ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜੂਨ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਦਾ ਸੰਕੇਤ ਪੰਜਾਬ ਦੇ ਇੱਕ ਵੱਡੇ ਮੀਡੀਆ ਗਰੁੱਪ ਦੀ ਰਿਪੋਰਟ ਵਿੱਚ ਦਿੱਤਾ ਗਿਆ ਹੈ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ ਦੇ ਚੋਣ ਕਮਿਸ਼ਨਰਾਂ ਅਤੇ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸਤਾਰਾਂ ਅਪਰੈਲ ਤੱਕ ਵੋਟਰ ਸੂਚੀਆਂ ਬਾਰੇ ਆਈਆਂ ਸ਼ਕਾਇਤਾਂ ਦਾ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ ।ਕੁਝ ਸਿੱਖਾਂ ਵੱਲੋਂ ਹਰਿਆਣਾ ਵਿੱਚ ਵੀ ਵੋਟਾਂ ਬਨਾਉਣ ਦੀ ਮੰਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਰੱਖੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਮੰਗ ਦਾ ਵਿਰੋਧ ਨਹੀਂ ਕੀਤਾ ਗਿਆ ।ਹਰਿਆਣਾ ਅੰਦਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਤੇ ਹਰਿਆਣਾ ਵਿੱਚ ਪਿਛਲੇ ਦਿਨੀ ਕਮੇਟੀ ਦੀ ਚੋਣ ਵੀ ਹੋਈ ਹੈ ਪਰ ਹਰਿਆਣਾ ਦਾ ਆਮ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਵੀ ਜੁੜੇ ਰਹਿਣਾ ਚਾਹੁੰਦਾ ਹੈ ।ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਗੁਰਦੁਆਰਾ ਪ੍ਰਬੰਧ ਉਤੇ ਦੂਹਰਾ ਕੰਟਰੋਲ ਨਹੀਂ ਰੱਖ ਸਕਦੀ ਜਿਸ ਕਰਕੇ ਹਰਿਆਣਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਨਹੀਂ ਬਣੀਆਂ ਹਨ। ਇਸ ਲਈ ਐਤਕੀ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਕੋਈ ਇਕਵੰਜਾ ਲੱਖ ਵੋਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀਆਂ ਆਮ ਚੋਣਾਂ ਲਈ ਬਣੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਰੋਕਣ ਦੇ ਹੱਕ ਵਿੱਚ ਨਹੀਂ ਹੈ ।ਪਹਿਲਾਂ ਹੀ ਚੋਣਾਂ ਵਿੱਚ ਨੌ ਸਾਲ ਤੋਂ ਵਧੇਰੇ ਵਾਧੂ ਸਮਾਂ ਹੋ ਚੁੱਕਾ ਹੈ।
ਗੁਰਦੁਆਰਾ ਚੋਣ ਕਮਿਸ਼ਨ ਅਤੇ ਸਰਕਾਰੀ ਹਲਕਿਆਂ ਅਨੁਸਾਰ ਜੇਕਰ ਜੂਨ ਵਿੱਚ ਗ੍ਰਹਿ ਮੰਤਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦਾ ਫੈਸਲਾ ਲੈ ਲੈਂਦਾ ਹੈ ਤਾਂ ਇਸ ਖ਼ਿੱਤੇ ਦੀ ਸਭ ਤੋਂ ਵਡੀ ਰਾਜਸੀ, ਧਾਰਮਿਕ ਅਤੇ ਸਮਾਜਿਕ ਖੇਤਰ ਦੀ ਘਟਨਾ ਹੋਵੇਗੀ ਜੋ ਕਿ ਪੰਜਾਬ ਦੇ ਭਵਿੱਖ ਨਾਲ ਜੁੜੇ ਵੱਡੇ ਸਵਾਲਾਂ ਦਾ ਜਵਾਬ ਵੀ ਹੋਵੇਗਾ। ਜਦੇ ਸੰਵਿਧਾਨ ਅਨੁਸਾਰ ਪਾਰਲੀਮੈਂਟ, ਵਿਧਾਨ ਸਭਾਵਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਤੈਅ ਸਮੇਂ ਵਿੱਚ ਹੋ ਜਾਂਦੀਆਂ ਹਨ ਤਾਂ ਉਸੇ ਸੰਵਿਧਾਨ ਦਾ ਅਧਿਕਾਰ ਸਿੱਖ ਭਾਈਚਾਰੇ ਲਈ ਵੀ ਤਾਂ ਬਰਾਬਰ ਦਾ ਹੈ।
ਸੰਪਰਕ 9814002186