ਅੰਮ੍ਰਿਤਸਰ ਸਾਹਿਬ : ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸ ਨੂੰ ਲੈ ਕੇ ਭਾਰਤ ਅੰਦਰ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਪਰ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਸਿੱਧੂ ‘ਤੇ ਬਿਆਨੀ ਵਾਰ ਕਰਦਿਆਂ ਕਿਹਾ ਹੈ ਕਿ ਇਮਰਾਨ ਦੇ ਸਹੁੰ ਚੁੱਕ ਸਮਾਗਮ ‘ਚ ਜਾ ਕੇ ਜੱਫੀਆਂ ਪੱਪੀਆਂ ਕਰਨ ਵਾਲੇ ਅੱਜ ਚੁੱਪ ਹਨ ਉੱਥੇ ਹੀ ਹੁਣ ਸ਼ਿਵ ਸੈਨਾ ਆਗੂਆਂ ਨੇ ਵੀ ਰੋਸ ਪ੍ਰਦਰਸ਼ਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਕਾਫੀ ਖਰੀਆਂ ਖਰੀਆਂ ਸੁਣਾਈਆਂ ਹਨ।
ਸ਼ਿਵ ਸੈਨਾ ਆਗੂਆਂ ਦਾ ਕਹਿਣਾ ਹੈ ਕਿ ਸਿੱਖ ਅਤੇ ਹਿੰਦੂ ਭਾਈਚਾਰੇ ਦਾ ਨੇੜਲਾ ਰਿਸ਼ਤਾ ਹੈ ਅਤੇ ਸਿੱਖ ਭਾਈਚਾਰੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਨਨਕਾਣਾ ਸਾਹਿਬ ਹਮਲੇ ਦੀ ਸਖਤ ਨਿੰਦਾ ਕੀਤੀ। ਇਸ ਦੌਰਾਨ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਲਗਾਤਾਰ ਪਾਕਿਸਤਾਨ ਅੰਦਰ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਪ੍ਰਤਾਡਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਇਮਰਾਨ ਲਈ ਪੂਰਾ ਦੇਸ਼ ਅਤੇ ਸਾਰਾ ਦਾਅ ‘ਤੇ ਲਗਾ ਦਿੱਤਾ ਅਤੇ ਹੁਣ ਇਮਰਾਨ ਨੂੰ ਕਹਿ ਕੇ ਗ੍ਰੰਥੀ ਦੀ ਬੇਟੀ ਨੂੰ ਇਨਸਾਫ ਦਵਾਉਣ। ਉਨ੍ਹਾਂ ਕਿਹਾ ਕਿ ਫਿਰ ਹੀ ਕੋਈ ਮੰਨ ਸਕੇਗਾ ਕਿ ਇਮਰਾਨ ਸਿੱਧੂ ਦਾ ਦੋਸਤ ਹੈ ਨਹੀਂ ਇਹ ਸਿੱਧੂ ਦੇ ਮੂੰਹ ‘ਤੇ ਸਿੱਧੀ ਚਪੇੜ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਚੁੱਪੀ ਇਹ ਸਾਬਤ ਕਰ ਰਹੀ ਹੈ ਕਿ ਸਿੱਧੂ ਨੂੰ ਦੇਸ਼ ਬਾਅਦ ਵਿੱਚ ਹੈ ਅਤੇ ਇਮਰਾਨ ਖਾਨ ਪਹਿਲਾਂ।