ਭਲੇ ਅਮਰਦਾਸ ਗੁਣ ਤੇਰੇ… ਜੋਤੀ ਜੋਤਿ ਦਿਹਾੜਾ ਸ੍ਰੀ ਗੁਰੂ ਅਮਰਦਾਸ ਜੀ

TeamGlobalPunjab
5 Min Read

ਭਲੇ ਅਮਰਦਾਸ ਗੁਣ ਤੇਰੇ… ਜੋਤੀ ਜੋਤਿ ਦਿਹਾੜਾ ਸ੍ਰੀ ਗੁਰੂ ਅਮਰਦਾਸ ਜੀ

ਡਾ. ਗੁਰਦੇਵ ਸਿੰਘ

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ) 

ਨਿਥਾਵਿਆਂ ਦੇ ਥਾਂਵ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਪਾਸਾਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਆਪ ਨੇ ਲੰਗਰ ਪਰੰਪਰਾ ਨੂੰ ਸਿੱਖੀ ਦਾ ਅਨਿੱਖੜ ਅੰਗ ਬਣਾਇਆ। ਸਿੱਖੀ ਦੇ ਪ੍ਰਚਾਰ ਪਾਸਾਰ ਹਿਤ 22 ਮੰਜੀਆਂ ਸਥਾਪਿਤ ਕੀਤੀਆਂ ਅਤੇ ਸ੍ਰੀ ਗੋਇੰਦਵਾਲ ਨੂੰ ਸਿੱਖੀ ਦੇ ਪ੍ਰਚਾਰ ਕੇਂਦਰ ਵਜੋਂ ਪ੍ਰਫੁੱਲਤ ਕੀਤਾ। ਅੱਜ ਗੁਰੂ ਸਾਹਿਬ ਦੇ ਜੋਤੀ ਜੋਤਿ ਦਿਵਸ ਹੈ, ਆਓ ਜਾਣਦੇ ਹਾਂ ਗੁਰੂ ਸਾਹਿਬ ਦੇ ਮਹਾਨ ਜੀਵਨ ਬਾਰੇ:

ਸਿੱਖਾਂ ਦੇ ਤੀਸਰੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਦੇ ਬਾਸਰਕੇ ਵਿਖੇ ਮਾਤਾ ਸੁਲੱਖਣੀ ਦੇ ਕੁਖੋਂ, ਪਿਤਾ ਸ੍ਰੀ ਤੇਜਭਾਨ ਦੇ ਗ੍ਰਹਿ 1479 ਈਸਵੀ ਨੂੰ ਹੋਇਆ। ਆਪ ਜੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਦਸ ਸਾਲ ਛੋਟੇ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਕਰੀਬ 25 ਸਾਲ ਵੱਡੇ ਸਨ। ਆਪ ਦਾ ਵਿਆਹ ਰਾਮ ਕੌਰ ਨਾਲ ਹੋਇਆ । ਆਪ ਦੇ ਦੋ ਪੁੱਤਰ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਤੇ ਦੋ ਸਪੁਤਰੀਆਂ ਬੀਬੀ ਭਾਨੀ ਤੇ ਬੀਬੀ ਦਾਨੀ ਜੀ ਸਨ।

- Advertisement -

ਸ੍ਰੀ ਗੁਰੂ ਅਮਰਦਾਸ ਜੀ ਦਾ ਪਰਿਵਾਰ ਵੈਸ਼ਨੋ ਮਤ ਦਾ ਧਾਰਣੀ ਸੀ। ਇੱਕ ਹਵਾਲੇ ਅਨੁਸਾਰ ਆਪ ਜੀ 21 ਵਾਰ ਗੰਗਾ ਇਸ਼ਨਾਨ ਲਈ ਹਰਿਦੁਆਰ ਦੀ ਯਾਤਰਾ ਲਈ ਗਏ। ਆਪ ਜੀ ਨਾਲ ਕਈ ਸਾਖੀਆਂ ਪ੍ਰਚਲਿਤ ਨੇ । ਇੱਕ ਵਾਰ ਇੱਕ ਪੰਡਿਤ ਨੇ ਆਪ ਨੂੰ ਨਿਗੁਰਾ ਆਖ ਦਿੱਤਾ। ਇਸ ਗੱਲ ਨੇ ਆਪ ਦੇ ਮੰਨ ਨੂੰ ਵੱਡੀ ਸੱਟ ਲਾਈ। ਆਪ ਦੇ ਮਨ ਵਿੱਚ ਗੁਰੂ ਲਈ ਤੜਫ ਪੈਦਾ ਹੋ ਗਈ।  ਦੇਵ ਨੇਤ ਨਾਲ ਆਪ ਜੀ ਨੇ ਇੱਕ ਦਿਨ ਬੀਬੀ ਅਮਰੋ ਜੀ ਤੋਂ ਗੁਰਬਾਣੀ ਸ੍ਰਵਣ ਕੀਤੀ ਤੇ ਆਪ ਦੇ ਮਨ ਵਿੱਚ ਗੁਰੂ ਨਾਨਕ ਦੇ ਘਰ ਦੇ ਦਰਸ਼ਨਾਂ ਦੀ ਤਾਂਘ ਉਮੜ ਪਈ। ਆਪ ਬੀਬੀ ਅਮਰੋ ਜੀ ਦੇ ਰਾਹੀਂ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਪਹੁੰਚੇ। ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਦਿਆਂ ਆਪ ਦੇ ਮਨ ਦੀ ਪੂਰਨ ਗੁਰੂ ਨੂੰ ਮਿਲਣ ਵਾਲੀ ਤੜਫ ਖਤਮ ਹੋ ਗਈ। ਆਪ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਜੁੜ ਗਏ।

ਗੁਰੂ ਅਮਰਦਾਸ ਜੀ ਪ੍ਰਤੀਦਿਨ ਲੰਗਰ ਵਿੱਚ ਸੇਵਾ ਕਰਦੇ ਤੇ ਲੰਗਰ ਲਈ ਜੰਗਲ ਵਿੱਚੋਂ ਲੱਕੜਾਂ ਇੱਕਠੀਆਂ ਕਰ ਕੇ ਲਿਆਉਂਦੇ। ਆਪ ਹਰ ਰੋਜ਼ ਸਵੇਰੇ ਉਠ ਕੇ ਗੁਰੂ ਜੀ ਦੇ ਇਸ਼ਨਾਨ ਕਰਨ ਲਈ ਬਿਆਸ ਦਰਿਆ ਤੋਂ ਪਾਣੀ ਵੀ ਨੇਮ ਨਾਲ ਲਿਆਉਂਦੇ। ਇਸ ਸੇਵਾ ਦੌਰਾਨ ਇੱਕ ਵਾਰ ਇੱਕ ਜੁਲਾਹੇ ਦੀ ਘਰਵਾਲੀ ਨੇ ਆਪ ਨੂੰ ਨਿਥਾਵਾ ਆਦਿ ਦੇ ਕੁਝ ਕੁਬੋਲ ਬੋਲ ਦਿੱਤੇ ਪਰ ਜਦੋਂ ਇਸ ਗੱਲ ਦਾ ਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗਿਆ ਤਾਂ ਗੁਰੂ ਜੀ ਨੇ ਆਪ ‘ਤੇ ਕਈ ਬਖਸ਼ਿਸ਼ਾ ਕੀਤੀਆਂ ਤੇ ਗਲਵੱਕੜੀ ਵਿੱਚ ਲੈਂਦੇ ਹੋਏ ਬਚਨ ਕੀਤੇ ਕਿ ਤੁਸੀਂ ਨਿਥਾਵੇਂ ਨਹੀਂ ਬਲਕਿ ਤੁਸੀਂ ਤਾਂ ਨਿਥਾਵਿਆਂ ਦੀ ਥਾਂ ਹੋ, ਨਿਮਾਣਿਆਂ ਦਾ ਮਾਣ ਹੋ, ਨਿਓਟਿਆਂ ਦੀ ਓਟ ਹੋ, ਨਿਰ ਆਸਰਿਆਂ ਦੇ ਆਸਰੇ ਹੋ, ਨਿਰਧਰਿਆ ਦਾ ਧਿਰ ਹੋ, ਨਿਰਬਲਾਂ ਦਾ ਬਲ ਤੇ ਪੀਰਾਂ ਦਾ ਪੀਰ ਹੋ। ਇਸ ਲਈ ਤੁਹਾਡੇ ਅਤੇ ਸਾਡੇ ਵਿੱਚ ਕੋਈ ਭੇਦ ਨਹੀਂ।  ਗੁਰੂ ਅੰਗਦ ਦੇਵ ਜੀ ਨੇ ਆਪ ਜੀ ਦੀ ਸੇਵਾ ਭਾਵਨਾ ਤੇ ਉਚੀ ਅਵਸਥਾ ਨੂੰ ਦੇਖ ਕੇ 1552 ਈ: ਵਿੱਚ ਗੁਰਗੱਦੀ ਦੀ ਬਖਸ਼ਿਸ਼ ਕੀਤੀ।

ਗੁਰੂ ਪਦਵੀ ‘ਤੇ ਬੈਠਦਿਆਂ ਗੁਰੂ ਅੰਗਦ ਦੇਵ ਜੀ ਨੇ ਅਨੇਕ ਕਾਰਜ ਕੀਤੇ ਆਪ ਨੇ ਗੋਇੰਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ। ਆਪ ਨੇ ਪਹਿਲੇ ਪੰਗਤ ਪਾਛੇ ਸੰਗਤ ਦਾ ਹੁਕਮ ਦੇ ਕੇ ਲੰਗਰ ਪ੍ਰਥਾ ਨੂੰ ਸਿੱਖੀ ਜੀਵਨ ਦਾ ਅਨਿੱਖੜ ਅੰਗ ਬਣਾਇਆ। ਆਪ ਨੇ ਸਿੱਖ ਦੇ ਪ੍ਰਚਾਰ ਤੇ ਪਾਸਾਰ ਹਿਤ ਸੰਗਤਾਂ ਨੂੰ ਦੀਵਾਲੀ, ਵੈਸਾਖੀ ਤੇ ਮਾਘੀ ਵਾਲੇ ਦਿਨ ਵਿਸ਼ੇਸ਼ ਜੋੜ ਮੇਲੇ ਮਨਾਉਂਣ ਦੀ ਤਾਕੀਦ ਕੀਤੀ। ਆਪ ਜੀ ਨੇ ਇਸਤਰੀ ਜਾਤੀ ਦੇ ਸਨਮਾਨ ਹਿਤ ਵਿਸ਼ੇਸ਼ ਕਾਰਜ ਕੀਤੇ, ਸਤੀ ਪ੍ਰਥਾ ਦਾ ਖੰਡਨ ਕੀਤਾ, ਪਰਦੇ ਦੀ ਰਸਮ ਖਤਮ ਕੀਤੀ, ਸਿੱਖੀ ਦੇ ਪ੍ਰਚਾਰ ਪਾਸਾਰ ਹਿਤ 22 ਮੰਜੀਆਂ ਦੀ ਸਥਾਪਨਾ ਕਰਨ ਸਮੇਤ ਹੋਰ  ਅਨੇਕ ਕਾਰਜ ਕੀਤੇ। ਆਪ ਨੇ ਵੱਖ ਵੱਖ 17 ਰਾਗਾਂ ਵਿੱਚ ਬਾਣੀ ਰਚੀ। ਅਨੰਦ ਸਾਹਿਬ ਦੀ ਬਾਣੀ ਆਪ ਜੀ ਦੀ ਪ੍ਰਸਿੱਧ ਰਚਨਾ ਹੈ। ਅੰਤ 1574 ਈਸਵੀ ਵਿੱਚ ਆਪ ਨੇ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਅਕਾਲ ਜੋਤ ਵਿੱਚ ਲੀਨ ਹੋ ਗਏ।

ਗੁਰੂ ਅਮਰਦਾਸ ਜੀ ਨੇ ਤਨੋ ਮਨੋ ਗੁਰੂ ਦੀ ਸੇਵਾ ਕੀਤੀ ਤੇ ਆਪਣੇ ਆਪ ਗੁਰੂ ਨੂੰ ਸਮਰਪਿਤ ਕੀਤਾ ਅਤੇ ਗੁਰੂ ਦਾ ਰੂਪ ਹੋ ਗਏ। ਆਪ ਨੇ ਆਪਣੇ ਗੁਰੂ ਕਾਲ ਵਿੱਚ ਸਿੱਖੀ ਦਾ ਚਹੁ ਦਸ਼ਾਵੀਂ ਪ੍ਰਚਾਰ ਕੀਤਾ। ਸੋ ਸੇਵਾ, ਸਿਮਰਨ ਤੇ ਸਹਿਣਸ਼ੀਲਤਾ ਦੇ ਪ੍ਰਤੀਕ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਹਾੜੇ ‘ਤੇ ਗੁਰੂ ਜੀ ਦਾ ਮਹਾਨ ਮਹਾਨ ਸਖ਼ਸ਼ੀਅਤ ਨੂੰ ਕੋਟਿ ਕੋਟਿ ਪ੍ਰਣਾਮ।  ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Share this Article
Leave a comment