ਮੂਸੇਵਾਲਾ ਦੀ ਯਾਦ ‘ਚ ਰੱਖਿਆ ਜਾਵੇਗਾ ਬਰੈਂਪਟਨ ਸਟ੍ਰੀਟ ਦਾ ਨਾਮ

Prabhjot Kaur
3 Min Read

ਬਰੈਂਪਟਨ: ਬਰੈਂਪਟਨ ਸ਼ਹਿਰ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ‘ਚ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜਲਦ ਹੀ ਸ਼ਹਿਰ ‘ਚ ਸਿੱਧੂ ਮੂਸੇਵਾਲਾ ਦੇ ਨਾਮ ਦੀ ਤਖਤੀ ਟੰਗੀ ਮਿਲ ਸਕਦੀ ਹੈ। ਰਿਪੋਰਟਾਂ ਮੁਤਾਬਕ ਬਰੈਂਪਟਨ ਦੀ ਸਟ੍ਰੀਟ ਨੂੰ ‘ਮੁਸਾ` ਨਾਮ ਦਿੱਤਾ ਜਾ ਸਕਦਾ ਹੈ ਜੋ ਸ਼ੁਭਦੀਪ ਸਿੰਘ ਸਿੱਧੂ ਦੇ ਪਿੰਡ ਦਾ ਨਾਮ ਹੈ। ਇਸ ਸਬੰਧੀ ਕੌਂਸਲਰ ਹਰਕੀਰਤ ਸਿੰਘ ਵੱਲੋਂ ਤਜਵੀਜ਼ ਪੇਸ਼ ਕੀਤੀ ਗਈ ਹੈ ਜਿਸ ਨੂੰ ਜਲਦ ਪ੍ਰਵਾਨਗੀ ਮਿਲਣ ਦੀ ਉਮੀਦ ਹੈ। ਹਰਕੀਰਤ ਸਿੰਘ ਨੇ ਕਿਹਾ ਕਿ ਬਰੈਂਪਟਨ ਵਾਸੀਆਂ ਲਈ ਸਿੱਧੂ ਮੂਸੇਵਾਲਾ ਇੱਕ ਅਹਿਮ ਸ਼ਖਸੀਅਤ ਹੈ। ਮੂਸੇਵਾਲਾ ਦੇ ਜਾਣਕਾਰਾਂ ਵਿੱਚੋਂ ਇੱਕ ਦੀਪੀ ਚੀਮਾ ਨੇ ਕਿਹਾ ਕਿ ਉਸ ਦੇ ਕਤਲ ਦੀ ਖਬਰ ਸੁਣ ਕੇ ਵੱਡਾ ਝਟਕਾ ਲੱਗਿਆ, ਉਸ ਦੇ ਗੀਤ ਨੌਜਵਾਨਾਂ ਵਿਚ ਨਵਾਂ ਉਤਸ਼ਾਹ ਪੈਦਾ ਕਰਦੇ ਸਨ।

 

ਬਰੈਂਪਟਨ ਸਿਟੀ ਕੌਂਸਲ ਵੱਲੋਂ ਇਹ ਕਦਮ ਅਜਿਹੇ ਸਮੇਂ ਚੁਕਿਆ ਗਿਆ ਹੈ ਜਦੋਂ 29 ਮਈ ਨੂੰ ਸ਼ੁਭਦੀਪ ਸਿੰਘ ਸਿੱਧੂ ਦੀ ਬਰਸੀ ਮਨਾਈ ਜਾਣੀ ਹੈ। ਸਿੱਧੂ ਮੂਸੇਵਾਲਾ 2016 ਵਿਚ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਉਸ ਨੇ ਬਰੈਂਪਟਨ ‘ਚ ਕਾਫ਼ੀ ਸਮਾਂ ਬਤੀਤ ਕੀਤਾ। ਇਸ ਤੋਂ ਪਹਿਲਾਂ ਬਰੈਂਪਟਨ ਸ਼ਹਿਰ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ‘ਚ ਮਿਊਰਲ ਦੀ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਤਹਿਤ ਵਿਚ 96 ਵਰਗ ਫੁੱਟ ਦੀ ਇਕ ਕੰਧ ‘ਤੇ ਪੇਂਟਿੰਗ ਬਣਾਈ ਗਈ ਹੈ।

- Advertisement -

ਮੂਸੇਵਾਲਾ ਦੇ ਪਰਿਵਾਰ ਦੀ ਅਪੀਲ ‘ਤੇ ਸੁਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਦੀਵਾਰ ‘ਤੇ 12 ਫੁੱਟ ਗੁਣਾ 8 ਫੁੱਟ ਦਾ ਪੇਂਟਿੰਗ ਬਣਾਉਣ ਦੀ ਹਰੀ ਝੰਡੀ ਦਿੱਤੀ ਗਈ ਸੀ। ਪੇਂਟਿੰਗ ਤਿਆਰ ਕਰਨ ਦਾ ਕੰਮ ਵਾਲੰਟੀਅਰ ਆਰਟਿਸਟਾਂ ਵੱਲੋਂ ਕੀਤਾ ਗਿਆ ਹੈ ਤੇ ਇਸ ਦਾ ਡਿਜ਼ਾਈਨ ਜੈਸਮਿਨ ਪਨੂੰ ਵੱਲੋਂ ਤਿਆਰ ਕੀਤਾ ਗਿਆ ਜਿਸ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਰਾਇਲ ਓਨਟਾਰੀਓ ਮਿਊਜ਼ੀਅਮ ਸਣੇ ਕਈ ਨਾਮੀ ਥਾਵਾਂ ‘ਤੇ ਲੱਗ ਚੁੱਕੀ।

ਇਸ ਤੋਂ ਪਹਿਲਾਂ ਬਰੈਂਪਟਨ ਵਿਖੇ ਸਿੱਧੂ ਦੀ ਯਾਦ ਵਿੱਚ ਰੁੱਖ ਲਗਾਕੇ ਸ਼ਰਧਾਂਜਲੀ ਦਿੱਤੀ ਗਈ ਸੀ ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਸੀ ਕਿ ਅਸੀਂ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਇੱਕ ਰੁੱਖ ਲਗਾਇਆ, ਤਾਂ ਜੋ ਉਸ ਦੀ ਵਿਰਾਸਤ ਸਾਡੇ ਸ਼ਹਿਰ ਵਿੱਚ ਰਹੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment