ਵਾਰੀ, ਵਿਸਾਖੀ ਅਤੇ ਦੀਵਾਲੀ ਨੂੰ ਦੂਰੋਂ ਦੂਰੋਂ ਸਿੱਖ ਸੰਗਤਾਂ ਇਕੱਤਰ ਹੁੰਦੀਆਂ ਸਨ। ਅਠਾਰ੍ਹਵੀਂ ਸਦੀ ਵਿਚ ਸਿੱਖ ਮਿਸਲਾਂ ਦੇ ਆਗੂ ਅਕਾਲ ਤਖ਼ਤ ਤੇ ਹਾਜ਼ਰ ਹੋ ਕੇ ਲੜਾਈ ਅਤੇ ਸੁਲ੍ਹਾ ਦੇ ਮਤੇ ਸੋਧ ਦੇ ਸਨ। ਇਥੇ ਹੀ ਹਰ ਤਰ੍ਹਾਂ ਦੇ ਆਪਸੀ ਅਤੇ ਪੰਥਕ ਝਗੜਿਆਂ ਦਾ ਨਿਬੇੜਾ ਕੀਤਾ ਜਾਂਦਾ ਰਿਹਾ ਹੈ। ਅਕਾਲ ਤਖ਼ਤ ਸਿੱਖਾਂ ਵਿਚ ਇੱਕ ਸਰਵ ਉੱਚ ਸਥਾਨ ਹੈ ਜਿਥੇ ਸਥਾਨਕ ਫੈਸਲਿਆਂ ਲਈ ਅਪੀਲ ਕੀਤੀ ਜਾ ਸਕਦੀ ਹੈ। ਸਿੱਖ ਅਕਾਲ ਤਖ਼ਤ ਦੇ ਫ਼ੈਸਲਿਆਂ ਅਤੇ ਆਦੇਸ਼ਾ ਨੂੰ ਰੱਬੀ ਹੁਕਮ ਸਮਝ ਕੇ ਮੰਨਦੇ ਹਨ। ਇਸ ਤਰ੍ਹਾਂ ਇਹ ਭਗਤੀ ਨਾਲ ਸ਼ਕਤੀ ਦਾ ਸਹਿਵਾਸ ਹੈ। ਹਰਿਮੰਦਰ ਪੀਰੀ ਹੈ ਤੇ ਅਕਾਲ ਤਖ਼ਤ ਮੀਰੀ ਹੈ। ਇਸ ਤਰ੍ਹਾਂ ਸਿੱਖ ਧਰਮ ਵਿਚ ਅਕਾਲ ਤਖ਼ਤ ਦੀ ਰਚਨਾ ਨਾਲ ਮੀਰੀ ਅਤੇ ਪੀਰੀ ਦਾ ਸੰਕਲਪ ਸਾਹਮਣੇ ਆਇਆ।

- Advertisement -

ਪ੍ਰੋਫ਼ੈਸਰ ਪ੍ਰੀਤਮ ਸਿੰਘ ਅਨੁਸਾਰ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਨੇ ਇਹ ਸਪਸ਼ਟ ਕਰਨ ਲਈ ਕਿ ਦੇਸ਼ ਦੀ ਰਾਜਨੀਤੀ ਦੇ ਮਾਮਲੇ ਵਿਚ ਸਿੱਖ ਲੋਕ ਗੂੰਗੇ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ, ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਲਈਆਂ ਅਤੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਉਸਰਵਾ ਕੇ ਸਿੱਖਾਂ ਲਈ ਸਵਰਾਜ ਦਾ ਚਿੰਨ੍ਹ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਗਤੀ ਸਿਰਫ਼ ਕਮਜ਼ੋਰਾਂ, ਨਿਆਸਰਿਆਂ ਅਤੇ ਨਿਓਟਿਆਂ ਦਾ ਕੰਮ ਨਹੀਂ। ਹਰਮਿੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਇੱਕ ਰੂਪ ਸਮਝ ਦਿਆਂ ਪ੍ਰਿੰਸੀਪਲ ਜੋਗਿੰਦਰ ਸਿੰਘ ਲਿਖਦਾ ਹੈ ਕਿ ਸਿੱਖੀ ਵਿਚ ਹਕੀਕੀ ਅਤੇ ਦੁਨਿਆਵੀਂ ਮਸਲਿਆਂ ਵਾਸਤੇ ਵਖਰੇ ਵਖਰੇ ਅਸੂਲ ਲਾਗੂ ਨਹੀਂ। ਪੀਰੀ ਅਤੇ ਮੀਰੀ ਦਾ ਸਮਰਥਨ ਕਰਦਿਆਂ ਉਸ ਨੇ ਲਿਖਿਆ ਕਿ ਇਥੇ ਊਚ-ਨੀਚ ਦਾ ਭੇਦ ਭਾਵ ਨਹੀਂ ਰਖਿਆ ਜਾਂਦਾ। ਇਸੇ ਲਈ ਇਕੋ ਮੰਦਰ ਦੀਆਂ ਪ੍ਰਕਰਮਾਂ ਅੰਦਰ ਹੀ ਰੂਹਾਨੀ ਤੇ ਦੁਨਿਆਵੀਂ ਸ਼ਕਤੀ ਦਾ ਪ੍ਰਤੀਕ ਹਰਮਿੰਦਰ ਤੇ ਅਕਾਲ ਤਖ਼ਤ ਬਣਾਏ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਮਰਤਾ ਦਾ ਤਖ਼ਤ ਇਸੇ ਲਈ ਕਿਹਾ ਗਿਆ ਹੈ ਕਿਉਂਕਿ ਇਸ ਦੀ ਮਹਾਨਤਾ ਅਕਹਿ ਹੈ। ਅਕਾਲ ਤਖ਼ਤ ਆਤਮਕ ਬੰਧਨਾ ਅਤੇ ਦੁਨਿਆਵੀਂ ਬੰਧਨਾ ਤੋਂ ਮੁਕਤੀ ਦਿਵਾਉਣ ਦਾ ਕੇਂਦਰ ਬਣ ਗਿਆ। ਇਹ ਸਾਰਾ ਸੰਗਰਾਮ ਸਮੂਹ ਮਨੁੱਖਤਾ ਦੀ ਭਲਾਈ ਲਈ ਸੀ, ਕਿਸੇ ਇੱਕ ਸ੍ਰੇਣੀ ਜਾਂ ਜਾਤੀ ਦੇ ਲਾਭ ਲਈ ਨਹੀਂ ਸੀ।

ਮੀਰੀ ਅਤੇ ਪੀਰੀ ਦੀ ਸਿੱਖ ਧਰਮ ਵਿਚ ਇੱਕ ਸਾਰਤਾ ਦੀ ਗਵਾਹੀ ਇਥੋਂ ਮਿਲਦੀ ਹੈ: ”ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ”

ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਪਹਿਲੇ ਰੱਬੀ ਬਾਦਸ਼ਾਹ ਸਨ ਜਿਨ੍ਹਾਂ ਦਾ ਰਾਜ ਸਿੰਘਾਸਨ ਅਕਾਲ ਤਖ਼ਤ ਤੇ ਸੀ। ਸੰਨ 1757,1762 ਅਤੇ ਫਿਰ 1764 ਵਿਚ ਤਿੰਨ ਵਾਰ ਮੁਗਲਾਂ ਨੇ ‘ਸੱਚਾ ਦਰਬਾਰ’ ਢਾਹ ਦਿੱਤਾ ਪਰ ਤਿੰਨ ਵਾਰ ਹੀ ਮੁੜ ਕੇ ਉਸਾਰਿਆ ਗਿਆ। ਹੁਣ ਵੀ ਜਦੋਂ ਸਿੱਖਾਂ ਨੂੰ ਕੋਈ ਅਨਿਆਂ ਹੁੰਦਾ ਜਾਪਦਾ ਹੈ ਉਹ ਜ਼ਬਰ ਦਾ ਟਾਕਰਾ ਕਰਨ ਲਈ ਅਕਾਲ ਤਖ਼ਤ ਤੋਂ ਸ਼ਕਤੀ ਪ੍ਰਾਪਤ ਕਰਦੇ ਹਨ। ਅਕਾਲ ਤਖ਼ਤ ਉਸ ਇਤਿਹਾਸਕ ਵਿਦਰੋਹ ਦੀ ਪੈਦਾਵਾਰ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਵਿਚੋਂ ਪ੍ਰਗਟ ਹੋਇਆ। ਹਰਿਮੰਦਰ ਸਾਹਿਬ ਕੌਮ ਦੀ ਇਬਾਦਤਗਾਹ ਹੈ, ਅਕਾਲ ਤਖ਼ਤ ਉਸ ਇਬਾਦਤਗਾਹ ਦੀ ਚੌਕੀ ਹੈ। ਅਕਾਲ ਤਖ਼ਤ ਅਸਲ ਵਿਚ ਭਗਤੀ ਤੇ ਸ਼ਕਤੀ ਦੇ ਸੰਤੁਲਨ, ਤਿਆਗ ਅਤੇ ਤੇਗ਼ ਦੇ ਫਲਸਫੇ ਦਾ ਨਾਂ ਹੈ।

ਹਰਿਮੰਦਰ ਮੰਤਰ-ਰੂਪ ਹੈ, ਅਕਾਲ ਤਖ਼ਤ ਤੰਤਰ-ਰੂਪ ਹੈ। ਹਰਿਮੰਦਰ ਤਪ-ਤੇਜ ਦੀ ਰੂਪ ਮਾਨਤਾ ਹੈ, ਅਕਾਲ ਤਖ਼ਤ ਕਵਚ ਦੀ ਰੂਪ ਮਾਨਤਾ ਹੈ। ਹਰਿਮੰਦਰ ਅਤੇ ਅਕਾਲ ਤਖ਼ਤ ਦੇ ਦਰਮਿਆਨ ਅਗਮ ਤੇ ਨਿਗਮ ਦਾ ਮਿਸ਼ਰਨ ਹੁੰਦਾ ਹੈ, ਸ਼ਿਵ ਤੇ ਸ਼ਕਤੀ ਦਾ ਅਲਿੰਗਨ ਹੁੰਦਾ ਹੈ। ਹਰਿਮੰਦਰ ਵਿਚ ਨਿਰੰਤਰ ਅਮਿਉ ਰਸ ਚੋਂਦਾ ਹੈ, ਅਕਾਲ ਤਖ਼ਤ ਵਿਚ ਧੌਂਸੇ ਵਜਦੇ ਹਨ, ਤੇਗ਼ਾਂ ਲਿਸ਼ਕਦੀਆਂ ਹਨ। ਹਰਿਮੰਦਰ ਵਿਚ ਸ਼ਾਸਤਰ ਦਾ ਪ੍ਰਕਾਸ਼ ਹੈ, ਅਕਾਲ ਤਖ਼ਤ ਵਿਚ ਸ਼ਸਤਰਾਂ ਦੀ ਪ੍ਰਦਰਸ਼ਨੀ ਹੈ।ਹਰਿਮੰਦਰ ਸਾਹਿਬ ਸਿੱਖ ਕੌਮ ਦੇ ਧਾਰਮਿਕ ਗੌਰਵ ਦਾ ਪ੍ਰਤੀਕ ਹੈ, ਅਕਾਲ ਤਖ਼ਤ ਉਨ੍ਹਾਂ ਦੀ ਰਾਜ ਸੱਤਾ ਦਾ ਚਿੰਨ੍ਹ ਹੈ। ਹਰਿਮੰਦਰ ਸਾਹਿਬ ਸਿੱਖ ਆਚਰਨ ਦੀ ਨਿਰਮਾਣ ਸ਼ਾਲਾ ਹੈ; ਅਕਾਲ ਤਖ਼ਤ ਉਸ ਆਚਰਨ ਤੋਂ ਉਪਜੇ ਦ੍ਰਿੜ੍ਹ ਸੰਕਲਪ ਦੀਆ ਕ੍ਰਿਤੀ ਹੈ। ਹਰਿਮੰਦਰ ਸਹਿਜ-ਸੁੰਨ ਦਾ ਘਾਟ ਹੈ, ਅਕਾਲ ਤਖ਼ਤ ਉਸ ਘਾਟ ਦਾ ਪਾਸਬਾਨ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਅਕਾਲ ਤਖ਼ਤ ਤੇ ਹੇਠ ਲਿਖੇ ਗੁਰੂ ਸਾਹਿਬਾਨ ਤੇ ਸੂਰਬੀਰ ਮਹਾਪੁਰਖਾਂ ਦੇ ਸ਼ਸਤਰ ਰੱਖੇ ਗਏ ਹਨ :–

  1. ਸ੍ਰੀ ਗੁਰੂ ਹਰਿਗੋਬਿੰਦ ਜੀ
  2. ਸ੍ਰੀ ਗੁਰੂ ਗੋਬਿੰਦ ਸਿੰਘ ਜੀ
  3. ਬਾਬਾ ਅਜੀਤ ਸਿੰਘ ਜੀ
  4. ਬਾਬਾ ਜੁਝਾਰ ਸਿੰਘ ਜੀ
  5. ਬਾਬਾ ਬੁੱਢਾਜੀ
  6. ਭਾਈ ਜੇਠਾਜੀ
  7. ਬਾਬਾ ਕਰਮ ਸਿੰਘ ਸ਼ਹੀਦ
  8. ਭਾਈ ਉਦੈ ਸਿੰਘ ਜੀ
  9. ਭਾਈ ਬਿਧੀਚੰਦ ਜੀ
  10. ਬਾਬਾ ਗੁਰਬਖ਼ਸ਼ ਸਿੰਘ ਜੀ
  11. ਬਾਬਾ ਦੀਪ ਸਿੰਘ ਜੀ
  12. ਬਾਬਾ ਨੌਧ ਸਿੰਘ ਜੀ
  13. ਭਾਈ ਬਚਿੱਤਰ ਸਿੰਘ ਜੀ

ਸ੍ਰੀ ਅਕਾਲ ਤਖ਼ਤ ਮੁੱਖ ਰੂਪ ਵਿਚ ਤਿੰਨ ਗੱਲਾਂ ਲਈ ਪ੍ਰਸਿੱਧ ਹੈ।

  1. ਇਥੇ ਸਿੱਖ ਕੌਮ ਸਬੰਧੀ ਫ਼ੈਸਲੇ ਕੀਤੇ ਜਾਂਦੇ ਹਨ।
  2. ਅੰਮ੍ਰਿਤ ਛਕਾਉਣ ਲਈ ਇਹ ਵੱਡਾ ਕੇਂਦਰ ਹੈ।
  3. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਹਰਿਮੰਦਰ ਸਾਹਿਬ ਵਿਚ ਸੰਤੋਖਣ ਉਪਰੰਤ ਰਾਤ ਸਮੇਂ ਇਥੇ ਵਿਸ਼ਰਾਮ ਲਈ ਰਖਿਆ ਜਾਂਦਾ ਹੈ।

ਅਕਾਲ ਤਖ਼ਤ ਦੇ ਜਥੇਦਾਰ ਨੂੰ ਸਰਵਉੱਚ ਮੰਨਿਆ ਜਾਂਦਾ ਹੈ ਅਤੇ ਇਸ ਦੀ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬਤ ਖ਼ਾਲਸਾ ਸਮਾਗਮ ਸਾਹਿਬ ਸਿੱਖ ਕੌਮ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Share this Article
Leave a comment