ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਸਰਹੱਦੀ ਤਣਾਅ ਨੂੰ ਵੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਯਾਤਰਾ ਲਈ ਸਿੱਖ ਜਥੇ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਹਰ ਸਾਲ ਇਹ ਜਥਾ 29 ਜੂਨ ਨੂੰ ਲਾਹੌਰ ਲਈ ਰਵਾਨਾ ਹੁੰਦਾ ਸੀ, ਪਰ ਇਸ ਵਾਰ ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ SGPC ਨੇ ਸੁਰੱਖਿਆ ਨੂੰ ਪਹਿਲ ਦਿੰਦਿਆਂ ਇਹ ਫੈਸਲਾ ਲਿਆ ਹੈ।
SGPC ਦੇ ਅਨੁਸਾਰ, ਇਸ ਯਾਤਰਾ ਲਈ 200 ਤੋਂ ਵੱਧ ਸ਼ਰਧਾਲੂਆਂ ਨੇ ਪਹਿਲਾਂ ਹੀ ਅਰਜ਼ੀਆਂ ਦਿੱਤੀਆਂ ਸਨ ਅਤੇ ਆਪਣੇ ਪਾਸਪੋਰਟ ਵੀਜ਼ਾ ਸਬੰਧੀ ਕਾਰਵਾਈ ਲਈ ਜਮ੍ਹਾਂ ਕਰਵਾਏ ਸਨ। ਆਮ ਤੌਰ ‘ਤੇ ਹਰ ਸਾਲ 2,000 ਤੋਂ 3,000 ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਂਦੇ ਸਨ।
ਕੇਂਦਰੀ ਮੰਤਰੀ ਮਜੂਮਦਾਰ ਦੀ ਹਰਕਤ ਦੀ ਸਖ਼ਤ ਨਿੰਦਾ
ਇਸ ਦੌਰਾਨ, SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਦੀ ਉਸ ਹਰਕਤ ਦੀ ਸਖ਼ਤ ਨਿੰਦਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇੱਕ ਸਿੱਖ ਨੌਜਵਾਨ ‘ਤੇ ਚੱਪਲ ਸੁੱਟੀ, ਜੋ ਸਿੱਖ ਨੌਜਵਾਨ ਦੀ ਪਗੜੀ ‘ਤੇ ਜਾ ਲੱਗੀ। ਧਾਮੀ ਨੇ ਇਸ ਨੂੰ ਸਿੱਖ ਭਾਵਨਾਵਾਂ ਦਾ ਅਪਮਾਨ ਅਤੇ ਦੁਰਭਾਗਪੂਰਨ ਘਟਨਾ ਕਰਾਰ ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਕਿ ਮਜੂਮਦਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਇਸ ਘਟਨਾ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ।