ਸ੍ਰੀ ਅਕਾਲ ਤਖਤ ਦੀ ਸਿਰਜਣਾ ਦਿਵਸ ’ਤੇ ਵਿਸ਼ੇਸ਼
ਸ੍ਰੀ ਅਕਾਲ ਤਖ਼ਤ ਸਾਹਿਬ : ਧਾਰਮਿਕ ਸੇਵਾ ਤੇ ਸਨਮਾਨ
ਡਾ. ਰੂਪ ਸਿੰਘ*
ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਕੌਮ ਦਾ ਸਰਵ ਉੱਚ ਅਸਥਾਨ ਹੈ। ਗੁਰੂ ਗ੍ਰੰਥ-ਗੁਰੂ ਪੰਥ ਨੂੰ ਤਨ-ਮਨ ਤੋਂ ਸਮਰਪਿਤ ਹੋਣਾ ਹੀ ਸਿੱਖੀ ਦੀ ਮੂਲ ਨਿਸ਼ਾਨੀ ਹੈ। ਇਤਿਹਾਸਕ ਹਵਾਲੇ ਮਿਲਦੇ ਹਨ ਕਿ ਸਿੱਖ ਰਾਜੇ, ਮਿਸਲਾਂ ਦੇ ਸਰਦਾਰ, ਰਿਆਸਤਾਂ ਦੇ ਮੁਖੀ ਤੇ ਅਹਿਲਕਾਰਾਂ ਆਦਿ ਆਪਣੀ ਸਾਰੀ ਸ਼ਾਨੋਂ ਸ਼ੌਕਤ ਬਾਹਰ ਬੁੰਗਿਆਂ ’ਚ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਹੋ ਗੁਰੂ-ਪੰਥ ਨੂੰ ਰੋਮ-ਰੋਮ ਤੋਂ ਸਮਰਪਿਤ ਹੁੰਦੇ ਸਨ। ਸੰਸਾਰਿਕ ਮਾਣ–ਸਤਿਕਾਰ ਤੇ ਪਦਵੀਆਂ ਰੂਪੀ ਹੰਕਾਰ ਨੂੰ ਬਾਹਰ ਛੱਡ ਕੇ ਖਾਲਸੇ ਦੀ ਪ੍ਰਭੂਸੱਤਾ, ਸਰਵ-ਸ਼੍ਰੇਸਟਤਾ, ਸਰਵ ਉੱਚ ਅਸਥਾਨ ਤੋਂ ਸੁਤੰਤਰ ਸਿੱਖ ਸੋਚ, ਹੋਂਦ ਹਸਤੀ, ਰੂਹਾਨੀ ਬਖ਼ਸ਼ਿਸ਼ ਨੂੰ ਪ੍ਰਾਪਤ ਕਰਦੇ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਨੂੰ ਭਾਵੇਂ ਕਿਸੇ ਕਿਸਮ ਦੀ ਸੇਵਾ ਲਗ/ਮਿਲ ਜਾਵੇ ਜਾਂ ਫਿਰ ਸਿਰੋਪਾਓ ਦੀ ਬਖ਼ਸਿਸ਼ ਹੋ ਜਾਵੇ ਉਹ ਸਤਿਕਾਰ ਸਹਿਤ ਮੰਨਦੇ ਸਨ। ਇਹ ਉਹ ਅਸਥਾਨ ਹੈ ਜਿਥੇ ਸਿੱਖ ਸਮਰਪਣ ਦੀ ਭਾਵਨਾ ਨਾਲ ਹਾਜ਼ਰ ਹੁੰਦੇ ’ਤੇ ਅਹੁਦੇ ਤੇ ਪਦਵੀਆਂ ਪ੍ਰਾਪਤ ਕਰਕੇ ਮਾਣ ਮਹਿਸੂਸ ਕਰਦੇ। ਧਾਰਮਿਕ ਤੌਰ ’ਤੇ ਵੱਖ-ਵੱਖ ਧਰਮਾਂ ’ਚ ਧਰਮ ਵਿਰੋਧੀ ਗਤੀਵਿਧੀਆਂ ਕਾਰਨ ਸੰਬੰਧਤ ਸਮਾਜ ’ਚੋਂ ਛੇਕਣ (ਰੋਟੀ-ਬੇਟੀ ਦੀ ਸਾਂਝ ਨਾ ਰੱਖਣ) ਦੀ ਬਹੁਤ ਪੁਰਾਤਨ ਬਲਵਾਨ ਪਰੰਪਰਾ ਹੈ।
ਖ਼ਾਰਜ ਅਰਬੀ ਸ਼ਬਦ ਖ਼ਾਰਿਜ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਬਾਹਰ ਨਿਕਲਣਾ, ਬਾਹਰ ਕੀਤਾ ਹੋਇਆ, ਰੱਦ ਕੀਤਾ, ਬੇਦਖਲ, ਅਲੱਗ, ਜੁਦਾ, ਕਈ ਵਾਰ ਬਾਪ ਵੀ ਆਪਣੇ ਬੱਚਿਆਂ ਨੂੰ ਜਾਇਦਾਦ ’ਚੋਂ ਖਾਰਜ ਕਰ ਦਿੰਦਾ ਹੈ। ਅਸੀਂ ਦੇਖਦੇ ਹਾਂ ਕਿ ਹਿੰਦੂ ਸਮਾਜ ਵਿੱਚੋਂ ਤਾਂ ਕੁਝ ਜਾਤੀਆਂ ਨੂੰ ਅਖੌਤੀ ਨੀਵੀਂ ਜਾਤ ਕਿਹਾ ਜਾਂਦਾ ਸੀ ਅਜਿਹੇ ਲੋਕਾਂ ਨੂੰ ਧਰਮ-ਕਰਮ ਕਰਨ, ਪੂਜਾ ਉਪਾਸਨਾ ਦਾ ਅਧਿਕਾਰ ਹੀ ਨਹੀਂ ਸੀ। ਗੁਰਬਾਣੀ ’ਚ ਪਾਵਨ ਕਥਨ ਮਿਲਦਾ ਹੈ:
- Advertisement -
ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥2॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੩੦੯)
ਗੁਰੂ ਪੰਥ ਵੱਲੋਂ ਖਾਰਜ ਕੀਤੇ ਗਏ ਵਿਅਕਤੀ ਕਿਸੇ ਵੀ ਸਮੇਂ ਗੁਰੂ ਪੰਥ ਦੇ ਸਿਧਾਂਤ ਮਰਿਆਦਾ ਤੇ ਪਰੰਪਰਾਵਾਂ ਨੂੰ ਸਵੀਕਾਰ ਕਰਕੇ ਸਮਰਪਣ ਭਾਵਨਾ ਨਾਲ ਗੁਰੂ ਪਰਿਵਾਰ ਦੇ ਦੋਬਾਰਾ ਮੈਂਬਰ ਬਣ ਸਕਦੇ ਹਨ ਸਿਰਫ ਆਪਣੀ ਹਉਮੈ, ਹੰਕਾਰ ਨੂੰ ਛੱਡਣਾ ਤੇ ਜ਼ਮੀਰ ਦੀ ਅਵਾਜ਼ ਨੂੰ ਸੁਨਣਾ ਜ਼ਰੂਰੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਕੀਤੇ ਗਏ ਹੁਕਮਨਾਮਿਆਂ ਤੇ ਆਦੇਸ਼ਾਂ ਦਾ ਅਧਿਐਨ ਕਰਨ ’ਤੇ ਮੇਰਾ ਇਹ ਦ੍ਰਿੜ ਵਿਸ਼ਵਾਸ ਬਣ ਗਿਆ ਹੈ ਸਿੱਖ ਸਦਵਾਉਣ ਵਾਲੇ ਨੂੰ ਇਕ ਨਾ ਇਕ ਦਿਨ, ਕਿਸੇ ਨਾ ਕਿਸੇ ਰੂਪ ’ਚ ਗੁਰੂ-ਪੰਥ ਦੀ ਸਰਵਉੱਚਤਾ ਸਵੀਕਾਰ ਕਰਦਿਆਂ ਸਮਰਪਣ ਕਰਨਾ ਹੀ ਪੈਂਦਾ ਹੈ। ਕਈ ਵਾਰ ਮਨੁੱਖ ਹੰਕਾਰ ਵਸ ਮਹਿਸੂਸ ਕਰਦਾ ਹੈ ਕਿ ਮੇਰਾ ਤਾਂ ਗੁਜ਼ਾਰਾ ਹੋ ਹੀ ਜਾਣਾ ਹੈ, ਮੈਨੂੰ ਕਿਸੇ ਦੀ ਕੀ ਪਰਵਾਹ, ਪਰ ਸਮੇਂ ਦੇ ਨਾਲ ਹਰ ਮਨੁੱਖ ਆਤਮਿਕ ਤੌਰ ’ਤੇ ਤੁੱਟਿਆ ਹੋਇਆ ਮਹਿਸੂਸ ਕਰਦਾ ਹੈ। ਹੁਣ ਤਕ ਜੇਕਰ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਇਹ ਸਚ ਪ੍ਰਗਟ ਹੁੰਦਾ ਹੈ। ਬੇਦਖਲ ਕੀਤਾ ਵਿਅਕਤੀ ਜਾਂ ਉਸਦਾ ਪਰਿਵਾਰ ਇਸ ਬੋਝ ਨੂੰ ਉਤਾਰਨ ਪ੍ਰਤੀ ਯਤਨਸ਼ੀਲ ਹੁੰਦਾ ਹੈ।
ਗੁਰੂ ਪੰਥ ਨੂੰ ਸਮਰਪਿਤ ਹੋਣ ਨਾਲ ਸਰੀਰਿਕ ਤੇ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬਾਨ ਦੇ ਸਮੇਂ ਤੇ ਬਾਅਦ ਦੇ ਇਤਿਹਾਸਕ ਤੌਰ ’ਤੇ ਅਜਿਹੇ ਹਵਾਲੇ ਮਿਲਦੇ ਹਨ ਜਿਨ੍ਹਾਂ ’ਚ ਰਾਏ ਸੱਤੇ ਬਲਵੰਡ ਦਾ ਜ਼ਿਕਰ ਵਿਸ਼ੇਸ ਤੌਰ ’ਤੇ ਮਿਲਦਾ ਹੈ ਪਰ ਇਕ ਗੱਲ ਸਪੱਸ਼ਟ ਹੈ ਸਬੰਧਿਤ ਵਿਅਕਤੀਆਂ ਦਾ ਸਮਾਜਿਕ ਭਾਈਚਾਰਕ ਬਾਈਕਾਟ ਹੁੰਦਾ ਹੈ। ਕਿਸੇ ਵਿਅਕਤੀ ਨੂੰ ਸਬੰਧਿਤ ਧਰਮ ’ਚੋਂ ਖਾਰਜ ਨਹੀਂ ਕੀਤਾ ਜਾ ਸਕਦਾ, ਸਬੰਧਤ ਜਮਾਤ-ਸਮਾਜ ’ਚੋਂ ਤਾਂ ਛੇਕਿਆ ਜਾ ਸਕਦਾ ਹੈ। ਤਨਖਾਹ-ਧਾਰਮਿਕ ਸੇਵਾ ਕਿਸੇ ਵੀ ਰੂਪ ਸਜ਼ਾ ਨਹੀਂ ਇਹ ਤਾਂ ਅਹਿਸਾਸ ਹੈ ਅਪਣਤ ਦਾ। ਜੇਕਰ ਕਿਸੇ ਦੇ ਬਣ ਕੇ ਰਹੀਏ ਤਾਂ ਸਾਨੂੰ ਮਾਣ ਸਤਿਕਾਰ ਵੀ ਮਿਲਦਾ ਹੈ। ਜੇਕਰ ਅਸੀਂ ਗੁਰੂ ਗ੍ਰੰਥ-ਗੁਰੂ ਪੰਥ ਦੇ ਬਣ ਕੇ ਜੀਵਨ ਜੀ ਸਕਾਂਗੇ ਤਾਂ ਗੁਰੂ ਵੀ ਹਮੇਸ਼ਾ ਸਾਡੀ ਬਹੁੜੀ ਕਰੇਗਾ।
ਆਮ ਕਰਕੇ ਕਿਹਾ ਜਾਂਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਥਾਪਿਤ ਪੰਥਕ ਧਿਰ ਅਨੁਸਾਰ ਫੈਸਲੇ ਹੁੰਦੇ ਹਨ ਪਰ ਇਹ ਸਚ ਨਹੀਂ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਰਤਨ ਸ੍ਰੀਮਾਨ ਮਾਸਟਰ ਤਾਰਾ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਮੁੱਚੀ ਕਾਰਜਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਤਨਖਾਹ ਲੱਗ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਵੀ ਧਾਰਮਿਕ ਸੇਵਾ ਨਿਭਾ ਚੁੱਕੇ ਹਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਸ. ਨਵਤੇਜ ਸਿੰਘ ਕਾਉਣੀ, ਸ. ਮਹਿੰਦਰ ਸਿੰਘ ਰੁਮਾਣਾ, ਸ. ਜਗਦੀਸ਼ ਸਿੰਘ ਝੀਂਡਾ ਤੇ ਸ. ਸੁਖਵੰਤ ਸਿੰਘ ਥੇਹਗੁਜਰ ਆਦਿ ਨੂੰ ਤਨਖਾਹ ਲਾਈ ਗਈ ਜੋ ਉਨ੍ਹਾਂ ਖੁਸੀ-ਖੁਸ਼ੀ ਪ੍ਰਵਾਨ ਕੀਤੀ।
- Advertisement -
ਪ੍ਰੋ. ਦਰਸ਼ਨ ਸਿੰਘ ਅਜਿਹੀ ਪਹਿਲੀ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਦਾ ਮਾਣ ਬਖਸਿਸ ਕੀਤਾ ਤੇ ਫਿਰ ਪੰਥ ’ਚੋਂ ਖਾਰਜ਼ ਵੀ ਕਰਨਾ ਪਿਆ। ਗੁਰੂ ਦਾ ਇਹ ਬਿਰਦ ਹੈ ਕਿ ਭੁਲਿਆਂ-ਵਿਸਰਿਆਂ ਨੂੰ ਗਲ ਲਾਉਂਦਾ ਹੈ। ਮਨੁੱਖੀ ਸੁਭਾਓ ਹੈ ਹਮੇਸ਼ਾਂ ਹੀ ਖੁਨਾਮੀਆਂ-ਗਲਤੀਆਂ ਕਰਦੇ ਰਹਿਣਾ ਪਰ ਗੁਰੂ ਦਾ ਸੁਭਾਓ ਹੈ ਕਿ ਪਤਿਤਾਂ ਨੂੰ ਪਵਿੱਤਰ ਕਰਨਾ:
ਹਮਰੋ ਸਹਾਉ ਸਦਾ ਸਦ ਭੂਲਨ ਤੁਮ੍ਰੋ ਬਿਰਦੁ ਪਤਿਤ ਉਧਰਨ ॥ (ਅੰਗ ੮੨੮)
ਗੁਰੂ-ਪੰਥ ਸਮੇਂ-ਸਮੇਂ ਸਿੱਖ ਸੇਵਕਾਂ ਨੂੰ ਮਾਣ ਸਤਿਕਾਰ ਸਿਰੋਪਾਓ ਦੀ ਬਖਸ਼ਿਸ ਵੀ ਕਰਦਾ ਰਿਹਾ ਹੈ। ਸਿਰੋਪਾਓ ਦੇ ਰੂਪ ’ਚ ਪ੍ਰਾਪਤ ਹਰ ਵਸਤੂ ’ਚ ਗੁਰੂ ਦੀ ਸਰਵਵਿਆਪਕ ਸਰਵਸ਼ਕਤੀਮਾਨ ਹੋਂਦ ਦਾ ਅਹਿਸਾਸ ਹੁੰਦਾ ਹੈ ਜੋ ਅਮੋਲਕ ਹੈ। ਪੀਰ ਬੁਧੂ ਸ਼ਾਹ ਦੀ ਲਾਸਾਨੀ-ਵਿਲੱਖਣ, ਪ੍ਰੇਮ ਭਾਵਨਾ ਤੇ ਕੁਰਬਾਨੀ ਨੂੰ ਤੱਕ ਕੇ ਸਾਹਿਬੇ ਆਲਮ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਪਿਆਰ ਨਿਸ਼ਾਨੀ ਵਜੋਂ ਕੁਝ ਦੇਣਾ ਚਾਹਿਆ ਤਾਂ ਪੀਰ ਬੁੱਧੂ ਸ਼ਾਹ ਦੇ ਸ਼ਬਦ ਸਨ ਗੁਰਦੇਵ ਜੇ ਤਰੁਠੇ ਹੋ ਤਾਂ ਕੰਘਾ ਕੇਸਾਂ ਸਮੇਤ ਬਖ਼ਸ਼ਿਸ਼ ਕਰ ਦਿਓ। ਕਲਗੀਧਰ ਪਿਤਾ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਇਹ ਬਖਸ਼ਿਸ ਕਰ ਦਿੱਤੀ।
ਸਿਰੋਪਾਓ, ਸਿਰੇਪਾਉ ਤੇ ਸਿਰੋਪਾਉ ਤਿੰਨ ਸ਼ਬਦ ਜੋੜਾਂ ਨਾਲ ਚਾਰ ਵਾਰ ਗੁਰਬਾਣੀ ’ਚ ਅੰਕਿਤ ਹੈ ਜਿਸ ਦਾ ਅਰਥ ਹੈ ਸਿਰ ਤੋਂ ਪੈਰਾਂ ਤੀਕ ਪਹਿਰਣ ਦੀ ਪੋਸ਼ਾਕ-ਖ਼ਿਲਤ। ਖਿਲਤ ਦਾ ਅਰਥ ਹੈ ਬਾਦਸ਼ਾਹ ਵੱਲੋਂ ਮਿਲੀ ਪੁਸ਼ਾਕ, ਜੋ ਸ਼ਾਹੀ ਸਨਮਾਨ ਦਾ ਚਿੰਨ੍ਹ ਹੈ। ਸਿਰੋਪਾਉ ਦਾ ਭਾਵ ਹੈ ਉਹ ਰੂਹਾਨੀ ਪੁਸ਼ਾਕ ਜੋ ਗੁਰੂ ਦਰ ਤੋਂ ਸਿੱਖ-ਸੇਵਕਾਂ ਨੂੰ ਬਖਸ਼ਿਸ ਦੇ ਰੂਪ ’ਚ ਪ੍ਰਾਪਤ ਹੁੰਦੀ ਹੈ। ਸਿਰੋਪਾਓ ਫ਼ਾਰਸੀ ਸ਼ਬਦ ਸਰਾਪਾ ਦਾ ਪੰਜਾਬੀ ਰੂਪ ਹੈ। ਸਰਾਪਾ ਸ਼ਬਦ ਫ਼ਾਰਸੀ ਸ਼ਬਦ ਅਜ਼ ਸਰ ਤਾ ਪਾ ਦਾ ਸੰਖੇਪ ਹੈ ਜਿਸ ਦਾ ਅਰਥ ਹੈ ਸਿਰ ਤੋਂ ਪੈਰਾਂ ਤੀਕ ਜਾਂ ਸਰਵ ਅੰਗ। ਸਿਰੋਪਾਓ ਦੇ ਸਮਾਨ ਅਰਥਕ ਸ਼ਬਦ ਸਤਿਕਾਰ, ਆਦਰ, ਸਨਮਾਨ ਆਦਿ ਹਨ ਪਰ ਸਿਰੋਪਾਉ ਰੂਹਾਨੀਅਤ ਦਾ ਪ੍ਰਤੀਕ ਹੈ ਸਨਮਾਨ ਜਦੋਂ ਕਿ ਸੰਸਾਰਿਕ ਭਾਵਨਾ ਨੂੰ ਰੂਪਮਾਨ ਕਰਦੇ ਹਨ।
ਗੁਰੂ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ-ਘਰ ਤੋਂ ਵਰੋਸਾਈਆਂ ਸ਼ਖ਼ਸੀਅਤਾਂ ਨੂੰ ਸਨਮਾਨ-ਸਤਿਕਾਰ ਦੇਣ ਦੀ ਮਰਯਾਦਾ ਤੇ ਪਰੰਪਰਾ ਬਹੁਤ ਪੁਰਾਣੀ ਹੈ। ਸਮੇਂ-ਸਮੇਂ ਸਿੱਖ ਵਿਦਵਾਨਾਂ, ਇਤਿਹਾਸਕਾਰਾਂ, ਲੇਖਕਾਂ, ਪੰਥ ਸੇਵਕਾਂ ਆਦਿ ਨੂੰ ਸਨਮਾਨ ਦਿੱਤਾ ਜਾਂਦਾ ਰਿਹਾ। ਇਤਿਹਾਸਕ ਤੌਰ ’ਤੇ ਮਿਲਦੇ ਹਵਾਲਿਆਂ ਅਨੁਸਾਰ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ-ਸਤਿਕਾਰ ਦੀ ਬਖ਼ਸਿਸ਼ ਹੋਈ। ਸ੍ਰੀ ਮਾਨ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੇ ਬਹੁਤ ਲੰਮਾ ਕੌਮ ਦੀ ਅਗਵਾਈ ਵੱਖ ਵੱਖ ਪਦਵੀਆਂ ’ਤੇ ਬਿਰਾਜਮਾਨ ਹੋ ਕੇ ਕੀਤੀ। ਗੁਰੂ-ਗ੍ਰੰਥ-ਪੰਥ ਨੂੰ ਉਹ ਰੋਮ-ਰੋਮ ਤੋਂ ਸਮਰਪਿਤ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੂੰ ਧਾਰਮਿਕ ਸੇਵਾ ਵੀ ਲਾਈ ਗਈ। ਉਨ੍ਹਾਂ ਦੇ ਨਾਂ ਨਾਲ ਪੰਥ ਰਤਨ ਸ਼ਬਦ ਪੱਕੇ ਤੌਰ ’ਤੇ ਜੁੜ ਚੁੱਕਾ ਹੈ ਪਰ ਇਸ ਬਾਰੇ ਲਿਖਤੀ ਵੇਰਵਾ ਪ੍ਰਾਪਤ ਨਹੀਂ। ਸਿਰਦਾਰ ਕਪੂਰ ਸਿੰਘ ਜੀ ਇਕੋ-ਇੱਕ ਸਿੱਖ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ‘ਪ੍ਰੋਫ਼ੋਸਰ ਆਫ਼ ਸਿੱਖਇਜ਼ਮ’ ਦੀ ਉਪਾਧੀ 13 ਅਕਤੂਬਰ, 1973 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੋਈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਥ ਦੇ ਬੇਤਾਜ਼ ਬਾਦਸ਼ਾਹ ਬਾਬਾ ਖੜਕ ਸਿੰਘ (ਭਾਈ ਸਾਹਿਬ) 4 ਜੂਨ, 1927; ਭਾਈ ਸਾਹਿਬ ਭਾਈ ਰਣਧੀਰ ਸਿੰਘ (ਭਾਈ ਸਾਹਿਬ) 15 ਸੰਤਬਰ, 1931; ਭਾਈ ਸਾਹਿਬ ਸਰਦਾਰ ਹਰਿਭਜਨ ਸਿੰਘ ਯੋਗੀ (ਭਾਈ ਸਾਹਿਬ) 13 ਜੁਲਾਈ, 1974; ਸਰਦਾਰ ਦੀਦਾਰ ਸਿੰਘ ਬੈਂਸ (ਭਾਈ ਸਾਹਿਬ) 18 ਜਨਵਰੀ, 1984; ਜਥੇਦਾਰ ਗੁਰਚਰਨ ਸਿੰਘ ਟੌਹੜਾ, (ਪੰਥ ਰਤਨ); ਗਿਆਨੀ ਸੰਤ ਸਿੰਘ ਮਸਕੀਨ (ਗੁਰਮਤਿ ਮਾਰਤੰਡ) 27 ਮਾਰਚ, 2005 ਅਕਾਲ ਚਲਾਣੇ ਉਪਰੰਤ; ਡਾ. ਰਘਬੀਰ ਸਿੰਘ ਬੈਂਸ, ਕੈਨੇਡਾ (ਸਿੱਖ ਸਕਾਲਰ ਆਫ਼ ਕੰਪਿਊਟਰਏਜ਼) 10 ਜਨਵਰੀ, 2006; ਭਾਈ ਜਸਵੀਰ ਸਿੰਘ ਖਾਲਸਾ (ਪੰਥ ਰਤਨ) 4 ਅਗਸਤ 2007 ਅਕਾਲ ਚਲਾਣੇ ਉਪਰੰਤ; ਬਾਬਾ ਨਿਹਾਲ ਸਿੰਘ ਦੀ ਮੁਖੀ ਤਰਨਾ ਦਲ (ਭਾਈ ਸਾਹਿਬ) 29 ਮਾਰਚ, 2008; ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਆਗੂ ਭਾਈ ਮਹਿੰਦਰ ਸਿੰਘ (ਭਾਈ ਸਾਹਿਬ) 28 ਜੂਨ, 2010; ਸ. ਰੂਪ ਸਿੰਘ (ਸਿੱਖ ਸਕਾਲਰ) 11 ਅਪ੍ਰੈਲ, 2011; ਸ. ਸਰਨ ਸਿੰਘ ਆਈ.ਏ.ਐਸ (ਸ਼੍ਰੋਮਣੀ ਸਿੱਖ ਲੇਖਕ) ਤੇ ਸ. ਕਰਤਾਰ ਸਿੰਘ ਠੁਕਰਾਲ (ਸ਼੍ਰੋਮਣੀ ਸਿੱਖ ਸੇਵਕ) 8 ਅਕਤੂਬਰ, 2011 ਆਦਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਹਨ।
5 ਦਸੰਬਰ, 2011 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੰਮੇਰਾ ਸਮਾਂ ਪ੍ਰਧਾਨ ਵਜੋਂ ਸੇਵਾ ਕਰ ਚੁੱਕੇ, ਸ. ਪ੍ਰਕਾਸ਼ ਸਿੰਘ ਬਾਦਲ ਸਰਪਰਸਤ ਸ਼੍ਰੋਮਣੀ ਅਕਾਲੀ ਦਲ ਤੇ ਮੁੱਖ ਮੰਤਰੀ ਪੰਜਾਬ ਦੀਆਂ ਸੇਵਾਵਾਂ ਦਾ ਸਤਿਕਾਰ ਪੰਥ ਰਤਨ ਫਖ਼ਰੇ-ਏ-ਕੌਮ ਪਦਵੀ ਨਾਲ ਸਤਿਕਾਰ ਕੀਤਾ ਗਿਆ, 25 ਜਨਵਰੀ 2013 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਗ੍ਰੰਥ-ਗੁਰੂ ਪੰਥ ਨੂੰ ਰੋਮ-ਰੋਮ ਤੋਂ ਸਮਰਪਿਤ ਹੋ ਕੇ ਭਾਈ ਪਿੰਦਰਪਾਲ ਸਿੰਘ ਪ੍ਰਸਿੱਧ ਵਿਆਖਿਆਕਾਰ ਨੂੰ ਭਾਈ ਸਾਹਿਬ ਦੀ ਉਪਾਧੀ ਤੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੂੰ ਗੁਰੂ ਘਰ ਦੇ ਨਿਸ਼ਕਾਮ ਕੀਰਤਨੀਏ ਵਜੋਂ ਵਿਸ਼ਵ ਭਰ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਸਤਿਕਾਰ ਕਰਦਿਆਂ ਪੰਥਕ ਸ਼੍ਰੋਮਣੀ ਰਾਗੀ ਦੀ ਉਪਾਧੀ ਬਖਸ਼ਿਸ ਕੀਤੀ ਗਈ।
ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਗੁਰੂ ਪੰਥ ਦੇ ਸਿਧਾਂਤ ਅਨੁਸਾਰ ਕਈ ਵਾਰ ਜਾਣੇ ਅਣਜਾਣੇ ਹੋਈ ਭੁਲਾਂ ਲਈ ਧਾਰਮਿਕ ਸੇਵਾ ਕਰਨੀ ਤੇ ਫਿਰ ਇਸ ਅਸਥਾਨ ਤੋਂ ਹੀ ਸਨਮਾਨ ਪ੍ਰਾਪਤ ਹੋਣਾ ਬਹੁਤ ਹੀ ਘੱਟ ਭਾਗਸ਼ੀਲ ਸ਼ਖ਼ਸੀਅਤਾਂ ਦੇ ਹਿੱਸੇ ਆਉਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ-ਪੰਥ ਵੱਲੋਂ ਸਨਮਾਨ-ਸਤਿਕਾਰ ਰੂਪੀ ਸਿਰੋਪਾਓ ਦੀ ਬਖ਼ਸ਼ਿਸ ਪ੍ਰਾਪਤ ਵਿਅਕਤੀ ਦੀ ਗੁਰੂ ਗ੍ਰੰਥ-ਗੁਰੂ ਪੰਥ ਤੇ ਕੌਮ ਪ੍ਰਤੀ ਜਿੰਮੇਵਾਰੀ ’ਚ ਓੜਕਾਂ ਦਾ ਵਾਧਾ ਹੋ ਜਾਂਦਾ ਹੈ। ਸਮਰਪਣ ਭਾਵਨਾ ਕੇਵਲ ਸੇਵਕ ਰੂਪ ’ਚ ਹੀ ਸਫਲੀ ਹੋ ਸਕਦੀ ਹੈ, ਜੋ ਗੁਰੂ ਮਿਹਰ ਦੀ ਪ੍ਰਤੀਕ ਹੈ। ਗੁਰਮਤਿ ਵਿਚਾਰਧਾਰਾ ਅਨੁਸਾਰ ਸਮਰਪਣ ’ਚ ਹੀ ਸੁਤੰਤਰਤਾ ਤੇ ਰੂਹਾਨੀਅਤ ਹੈ। ਰੂਹਾਨੀਅਤ ਦਾ ਕਿਨਕਾ ਸਿਰਪਾਓ ਰੂਪ ਵਿੱਚ ਪ੍ਰਾਪਤ ਕਰਕੇ ਸਿੱਖ ਨਵਾਬੀਆਂ ਨੂੰ ਠੋਕਰਾਂ ਮਾਰਦਾ ਹੋਇਆ ਨਿਤ ਅਰਦਾਸ ਕਰਦਾ ਹੈ, ਕਿ ਸੱਚੇ ਪਾਤਸ਼ਾਹ ਮੇਰਾ ਸਿੱਖੀ ਸਿਦਕ ਭਰੋਸਾ ਕੇਸਾਂ ਸਵਾਸਾਂ ਨਾਲ ਨਿਭ ਸਕੇ, ਇਤਨੀ ਸ਼ਕਤੀ ਦੀ ਬਖ਼ਸਿਸ਼ ਸਤਿਗੁਰੂ ਤੁਸੀਂ ਕਰ ਦਿਓ। ਅਰਦਾਸ ਦੇ ਇਨ੍ਹਾਂ ਬੋਲਾਂ ’ਚ ਸਮਰਪਣ, ਨਿਮਰਤਾ, ਸਵੈ ਵਿਸ਼ਵਾਸ ਤੇ ਭਰੋਸਾ ਵੀ ਭਰਪੂਰ ਹੈ।
(*98146 37979 roopsz@yahoo.com)