ਸਊਦੀ ਅਰਬ ਦੀ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਊਦੀ ਅਰਾਮਕੋ ‘ਤੇ ਡਰੋਨ ਹਵਾਈ ਜਹਾਜ਼ਾਂ ਨਾਲ ਹਮਲਾ ਹੋਇਆ ਹੈ ਜਿਸ ਦੀ ਜਾਣਕਾਰੀ ਸਊਦੀ ਅਰਬ ਦੀ ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਤੋਂ ਦਿੱਤੀ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਬਰਾਂ ਅਨੁਸਾਰ ਸਵੇਰੇ ਚਾਰ ਵਜੇ ਅਰਾਮਕੋ ਦੇ ਉਦਯੋਗਿਕ ਸੁਰੱਖਿਆ ਦਲਾਂ ਵੱਲੋਂ ਅਬਕੈਕ ਤੇ ਖੁਰੈਸ ‘ਚ ਸਥਿਤ ਆਪਣੇ ਪਲਾਂਟਾਂ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜ ਦੇ ਪੂਰਬੀ ਪ੍ਰਾਂਤ ‘ਚ ਹਮਲੇ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ ਪਰ ਹਾਲੇ ਤੱਕ ਡਰੋਨ ਦੇ ਸਰੋਤ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਪਿਛਲੇ ਮਹੀਨੇ ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਕੀਤੇ ਗਏ ਇੱਕ ਹਮਲੇ ਕਾਰਨ ਅਰਾਮਕੋ ਦੇ ਸ਼ਾਇਬਾ ਕੁਦਰਤੀ ਗੈਸ ਪਲਾਂਟ ‘ਚ ਅੱਗ ਲੱਗ ਗਈ ਸੀ ਪਰ ਕੰਪਨੀ ਵੱਲੋਂ ਕਿਸੇ ਵੀ ਨੁਕਸਾਨ ਦੀ ਸੂਚਨਾ ਨਹੀਂ ਦਿੱਤੀ ਗਈ।
ਅਰਾਮਕੋ ਉੱਤੇ ਹੋਏ ਹਮਲੇ ਦੀ ਹਾਲੇ ਤੱਕ ਕਿਸੇ ਸੰਗਠਨ ਨੇ ਕੋਈ ਜ਼ਿੰਮੇਦਾਰੀ ਨਹੀਂ ਲਈ ਹੈ। ਦੱਸ ਦੇਈਏ ਕਿ ਸਊਦੀ ਅਰਾਮਕੋ ਸਊਦੀ ਅਰਬ ਦੀ ਰਾਸ਼ਟਰੀ ਪੇਟਰੋਲੀਅਮ ਤੇ ਕੁਦਰਤੀ ਗੈਸ ਕੰਪਨੀ ਹੈ। ਇਸ ਮਾਮਲੇ ‘ਚ ਇਹ ਦੁਨੀਆ ‘ਚ ਕੱਚੇ ਤੇਲ ਦੀ ਸਭ ਤੋਂ ਵੱਡੀ ਕੰਪਨੀ ਹੈ।