ਕਾਮਾਗਾਟਾਮਾਰੂ ਦੁਖਾਂਤ – ਜਸਟਿਨ ਟਰੂਡੋ ਨੇ ਮੰਗੀ ਸੀ ਮਾਫੀ !

TeamGlobalPunjab
5 Min Read

ਕੈਨੇਡਾ ਵਿੱਚ ਪੋ੍. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਵਲੋਂ ਹਰ ਸਾਲ ਕਾਮਾਗਾਟਾਮਾਰੂ ਦੁਖਾਂਤ ਤੇ ‘ਗ਼ਦਰੀ ਬਾਬਿਆਂ’ ਦੀ ਯਾਦ ਵਿੱਚ ਮੇਲਾ ਕਰਾਇਆ ਜਾਂਦਾ ਹੈ। 2016 ਵਿੱਚ ਪੂਰਬੀ ਵੈਨਕੂਵਰ ਹਲਕੇ ਤੋਂ ਐਨਡੀਪੀ ਦੀ ਲੋਕ ਸਭਾ ਦੀ ਮੈਂਬਰ ਬੀਬੀ ਜੈਨੀ ਕਵਾਨ ਨੇ ਕਾਮਾਗਾਟਾਮਾਰੂ ਦੁਖਾਂਤ ਲਈ ਸਰਕਾਰ ਵੱਲੋਂ ਮੁਆਫ਼ੀ ਮੰਗਣ ਬਾਰੇ ਮਤਾ ਪੇਸ਼ ਕੀਤਾ ਸੀ। ਬੀਬੀ ਜੈਨੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 2014 ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਕੀਤਾ ਗਿਆ ਵਾਅਦਾ ਵੀ ਯਾਦ ਕਰਵਾਇਆ ਸੀ। ਬੀਬੀ ਜੈਨੀ ਨੇ ਜਸਟਿਨ ਟਰੂਡੋ ਨੂੰ ਕਿਹਾ ਸੀ ਕਿ 14 ਸਾਲਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੀਆਂ ਸਰਕਾਰਾਂ ਵੱਲੋਂ ਇਸ ਮੰਗ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ। ਨਿਊ ਡੈਮੋਕਰੈਟਿਕ ਪਾਰਟੀ ਦੀ ਸੰਸਦ ਜੈਨੀ ਵੱਲੋਂ ਇਸ ਬਾਰੇ ਸੰਸਦ ’ਚ ਪੇਸ਼ ਕੀਤੇ ਜਾਣ ਵਾਲੇ ਮਤੇ ਦਾ ਖਰੜਾ ਵੀ ਜਨਤਕ ਕੀਤਾ ਗਿਆ ਸੀ ਜਿਸ ’ਚ ਕਿਹਾ ਗਿਆ ਕਿ ਕਾਮਾਗਾਟਾਮਾਰੂ ਦੁਖਾਂਤ ਜਿਸ ’ਚ ਕਰੀਬ 400 ਭਾਰਤੀਆਂ ਨੂੰ ਕੈਨੇਡਾ ਵਿਚ ਪ੍ਰਵੇਸ਼ ਦੀ ਆਗਿਆ ਨਾ ਦੇ ਕੇ ਪੱਖਪਾਤ ਦੀ ਗਲਤੀ ਹੋਈ, ਜਿਸ ਲਈ ਲੋਕ ਸਭਾ ਦੱਖਣ ਏਸ਼ਿਆਈ ਭਾਈਚਾਰੇ ਤੋਂ ਮੁਆਫ਼ੀ ਮੰਗਦੀ ਹੈ। ਇਸ ਦੁਖਾਂਤ ਵਿੱਚ ਮਾਰੇ ਗਏ ਪੂਰਨ ਸਿੰਘ ਜਨੈਤਪੁਰ ਤੇ ਹੋਰਾਂ ਦੇ ਵਾਰਸਾਂ ਵੱਲੋਂ ਬੀਬੀ ਜੈਨੀ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਗਈ ਸੀ। ਕਾਮਾਗਾਟਾਮਾਰੂ ਨਾਂ ਦਾ ਇੱਕ ਜਹਾਜ਼ ਜਿਸ ’ਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਸਵਾਰ ਸਨ, 23 ਮਈ 1914 ਨੂੰ ਵੈਨਕੂਵਰ ਬੰਦਰਗਾਹ ’ਤੇ ਪਹੁੰਚਿਆ ਸੀ ਪਰ ਸਰਕਾਰ ਵੱਲੋਂ ਇਸ ਨੂੰ ਕੰਢੇ ਨਾ ਲੱਗਣ ਦੇਣ ‘ਤੇ ਫਿਰ ਵਾਪਸ ਕਰਨ ਕਾਰਨ ਬਹੁਤ ਸਾਰੇ ਯਾਤਰੀ ਮਾਰੇ ਗਏ ਸਨ।

ਆਜ਼ਾਦੀ ਦੇ ਇਤਿਹਾਸ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਬਹੁਤ ਅਹਿਮੀਅਤ ਰੱਖਦੀ ਹੈ। ਕੈਨੇਡਾ ਵਿੱਚ ਪੰਜਾਬੀ ਭਾਰਤੀਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਉਥੋਂ ਦੀ ਸਰਕਾਰ ਨੇ 9-5-1907 ਨੂੰ ਐਲਾਨ ਕੀਤਾ ਕਿ ਕੈਨੇਡਾ ਵਿੱਚ ਉਹ ਹੀ ਦਾਖਲ ਹੋਵੇਗਾ ਜੋ ਭਾਰਤ ਤੋਂ ਸਿੱਧੀ ਟਿਕਟ ਅਤੇ 200 ਡਾਲਰ (600 ਰੁਪਏ) ਲੈ ਕੇ ਆਵੇਗਾ। ਉਹ ਜਾਣਦੇ ਸਨ ਕਿ ਭਾਰਤ ਤੋਂ ਕੋਈ ਸਿੱਧਾ ਜਹਾਜ਼ ਕੈਨੇਡਾ ਨਹੀਂ ਆਉਂਦਾ, ਬਾਬਾ ਗੁਰਦਿੱਤ ਸਿੰਘ ਜੋ ਸਰਹਾਲੀ (ਜ਼ਿਲਾ ਤਰਨ ਤਾਰਨ) ਦੇ ਸਨ ਉਸ ਸਮੇਂ ਮਲੇਸ਼ੀਆ ਵਿੱਚ ਵਪਾਰ ਕਰਦੇ ਸਨ। ਉਨ੍ਹਾਂ ਨੇ ਜਾਪਾਨੀ ਕੰਪਨੀ ਕੋਲੋਂ 19 ਮਾਰਚ 1914 ਨੂੰ ਐਸ ਐਸ ਕਾਮਾਗਾਟਾਮਾਰੂ ਜਹਾਜ਼ ਛੇ ਮਹੀਨੇ ਲਈ 11000 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪਟੇ ‘ਤੇ ਲੈ ਕੇ 500 ਯਾਤਰੀਆਂ ਸਮੇਤ ਕੋਲਾ ਲੱਦ ਕੇ ਵਪਾਰ ਕਰਨ ਲਈ ਤੁਰਨ ਲੱਗੇ ਤਾਂ ਸਰਕਾਰ ਨੇ ਬਾਬਾ ਜੀ ਨੂੰ ਝੂਠੇ ਕੇਸ ‘ਚ 25-3-1914 ਨੂੰ ਹਿਰਾਸਤ ਵਿੱਚ ਲੈ ਲਿਆ।

 

ਉਸ ਸਮੇਂ ਪੈਦਾ ਹੋਈ ਹਫੜਾ ਦਫੜੀ ਕਰਕੇ ਬਹੁਤੇ ਮੁਸਾਫਰ ਖਿਸਕ ਗਏ ਅਤੇ ਸਿਰਫ 135 ਮੁਸਾਫਰ ਰਹਿ ਗਏ। ਦੁਬਾਰਾ ਗਵਰਨਰ ਦੀ ਮਨਜੂਰੀ ਮਿਲਣ ‘ਤੇ ਜਹਾਜ਼ ਵੱਖ ਵੱਖ ਬੰਦਰਗਾਹਾਂ ਤੋਂ 376 ਯਾਤਰੀ ਲੈ ਕੇ 4-4-1914 ਨੂੰ ਕੈਨੇਡਾ ਲਈ ਰਵਾਨਾ ਹੋਇਆ।

- Advertisement -

17 ਅਪ੍ਰੈਲ ਨੂੰ ਖਾਲਸਾ ਦੀਵਾਨ ਸ਼ੰਘਾਈ ਦੀ ਮੀਟਿੰਗ ਵਿੱਚ ਭਾਰਤ ਦੇ ਵਾਇਸਰਾਏ ਨੂੰ ਬੇਨਤੀ ਕੀਤੀ ਗਈ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਉਤਰਨ ਦੀ ਆਗਿਆ ਦੇਣ ਵਾਸਤੇ ਉਥੋਂ ਦੀ ਸਰਕਾਰ ਨੂੰ ਸਲਾਹ ਦਿੱਤੀ ਜਾਵੇ। 1 ਮਈ 1914 ਨੂੰ ਜਵਾਬ ਮਿਲਿਆ ਕਿ ਕੈਨੇਡਾ ਦੇ ਕਾਨੂੰਨਾਂ ਮੁਤਾਬਿਕ ਉਹ ਇਸ ਬਾਰੇ ਕੋਈ ਵੀ ਸਹਾਇਤਾ ਕਰਨ ਤੋਂ ਅਸਮਰਥ ਹੈ। ਕੁਝ ਹੋਰ ਸੰਸਥਾਵਾਂ ਲੰਡਨ ਆਲ ਇੰਡੀਆ ਮੁਸਲਿਮ ਲੀਗ ਅਤੇ ਹਾਂਗਕਾਂਗ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਵੀ ਮੁਸਾਫਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ।

 

22-23 ਮਈ ਨੂੰ ਕੈਨੇਡਾ ਦੀ ਬੰਦਰਗਾਹ ਵੈਨਾਕੂਵਰ ਤੋਂ ਪਿਛੇ ਵਾਪਸ ਭੇਜਣ ਵਾਸਤੇ ਰੋਕ ਦਿੱਤਾ ਗਿਆ। ਜਹਾਜ਼ ਵਿੱਚ ਗਿਣਤੀ ਦੇ ਦਿਨਾਂ ਦਾ ਰੱਖਿਆ ਰਾਸ਼ਨ ਖਤਮ ਹੋ ਗਿਆ। ਦੋ ਮਹੀਨੇ ਖੁਆਰ ਕਰਨ ‘ਤੇ ਜਹਾਜ਼ ਨੂੰ ਵਾਪਸ ਮੋੜਨ ਲਈ ਰੋਨਬੋ ਜੰਗੀ ਜਹਾਜ਼ ਨੇ ਹਥਿਆਰਾਂ ਸਮੇਤ 21 ਜੁਲਾਈ ਨੂੰ ਘੇਰਾ ਪਾ ਕੇ ਬੰਦੂਕਾਂ, ਤੋਪਾਂ ਚਲਾਉਣ ਦੀ ਧਮਕੀ ਦਿੱਤੀ, ਜਿਸ ਦੇ ਵਿਰੋਧ ‘ਚ ਵੈਨਾਕੂਵਰ ਵਿਚਲੇ ਪੰਜਾਬੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਸ਼ਹਿਰ ਨੂੰ ਅੱਗ ਲਾਉਣ ਦੀ ਧਮਕੀ ਦੇ ਦਿੱਤੀ।

 

ਅੰਤ ਵਿੱਚ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਰਾਸ਼ਨ ਦੇ ਕੇ 23 ਜੁਲਾਈ ਨੂੰ ਭਾਰਤ ਵਾਪਸ ਭੇਜਣ ਵਾਸਤੇ ਰਾਜੀ ਕਰ ਲਿਆ, ਜੋ 29 ਸਤੰਬਰ ਨੂੰ ਬਜਬਜ ਘਾਟ (ਕਲਕੱਤਾ) ਪਹੁੰਚਣ ਤੇ ਅੰਗਰੇਜ ਸਰਕਾਰ ਦੀ ਪੁਲਿਸ ਵਲੋਂ ਬਾਬਾ ਜੀ ਅਤੇ ਬਾਕੀ ਮੁਸਾਫਰਾਂ ਨੂੰ ਗ੍ਰਿਫਤਾਰ ਕਰਨ ਲਈ ਹੋਈ ਕਾਰਵਾਈ ਸਮੇਂ ਵਾਪਰੇ ਸਾਕੇ ਵਿਚ 21 ਦੇ ਕਰੀਬ ਮੌਤਾਂ ਤੇ 300 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਅਤੇ ਬਾਬਾ ਜੀ ਤੇ ਕੁਝ ਮੁਸਾਫਰ ਬਚ ਨਿਕਲਣ ਵਿੱਚ ਸਫਲ ਹੋ ਗਏ।ਲੰਮੇ ਅਰਸੇ ਬਾਅਦ 18 ਮਈ 2016 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੁਡੋ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਉਸ ਵੇਲੇ ਦੀ ਸਰਕਾਰ ਵਲੋਂ ਵਾਪਸ ਭੇਜਣ ਦੇ ਸਬੰਧ ਵਿਚ ਭਾਰਤੀਆਂ ਤੋਂ ਮੁਆਫੀ ਮੰਗੀ ਸੀ।

- Advertisement -

-ਅਵਤਾਰ ਸਿੰਘ

Share this Article
Leave a comment