ਸਵਿਤਰੀ ਬਾਈ ਫੂਲੇ: ਭਾਰਤ ਦੀ ਪਹਿਲੀ ਔਰਤ ਅਧਿਆਪਕਾ ਤੇ ਮੁਕਤੀ ਲਹਿਰ ਦੀ ਆਗੂ

TeamGlobalPunjab
4 Min Read

-ਅਵਤਾਰ ਸਿੰਘ

ਸਮਾਜ ਸੇਵੀ ਤੇ ਕਵੀ ਦੀ ਕ੍ਰਾਂਤੀ ਜੋਤ ਸਵਿਤਰੀ ਬਾਈ ਫੂਲੇ ਦਾ ਜਨਮ 3 ਜਨਵਰੀ, 1831 ਨੂੰ ਜ਼ਿਲਾ ਸਿਤਾਰਾ ਦੇ ਪਿੰਡ ਨਈਗਾਉਂ, ਮਹਾਂਰਾਸ਼ਟਰ ਵਿੱਚ ਹੋਇਆ। ਉਹ ਗੁਲੇਲ ਤੇ ਪੱਥਰਬਾਜ਼ੀ ਦੀ ਏਨੀ ਨਿਪੁੰਨ ਸੀ ਕਿ ਇਕ ਵਾਰ ਇਕ ਸੱਪ ਰੁੱਖ ‘ਤੇ ਚੜ੍ਹ ਕੇ ਪੰਛੀਆਂ ਦੇ ਆਲ੍ਹਣੇ ਵਿਚੋਂ ਆਂਡੇ ਪੀ ਰਿਹਾ ਸੀ ਤਾਂ ਸਵਿਤਰੀ ਨੇ ਨੁਕੀਲੇ ਪੱਥਰ ਦਾ ਐਸਾ ਨਿਸ਼ਾਨਾ ਲਾਇਆ ਕਿ ਸੱਪ ਹੇਠਾਂ ਆ ਡਿੱਗਾ।

ਸਵਿਤਰੀ ਬਾਈ ਦਾ ਵਿਆਹ ਨੌਂ ਸਾਲ ਦੀ ਉਮਰ ਵਿੱਚ ਸਮਾਜ ਸੁਧਾਰਕ ਜੋਤੀਬਾ ਫੂਲੇ ਨਾਲ ਹੋਇਆ। ਸਵਿਤਰੀ ਨੇ ਬੜੇ ਉਤਸ਼ਾਹ ਨਾਲ ਜੋਤੀਬਾ ਫੂਲੇ ਤੋਂ ਪੜ੍ਹਨਾ ਲਿਖਣਾ ਸਿੱਖਿਆ, ਉਹਨਾਂ ਦੇ ਨਾਲ ਸਮਾਜਕ ਸੰਮੇਲਨਾਂ ਵਿੱਚ ਜਾਣ ਲੱਗੀ। ਭਾਰਤ ਦੀ ਪਹਿਲੀ ਔਰਤ ਅਧਿਆਪਕਾ ਤੇ ਮੁਕਤੀ ਲਹਿਰ ਦੀ ਆਗੂ ਬਣੀ। ਸਵਿਤਰੀ ਬਾਈ ਨੇ ਸਮਾਜਿਕ ਵਿਵਸਥਾ ਨੂੰ ਵੰਗਾਰਿਆ ਤੇ ਘੋਸ਼ਣਾ ਕੀਤੀ, “ਐ ਔਰਤੋ ਆਓ, ਮੇਰੇ ਤੋਂ ਪੜ੍ਹਨਾ ਸਿੱਖੋ, ਪੜ੍ਹਾਈ ਤੁਹਾਡੀਆਂ ਜ਼ੰਜੀਰਾਂ ਕ ਕਟੇਗੀ।” ਉਸਨੇ 1848 ਵਿੱਚ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਤੇ ਉਥੇ ਪੜ੍ਹਾਉਣ ਲੱਗੀ। ਲੜਕੀਆਂ ਦੀ ਪਹਿਲੀ ਪਾਠਸ਼ਾਲਾ ਪੇਠ ਵਿੱਚ ਬਿੜੇਜੀ ਦੀ ਹਵੇਲੀ ਵਿੱਚ ਸ਼ੁਰੂ ਹੋਈ। ਉਹ ਇਸ ਦੀ ਪਹਿਲੀ ਅਧਿਆਪਕ ਅਤੇ ਮੁੱਖ ਅਧਿਆਪਕ ਬਣੀ। ਆਪਣੇ ਦੋਸਤਾਂ ਦੀਆਂ ਬੇਟੀਆਂ ਜਿਹਨਾਂ ਦੀ ਗਿਣਤੀ ਪਹਿਲਾਂ ਛੇ ਸੀ ਅਤੇ ਉਹਨਾਂ ਦੀ ਉਮਰ ਚਾਰ ਤੋਂ ਛੇ ਸਾਲ ਦੇ ਵਿਚਕਾਰ ਸੀ, ਦੇ ਨਾਂ ਦਰਜ ਕੀਤੇ।

ਕੱਟੜਪੰਥੀਆਂ ਨੂੰ ਪਤਾ ਲੱਗਾ ਤੇ ਉਹ ਭੜਕ ਉਠੇ ਤੇ ਉਸ ਉਪਰ ਗੰਦ ਸੁੱਟਦੇ, ਪੱਥਰ ਮਾਰਦੇ, ਗੁੰਡੇ ਸਵਿਤਰੀ ਨੂੰ ਘੇਰਦੇ ਤੇ ਅਪਮਾਨਤ ਕਰਦੇ। ਪਰ ਉਹ ਅੱਗੋਂ ਕਹਿੰਦੀ, “ਮੈਂ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਹਾਂ ਕਿ ਆਪ ਮੈਨੂੰ ਅਪਮਾਨਤ ਕਰਨ ਦੀ ਬਜਾਇ ਆਸ਼ੀਰਵਾਦ ਦੇਵੋ ਤੇ ਮੈਨੂੰ ਆਪ ਦਾ ਆਸ਼ੀਰਵਾਦ ਚਾਹੀਦਾ ਹੈ।” ਜੋਤਿਬਾ ਤੇ ਸਵਿਤਰੀ ਬਾਈ ਫੂਲੇ ਨੇ ਬਾਲ ਵਿਆਹ, ਸਤੀ ਪ੍ਰਥਾ ਤੇ ਪਰਦਾ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ। ਉਹਨਾਂ ਸਤਿਆ ਸੋਧਕ ਸਮਾਜ ਦੀ ਸਥਾਪਨਾ ਕੀਤੀ ਤੇ 20 ਦੇ ਕਰੀਬ ਸਕੂਲ ਪੁਣੇ ਤੇ ਆਸ ਪਾਸ ਦੇ ਪਿੰਡਾਂ ਵਿੱਚ ਖੋਲ੍ਹੇ। ਅੰਗਰੇਜ਼ ਸਰਕਾਰ ਵਲੋਂ ਭਾਰਤ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਸੀ, ਉਹ ਸਿਰਫ ਕਲਰਕ ਪੈਦਾ ਕਰਨ ਵਾਲੀ ਸੀ। ਉਹ ਤਰਕ ਤੇ ਵਿਗਿਆਨਕ ਸਿਖਿਆ ਸ਼ਾਮਲ ਨਹੀਂ ਕਰਦੇ ਸਨ। ਉਸਨੇ ਪ੍ਰਾਇਮਰੀ ਪੱਧਰ ‘ਤੇ ਵਿਗਿਆਨ ਸਿੱਖਿਆ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ। 1890 ਵਿੱਚ ਪਤੀ ਦੀ ਮੌਤ ਤੋਂ ਬਾਅਦ ਉਸਨੇ ਉਹਨਾਂ ਦੇ ਸੁਪਨਿਆਂ ਨੂੰ ਪੂਰੇ ਕਰਨ ਦਾ ਸੰਕਲਪ ਲਿਆ। ਉਸਨੇ ਬਾਲ ਵਿਆਹ, ਛੂਆ-ਛਾਤ, ਜਾਤ-ਪਾਤ ਅਤੇ ਵਿਧਵਾ ਵਿਆਹ ਵਰਗੀਆਂ ਕੁਰੀਤੀਆਂ ਖਿਲਾਫ ਸੰਘਰਸ਼ ਕੀਤਾ। ਬੇਸ਼ਕ ਅੱਜ ਤੱਕ ਸਿੱਖਿਆ ਦਾ ਵਿਸਥਾਰ ਬਹੁਤ ਹੋਇਆ ਹੈ ਫਿਰ ਵੀ ਲੱਖਾਂ ਬੱਚੇ ਪੜ੍ਹਾਈ ਮਹਿੰਗੀ ਤੇ ਘਰੇਲੂ ਆਰਥਿਕ ਮੁਸ਼ਕਲਾਂ ਕਾਰਨ ਅੱਧਵਾਟੇ ਸਕੂਲ ਛੱਡ ਜਾਂਦੇ ਹਨ।

- Advertisement -

ਸਕੂਲਾਂ ਦਾ ਨਿਜੀਕਰਨ ਹੋਣ ਕਾਰਨ ਸਰਕਾਰੀ ਸਕੂਲਾਂ ਦੀ ਗਿਣਤੀ ਘਟ ਰਹੀ ਹੈ। ਪ੍ਰਾਈਵੇਟ ਸਕੂਲ ਮਹਿੰਗੇ ਹਨ ਜਦਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਘੱਟ ਹੋਣ ਕਾਰਨ ਬੱਚਿਆਂ ਨੂੰ ਪਾਸ ਹੋਣ ਵਾਸਤੇ ਨਕਲ ਮਾਰਨ ਲਈ ਮਜਬੂਰ ਹੋਣਾ ਪੈਂਦਾ ਹੈ। ਨਕਲ ਮਾਰਕੇ ਪਾਸ ਹੋਏ ਬੱਚੇ ਅੱਗੇ ਜਾ ਕੇ ਕਾਮਯਾਬ ਨਹੀਂ ਹੁੰਦੇ, ਬਾਹਰਲੇ ਦੇਸ਼ਾਂ ਨੇ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਪਾਸ ਨੂੰ ਮਾਨਤਾ ਦੇਣ ਤੋ ਇਨਕਾਰ ਕਰ ਦਿੱਤਾ ਹੈ, ਜਿਆਦਾ ਸਕੂਲਾਂ ਦੀ ਪੜ੍ਹਾਈ ਸਿਲੇਬਸ ਪੂਰਾ ਕਰਨ ਤੱਕ ਹੀ ਸੀਮਤ ਹੈ, ਉਹਨਾਂ ਨੂੰ ਸਮਾਜ ਦੇ ਚੰਗੇ ਇਨਸਾਨ ਬਨਣ ਲਈ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੇ ਲੋਕਾਂ ਨਾਲ ਕਿਸ ਤਰ੍ਹਾਂ ਵਿਚਰਨ ਬਾਰੇ ਨਹੀਂ ਦੱਸਿਆ ਜਾਂਦਾ।

ਸਵਿਤਰੀ ਬਾਈ ਫੂਲੇ ਪੜ੍ਹਾਈ ਦੇ ਨਾਲ ਨਾਲ ਅੰਧਵਿਸਵਾਸ ਖਿਲਾਫ ਵੀ ਬੱਚਿਆਂ ਨੂੰ ਜਾਗਰਿਤ ਕਰਦੀ ਰਹੀ। 1897 ਵਿਚ ਜਦੋਂ ਮਹਾਂਰਾਸ਼ਟਰ ਵਿੱਚ ਪਲੇਗ ਦੀ ਬਿਮਾਰੀ ਫੈਲ ਗਈ ਤੇ ਉਸਨੇ ਆਪਣੇ ਬੇਟੇ ਯਸ਼ਵੰਤ ਨਾਲ ਰਲ ਕੇ ਹਸਪਤਾਲ ਖੋਲ੍ਹਿਆ। ਉਹ ਆਪ ਬਿਮਾਰ ਬੱਚਿਆਂ ਦਾ ਇਲਾਜ ਕਰਦੀ ਤੇ ਹਸਪਤਾਲ ਪਹੁੰਚਾਉਦੀ। ਛੂਤ ਦੀ ਨਾਮੁਰਾਦ ਪਲੇਗ ਦੀ ਬਿਮਾਰੀ ਕਾਰਨ ਸਵਿਤਰੀ ਬਾਈ ਫੂਲੇ 10-3-1897 ਨੂੰ ਸਦਾ ਲਈ ਅਲਵਿਦਾ ਆਖ ਗਈ।

Share this Article
Leave a comment