ਇਸ ਗੁਰਦੁਆਰੇ ‘ਚ ਸਿਰਫ ਬਾਦਲਾਂ ਲਈ ਹੀ ਅਖੰਡ ਪਾਠ ਸਾਹਿਬ ਹੁੰਦੇ ਨੇ

Prabhjot Kaur
3 Min Read

ਅੰਮ੍ਰਿਤਸਰ : ਕਹਿੰਦੇ ਨੇ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਇਸ ਲਈ ਹਨ ਕਿਉਂਕਿ ਇੱਥੇ ਹਿੰਦੂ, ਮੁਸਲਿਮ, ਸਿੱਖ,ਇਸਾਈ ਚਾਰਾਂ ਦਿਸ਼ਾਵਾਂ ਵਿੱਚੋਂ ਕਿਤੋਂ ਵੀ ਆਵੇ ਉਸ ਦਾ ਬਿਨਾਂ ਭੇਦ-ਭਾਵ ਸਵਾਗਤ ਹੁੰਦਾ ਹੈ ਤੇ ਬਿਨਾਂ ਰੋਕ-ਟੋਕ ਇਨਸਾਨ ਇੱਥੇ ਆਪਣੀ ਆਸਥਾ ਦਾ ਪ੍ਰਗਟਾਵਾ ਕਰ ਸਕਦਾ ਹੈ, ਪਰ ਇੰਝ ਜਾਪਦਾ ਹੈ ਕਿ ਅੱਜ ਕੱਲ ਸਿਆਸਤ ਇੱਥੇ ਵੀ ਭਾਰੂ ਹੈ ਤੇ ਹਾਲਾਤ ਇਹ ਬਣ ਚੁੱਕੇ ਹਨ ਕਿ ਇਹ ਭੇਦ-ਭਾਵ ਦੇ ਦੋਸ਼ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਜਾ ਪੁੱਜੇ ਹਨ ਜਿੱਥੇ ਸੇਵਾ ਮੁਕਤ ਜ਼ਸਟਿਸ ਦੀ ਅਗਵਾਈ ਵਾਲੀ ਪੰਜਾਬ ਮਨੁੱਖ ਅਧਿਕਾਰ ਸੰਸਥਾ ਨੇ ਸ਼ਿਕਾਇਤ ਕੀਤੀ ਹੈ ਕਿ ਐਸਜੀਪੀਸੀ ਵੱਲੋਂ ਗੁਰਦੁਆਰਾ ਬਾਬਾ ਗੁਰਬਖ਼ਸ ਸਿੰਘ ਵਿਖੇ ਬਾਦਲ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਇੰਨਸਾਨ ਦੇ ਆਖੰਡ ਪਾਠ ਸਾਹਿਬ ਦੀ ਵਾਰੀ ਬੁੱਕ ਨਹੀਂ ਕੀਤੀ ਜਾ ਰਹੀ ਤੇ ਇਸ ਸੰਸਥਾ ਨੇ ਇਸ ਸਬੰਧੀ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਇਸ ਸਬੰਧ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਸੰਸਥਾ ਦੇ ਆਗੂ ਜਸਟਿਸ ਬੈਂਸ ਨੇ ਦੋਸ਼ ਲਾਇਆ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਥਿਤ ਗੁਰਦੁਆਰਾ ਬਾਬਾ ਬਖਸੀਸ਼ ਸਿੰਘ ਵਿਖੇ ਉਨ੍ਹਾਂ ਨੇ ਸ਼੍ਰੀ ਆਖੰਡ ਸਾਹਿਬ ਬੁੱਕ ਕਰਵਾਉਣ ਲਈ ਸੰਪਰਕ ਕੀਤਾ ਸੀ ਪਰ ਉੱਥੇ ਬੈਠੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਇਹ ਕਹਿ ਕੇ ਉਨ੍ਹਾਂ ਦਾ ਆਖੰਡ ਪਾਠ ਸਾਹਿਬ ਬੁੱਕ ਕਰਨ ਤੋਂ ਨਾਂ ਕਰ ਦਿੱਤੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਧਿਕਾਰੀਆਂ ਦੇ ਹੁਕਮ ਹਨ ਕਿ ਇਸ ਜਗ੍ਹਾ ਆਮ ਸੰਗਤ ਵੱਲੋਂ ਰਖਵਾਏ ਜਾਣ ਵਾਲੇ ਆਖੰਡ ਪਾਠ ਸਾਹਿਬ ਦੀ ਬੁਕਿੰਗ ਨਾ ਕੀਤੀ ਜਾਵੇ। ਜਸਟਿਸ ਅਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਸਬੰਧੀ ਆਡੀਓ ਰਿਕਾਰਡਿੰਗ ਵੀ ਮੌਜੂਦ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਜਗ੍ਹਾ ਸਾਲ 2012 ਤੋਂ ਲਗਾਤਾਰ ਬਾਦਲ ਪਰਿਵਾਰ ਵੱਲੋਂ ਹੀ ਸ਼੍ਰੀ ਆਖੰਡ ਪਾਠ ਸਾਹਿਬ ਹੀ ਕਰਵਾਏ ਜਾ ਰਹੇ ਹਨ ਜਿਸ ਬਾਰੇ ਸ਼੍ਰੋਮਣੀ ਕਮੇਟੀ ਅਮਲੇ ਦਾ ਕਹਿਣਾ ਹੈ ਕਿ ਇੱਥੇ ਸੰਨ 2022 ਤੱਕ ਲਗਾਤਾਰ ਅਖੰਡ ਪਾਠ ਦੀ ਬੁਕਿੰਗ ਪਹਿਲਾਂ ਹੀ ਚੱਲ ਰਹੀ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਸ਼ਿਕਾਇਤ ਪੱਤਰ ਜਥੇਬੰਦੀ ਦੇ ਕਾਰਕੁਨ ਸਰਬਜੀਤ ਸਿੰਘ ਵੇਰਕਾ ਤੇ ਹੋਰਨਾਂ ਰਾਹੀਂ ਅਕਾਲ ਤਖ਼ਤ ਦੇ ਸਕੱਤਰੇਤ ’ਚ ਦੇ ਦਿੱਤਾ ਹੈ।
ਇੱਧਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ ਹੁਣ ਧਿਆਨ ਵਿੱਚ ਆ ਗਿਆ ਹੈ ਲਿਹਾਜ਼ਾ ਇਸ ਦੀ ਜਾਂਚ ਕਰਕੇ ਪਤਾ ਲਗਾਉਣਗੇ ਕਿ ਅਜਿਹਾ ਕਿਉਂ ਹੋ ਰਿਹਾ ਹੈ।

Share this Article
Leave a comment