ਖੇਡ ਮੰਤਰੀ ਨੇ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ

Rajneet Kaur
2 Min Read

ਚੰਡੀਗੜ੍ਹ: ਜ਼ਿਲ੍ਹਾ ਸੰਗਰੂਰ ਦੇ ਪਿੰਡ ਛੋਟੀ ਖਨਾਲ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਮੁੱਕੇਬਾਜ਼ ਸੂਬੇਦਾਰ ਕੌਰ ਸਿੰਘ  ਦਾ ਦੇਹਾਂਤ ਹੋ ਗਿਆ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਰਵਾਰ ਨੂੰ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।  ਓਲੰਪੀਅਨ ਕੌਰ ਸਿੰਘ ਜੋ 74 ਵਰ੍ਹਿਆਂ ਦੇ ਸਨ। ਅੱਜ ਸਵੇਰੇ ਕੁਰੂਕਸ਼ੇਤਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਦੁਖ ਪ੍ਰਗਟਾਉਂਦਿਆ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਉਨ੍ਹਾਂ ਦੇ ਤੁਰ ਜਾਣ ਨਾਲ ਖੇਡਾਂ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਕੌਰ ਸਿੰਘ ਜੀ ਨੇ 1982 ਦੀਆਂ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਕੌਰ ਸਿੰਘ ਦਾ ਸੰਘਰਸ਼ਮਈ ਜੀਵਨ ਅਤੇ ਖੇਡ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹਿਣਗੀਆਂ। ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਉੱਠ ਕੇ ਕੌਰ ਸਿੰਘ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਵਿਸ਼ਵ ਪੱਧਰ ਉੱਤੇ ਨਾਮਣਾ ਖੱਟਿਆਹੈ। ਉਨ੍ਹਾਂ ਨੇ ਮਹਾਨ ਮੁੱਕੇਬਾਜ਼ ਨੂੰ ਸਿਜਦਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਤੇ ਖੇਡ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਦਸ ਦਈਏ ਕਿ ਕੌਰ ਸਿੰਘ ਨੇ 1982 ਦੀਆਂ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ ਅਤੇ ਕਿੰਗਜ਼ ਕੱਪ ਵਿੱਚ ਵੀ ਗੋਲਡ ਮੈਡਲ ਜਿੱਤਿਆ। 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।ਮੁਹੰਮਦ ਅਲੀ ਨਾਲ ਇਤਿਹਾਸਕ ਮੈਚ ਖੇਡਿਆ। ਉਨ੍ਹਾਂ ਨੇ ਭਾਰਤੀ ਸੈਨਾ ਤੇ ਪੰਜਾਬ ਪੁਲਿਸ ਵਿੱਚ ਲੰਬਾ ਸਮਾਂ ਸੇਵਾ ਨਿਭਾਈ।  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਵਿੱਦਿਅਕ ਸੈਸ਼ਨ ਤੋਂ ਇਸ ਮਾਣਮੱਤੇ ਮੁੱਕੇਬਾਜ਼ ਦੀ ਜੀਵਨੀ ਸਕੂਲੀ ਸਿਲੇਬਸ ਦਾ ਹਿੱਸਾ ਬਣਾਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment