ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਸਬੰਧੀ ਹੋਈ ਇਕੱਤਰਤਾ

Prabhjot Kaur
2 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੇ ਬਜਟ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗਠਤ ਕੀਤੀ ਗਈ ਸਬ-ਕਮੇਟੀ ਨੇ ਅੱਜ ਇਥੇ ਸਥਿਤ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਬੈਠਕ ਕੀਤੀ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਸਰਵਣ ਸਿੰਘ ਕੁਲਾਰ, ਵਧੀਕ ਸਕੱਤਰ ਸੁਖਮਿੰਦਰ ਸਿੰਘ ਤੇ ਗੁਰਿੰਦਰ ਸਿੰਘ ਮਥਰੇਵਾਲ ਨੇ ਸ਼ਿਰਕਤ ਕੀਤੀ। ਇਸ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਆਉਣ ਵਾਲੇ ਬਜਟ ਦੀਆਂ ਤਰਜ਼ੀਹਾਂ ਨਿਰਧਾਰਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਜਿਥੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰਦੀ ਹੈ, ਉਥੇ ਹੀ ਧਰਮ ਪ੍ਰਚਾਰ ਕਮੇਟੀ ਰਾਹੀਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵੀ ਯਤਨਸ਼ੀਲ ਹੈ। ਇਸ ਦੇ ਨਾਲ ਹੀ ਅਨੇਕਾਂ ਸਕੂਲ ਕਾਲਜ ਵੀ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾਂਦੇ ਹਨ। ਇਨ੍ਹਾਂ ਸਾਰੀਆਂ ਸੰਸਥਾਵਾਂ ਰਾਹੀਂ ਸੇਵਾਵਾਂ ਲਈ ਵੱਖੋ-ਵੱਖ ਬਜਟ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਮਾਰਚ ਮਹੀਨੇ ਵਿਚ ਪੇਸ਼ ਕੀਤੇ ਜਾਂਦੇ ਸ਼੍ਰੋਮਣੀ ਕਮੇਟੀ ਦੇ ਬਜਟ ਲਈ ਸਬ ਕਮੇਟੀ ਹਰ ਪਹਿਲੂ ’ਤੇ ਵਿਚਾਰ ਕਰ ਕੇ ਆਪਣੀ ਰੀਪੋਰਟ ਦਿੰਦੀ ਹੈ, ਜਿਸ ਅਨੁਸਾਰ ਬਜਟ ਤਿਆਰ ਹੁੰਦਾ ਹੈ।

ਭਾਈ ਗਰੇਵਾਲ ਨੇ ਦੱਸਿਆ ਕਿ ਬਜਟ ਸਬ-ਕਮੇਟੀ ਵੱਲੋਂ ਕੁਝ ਦਿਨਾਂ ਤੋਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ, ਲੇਖਾਕਾਰਾਂ ਅਤੇ ਵਿੱਦਿਅਕ ਅਦਾਰਿਆਂ ਦੇ ਮੁਖੀਆਂ ਪਾਸੋਂ ਅਦਾਰਿਆਂ ਦੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਲਈ ਗਈ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਆਏ ਸੁਝਾਵਾਂ ਤੇ ਵਿਚਾਰਾਂ ਨੂੰ ਘੋਖ ਕੇ ਸਮੇਂ ਦੀ ਲੋੜ ਅਨੁਸਾਰ ਅਗਲੇ ਬਜਟ ਦੀਆਂ ਤਰਜੀਹਾਂ ਨਿਰਧਾਰਤ ਕੀਤੀਆਂ ਜਾਣਗੀਆਂ। ਬਜਟ ਸਬ ਕਮੇਟੀ ਦੀ ਮੀਟਿੰਗ ਸਮੇਂ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਮੁੱਖ ਲੇਖਾਕਾਰ ਮਿਲਖਾ ਸਿੰਘ ਮੈਨੇਜਰ ਸੁਖਰਾਜ ਸਿੰਘ, ਵਧੀਕ ਮੈਨੇਜਰ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।

Share this Article
Leave a comment