ਸਿੱਖੀ ਦੀ ਸ਼ਾਨ ਭਾਈ ਤਾਰੂ ਸਿੰਘ ਜੀ ਸ਼ਹੀਦ-ਡਾ. ਗੁਰਦੇਵ ਸਿੰਘ

TeamGlobalPunjab
4 Min Read

ਜਨਮ ਦਿਹਾੜੇ ਉਤੇ ਵਿਸ਼ੇਸ਼

ਸਿੱਖੀ ਦੀ ਸ਼ਾਨ ਭਾਈ ਤਾਰੂ ਸਿੰਘ ਜੀ ਸ਼ਹੀਦ

ਡਾ. ਗੁਰਦੇਵ ਸਿੰਘ*

ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮ ਪਦੁ ਪਾਈ॥

ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਅਜਿਹੇ ਅਨੇਕ ਸਿੱਖਾਂ ਦੇ ਨਾਮ ਅੰਕਿਤ ਹਨ ਜਿੰਨ੍ਹਾ ਦੀਆਂ ਕੁਰਬਾਨੀਆਂ ਦੀ ਮਿਸਾਲ ਦੁਨੀਆਂ ਭਰ ਵਿੱਚ ਮਿਲਣੀ ਅਸੰਭਵ ਏ। ਅਜਿਹੇ ਹੀ ਸਿੱਖਾਂ ਵਿਚੋਂ ਸ਼ਹੀਦ ਭਾਈ ਤਾਰੂ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਜਿਨ੍ਹਾਂ ਦਾ ਜਨਮ ਦਿਹਾੜਾ ਸਮੂਹ ਸਿੱਖ ਜਗਤ ਹਰ ਵਰੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਉਂਦਾ ਹੈ। ਭਾਈ ਤਾਰੂ ਸਿੰਘ ਜੀ ਦਾ ਜਨਮ ਅਕਤੂਬਰ 1720 ਈ. ਨੂੰ ਪਿੰਡ ਪੂਹਲਾ ਜ਼ਿਲ੍ਹੇ ਅੰਮ੍ਰਿਤਸਰ ‘ਚ ਮਾਤਾ ਧਰਮ ਕੌਰ ਦੇ ਕੁਖੋਂ ਭਾਈ ਜੋਧ ਸਿੰਘ ਦੇ ਗ੍ਰਹਿ ਵਿਖੇ ਹੋਇਆ। ਭਾਈ ਤਾਰੂ ਸਿੰਘ ਦੇ ਪਿਤਾ ਦਾ ਕਿੱਤਾ ਖੇਤੀਬਾੜੀ ਸੀ। ਭਾਈ ਸਾਹਿਬ ਆਪ ਵੀ ਖੇਤੀ ਦੀ ਹੀ ਕਿਰਤ ਕਰਦੇ ਸਨ। ਆਪ ਪੂਹਲੇ ਪਿੰਡ ਰਹਿੰਦਿਆਂ ਆਪਣੀ ਮਾਤਾ ਤੇ ਭੈਣ ਨਾਲ ਸਾਦਾ ਅਤੇ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਨਾਲ ਨਾਲ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਸਿੰਘਾਂ ਦੀ ਲੰਗਰ ਪਾਣੀ ਨਾਲ ਸੇਵਾ ਵੀ ਕਰਦੇ ਰਹੇ। ਇਸ ਦੇ ਨਾਲ ਨਾਲ ਹੋਰ ਵੀ ਲੋੜਵੰਦਾਂ ਦੀ ਸਹਾਇਤਾ ਕਰਦੇ। ਇਸੇ ਪ੍ਰਵਿਰਤੀ ਦੇ ਚਲਦਿਆਂ ਆਪ ਨੇ ਸਿੰਘਾਂ ਨਾਲ ਮਿਲ ਕੇ ਇੱਕ ਮੁਸਲਮਾਨ ਬੁਜ਼ਰਗ ਇਤਿਹਾਸ ਵਿੱਚ ਜਿਸ ਦਾ ਨਾਮ ਰਹੀਮ ਖਾਂ ਮਾਛੀ ਆਉਂਦਾ ਏ ਦੀ ਮਦਦ ਕਰਦਿਆਂ ਉਸ ਦੀ ਜਵਾਨ ਧੀ ਨੂੰ ਮੁਗਲ ਸ਼ਾਸ਼ਕ ਜਾਫਰਬੇਗ ਦੀ ਕੈਦ ਵਿੱਚੋਂ ਮੁਕਤ ਕਰਵਾਇਆ ਜੋ ਕਿ ਜਬਰੀ ਚੁੱਕ ਲੈ ਗਿਆ ਸੀ। ਭਾਈ ਸਾਹਿਬ ਦੀ ਇਸ ਨੇਕੀ ਦੀ ਚਰਚਾ ਇਲਾਕੇ ਵਿੱਚ ਹੋਈ ਪਰ ਇਨਸਾਨੀਅਤ ਦੇ ਦਸ਼ਮਣ ਇੱਕ ਭਗਤ ਨਿਰੰਜਨਈਏ ਨਾਮਕ ਦੀ ਸੂਹ ਤੇ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ  ਕਈ ਤਰ੍ਹਾਂ ਦੇ ਇਲਜ਼ਾਮ ਲਾ ਕੇ ਆਪ ਨੂੰ ਸ਼ਹੀਦ ਕਰ ਦਿੱਤਾ ਗਿਆ। ਅੱਜ ਹਰ ਸਿੱਖ ਰੋਜ ਅਰਦਾਸ ਵਿੱਚ ਭਾਈ ਤਾਰੂ ਸਿੰਘ ਦੀ ਇਸ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੈ।

- Advertisement -

ਭਾਈ ਤਾਰੂ ਸਿੰਘ ਦੀ ਲਾਸਾਨੀ ਕਰਣੀ ਦੀ ਮਿਸਾਲ ਦੁਨੀਆਂ ਵਿਚੋਂ ਮਿਲਣੀ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ। ਭਾਈ ਤਾਰੂ ਸਿੰਘ ਅਜਿਹੇ ਗੁਰਸਿੱਖ ਸਨ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਕੇਵਲ ਆਵਾਜ਼ ਹੀ ਬੁਲੰਦ ਨਹੀਂ ਕੀਤੀ ਸਗੋਂ ਧਰਮ ਪ੍ਰਪੱਕਤਾ ਦੀ ਮਿਸਾਲ ਕਾਇਮ ਕਰਦਿਆਂ ਆਪਣੀ ਖੋਪੜੀ ਤੱਕ ਲੁਹਾਅ ਲਈ ਪਰ ਧਰਮ ਨਹੀਂ ਛੱਡਿਆ। ਸਿੱਖ ਮਾਨਤਾ ਅਨੁਸਾਰ ਭਾਈ ਤਾਰੂ ਸਿੰਘ ਬਿਨਾਂ ਖੋਪੜੀ ਤੋਂ 22 ਦਿਨ ਤਕ ਸੰਸਾਰ ਤੋਂ ਰੁਖਸਤ ਨਹੀਂ ਹੋਏ ਜਦੋਂ ਤਕ ਜ਼ਕਰੀਆਂ ਖਾਨ ਮਰ ਨਹੀਂ ਗਿਆ। ਸਿੱਖ ਮਾਨਤਾ ਹੈ ਕਿ ਜਦੋਂ ਜਕਰੀਆ ਖਾਨ ਨੇ ਭਾਈ ਸਾਹਿਬ ਨੂੰ ਕੇਸ ਕੱਟਣ ਦੀ ਸਜਾ ਸੁਣਾਈ ਤਾਂ ਉਦੋਂ ਭਾਈ ਸਾਹਿਬ ਨੇ ਬਚਨ ਕੀਤੇ ਕਿ ਜੇ ਤੂੰ ਅਜਿਹਾ ਕੀਤਾ ਤਾਂ ਇਸ ਗੁਰੂ ਦੇ ਸਿੱਖ ਦੀ ਜੁੱਤੀ ਤੈਨੂੰ ਅੱਗੇ ਲੈ ਕੇ ਜਾਵੇਗੀ, ਤੇ ਅਜਿਹਾ ਹੋਇਆ ਵੀ।

ਸਾਡੇ ਇਹ ਦਿਹਾੜੇ ਮਨਾਉਣੇ ਤਾਂ ਹੀ ਸਫਲ ਹੋਣਗੇ ਜੇ ਅਸੀਂ ਗੁਰਮਤਿ ਗਾੜੀ ਰਾਹ ‘ਤੇ ਚਲਾਂਗੇ। ਅੱਜ ਲੋੜ ਹੈ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਪਰਮਾਤਮਾ ਵਲੋਂ ਬਖਸ਼ੀ ਪਿਆਰੀ ਦਾਤ ਕੇਸਾਂ ਨੂੰ ਸੰਭਾਲਨ ਦੀ ਅਤੇ ਕੇਸਾਂ ਨਾਲ ਪਿਆਰ ਕਰਨ ਦੀ। ਕੇਸ ਤਾਂ ਸਿੱਖੀ ਦੀ ਸ਼ਾਨ ਦੇ ਖਾਸ ਚਿੰਨ ਤੇ ਗੁਰੂ ਦੀ ਮੋਹਰ ਹਨ। ਸੋ ਸਿੱਖੀ ਦੀ ਸ਼ਾਨ, ਸਤਿਬਚਨੀ, ਸੇਵਾ ਦੀ ਮੂਰਤ ਤੇ ਲਾਸਾਨੀ ਸ਼ਹਾਦਤ ਦੇਣ ਵਾਲੇ ਗੁਰਸਿੱਖ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ  ਜੀ।

*gurdevsinghdr@gmail.com

Share this Article
Leave a comment