ਬਰੈਂਪਟਨ : ਕੈਨੇਡਾ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਇੱਥੋਂ ਦੇ ਇੱਕ ਹਸਪਤਾਲ ‘ਚ ਦਾਖਲ ਬਜ਼ੁਰਗ ਸਿੱਖ ਦੀ ਦਾੜ੍ਹੀ ਉਸ ਦੀ ਮਰਜ਼ੀ ਤੋਂ ਬਗੈਰ ਸ਼ੇਵ ਕਰ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਦਾਅਵਾ ਕੀਤਾ ਹੈ ਕਿ ਬਰੈਂਪਟਨ ਸਿਵਿਕ ਹਸਪਤਾਲ ‘ਚ ਇਲਾਜ ਦੌਰਾਨ 85 ਸਾਲ ਦੇ ਜੋਗਿੰਦਰ ਸਿੰਘ ਕਲੇਰ ਦੀ ਦਾੜ੍ਹੀ ਸ਼ੇਵ ਕੀਤੀ ਗਈ ਜੋ ਧਾਰਮਿਕ ਹੱਕਾਂ ਅਤੇ ਨਿੱਜੀ ਸਤਿਕਾਰ ਦੀ ਸਰਾਸਰ ਉਲੰਘਣਾ ਹੈ। ਸਿੱਖ ਜਥੇਬੰਦੀ ਨੇ ਕਿਹਾ ਕਿ ਇਲਾਜ ਦੌਰਾਨ ਜੋਗਿੰਦਰ ਸਿੰਘ ਕਲੇਰ ਬੇਹੋਸ਼ ਸਨ ਜਿਸ ਦੇ ਮੱਦੇਨਜ਼ਰ ਹਸਪਤਾਲ ਵਾਲਿਆਂ ਨੇ ਉਨ੍ਹਾਂ ਦੇ ਪਰਵਾਰ ਨਾਲ ਸੰਪਰਕ ਕਰਦਿਆਂ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਪਰ ਪਰਿਵਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਡਬਲਿਊ.ਐਸ.ਓ. ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਜੋਗਿੰਦਰ ਸਿੰਘ ਕਲੇਰ ਨਾਲ ਵਾਪਰੀ ਘਟਨਾ ਜਿਥੇ ਸਿੱਖ ਮਨਾਂ ਵਿਚ ਰੋਸ ਪੈਦਾ ਕਰਦੀ ਹੈ, ਉਥੇ ਹੀ ਇਕ ਵੱਡਾ ਝਟਕਾ ਵੀ ਹੈ। ਸਿੱਖ ਜਥੇਬੰਦੀ ਵੱਲੋਂ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਰੋਕਣ ਲਈ ਹੈਲਥ ਕੇਅਰ ਸਟਾਫ ਨੂੰ ਟ੍ਰੇਨਿੰਗ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸੇ ਦੌਰਾਨ ਜੋਗਿੰਦਰ ਸਿੰਘ ਕਲੇਰ ਦੇ ਜਵਾਈ ਜਸਜੀਤ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰਾ ਸਾਹਿਬ 26 ਜੁਲਾਈ ਨੂੰ ਪੌੜੀਆਂ ਤੋਂ ਡਿੱਗ ਕੇ ਬੇਹੋਸ਼ ਹੋ ਗਏ ਜਿਸ ਮਗਰੋਂ ਉਨ੍ਹਾਂ ਨੂੰ ਬਰੈਂਪਟਨ ਸਿਵਿਕ ਹਸਪਤਾਲ ਲਿਜਾਇਆ ਗਿਆ। ਜੋਗਿੰਦਰ ਸਿੰਘ ਕਲੇਰ ਦੇ ਸਿਰ ਵਿਚ ਅੰਦਰੂਨੀ ਖੂਨ ਦਾ ਰਿਸਾਅ ਹੋ ਰਿਹਾਅ ਸੀ ਅਤੇ ਜਬਾੜੇ ਸਣੇ ਬਾਂਹ ਵਿਚ ਵੀ ਫਰੈਕਚਰ ਆਇਆ।
ਸੇਂਟ ਮਾਈਕਲਜ਼ ਹਸਪਤਾਲ ਵਿਖੇ ਜਬਾੜੇ ਦੀ ਸਰਜਰੀ ਕੀਤੀ ਗਈ ਅਤੇ ਵਾਪਸ ਬਰੈਂਪਟਨ ਸਿਵਿਕ ਹਸਪਤਾਲ ਲਿਆਂਦਾ ਗਿਆ। ਸੇਂਟ ਮਾਈਕਲਜ਼ ਹਸਪਤਾਲ ਦੇ ਸਟਾਫ ਨੇ ਵੀ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਪਰਵਾਰ ਨੇ ਨਾਂਹ ਕਰ ਦਿਤੀ। ਇਸੇ ਦੌਰਾਨ ਬਰੈਂਪਟਨ ਸਿਵਿਕ ਹਸਪਤਾਲ ਤੋਂ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਬਾਰੇ ਫੋਨ ਆਇਆ ਅਤੇ ਪਰਿਵਾਰ ਨੇ ਸਿੱਖੀ ਸਿਧਾਂਤ ਦੱਸਦਿਆਂ ਨਾਂਹ ਕਰ ਦਿੱਤੀ ਪਰ ਅਗਲੇ ਦਿਨ ਜਦੋਂ ਇਕ ਪਰਿਵਾਰਕ ਮੈਂਬਰ ਹਸਪਤਾਲ ਪੁੱਜਾ ਤਾਂ ਜੋਗਿੰਦਰ ਸਿੰਘ ਕਲੇਰ ਦੀ ਦਾੜ੍ਹੀ ਸ਼ੇਵ ਕੀਤੀ ਹੋਈ ਸੀ। ਜਦੋਂ ਇਸ ਬਾਰੇ ਡਾਕਟਰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਨਰਸਾਂ ਨਾਲ ਸਬੰਧਤ ਹੈ। ਜਸਜੀਤ ਧਾਲੀਵਾਲ ਮੁਤਾਬਕ ਹਸਪਤਾਲ ਨੇ ਕੋਈ ਮੁਆਫੀ ਵੀ ਨਾ ਮੰਗੀ ਜਿਸ ਮਗਰੋਂ ਡਬਲਿਊ.ਐਸ.ਓ. ਨਾਲ ਸੰਪਰਕ ਕੀਤਾ ਗਿਆ।