ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਪਹਿਲਾ ਰਾਗ – ਸਿਰੀ

TeamGlobalPunjab
9 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਕਲਨ ਸੰਗੀਤਮਈ ਹੈ। ਗੁਰਬਾਣੀ ਵਿੱਚ ਸੰਗੀਤ ਨੂੰ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਤਕਰਾ ਹੀ ਵੱਖ ਵੱਖ 31 ਰਾਗਾਂ ਦੇ ਅਨੁਸਾਰ ਹੈ ਭਾਵ ਸਾਰੀ ਬਾਣੀ ਨੂੰ 31 ਵਿਸ਼ੇਸ਼ ਰਾਗਾਂ ਦੇ ਅੰਤਰਗਤ ਸੰਪਾਦਿਤ ਕੀਤਾ ਗਿਆ। ਗੁਰਬਾਣੀ ਵਿੱਚ ਅਨੇਕ ਸਥਾਨਾਂ ‘ਤੇ ਰਾਗ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ, ਜਿਵੇਂ :

      • ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੪੨੩)
      • ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੫੮)

ਇਸ ਹਵਾਲੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਗਿਆਨ ਹਿਤ ਸਾਨੂੰ ਬਾਣੀ ਵਿਚਲੇ ਰਾਗਾਂ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ। ਗੁਰੂ ਸਾਹਿਬਾਨ ਨੇ ਸ਼ਬਦ ਕੀਰਤਨ ਨੂੰ ਸਿੱਖੀ ਜੀਵਨ ਦਾ ਅਨਿੱਖੜ ਅੰਗ ਬਣਾਇਆ ਹੈ।  ਬਿਨਾਂ ਰਾਗਾਂ ਦੇ ਗਿਆਨ ਤੋਂ ਕੀਰਤਨ ਦੀ ਕਲਪਨਾ ਕਰਨਾ ਅਸੰਭਵ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ 31 ਰਾਗਾਂ ਦੀ ਜਾਣਕਾਰੀ ਹਿਤ ਇੱਕ ਖੋਜ ਲੜੀ ਪ੍ਰਾਰੰਭ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਸ਼ਵ ਵਿਖਿਆਤ ਗੁਰਮਤਿ ਸੰਗੀਤ ਆਾਚਾਰੀਆ ਡਾ. ਗੁਰਨਾਮ ਸਿੰਘ ਦੇ ਖੋਜ ਭਰਪੂਰ ਲੇਖਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਇਹ ਲੇਖ ਹਰ ਐਤਵਾਰ ਸ਼ਾਮ ਨੂੰ 6 ਵਜੇ Global Punjab TV ਦੀ ਵੈਬ ਸਾਇਟ ‘ਤੇ ਪ੍ਰਕਾਸ਼ਿਤ ਕੀਤੇ ਜਾਣਗੇ। ਆਪ ਸਭ ਦੇ ਵੱਡਮੁਲੇ ਵਿਚਾਰ ਸਾਡਾ ਮਾਰਗ ਦਰਸ਼ਨ ਕਰਨਗੇ ਇਸ ਲਈ ਆਪਣੇ ਕੀਮਤੀ ਵਿਚਾਰ ਜ਼ਰੂਰ ਦੇਣ ਦੀ ਕ੍ਰਿਪਾਲਤਾ ਕਰਨੀ।-ਡਾ. ਗੁਰਦੇਵ ਸਿੰਘ


-ਡਾ. ਗੁਰਨਾਮ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -1

ਰਾਗ ਸਿਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਸੰਗੀਤ ਦਾ ਅਧਾਰ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੱਖ ਵੱਖ ਰਾਗਾਂ ਦੇ ਅੰਤਰਗਤ ਦਰਜ ਕੀਤਾ ਗਿਆ ਹੈ ਜੋ ਸਿੱਖ ਧਰਮ ਵਿੱਚ ਰਾਗ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਵੀ ਰਾਗਾਂ ਵਿਚ ਸ਼ਬਦ ਗਾਇਨ ਨੂੰ ਹੀ ਕੀਰਤਨ ਪ੍ਰਵਾਨਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਰਾਗ ਕੇਵਲ ਸਿਰਲੇਖ ਮਾਤਰ ਕਾਰਜਰਤ ਨਹੀਂ ਸਗੋਂ ਇਹ ਸ਼ਬਦ ਦੇ ਕੀਰਤਨ ਲਈ ਬੁਨਿਆਦੀ ਸੰਕੇਤ ਹਨ ਕਿ ਸ਼ਬਦ ਨੂੰ ਕਿਸ ਸੁਰਾਤਮਕ ਰੰਗ ਵਿਚ ਗਾਉਣਾ ਹੈ। ਰਾਗ ਬਾਣੀ ਦੀ ਵੱਖੋ ਵੱਖਰੀ ਪ੍ਰਕਿਰਤੀ ਅਨੁਸਾਰ ਨਿਰਧਾਰਤ ਕੀਤੇ ਗਏ ਹਨ। ਇਸੇ ਕਰਕੇ ਇਨ੍ਹਾਂ ਦੀ ਗਿਣਤੀ 31 ਮੁੱਖ ਰਾਗਾਂ ਤੇ ਵਿਭਿੰਨ ਰਾਗ ਪ੍ਰਕਾਰਾਂ ਵਜੋਂ ਕੀਤੀ ਜਾਂਦੀ ਹੈ।

- Advertisement -

ਗੁਰਮਤਿ ਸੰਗੀਤ ਅਤੇ ਭਾਰਤੀ ਸੰਗੀਤ ਵਿਚ ਸਿਰੀ ਇਕ ਪੁਰਾਤਨ ਤੇ ਵਿਸ਼ਿਸ਼ਟ ਰਾਗ ਹੈ। ਭਾਰਤੀ ਸੰਗੀਤ ਵਿਚ ਰਾਗਾਂ ਦੀ ਵੰਡ ਲਈ ਗੁਰੂ ਕਾਲੀ ਸਮਕਾਲੀ ਪ੍ਰਣਾਲੀ ‘ਰਾਗ ਰਾਗਣੀ ਵਰਗੀਕਰਣ’ ਸੀ ਭਾਵ ਰਾਗ ਨੂੰ ਪੁਰਸ਼ ਮੰਨ ਕੇ ਉਸ ਅਧੀਨ ਬਾਕੀ ਰਾਗਾਂ ਨੂੰ ਇਸਤਰੀ, ਪੁੱਤਰ, ਵਧੂ ਦੇ ਰੂਪ ਵਿਚ ਪਛਾਣਿਆ ਜਾਂਦਾ ਸੀ। ਇਸ ਤਰ੍ਹਾਂ ਇਕ ਮੁੱਖ ਪੁਰਸ਼ ਰਾਗ ਤੇ ਬਾਕੀ ਰਾਗਾਂ ਨੂੰ ਉਸ ਦੇ ਰਿਸ਼ਤੇ ਨਾਤੇ ਵਿਚ ਪਰੋ ਕੇ ‘ਰਾਗਮਾਲਾ’ ਬਣਾਈ ਜਾਂਦੀ ਸੀ। ਰਾਗਮਾਲਾ ਲਿਖਣ ਦੇ ਬਹੁਤ ਸਾਰੇ  ਮੱਤ ਪ੍ਰਚਾਰ ਵਿਚ ਰਹੇ। ਇਸ ਵਿਸਥਾਰ ਵਿਚ ਨਾ ਜਾਂਦਿਆਂ ਵਿਚਾਰੀਏ ਤਾਂ ਰਾਗ ਰਾਗਣੀ ਮਤ ਵਿਚ ਸਿਰੀ ਰਾਗ ਨੂੰ ਪ੍ਰਮੁੱਖ ਛੇ ਰਾਗਾਂ ਵਿਚ ਮੰਨਿਆ ਗਿਆ ਹੈ। ਰਾਗ ਰਾਗਣੀ ਪੱਧਤੀ ਅਨੁਸਾਰ ਮੁੱਖ ਛੇ ਰਾਗ ਹਨ : ਸਿਰੀ, ਬਸੰਤ, ਭੈਰਵ, ਪੰਚਮ, ਮੇਘ, ਨਟ ਨਾਰਾਇਣ। ਭਾਰਤੀ ਸੰਗੀਤ ਵਿਚ ਸਿਰੀ ਨੂੰ ‘ਸ੍ਰੀ’ ਅੰਕਿਤ ਕੀਤਾ ਗਿਆ। ਸਿਰੀ ਨੂੰ ‘ਸ੍ਰਿੀ’ ਵੀ ਲਿਖਿਆ ਜਾਂਦਾ ਹੈ। ਭਾਰਤੀ ਸੰਗੀਤ ਪਰੰਪਰਾ ਵਿਚ ਇਸ ਨੂੰ ਬਿਸ਼ਨ ਸਰੂਪ ਮੰਨ ਕੇ ਇਸ ਦੀ ਉਤਪਤੀ ਸ਼ਿਵ ਜੀ ਦੇ ਮੁਖੋਂ ਮੰਨੀ ਗਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਤਮਕ ਬਾਣੀ ਦੇ ਪ੍ਰਾਰੰਭ ਵਿਚ ਪੰਨਾ 14 ਉੱਤੇ ਸਿਰੀ ਰਾਗ ਦਾ ਆਰੰਭ : ਰਾਗੁ ਸਿਰੀਰਾਗੁ ਮਹਲਾ ਪਹਲਿਾ ੧ ਘਰੁ ੧॥ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥ ਤੇ ਹੁੰਦਾ ਹੈ। ਸੰਗੀਤ ਜਗਤ ਵਿਚ ਸਿਰੀ ਦੇ ਇਸ ਪੁਰਾਤਨ ਗੌਰਵ ਦੇ ਸਨਮੁਖ ਹੀ ਬਾਣੀ ਦੇ ਪ੍ਰਾਰੰਭ ਵਿਚ ਸਿਰੀ ਨੂੰ ਪ੍ਰਥਮ ਸਥਾਨ ਤੇ ਰੱਖਿਆ ਗਿਆ ਹੈ। ਸਿਰੀ ਰਾਗ ਦੇ ਅਧਿਆਤਮਕ ਮਹੱਤਵ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿਚ ਇਉਂ ਬਿਆਨਿਆ ਹੈ :

ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੩)

ਭਾਈ ਗੁਰਦਾਸ ਨੇ ਇਸ ਮਹੱਤਵ ਨੂੰ ਇਉਂ ਦ੍ਰਿੜਾਇਆ ਹੈ :

ਰਾਗਿਨ ਮੇ ਸ੍ਰੀ ਰਾਗ ਪਾਰਸ ਪਖਾਨ ਹੈ॥ (ਕਬਿਤ ਸਵੱਯੇ ਭਾਈ ਗੁਰਦਾਸ, ਪੰਨਾ ੧੪੯)

- Advertisement -

ਜਨਮ ਸਾਖੀਆਂ ਵਿਚ ਵੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਰਾਗਾਂ ਵਿਚ ਬਾਣੀ ਉਚਾਰਦੇ ਹਨ ਉੱਥੇ ਬਾਣੀ ਦਾ ਨਿਰਧਾਰਤ ਰਾਗ ਵਿਚ ਗਾਇਨ ਦਾ ਜਿਕਰ ਵੀ ਮਿਲਦਾ ਹੈ।

ਗੁਰੂ ਕਾਲ ਦੇ ਸਮਕਾਲੀ ਗ੍ਰੰਥਾਂ ਸੰਗੀਤ ਰਤਨਾਕਰ, ਸਵਰਮੇਲ ਕਲਾਨਿਧੀ, ਸੰਗੀਤ ਦਰਪਨ ਅਦਿ ਵਿਚ ਇਸ ਰਾਗ ਦਾ ਉਲੇਖ ਮਿਲਦਾ ਹੈ। ਇਸ ਦੀ ਪਛਾਣ ਇਕ ਸਨਤਾਨੀ ਰਾਗ ਵਜੋਂ ਕੀਤੀ ਜਾਂਦੀ ਹੈ। ਸਿਰੀ ਦੇ ਦੋ ਰੂਪ ਪ੍ਰਾਪਤ ਹੁੰਦੇ ਹਨ। ਸਿਰੀ ਦਾ ਇਕ ਰੂਪ ਕਾਫੀ ਥਾਟ ਦਾ ਹੈ ਅਤੇ ਦੂਸਰਾ ਪੂਰਵੀ ਥਾਟ ਦਾ। ਪੂਰਵੀ ਥਾਟ ਦਾ ਸਰੂਪ ਵਧੇਰੇ ਪ੍ਰਚਲਿਤ ਹੈ ਅਤੇ ਗੁਰਮਤਿ ਸੰਗੀਤ ਤੇ ਭਾਰਤੀ ਸੰਗੀਤ ਵਿਚ ਇਸੇ ਰਾਗ ਦੀ ਜ਼ਿਆਦਾ ਮਾਨਤਾ ਹੈ। ਇਸ ਰਾਗ ਨਾਲ ਮਿਲਦੇ ਜੁਲਦੇ ਰਾਗ ਪੂਰਵੀ, ਜੈਤਸਰੀ ਅਤੇ ਪੂਰੀਆ ਧਨਾਸਰੀ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਰੀ ਦੇ ਅੰਤਰਗਤ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਕਬੀਰ, ਭਗਤ ਤ੍ਰਿਲੋਚਨ, ਭਗਤ ਬੇਣੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ। ਇਸ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ 33 ਪਦੇ, 17 ਅਸ਼ਟਪਦੀਆਂ (ਇਕ ਸ਼ਬਦ ੨੪ ਪਦਿਆਂ ਦਾ), ਪਹਰੇ ਦੋ; ਗੁਰੂ ਅਮਰਦਾਸ ਜੀ ਦੇ 31 ਪਦੇ, ਅੱਠ ਅਸ਼ਟਪਦੀਆਂ; ਗੁਰੂ ਰਾਮਦਾਸ ਜੀ ਦੇ ਛੇ ਪਦੇ, ਇਕ ਛੰਤ, ਇਕ ਵਣਜਾਰਾ, ਇਕ ਵਾਰ, ਗੁਰੂ ਅਰਜਨ ਦੇਵ ਜੀ ਦੇ 30 ਪਦੇ, ਦੋ ਅਸ਼ਟਪਦੀਆਂ (ਇਕ ਸ਼ਬਦ 21 ਪਦਿਆਂ ਦਾ), ਇਕ ਪਹਰੇ, ਦੋ ਛੰਤ; ਭਗਤ ਕਬੀਰ ਜੀ ਦੇ ਦੋ ਸ਼ਬਦ; ਭਗਤ ਤ੍ਰਿਲੋਚਨ ਜੀ ਦਾ ਇਕ ਸ਼ਬਦ, ਭਗਤ ਬੇਣੀ ਜੀ ਦਾ ਇਕ ਸ਼ਬਦ ਅਤੇ ਭਗਤ ਰਵਿਦਾਸ ਜੀ ਦਾ ਇਕ ਸ਼ਬਦ ਦਰਜ ਹੈ।

ਗੁਰਮਤਿ ਸੰਗੀਤ ਪ੍ਰਰੰਪਰਾ ਅਨੁਸਾਰ ਇਹ ਰਾਗ ਸੋਦਰੁ ਦੀ ਕੀਰਤਨ ਚੌਕੀ ਵਿਚ ਗਾਇਆ ਜਾਂਦਾ ਹੈ, ਕਿਉਂ ਜੋ ਇਸ ਦਾ ਸਮਾਂ ਸ਼ਾਮ ਹੈ ਅਤੇ ਸ਼ਾਮ ਸੰਧੀ ਪ੍ਰਕਾਸ਼ ਦੇ ਨਾਲ ਅੱਗੇ ਆਉਣ ਵਾਲੀ ਰਾਤ ਨਾਲ ਸਬੰਧਿਤ ਪ੍ਰਕਿਰਤੀ ਚਿਤਰਣ ਦੀਆਂ ਮਿਸਾਲਾਂ ਇਸ ਵਿਚੋਂ ਮਿਲ ਜਾਂਦੀਆਂ ਹਨ।

ਗੁਰਮਤਿ ਸੰਗੀਤ ਦੇ ਕੀਰਤਨਕਾਰਾਂ ਵਿਚੋਂ ਰਾਗਦਾਰੀ ਦੀ ਪਛਾਣ ਰੱਖਣ ਵਾਲੇ ਕੀਰਤਨੀਏ ਹੀ ਇਸ ਨੂੰ ਗਾ ਸਕਦੇ ਹਨ। ਕਿਉਂ ਜੋ ਇਸ ਨੂੰ ਦੂਸਰੇ ਰਾਗਾਂ ਨਾਲੋਂ ਨਿਖੇੜਨ ਦੇ ਨਾਲ ਇਸ ਦੇ ਸੁਰਾਂ ਦਾ ਸਹੀ ਲਗਾਵ ਸੰਗੀਤ ਗੁਰੂ ਦੇ ਮੁਖੋਂ ਸੁਣ ਕੇ ਹੀ ਆਉਂਦਾ ਹੈ। ਸਾਡੀ ਸਿਮ੍ਰਤੀ ਵਿਚ ਗਿਆਨ ਸਿੰਘ ਅਲਮਸਤ ਵਲੋਂ ਪਟਿਆਲਾ ਵਿਖੇ ਗੁਰਮਤਿ ਸੰਗੀਤਾਚਾਰੀਆ ਪ੍ਰੋਫ਼ੈਸਰ ਤਾਰਾ ਸਿੰਘ ਜੀ ਦੇ ਗ੍ਰਹਿ ਵਿਖੇ ਸੁਣਾਇਆ ਸਿਰੀ ਰਾਗ ਹੁਣ ਵੀ ਗੂੰਜਦਾ ਹੈ। ਭਾਈ ਗੁਰਮੀਤ ਸਿੰਘ ਸ਼ਾਂਤ ਦੇ ਗਾਇਨ ਚੋਂ ਇਸ ਦੀ ਖੁਸ਼ਬੋ ਮਿਲਦੀ ਹੈ। ਵਰਤਮਾਨ ਸਮੇਂ ਦੇ ਗੁਰਮਤਿ ਸੰਗੀਤ ਸੇਵੀ ਤੇ ਸਰਪਰਸਤ ਸਵਰਗੀ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਲੇਖਕ (ਡਾ. ਗੁਰਨਾਮ ਸਿੰਘ) ਦੀ ਆਵਾਜ਼ ਵਿਚ ਇਸ ਰਾਗ ਦੀ ਰਿਕਾਰਡਿੰਗ 1992 ਵਿਚ ਕਰਵਾਈ ਅਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਇਸ ਦਾ ਪ੍ਰਿੰ. ਬਲਦੇਵ ਸਿੰਘ, ਭਾਈ ਬਲਬੀਰ ਸਿੰਘ ਤੇ ਲੇਖਕ (ਡਾ. ਗੁਰਨਾਮ ਸਿੰਘ) ਨੇ ਸਮੇਂ ਸਮੇਂ ਗਾਇਨ ਕੀਤਾ। ਵਿਭਿੰਨ ਵੈੱਬਸਾਈਟਸ ਅਤੇ ਯੂਟਿਊਬ ‘ਤੇ ਸਿਰੀ ਰਾਗ ਵਿਚ ਗਾਇਨ ਸ਼ਬਦ ਦੀ ਇਹ ਰਿਕਾਰਡਿੰਗ ਉਪਲਬਧ ਹੈ।

ਭਾਰਤੀ ਰਾਗ ਧਿਆਨ ਪਰੰਪਰਾ ਅਨੁਸਾਰ ਰਾਗਮਾਲਾ ਪੇਟਿੰਗਜ਼ ਵਿਚ ਸਿਰੀ ਰਾਗ ਦੇ ਪੁਰਾਤਨ ਚਿੱਤਰ ਉਪਲਬੱਧ ਹਨ। ਪ੍ਰਸਿੱਧ ਚਿੱਤਰਕਾਰ ਦੇਵਿੰਦਰ ਸਿੰਘ ਕੋਲੋਂ ਅਸੀਂ ਬਾਣੀ ਤੇ ਅਧਾਰਤ ਸਿਰੀ ਰਾਗ ਰਚਿਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਸਿਮ੍ਰਤੀ ਗ੍ਰੰਥ 1992 ਲਈ ਤਿਆਰ ਕਰਵਾਇਅ ਸੀ ਜਿਸ ਤੇ ਸਿਰੀ ਰਾਗ ਦੀ ਬਾਣੀ ਦੇ ਪ੍ਰਸੰਗ ਵਿਚ ਕਲਾਤਮਕ ਪਛਾਣ ਉਜਾਗਰ ਹੁੰਦੀ ਹੈ।

ਸਮਕਾਲੀ ਗੁਰਮਤਿ ਸੰਗੀਤ ਰਚਨਾਵਾਂ ਦੇ ਵੱਖ ਵੱਖ ਸੰਮੇਲਨਾਂ ਦੇ ਪ੍ਰਸੰਗ ਵਿਚ ਵੇਖੀਏ ਤਾਂ ਗਿਆਨ ਸਿੰਘ ਐਬਟਾਬਾਦ ਨੇ ਪੁਰਾਤਨ ਰਾਗੀ ਰਬਾਬੀ ਕੀਰਤਨੀਆਂ ਕੋਲੋਂ ਰਾਗਾਤਮਕ ਕੀਰਤਨ ਰਚਨਾਵਾਂ ਦਾ ਜੋ ਸੰਗ੍ਰਹਿ ਕੀਤਾ ਹੈ ਉਸ ਵਿਚ ਭਾਈ ਤਾਬਾ ਜੀ ਦੀਆਂ ਸਿਰੀ ਰਾਗ ਵਿਚ ਸੱਤ ਬੰਦਿਸ਼ਾਂ ਵੀ ਦਿੱਤੀਆਂ ਤੇ ਸੁਰਲਿਪੀਬੱਧ ਕੀਤੀਆਂ ਹਨ। ਇਨ੍ਹਾਂ ਤੋਂ ਬਿਨਾਂ ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਗੁਰਮਤਿ ਸੰਗੀਤ ਆਚਾਰੀਆ ਪ੍ਰੋਫ਼ੈਸਰ ਤਾਰਾ ਸਿੰਘ, ਇਨ੍ਹਾਂ ਸਤਰਾਂ ਦੇ ਲੇਖਕ (ਡਾ. ਗੁਰਨਾਮ ਸਿੰਘ), ਪ੍ਰੋਫ਼ੈਸਰ ਕਰਤਾਰ ਸਿੰਘ, ਪ੍ਰੋਫ਼ੈਸਰ ਪਰਮਜੋਤ ਸਿੰਘ ਆਦਿ ਨੇ ਵੀ ਸਿਰੀ ਰਾਗ ਵਿਚ ਸ਼ਬਦ ਕੀਰਤਨ ਅੰਗ ਤੋਂ ਸਿਰੀ ਰਾਗ ਵਿਚ ਸੁਰਲਿਪੀਬੱਧ ਸ਼ਬਦ ਰਚਨਾਵਾਂ ਪ੍ਰਕਾਸ਼ਿਤ ਕਰਵਾਈਆਂ ਹਨ। ਇਹ ਰਾਗਾਤਮਕ ਖਜ਼ਾਨਾ ਆਉਣ ਵਾਲੀਆਂ ਪੀੜੀਆਂ ਲਈ ਰਾਹ ਦਸੇਰਾ ਹੋ ਸਕਦਾ ਹੈ।

 

Share this Article
Leave a comment