Breaking News

ਦਿੱਲੀ ਦੇ ਲਾਲ ਕਿਲੇ ‘ਤੇ ਕਿਸ ਨੇ ਲਹਿਰਾਇਆ ਸੀ ਕੇਸਰੀ ਝੰਡਾ

-ਅਵਤਾਰ ਸਿੰਘ

ਅੱਜ 11 ਮਾਰਚ,1783 ਦੇ ਦਿਨ ਪੰਜਾਬੀ ਸਿੱਖ ਜਰਨੈਲਾਂ ਵਲੋਂ ਦਿੱਲੀ ਦੇ ਲਾਲ ਕਿਲੇ ‘ਤੇ ਸਰਦਾਰ ਬਘੇਲ ਸਿੰਘ ਤੇ ਹੋਰ ਸਰਦਾਰਾਂ ਨੇ ਰਲ ਕੇ ਕੇਸਰੀ ਝੰਡਾ ਲਹਿਰਾਇਆ ਸੀ। ਸਰਦਾਰ ਬਘੇਲ ਸਿੰਘ ਦਾ ਜਨਮ 1725 ਦੇ ਲਗਭਗ ਪਿੰਡ ਝਬਾਲ ਜ਼ਿਲਾ ਅੰਮ੍ਰਿਤਸਰ (ਤਰਨਤਾਰਨ) ਵਿੱਚ ਹੋਇਆ ਸੀ।

ਭਰਾਵਾਂ ਨਾਲ ਮਤਭੇਦ ਹੋਣ ਤੇ ਉਹ ਦਲ ਖਾਲਸਾ ਵਿੱਚ ਸ਼ਾਮਲ ਹੋ ਗਏ।ਅਠਾਰਵੀਂ ਸਦੀ ਦੌਰਾਨ ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਆਪਣੀ ਰਾਜਸੀ ਸੂਝ ਬੂਝ, ਸਾਹਸ ਤੇ ਦਲੇਰੀ ਨਾਲ ਕਰੋੜਸਿੰਘੀਆ ਮਿਸਲ ਦੇ ਜਥੇਦਾਰ ਬਣੇ। ਸਿੱਖ ਮਿਸਲਦਾਰਾਂ ਦਾ ਨਿਸ਼ਾਨਾ ਸਾਂਝੇ ਦੁਸ਼ਮਣ ਨੂੰ ਦੇਸ਼ ਵਿਚੋਂ ਭਜਾਉਣਾ ਸੀ।ਉਨ੍ਹਾਂ ਕਰਨਾਲ ਦੇ ਲਾਗੇ ਛਲੋਦੀ ਨੂੰ ਰਾਜਧਾਨੀ ਬਣਾਇਆ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਰਲ ਕੇ 1764 ਵਿੱਚ ਜਮਨਾ ਪਾਰ ਕਰਕੇ ਸਹਾਰਨਪੁਰ ਤੇ ਹੋਰ ਇਲਾਕਿਆਂ ‘ਤੇ ਕਬਜਾ ਕੀਤਾ।

1767 ਅਹਿਮਦ ਸ਼ਾਹ ਅਬਦਾਲੀ ਨੇ ਜਹਾਨ ਖਾਨ ਨੂੰ 8000 ਸੈਨਿਕ ਦੇ ਕੇ ਭੇਜਿਆ।ਜੰਗ ਦੌਰਾਨ ਬਘੇਲ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ, ਪਰ ਜਹਾਨ ਖਾਨ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਅਗਲੇ ਸਾਲ ਹੀ ਸਿਆਲਕੋਟ ਤੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਅਹਿਮਦਸ਼ਾਹ ਅਬਦਾਲੀ ਸੈਂਕੜੇ ਔਰਤਾਂ ਨੂੰ ਬੰਦੀ ਬਣਾ ਕੇ ਕਾਬਲ ਵਾਪਸ ਪਰਤ ਰਿਹਾ ਸੀ ਤਾਂ ਜਥੇਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੇ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਨੇ ਔਰਤਾਂ ਨੂੰ ਛੁਡਾ ਲਿਆ।

1779 ਵਿੱਚ ਇਨ੍ਹਾਂ ਜਰਨੈਲਾਂ ਨੇ ਅਬਦੁਲ ਅਹਿਮਦ ਖਾਂ ਨੂੰ ਹਮਲੇ ਵਿੱਚ ਸੱਤ ਲੱਖ ਰੁਪਏ ਲੈ ਕੇ ਪਟਿਆਲੇ ਤੋਂ ਭੱਜਣ ਲਈ ਮਜਬੂਰ ਕਰ ਦਿਤਾ। 1765 ਤੋਂ 1787 ਤਕ ਸਿੱਖਾਂ ਨੇ ਦਿੱਲੀ ਉਤੇ 15 ਹਮਲੇ ਕੀਤੇ। ਜਥੇਦਾਰ ਬਘੇਲ ਸਿੰਘ ਨੇ ਪਹਿਲਾ ਹਮਲਾ 18 ਜਨਵਰੀ 1774, ਦੂਜਾ ਹਮਲਾ 15 ਜੁਲਾਈ 1775 ਕੀਤਾ।ਹਰ ਵਾਰ ਲੁੱਟ ਮਾਰ ਕੇ ਵਾਪਸ ਚਲੇ ਜਾਂਦੇ ਰਹੇ।

ਆਖਰੀ ਹਮਲੇ ਵਿਚ ਦਿੱਲੀ ਦੇ ਮੁਗਲ ਸ਼ਾਹ ਆਲਮ ਦੂਜੇ ਨੂੰ ਕਿਲੇ ਅੰਦਰ ਹੀ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ।ਜਥੇਦਾਰ ਬਘੇਲ ਸਿੰਘ ਨੇ ਆਪਣੀਆਂ ਜੇਤੂ ਫੌਜਾਂ ਨਾਲ 11 ਮਾਰਚ 1783 ਨੂੰ ਕਿਲੇ ਦੇ ਮੁੱਖ ਦੁਆਰ ਤੇ ਕੇਸਰੀ ਝੰਡਾ ਲਹਿਰਾਇਆ। ਦੀਵਾਨ-ਏ-ਆਮ ਵਿੱਚ ਦਰਬਾਰ ਲਾ ਕੇ ਬਜ਼ੁਰਗ ਨੇਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਐਲਾਨ ਦਿੱਤਾ।

10-11 ਮਾਰਚ, 1746 ਨੂੰ ਦੀਵਾਨ ਲਖਪਤ ਰਾਏ ਨੇ 1000 ਤੋਂ ਵੱਧ ਸਿੱਖ ਸ਼ਹੀਦ ਕੀਤੇ* ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੀ ਸਿਖਾਂ ਨਾਲ ਹੋਈ ਲੜਾਈ ਵਿਚ ਮੌਤ ਹੋ ਗਈ ਤਾਂ ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਾਹੌਰ ਦੇ ਸ਼ਾਹੀ ਗਵਰਨਰ ਯਹੀਆ ਖਾਂ ਤੋਂ ਫੌਜ ਲੈ ਕੇ ਮਾਰਚ,1746 ਵਿੱਚ ਸਾਰੇ ਸਿੱਖ ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਦਾ ਦੌਰ ਸ਼ੁਰੂ ਕਰ ਦਿੱਤਾ। ਇਕ ਹਫ਼ਤੇ ਵਿੱਚ ਹੀ ਲਖਪਤ ਰਾਏ ਵਲੋਂ ਇਕ ਹਜ਼ਾਰ ਤੋਂ ਵੱਧ ਸਿੱਖ ਗਿ੍ਫ਼ਤਾਰ ਕਰ ਲਏ ਗਏ।ਲਖਪਤ ਰਾਏ ਨੇ ਇਨ੍ਹਾਂ ਸਾਰਿਆਂ ਨੂੰ ਕਤਲ ਕਰਨ ਵਾਸਤੇ 10 ਮਾਰਚ, 1746 ਦਾ ਦਿਨ ਮੁਕਰਰ ਕਰ ਦਿੱਤਾ।

ਇਸ ਦਿਨ ਹਿੰਦੂਆਂ ਦਾ ਤਿਉਹਾਰ ‘ਸੋਮਾਵਤੀ ਮਸਿਆ’ (ਉਹ ਮਸਿਆ ਜਿਸ ਦਿਨ ਸੋਮਵਾਰ ਵੀ ਹੁੰਦਾ ਹੈ, ਕੁੱਝ ਹਿੰਦੂ ਇਸ ਨੂੰ ਵੀ ਪਵਿੱਤਰ ਸਮਝਦੇ ਹਨ) ਸੀ ਇਸ ਕਰ ਕੇ ਬਹੁਤ ਸਾਰੇ ਮੁਖੀ ਹਿੰਦੂਆਂ ਨੇ ਲਖਪਤ ਨੂੰ ਮਿਲ ਕੇ ਇਨ੍ਹਾਂ ਸਾਰਿਆਂ ਨੂੰ ਸ਼ਹੀਦ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।

ਇਨ੍ਹਾਂ ਦੀ ਅਗਵਾਈ ਲਖਪਤ ਰਾਏ ਦਾ ਉਸਤਾਦ ਗੋਸਾਈ ਜਗਤ-ਭਗਤ ਕਰ ਰਿਹਾ ਸੀ, ਪਰ ਲਖਪਤ ਰਾਏ ਤਾਂ ਸਿੱਖਾਂ ਵਾਸਤੇ ਨਫ਼ਰਤ ਦੀ ਅੱਗ ਵਿਚ ਏਨਾ ਮੱਚ ਰਿਹਾ ਸੀ ਕਿ ਉਸ ਨੇ ਕਿਸੇ ਦੀ ਵੀ ਪ੍ਰਵਾਹ ਨਾ ਕੀਤੀ।ਹੋਰ ਤਾਂ ਹੋਰ, ਉਸ ਨੇ ਸਿੱਖਾਂ ਦੇ ਕਤਲੇਆਮ ਦਾ ਦਿਨ ਮੁਲਤਵੀ ਕਰਨ ਤੋਂ ਵੀ ਨਾਂਹ ਕਰ ਦਿੱਤੀ।

ਲਖਪਤ ਰਾਏ ਨੇ ਉਨ੍ਹਾਂ ਨੂੰ ਕਿਹਾ ਤੁਸੀ ਤਾਂ ਕੀ, ‘ਜੇ ਮੈਨੂੰ ਰੱਬ ਵੀ ਆਖੇ ਤਾਂ ਮੈਂ ਉਸ ਦੀ ਪ੍ਰਵਾਹ ਵੀ ਨਹੀਂ ਕਰਾਂਗਾ।’ ਇਸ ‘ਤੇ ਗੋਸਾਈ ਜਗਤ-ਭਗਤ ਨੇ ਲਖਪਤ ਰਾਏ ਨੂੰ ਕਿਹਾ, ”ਤੂੰ ਅਪਣੀ ਨਫ਼ਰਤ ਦੇ ਜ਼ਹਿਰ ਵਿਚ ਡੁੱਬ ਕੇ ਹੀ ਮਰ ਜਾਵੇਂਗਾ ਤੇ ਤੇਰੇ ਖ਼ਾਨਦਾਨ ਦਾ ਨਾਂ-ਨਿਸ਼ਾਨ ਵੀ ਬਾਕੀ ਨਹੀਂ ਰਹੇਗਾ।’

ਇਹ ਸੁਣ ਕੇ ਫਿਰ ਵੀ ਲਖਪਤ ਨਾ ਹਟਿਆ, ਅਖ਼ੀਰ 10 ਮਾਰਚ, 1746 (12 ਚੇਤ ਸੰਮਤ 1802) ਦੇ ਦਿਨ ਲਾਹੌਰ ਦੇ ਨਖਾਸ ਚੌਕ ਵਿੱਚ ਇਕ ਹਜ਼ਾਰ ਤੋਂ ਵੱਧ ਸਿੱਖ ਸ਼ਹੀਦ ਕੀਤੇ ਗਏ।ਇਨ੍ਹਾਂ ਵਿਚ ਭਾਈ ਸੁਬੇਗ ਸਿੰਘ ਅਤੇ ਉਨ੍ਹਾਂ ਦਾ ਬੇਟਾ ਭਾਈ ਸ਼ਾਹਬਾਜ਼ ਸਿੰਘ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਚਰਖੜੀ ‘ਤੇ ਚਾੜ੍ਹ ਕੇ, ਉਨ੍ਹਾਂ ਦਾ ਜਿਸਮ ਨੋਚ-ਨੋਚ ਕੇ ਸ਼ਹੀਦ ਕੀਤਾ ਗਿਆ। ਇਸ ਮੌਕੇ ‘ਤੇ ਇਕ ਹਿੰਦੂ-ਪਹਾੜੀ ਰਿਆਸਤ ਦੇ ਰਾਜੇ ਨੇ ਵੀ ਅਪਣੇ ਕੋਲ ਕੰਮ ਕਰਦੇ 15 ਸਿੱਖ ਲਖਪਤ ਰਾਏ ਦੇ ਹਵਾਲੇ ਕਰ ਦਿੱਤੇ। ਇਨ੍ਹਾਂ ਨੂੰ ਵੀ ਨਖਾਸ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ।

Check Also

ਬਜਟ: ਪੰਜਾਬ ਦੇ ਪੱਲੇ ਕੁੱਝ ਨਾਂ ਪਿਆ

ਜਗਤਾਰ ਸਿੰਘ ਸਿੱਧੂ; ਮੈਨੇਜਿੰਗ ਐਡੀਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਖਰੀ ਬਜਟ ਜਿਥੇ ਮੱਧਵਰਗ ਨੂੰ …

Leave a Reply

Your email address will not be published. Required fields are marked *