Home / ਓਪੀਨੀਅਨ / ਕੋਰੋਨਾਵਾਇਰਸ : ਕੀ ਲੌਕਡਾਊਨ ਵਧੇਗਾ ?

ਕੋਰੋਨਾਵਾਇਰਸ : ਕੀ ਲੌਕਡਾਊਨ ਵਧੇਗਾ ?

-ਅਵਤਾਰ ਸਿੰਘ

ਕੋਰੋਨਾਵਾਇਰਸ ਦੇ ਦੁਨੀਆਂ ਭਰ ਵਿੱਚ ਮਾਮਲੇ 52 ਲੱਖ ਤੋਂ ਵੱਧ ਹੋ ਗਏ ਅਤੇ 3.38 ਲੱਖ ਤੋਂ ਵੱਧ ਮੌਤਾਂ ਹੋ ਗਈਆਂ ਹਨ। ਇਕੱਲਾ ਬ੍ਰਾਜੀਲ ਕੋਰੋਨਾਵਾਇਰਸ ਤੋਂ ਦੁਨੀਆਂ ਦਾ ਦੂਜਾ ਅਤੇ ਸਭ ਤੋਂ ਵੱਧ ਪ੍ਰਭਾਵਿਤ ਦੇਸ ਬਣ ਗਿਆ ਹੈ। ਭਾਰਤ ਵਿੱਚ ਇਸ ਦੇ 1.25 ਲੱਖ ਤੋਂ ਵੱਧ ਮਾਮਲੇ ਅਤੇ ਲਗਪਗ 3720 ਮੌਤਾਂ ਹੋਈਆਂ ਹਨ। ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 2029 ਤਕ ਪਹੁੰਚ ਗਏ ਹਨ ਜਦਕਿ ਮੌਤਾਂ ਦੀ ਗਿਣਤੀ 39 ਹੈ। ਪੰਜਾਬ ਸਰਕਾਰ ਰਾਜ ਵਿੱਚ ਰਿਕਵਰੀ 90 ਫ਼ੀਸਦ ਹੋਣ ਦਾ ਦਾਅਵਾ ਕਰ ਰਹੀ ਹੈ। ਹੁਣ ਸਵਾਲ ਹੈ ਕਿ ਕੀ ਭਾਰਤ ਵਿੱਚ ਅਗਲੇ ਗੇੜ ਦਾ ਲੌਕਡਾਊਨ ਵਧੇਗਾ?

ਦੇਸ਼ ਵਿੱਚ ਰੇਲ ਸੇਵਾ ਹੌਲੀ ਹੌਲੀ ਸ਼ੁਰੂ ਕੀਤੀ ਜਾ ਰਹੀ ਹੈ। ਸ਼੍ਰਮਿਕ ਗੱਡੀਆਂ ਤੋਂ ਬਾਅਦ ਰਾਜਧਾਨੀ ਰੂਟ ‘ਤੇ 30 ਦੇ ਕਰੀਬ ਰੇਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਹਿਲੀ ਜੂਨ ਤੋਂ ਦੋ ਸੌ ਹੋਰ ਗੱਡੀਆਂ ਚਲਾਈਆਂ ਜਾਣਗੀਆਂ। ਰਿਪੋਰਟਾਂ ਮੁਤਾਬਿਕ 25 ਮਈ ਤੋਂ ਹਵਾਈ ਸੇਵਾ ਵੀ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਵਾਜਾਈ ਦੇ ਇਹ ਸਾਧਨ ਸਭ ਤੋਂ ਅਖੀਰ ਵਿੱਚ ਸ਼ੁਰੂ ਕੀਤੇ ਜਾਣਗੇ। ਇਸ ਤੋਂ ਸੰਕੇਤ ਮਿਲ ਰਹੇ ਕਿ ਦੇਸ਼ ਵਿੱਚ ਲੌਕਡਾਊਨ ਹੋਰ ਨਹੀਂ ਵਧੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਕਾਰੋਬਾਰੀਆਂ ਦੇ ਦਬਾਅ ਕਾਰਨ ਮੌਜੂਦਾ ਲੌਕਡਾਊਨ ਵਿੱਚ ਛੋਟਾਂ ਮਿਲੀਆਂ ਹਨ। ਲੱਗਦਾ ਕਿ ਹੁਣ ਲੌਕਡਾਊਨ ਤੋਂ ਛੁਟਕਾਰਾ ਮਿਲ ਜਾਵੇਗਾ। ਚੌਥੇ ਗੇੜ ਦਾ ਲੌਕਡਾਊਨ 31 ਮਈ ਤਕ ਹੈ। ਇਸ ਦੌਰਾਨ ਕਈ ਕੰਮ ਸ਼ੁਰੂ ਕਰਨ ਦੀ ਛੋਟ ਮਿਲੀ ਹੈ। ਇਸ ਤੋਂ ਬਾਅਦ ਲੋਕਾਂ ਦਾ ਕੰਮ ‘ਤੇ ਜਾਣਾ ਸ਼ੁਰੂ ਹੋ ਗਿਆ ਹੈ। ਸੜਕਾਂ ਉਪਰ ਦੋ ਅਤੇ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਨਜ਼ਰ ਆਉਣ ਲੱਗੀ ਹੈ। ਅੰਤਰਰਾਜੀ ਮੁਸਾਫ਼ਿਰ ਵਾਹਨ ਦੋ ਰਾਜਾਂ ਦੀ ਆਪਸੀ ਸਹਿਮਤੀ ਤੋਂ ਬਾਅਦ ਇਜਾਜ਼ਤ ਮਿਲ ਗਈ ਹੈ।

ਲੋਕਾਂ ਦਾ ਵੱਡੀ ਗਿਣਤੀ ਵਿੱਚ ਇਕੱਠੇ ਹੋਣ ‘ਤੇ ਅਜੇ ਵੀ ਪਾਬੰਦੀ ਜਾਰੀ ਹੈ। ਸਾਰੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਜਿੰਮ, ਸਵਿਮਿੰਗ ਪੂਲ, ਥਿਏਟਰ ਅਤੇ ਬਾਰ ਬੰਦ ਰਖੇ ਗਈ ਹਨ। ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਸੀ, ਜਿਨ੍ਹਾਂ ਨੇ ਪਹਿਲਾਂ ਹੀ ਸਫ਼ਰ ਕਰਨ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ। ਸ਼ੁਰੂਆਤੀ ਦੌਰ ਵਿੱਚ ਬਹੁਤ ਸਾਰੇ ਲੋਕਾਂ ਦਾ ਵੀਜ਼ਾ ਲਗਾਣਾ ਬੰਦ ਕਰ ਦਿੱਤਾ ਗਿਆ ਸੀ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ। ਲੌਕਡਾਊਨ ਸ਼ੁਰੂ ਹੁੰਦੇ ਹੀ ਦੇਸ਼ ਵਿਚ ਰੇਲ ਗੱਡੀਆਂ ਅਤੇ ਹਵਾਈ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਸਨ।

25 ਮਈ ਨੂੰ ਲੌਕਡਾਊਨ ਨੂੰ ਦੋ ਮਹੀਨੇ ਹੋ ਜਾਣਗੇ। ਇਸ ਲਗਾਤਾਰ ਚਲ ਰਹੇ ਲੌਕਡਾਊਨ ਨੇ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਵੀ ਖੜੀਆਂ ਕਰ ਦਿੱਤੀਆਂ ਹਨ। ਜਦੋਂ 21 ਦਿਨ ਦੇ ਲੌਕਡਾਊਨ ਦਾ ਪਹਿਲਾ ਗੇੜ ਖਤਮ ਹੋਇਆ ਅਤੇ ਇਸ ਨੂੰ ਅੱਗੇ ਵਧਾਇਆ ਗਿਆ ਸੀ ਉਦੋਂ ਤੋਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਸਾਹਮਣੇ ਇਕ ਹੋਰ ਵੱਡੀ ਮੁਸੀਬਤ ਆ ਗਈ ਸੀ। ਇਸ ਤੋਂ ਪ੍ਰੇਸ਼ਾਨ ਦਿਹਾੜੀਦਾਰ ਪ੍ਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਜਾਣ ਲਈ ਪੈਦਲ ਹੀ ਚੱਲ ਪਏ। ਉਨ੍ਹਾਂ ਲਈ ਵਿਸ਼ੇਸ਼ ਸ਼੍ਰਮਿਕ ਰੇਲ ਗੱਡੀਆਂ ਅਤੇ ਬੱਸਾਂ ਵੀ ਚਲਾਈਆਂ ਗਈਆਂ। ਪਰ ਫੇਰ ਵੀ ਪ੍ਰਵਾਸੀ ਮਜ਼ਦੂਰਾਂ ਦੀ ਚਿੰਤਾ ਖ਼ਤਮ ਨਹੀਂ ਹੋਈ। ਉਨ੍ਹਾਂ ਦਾ ਆਪਣੇ ਜੱਦੀ ਪਿੰਡਾੰ ਨੂੰ ਜਾਣਾ ਜਾਰੀ ਰਿਹਾ। ਹਾਲਾਂਕਿ ਮਈ ਮਹੀਨੇ ਦੇ ਸ਼ੁਰੂ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਮਨੋਬਲ ਵਧਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਛੇਤੀ ਹੀ ਪਬਲਿਕ ਟ੍ਰਾੰਸਪੋਰਟ ਸ਼ੁਰੂ ਕੀਤੀ ਜਾਵੇਗੀ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਖੋਲ੍ਹਣਾ ਇਸ ਲਈ ਜ਼ਰੂਰੀ ਹੋ ਗਿਆ ਕਿਓਂਕਿ ਇਸ ਨਾਲ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਵਾਭਿਤ ਹੋਇਆ ਹੈ। ਪਰ ਕੀ ਲੌਕਡਾਊਨ ਖੁੱਲ੍ਹਣ ਨਾਲ ਹਾਲਾਤ ਆਮ ਵਾਂਗ ਹੋ ਜਾਣਗੇ। ਸਰਕਾਰ ਕਹਿ ਰਹੀ ਹੈ ਕਿ ਰੇਲ ਗੱਡੀਆਂ, ਹਵਾਈ ਸੇਵਾ ਦੌਰਾਨ ਸੋਸ਼ਲ ਡਿਸਟੈਂਸਟਿੰਗ ਦਾ ਐਲਾਨ ਕੀਤਾ ਜਾਵੇਗਾ, ਹਰੇਕ ਇਹਤਿਆਤ ਵਰਤ ਕੇ ਕੋਰੋਨਾ ਤੋਂ ਬਚ ਕੇ ਜੀਣਾ ਸਿੱਖਣਾ ਹੋਵੇਗਾ।

ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲੌਕਡਾਊਨ ਖ਼ਤਮ ਕਰਨਾ ਖ਼ਤਰਨਾਕ ਵੀ ਹੋ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਉਦੋਂ ਖ਼ਤਮ ਕਰਨਾ ਚਾਹੀਦਾ ਜਦੋਂ ਕੇਸ ਘੱਟ ਹੋਣ ਲੱਗ ਜਾਣ। 200 ਹੋਰ ਰੇਲ ਗੱਡੀਆਂ ਵਧਾਉਣ ਦੀ ਤਿਆਰੀ ਹੋ ਰਹੀ ਹੈ। ਪਰ ਕੀ ਲੋਕ ਰੇਲ ਗੱਡੀਆਂ, ਬੱਸਾਂ ਵਿੱਚ ਸੋਸ਼ਲ ਡਿਸਟੇਨਸਿੰਗ ਦਾ ਧਿਆਨ ਰੱਖਣਗੇ। ਇਸ ਨਾਲ ਜਹਾਜ਼ ਵਿਚ ਇਕ ਸੀਟ ਖਾਲੀ ਰੱਖਣ ਨਾਲ ਆਰਥਿਕ ਬੋਝ ਵੀ ਵਧੇਗਾ।

ਵਿਸ਼ਵ ਸਿਹਤ ਸੰਗਠਨ ਮੁਤਾਬਿਕ ਦੁਨੀਆ ਭਰ ਵਿਚ ਵੀਰਵਾਰ ਤੋਂ ਪਹਿਲਾਂ 24 ਘੰਟਿਆਂ ਦੌਰਾਨ ਜੋ ਨਵੇਂ ਮਾਮਲੇ ਸਾਹਮਣੇ ਆਏ ਉਨ੍ਹਾਂ ਵਿੱਚ ਦੋ ਤਿਹਾਈ ਮਾਮਲੇ ਕੇਵਲ ਚਾਰ ਦੇਸ਼ਾਂ ਦੇ ਸਨ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ। ਡਬਲਯੂ ਐੱਚ ਓ ਨੇ ਬੁਧਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਇਹ ਨਾ ਸਮਝਿਆ ਜਾਵੇ ਕਿ ਇਹ ਖ਼ਤਮ ਹੋਣ ਵਾਲਾ ਹੈ।

ਜੇਨੇਵਾ ਵਿੱਚ ਵਿਸ਼ਵ ਸਿਹਤ ਸੰਗਠਨ ਮੁਖੀ ਟੇਡਰੋਸ ਐਡਹੇਨਾਮ ਗੈਬਰੀਯੈੱਸ ਨੇ ਕਿਹਾ ਹੈ ਕਿ ਜਿਵੇਂ ਜਿਵੇਂ ਅਮੀਰ ਅਤੇ ਵਿਕਸਤ ਦੇਸ਼ ਲੌਕਡਾਊਨ ਤੋਂ ਬਾਹਰ ਆ ਰਹੇ ਹਨ, ਕੋਰੋਨਾ ਵਾਇਰਸ ਦੀ ਲਾਗ ਗਰੀਬ ਦੇਸ਼ਾਂ ਵਿੱਚ ਫੈਲ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ। ਇਹ ਬੜੀ ਫਿਕਰ ਵਾਲੀ ਗੱਲ ਹੈ ਕਿ ਮਹਾਮਾਰੀ ਹੁਣ ਨਿਮਨ ਅਤੇ ਮੱਧ ਵਰਗ ਦੇ ਆਮਦਨ ਵਾਲੇ ਦੇਸ਼ਾਂ ਵਿੱਚ ਵੱਧ ਰਹੀ ਹੈ।

ਚੀਨ ਵਿਚ ਨਵੇਂ ਮਾਮਲੇ ਆਉਣ ਲੱਗ ਗਏ ਹਨ, ਦੱਖਣੀ ਕੋਰੀਆ ਵਿੱਚ ਵੀ ਨਾਈਟ ਕਲੱਬ ਨਾਲ ਜੁੜੇ ਮਾਮਲੇ ਦੇਖੇ ਗਈ ਹਨ। ਇਸ ਤੋਂ ਬਾਅਦ ਮੁੜ ਤੋਂ ਪਾਬੰਦੀਆਂ ਲਗਾਈਆਂ ਗਈਆਂ ਹਨ।

ਸੰਪਰਕ : 78889-73676

Check Also

ਨਵੀਂ ਸਿੱਖਿਆ ਨੀਤੀ – ਨਿੱਜੀਕਰਨ ਅਤੇ ਕੇਂਦਰੀਕਰਨ ਵੱਲ ਅਗਲਾ ਕਦਮ

-ਗੁਰਮੀਤ ਸਿੰਘ ਪਲਾਹੀ ਕੋਰੋਨਾ ਕਾਲ ‘ਚ ਇੱਕ ਤੋਂ ਬਾਅਦ ਇੱਕ ਨਵੇਂ ਆਰਡੀਨੈਂਸ, ਇੱਕ ਤੋਂ ਬਾਅਦ …

Leave a Reply

Your email address will not be published. Required fields are marked *