ਪੁਲਵਾਮਾ: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਇੱਥੇ ਮੁਕਾਬਲੇ ‘ਚ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਪੁਲਵਾਮਾ ‘ਚ 4 ਅਤੇ ਬਡਗਾਮ ‘ਚ 1 ਅੱਤਵਾਦੀ ਨੂੰ ਮਾਰ ਮੁਕਾਇਆ ਹੈ। ਬਡਗਾਮ ‘ਚ ਅੱਤਵਾਦੀ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਮਾਰੇ ਗਏ ਅੱਤਵਾਦੀਆਂ ‘ਚ ਜੈਸ਼-ਏ-ਮੁਹੰਮਦ ਦੇ ਚਾਰ ਅਤੇ ਇਕ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸੀ। ਇਸ ਮਹੀਨੇ ਜਨਵਰੀ ‘ਚ ਹੁਣ ਤੱਕ 22 ਅੱਤਵਾਦੀ ਮਾਰੇ ਜਾ ਚੁੱਕੇ ਹਨ।
ਦੱਸ ਦਈਏ ਕਿ ਅਨੰਤਨਾਗ ‘ਚ ਪੁਲਿਸ ਕਰਮਚਾਰੀ ‘ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੁਲਵਾਮਾ ਦੇ ਨਾਇਰਾ ਇਲਾਕੇ ‘ਚ ਅੱਤਵਾਦੀਆਂ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ। ਜਿਸ ਦੌਰਾਨ ਨਾਇਰਾ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਨਾਇਰਾ ਇਲਾਕੇ ‘ਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।
ਪੁਲਵਾਮਾ ਦੇ ਨਾਇਰਾ ਪਿੰਡ ‘ਚ ਮੁਕਾਬਲੇ ਤੋਂ ਥੋੜ੍ਹੀ ਦੇਰ ਬਾਅਦ ਹੀ ਬਡਗਾਮ ਜ਼ਿਲੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਦੂਜਾ ਮੁਕਾਬਲਾ ਸ਼ੁਰੂ ਹੋ ਗਿਆ। ਬਡਗਾਮ ਦੇ ਚਰਾਰ-ਏ-ਸ਼ਰੀਫ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ। ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਚਰਾਰ-ਏ-ਸ਼ਰੀਫ਼ ਇਲਾਕੇ ‘ਚ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿੱਚ ਲਸ਼ਕਰ-ਏ-ਤੋਇਬਾ ਦਾ ਇੱਕ ਅੱਤਵਾਦੀ ਮਾਰਿਆ ਗਿਆ ਹੈ। ਮਾਰੇ ਗਏ ਅੱਤਵਾਦੀ ਕੋਲੋਂ ਇੱਕ AK-56 ਰਾਈਫਲ ਬਰਾਮਦ ਹੋਈ ਹੈ। ਇਲਾਕੇ ‘ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ।