‘ਮੈਨੂੰ ਮਰਵਾਉਣਾ ਚਾਹੁੰਦਾ ਹੈ ਪੁਤਿਨ’, ਯੂਕਰੇਨ ਦੇ ਰਾਸ਼ਟਰਪਤੀ ਦਾ ਇਲਜ਼ਾਮ, ਕੀਵ ‘ਚ ਏਅਰ ਅਲਰਟ

TeamGlobalPunjab
3 Min Read

ਕੀਵ- ਯੂਕਰੇਨ ‘ਤੇ ਰੂਸ ਦਾ ਹਮਲਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੇਰੀ ਹੱਤਿਆ ਕਰਨਾ ਚਾਹੁੰਦੇ ਹਨ। ਇਸ ਦੇ ਲਈ ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਾ ਦਫ਼ਤਰ) ਨੇ 400 ਹਥਿਆਰਬੰਦ ਲੜਾਕਿਆਂ ਨੂੰ ਕੀਵ ਭੇਜਿਆ ਹੈ। ਇਹ ਕਿਰਾਏ ਦੇ ਲੜਾਕੇ ਕ੍ਰੇਮਲਿਨ ਦੇ ਹੁਕਮਾਂ ‘ਤੇ ਕੀਵ ਵਿੱਚ ਦਾਖਲ ਹੋਏ ਹਨ ਅਤੇ ਕਿਸੇ ਵੀ ਕੀਮਤ ‘ਤੇ ਮੈਨੂੰ ਮਾਰਨਾ ਚਾਹੁੰਦੇ ਹਨ, ਤਾਂ ਕਿ ਕੀਵ ਵਿੱਚ ਰੂਸ ਦੀ ਹਮਾਇਤ ਵਾਲੀ ਸਰਕਾਰ ਸਥਾਪਿਤ ਕੀਤੀ ਜਾ ਸਕੇ। ਇੱਕ ਮੈਗਜ਼ੀਨ ਨੇ ਆਪਣੇ ਤਾਜ਼ਾ ਅੰਕ ਵਿੱਚ ਰਾਸ਼ਟਰਪਤੀ ਦੇ ਹਵਾਲੇ ਨਾਲ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਖ਼ਬਰਾ ਦੇ ਅਨੁਸਾਰ ਵੈਗਨਰ ਗਰੁੱਪ ਰਾਸ਼ਟਰਪਤੀ ਪੁਤਿਨ ਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਵਿੱਚੋਂ ਇੱਕ ਦੁਆਰਾ ਚਲਾਇਆ ਜਾਂਦਾ ਇੱਕ ਨਿੱਜੀ ਮਿਲੀਸ਼ੀਆ ਹੈ। ਪੰਜ ਹਫ਼ਤੇ ਪਹਿਲਾਂ ਅਫ਼ਰੀਕਾ ਤੋਂ ਕਿਰਾਏ ਦੇ ਇਨ੍ਹਾਂ ਲੜਾਕਿਆਂ ਨੇ ਪੈਸੇ ਦੇ ਲਾਲਚ ਵਿੱਚ ਜ਼ੇਲੇਨਸਕੀ ਦੀ ਸਰਕਾਰ ਨੂੰ ਤਬਾਹ ਕਰਨ ਦੇ ਮਿਸ਼ਨ ‘ਤੇ ਉੱਡਣ ਭਰੀ ਸੀ।

ਉਨ੍ਹਾਂ ਦੇ ਮਿਸ਼ਨ ਦੀ ਜਾਣਕਾਰੀ ਯੂਕਰੇਨ ਦੀ ਸਰਕਾਰ ਨੂੰ ਸ਼ਨੀਵਾਰ ਸਵੇਰੇ ਮਿਲੀ। ਇਸ ਤੋਂ ਬਾਅਦ ਯੂਕਰੇਨ ਸਰਕਾਰ ਨੇ ਰਾਸ਼ਟਰਪਤੀ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਮਿਸ਼ਨ ਦੀ ਸੂਚਨਾ ਮਿਲਣ ‘ਤੇ ਯੂਕਰੇਨ ਦੀ ਸਰਕਾਰ ਨੇ ਰਾਜਧਾਨੀ ‘ਚ 36 ਘੰਟੇ ਦਾ ਸਖਤ ਕਰਫਿਊ ਲਗਾ ਦਿੱਤਾ ਹੈ ਅਤੇ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਇਸ ਦੌਰਾਨ ਕੋਈ ਬਾਹਰ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾ ਸਕਦੀ ਹੈ।

ਦੂਜੇ ਪਾਸੇ ਇਸ ਟਕਰਾਅ ਨੂੰ ਰੋਕਣ ਅਤੇ ਰੂਸ ‘ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (UNGA) ਦੇ ਵਿਸ਼ੇਸ਼ ਐਮਰਜੈਂਸੀ ਸੈਸ਼ਨ ਵਿੱਚ ਭੇਜਣ ਲਈ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਵੋਟਿੰਗ ਹੋਈ। ਪ੍ਰਸਤਾਵ ਦੇ ਪੱਖ ‘ਚ 11 ਅਤੇ ਵਿਰੋਧ ‘ਚ 1 ਵੋਟ ਪਿਆ। ਭਾਰਤ, ਚੀਨ ਅਤੇ ਯੂਏਈ ਨੇ ਫਿਰ ਵੋਟਿੰਗ ਤੋਂ ਦੂਰੀ ਬਣਾਈ ਰੱਖੀ। ਇਸ ਦੇ ਨਾਲ ਹੀ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਨੇ ਯੂਕਰੇਨ ਮੁੱਦੇ ‘ਤੇ ਹੰਗਾਮੀ ਬੈਠਕ ਬੁਲਾਈ ਹੈ।

- Advertisement -

ਇਸ ਦੌਰਾਨ, ਅਮਰੀਕਾ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਯੂਕਰੇਨ ਨੂੰ ਸਟਿੰਗਰ ਮਿਜ਼ਾਈਲਾਂ ਦੀ ਸਿੱਧੀ ਡਿਲੀਵਰੀ ਨੂੰ ਮਨਜ਼ੂਰੀ ਦਿੱਤੀ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਅਮਰੀਕਾ ਯੂਕਰੇਨ ਨੂੰ ਸਟਿੰਗਰ ਮਿਜ਼ਾਈਲਾਂ ਕਦੋਂ ਦੇਵੇਗਾ। ਪਰ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਇਸ ਸਮੇਂ ਸ਼ਿਪਮੈਂਟ ਦੀ ਲੌਜਿਸਟਿਕਸ ‘ਤੇ ਕੰਮ ਕਰ ਰਿਹਾ ਹੈ। ਅਮਰੀਕਾ ਨੇ ਇਹ ਫੈਸਲਾ ਜਰਮਨੀ ਦੇ ਉਸ ਐਲਾਨ ਤੋਂ ਬਾਅਦ ਲਿਆ, ਜਿਸ ‘ਚ ਯੂਕਰੇਨ ਨੂੰ 500 ਸਟਿੰਗਰ ਮਿਜ਼ਾਈਲਾਂ ਅਤੇ ਹੋਰ ਹਥਿਆਰ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਯੂਕਰੇਨ ਨੇ ਕਿਹਾ ਕਿ ਰੂਸੀ ਹਮਲੇ ‘ਚ ਹੁਣ ਤੱਕ 352 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ 14 ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 1,684 ਲੋਕ ਜ਼ਖਮੀ ਹੋਏ ਹਨ। ਸੰਯੁਕਤ ਰਾਸ਼ਟਰ ਮੁਤਾਬਕ ਯੂਕਰੇਨ ਨੂੰ ਛੱਡ ਕੇ ਬਾਕੀ ਦੇਸ਼ਾਂ ਵਿੱਚ ਸ਼ਰਨਾਰਥੀਆਂ ਦੀ ਗਿਣਤੀ 3 ਲੱਖ 86 ਹਜ਼ਾਰ ਹੋ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment