ਸ਼ਹੀਦ ਊਧਮ ਸਿੰਘ – ਜੱਲ੍ਹਿਆਂ ਵਾਲੇ ਬਾਗ ਵਿੱਚ ਵਾਪਰੇ ਦੁਖਾਂਤ ਦਾ ਬਦਲਾ ਲੈਣ ਲਈ ਖਾਧੀ ਸੀ ਕਸਮ

TeamGlobalPunjab
5 Min Read

-ਅਵਤਾਰ ਸਿੰਘ

ਸ਼ਹੀਦ ਸ਼ੇਰ ਸਿੰਘ, ਊਧਮ ਸਿੰਘ, ਇੰਜਨੀਅਰ ਰਾਮ ਮੁਹੰਮਦ ਸਿੰਘ ਆਜ਼ਾਦ, ਫਰੈਂਕ ਡਿਸੂਜਾ ਤੇ ਉਦੈ ਸਿੰਘ ਦੇ ਨਾਵਾਂ ਅਤੇ ਅਨੇਕਾਂ ਭੇਸ ਬਦਲਣ ਵਾਲੇ ਯੋਧੇ ਨੇ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਵਿੱਚ ਵਾਪਰੇ ਕਤਲੋਗਰਤ ਨੂੰ ਆਪਣੀ ਅੱਖੀਂ ਵੇਖਿਆ ਸੀ। ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਇੱਕ ਕੰਬੋਜ ਪਰਿਵਾਰ ਵਿੱਚ ਹੋਇਆ।

ਜੱਲ੍ਹਿਆਂ ਵਾਲੇ ਬਾਗ ਵਿੱਚ ਵਾਪਰੇ ਦੁਖਾਂਤ ਦਾ ਹਰ ਹਾਲਤ ਵਿੱਚ ਬਦਲਾ ਲੈਣ ਲਈ ਕਸਮ ਖਾਧੀ ਤੇ ਇਸ ਨੂੰ ਡਾਇਰੀ ਵਿੱਚ ਨੋਟ ਕਰ ਲਿਆ। ਇਸ ਮੌਕੇ ਇਕ ਔਰਤ ਰਤਨਾ ਦੇਵੀ ਦੇ ਪਤੀ ਦੀ ਲਾਸ਼ ਲੱਭਣ ਵਿੱਚ ਮਦਦ ਕੀਤੀ।

ਇਸ ਘਟਨਾ ਤੋਂ ਬਾਅਦ ਦੋਵੇਂ ਭੈਣ ਭਰਾ ਦੇ ਰਿਸ਼ਤੇ ਵਿੱਚ ਬਝ ਗਏ ਜੋ ਆਖਰੀ ਸਮੇਂ ਤੱਕ ਨਿਭਾਇਆ। ਰੇਜੀਨਾਲਡ ਐਡਵਰਡ ਹੈਰੀ ਡਾਇਰ ਇੱਕ ਬ੍ਰਿਟਿਸ਼ ਇੰਡੀਅਨ ਆਰਮੀ ਅਫ਼ਸਰ ਸੀ ਜੋ ਇੱਕ ਅੰਗਰੇਜ ਬ੍ਰਿਗੇਡੀਅਰ ਜਨਰਲ, ਬ੍ਰਿਟਿਸ਼ ਭਾਰਤ ਦੇ (ਪੰਜਾਬ ਸੂਬੇ) ਸ਼ਹਿਰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਹੱਤਿਆ ਕਾਂਡ ਲਈ ਜ਼ਿੰਮੇਵਾਰ ਸੀ। ਡਾਇਰ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ। ਪਰ ਉਹ ਬਰਤਾਨੀਆ ਵਿੱਚ, ਖਾਸ ਤੌਰ ‘ਤੇ ਬ੍ਰਿਟਿਸ਼ ਰਾਜ ਦੇ ਨਾਲ ਜੁੜੇ ਲੋਕਾਂ ਲਈ ਨਾਇਕ ਬਣ ਗਿਆ ਸੀ।

- Advertisement -

ਸ਼ਹੀਦ ਊਧਮ ਸਿੰਘ 1916 ਵਿੱਚ ਅੰਮ੍ਰਿਤਸਰ ਦੇ ਸਕੂਲ ਵਿੱਚੋਂ ਦਸਵੀਂ ਤੋਂ ਬਾਅਦ ਫਰਨੀਚਰ, ਕਾਰ ਡਰਾਈਵਿੰਗ, ਮਕੈਨਿਕੀ ਤੇ ਬੈਂਡ ਵਾਜਾ ਵਜਾਉਣਾ ਸਿਖਿਆ। ਇਥੇ ਹੀ ਇਕ ਦੁਕਾਨ ‘ਤੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨਾਲ ਮੁਲਾਕਾਤ ਹੋਈ।

ਬਦਲਾ ਲੈਣ ਲਈ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਅਫਰੀਕਾ, ਅਮਰੀਕਾ, ਜਰਮਨ ਤੇ ਕਈ ਵਾਰ ਇੰਗਲੈਂਡ ਵੀ ਜਾਣਾ ਪਿਆ। ਸ਼ਹੀਦ ਭਗਤ ਸਿੰਘ ਦੇ ਸੱਦਣ ‘ਤੇ ਵਾਪਸ 27-7-1927 ਨੂੰ 25 ਇਨਕਲਾਬੀਆਂ ਦੇ ਜੱਥੇ ਨਾਲ ਪੁੱਜੇ।

ਆਜ਼ਾਦੀ ਦੀ ਜੰਗ ਨੂੰ ਤੇਜ਼ ਕਰਨ ਲਈ ਪਿਸਤੌਲਾਂ ਤੇ ਕਾਰਤੂਸਾਂ ਦੀ ਪੇਟੀ ਅਤੇ ਪੈਸੇ ਵੀ ਲੈ ਕੇ ਆਏ, ਦੇਸ਼ ਭਗਤੀ ਦੀਆਂ ਗਤੀਵਿਧੀਆਂ ਕਾਰਨ ਉਹ 1927 ਵਿੱਚ ਗ੍ਰਿਫਤਾਰ ਵੀ ਹੋਏ। ਅਸਲੇ ਦੇ ਦੋਸ਼ ਵਿੱਚ ਪੰਜ ਸਾਲ ਕੈਦ ਕੱਟ ਕੇ 1933 ਵਿੱਚ ਰਿਹਾਅ ਹੋਏ, ਜੇਲ੍ਹ ਵਿੱਚ ਹੀ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਲੱਗਣ ਦੀ ਖਬਰ ਮਿਲੀ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ।

ਉਹ ਰਿਹਾਈ ਤੋਂ ਬਾਅਦ ਨੇਤਾ ਸ਼ੁਭਾਸ ਚੰਦਰ ਬੋਸ ਨੂੰ ਮਿਲੇ। ਪਹਿਲਾਂ ਇੰਗਲੈਂਡ ਤੇ ਫਿਰ ਰੂਸ ਗਏ। ਉਥੇ ਜਾ ਕੇ ਸਮਾਜਵਾਦੀ ਸਰਕਾਰ ਦੀਆਂ ਨੀਤੀਆਂ ਦਾ ਅਧਿਐਨ ਕੀਤਾ। ਫਿਰ ਉਥੋਂ 1939 ਵਿੱਚ ਅਫਗਾਨਿਸਤਾਨ ਤੇ ਇਟਲੀ ਤੋਂ ਹੁੰਦੇ ਇੰਗਲੈਂਡ ਚਲੇ ਗਏ।

ਇੰਗਲੈਂਡ ਵਿਚ ਉਸਦੀ ਇਮਾਨਦਾਰੀ, ਸਖਤ ਮਿਹਨਤ ਤੇ ਚੰਗੇ ਆਚਰਣ ਕਰਕੇ ਉਸਨੂੰ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਕੋਲ ਨੌਕਰੀ ਮਿਲ ਗਈ।

- Advertisement -

ਪਰਿਵਾਰ ਨਾਲ ਉਸਦਾ ਸਾਂਝ ਦੀ ਸ਼ਕਲ ਵਿੱਚ ਪ੍ਰੇਮ ਮੁਹੱਬਤ ਵੱਧ ਗਿਆ। ਇਕ ਮੋੜ ‘ਤੇ ਆ ਕੇ ਡਰ ਗਏ ਕਿ ਇਹ ਮੁਹੱਬਤ ਮੇਰੇ ਨਿਸ਼ਾਨੇ ਵਿੱਚ ਰੁਕਾਵਟ ਨਾ ਬਣ ਜਾਵੇ।

ਉਨ੍ਹਾਂ ਨੌਕਰੀ ਛੱਡ ਕੇ ਹੋਰ ਥਾਂ ਨੌਕਰੀ ਕਰ ਲਈ। ਪੰਜਾਬੀ ਲੋਕਾਂ ਦੀਆਂ ਬਹਾਦਰਨਾ ਕੰਮ, ਉਨ੍ਹਾਂ ਦੀ ਬਰਤਾਨਵੀ ਫ਼ੌਜਾਂ ਪ੍ਰਤੀ ਅਹਿਮੀਅਤ ਅਤੇ ਉਨ੍ਹਾਂ ਅੰਦਰ ਉਭਰ ਰਹੀਆਂ ਇਨਕਲਾਬੀ ਭਾਵਨਾਵਾਂ ਨੂੰ ਵੇਖਦੇ ਹੋਏ ਵਾਇਸਰਾਇ ਨੇ ਸਰ ਮਾਈਕਲ ਉਡਵਾਇਰ ਨੂੰ ਬੜੀ ਸੋਚ ਵਿਚਾਰ ਤੋਂ ਬਾਅਦ 1913 ਵਿੱਚ ਪੰਜਾਬ ਦਾ ਮੁਖੀ ਲਾਇਆ ਸੀ।

ਇਸ ਤੋਂ ਪਹਿਲਾਂ ਉਹ ਬਾਰਾਂ ਸਾਲ ਪੰਜਾਬ ਦੇ ਜ਼ਿਲ੍ਹਾ ਸ਼ਾਹਪੁਰ ਵਿੱਚ ਸੈਟਲਮੈਂਟ ਅਫਸਰ ਰਹਿ ਚੁੱਕਾ ਸੀ। ਉਹ ਉਨ੍ਹਾਂ ਅੰਗਰੇਜ਼ੀ ਸਿਵਲੀਅਨ ਅਫਸਰਾਂ ਦੇ ਤਬਕੇ ਨਾਲ ਸਬੰਧ ਰੱਖਦਾ ਸੀ, ਜੋ ਵਿਸ਼ਵਾਸ਼ ਕਰਦੇ ਸਨ ਕਿ ਗੋਰੇ ਲੋਕਾਂ ਦਾ ਹਿੰਦੁਸਤਾਨ ਦੇ ਅਸੀਮਤ ਵਸੀਲਿਆਂ ਦੀ ਲੁੱਟ ਖਸੁੱਟ ਕਰਨਾ ਤੇ ਆਪਣੀ ਰਾਜਸੀ ਤੇ ਆਰਥਿਕ ਸਰਦਾਰੀ ਨੂੰ ਮਜ਼ਬੂਤ ਕਰਨਾ ਉਨ੍ਹਾਂ ਦਾ ਪਵਿੱਤਰ ਮਿਸ਼ਨ ਹੈ ਭਾਵੇਂ ਕਿ ਉਨ੍ਹਾਂ ਨੂੰ ਤਾਕਤ ਦੀ ਵਰਤੋਂ ਕਿਉਂ ਨਾ ਕਰਨੀ ਪਵੇ।

ਉਹ 1913 ਤੋਂ 1919 ਤੀਕ ਛੇ ਸਾਲ ਇਸ ਨੀਤੀ ‘ਤੇ ਚਲਦਾ ਰਿਹਾ। ਇਹ ਮਾਈਕਲ ਉਡਵਾਇਰ ਹੀ ਸੀ ਕਿ ਜਿਸਨੇ ਵਿਸ਼ੇਸ਼ ਅਦਾਲਤਾਂ ਸਥਾਪਤ ਕਰਕੇ ਗ਼ਦਰੀ ਸੂਰਬੀਰਾਂ ਨੂੰ ਸਖ਼ਤ ਸਜ਼ਾਵਾਂ ਦੁਆਈਆਂ। ਸ਼ਹੀਦ ਕਰਤਾਰ ਸਿੰਘ ਸਰਾਭਾ, ਡਾ. ਮਥਰਾ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ 48 ਗ਼ਦਰ ਪਾਰਟੀ ਨਾਲ ਸਬੰਧਤ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਫਾਂਸੀ ਦੀ ਸਜ਼ਾ ਹੋਈ। 133 ਨੂੰ ਉਮਰ ਕੈਦ ਅਤੇ ਹੋਰ ਸਜ਼ਾਵਾਂ ਹੋਈਆਂ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਖੂਬਸੂਰਤ ਹਿੱਸੇ ਜ਼ੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਕੱਟਣੇ ਪਏ।

1919 ਵਿਚ 10 ਹਜ਼ਾਰ ਗ਼ਦਰੀ ਪਾਰਟੀ ਦੇ ਸਮਰਥਕ ਜੇਲ੍ਹਾਂ ਵਿੱਚ ਸਨ। 1914 ਤੋਂ 1918 ਦੇ ਵਿਚਕਾਰ 8 ਅਖ਼ਬਾਰਾਂ ਜ਼ਬਤ ਕੀਤੀਆਂ ਗਈਆਂ। ‘ਜ਼ਲ੍ਹਿਆਂਵਾਲਾ ਕਾਂਡ ਦੇ ਤਿੰਨ ਦਿਨ ਪਹਿਲਾਂ 10 ਅਪ੍ਰੈਲ 1919 ਨੂੰ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਅਤੇ ਬੰਬਈ ‘ਦਿ ਕਰੌਨੀਕਲ’ ਨੇ ਉਡਵਾਇਰ ਨੂੰ ਦੂਜਾ ਨਾਦਰਸ਼ਾਹ ਗਰਦਾਨਿਆ ਗਿਆ ਸੀ। ਅੰਤ ਵਿੱਚ ਮੌਕਾ ਮਿਲਣ ‘ਤੇ ਸ਼ਹੀਦ ਊਧਮ ਸਿੰਘ ਨੇ 13-3-1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਮਾਇਕਲ ਉਡਵਾਇਰ ਨੂੰ ਭਾਸ਼ਣ ਕਰਦੇ ਸਮੇਂ ਗੋਲੀਆਂ ਨਾਲ ਉਡਾ ਕੇ ਆਪਣੀ ਕਸਮ ਪੂਰੀ ਕੀਤੀ। ਇਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਨੂੰ ਬ੍ਰਿਟਿਸ਼ ਸਰਕਾਰ ਨੇ 31-7-1940 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।#

Share this Article
Leave a comment