ਪੰਜਾਬ ਸਰਕਾਰ ਦੇ ਵੇਖੋ ਢੰਗ , ਬਾਹਰਲਿਆਂ ਨੂੰ ਗੱਫੇ ਤੇ ਪੰਜਾਬੀਆਂ ਨੂੰ ਕੀਤਾ ਤੰਗ

TeamGlobalPunjab
6 Min Read

ਸੁਬੇਗ ਸਿੰਘ

ਵੈਸੇ ਤਾਂ, ਸਾਰੀ ਦੁਨੀਆਂ ਹੀ ਇੱਕ ਇਕਾਈ ਹੈ ਅਤੇ ਇਹ ਦੁਨੀਆਂ ਦੇ ਸਾਰੇ ਲੋਕਾਂ ਦੀ ਸਰਵ ਸਾਂਝੀ ਜਾਇਦਾਦ ਹੈ।ਇਸ ਲਈ,ਇਹ ਕਿਸੇ ਇੱਕ ਵਿਅਕਤੀ ਜਾਂ ਕਿਸੇ ਰਾਜੇ ਮਹਾਰਾਜੇ ਦੀ ਨਿੱਜੀ ਮਲਕੀਅਤ ਨਹੀਂ ਹੋ ਸਕਦੀ।ਦੁਨੀਆਂ ਦਾ ਕੋਈ ਵੀ ਵਿਅਕਤੀ,ਦੁਨੀਆਂ ਦੇ ਕਿਸੇ ਵੀ ਹਿੱਸੇ ਚ ਜਾ ਕੇ ਘੁੰਮ ਫਿਰ ਸਕਦਾ ਹੈ,ਰਹਿ ਸਕਦਾ ਹੈ ਜਾਂ ਫਿਰ ਆਪਣੀ ਜੀਵਨ ਰੂਪੀ ਗੱਡੀ ਨੂੰ ਅੱਗੇ ਤੋਰਨ ਦੇ ਲਈ,ਰੁਜਗਾਰ ਦਾ ਕੋਈ ਨਾ ਕੋਈ ਹੀਲਾ ਵਸੀਲਾ ਵੀ ਕਰ ਸਕਦਾ ਹੈ।ਪਰ ਫੇਰ ਵੀ,ਸਮੇਂ ਦੀਆਂ ਸਰਕਾਰਾਂ,ਆਪਣੇ ਵੱਲੋਂ ਕੁੱਝ ਅਜਿਹੇ ਕਾਨੂੰਨ ਬਣਾਉਂਦੀਆਂ ਹਨ।ਜਿਸਦੇ ਤਹਿਤ,ਉਸ ਦੇਸ਼ ਜਾਂ ਸੂਬੇ ਦੇ,ਹਰ ਵਿਅਕਤੀ ਨੂੰ ਉਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨੀ ਹੀ ਪੈਂਦੀ ਹੈ। ਕਿਸੇ ਵੀ ਦੇਸ਼ ਜਾਂ ਸੂਬੇ ਦੀਆਂ ਸਰਕਾਰਾਂ ਵੱਲੋਂ ਬਣਾਏ ਹੋਏ,ਨਿਯਮਾਂ ਦੇ ਤਹਿਤ ਹੀ,ਹਰ ਵਿਅਕਤੀ ਨੂੰ ਉੱਥੇ ਰਹਿਣ,ਕੋਈ ਕੰਮ ਕਰਨ ਜਾਂ ਫਿਰ ਕਿਸੇ ਵੀ ਕਿਸਮ ਦੀ ਜਾਇਦਾਦ ਖਰੀਦਣ ਤੇ ਵੇਚਣ ਲਈ ਕੁੱਝ ਸ਼ਰਤਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ।ਅਗਰ ਕੋਈ ਵਿਅਕਤੀ,ਉਨ੍ਹਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ,ਤਾਂ ਉਸ ਵਿਅਕਤੀ ਨੂੰ ਉਸ ਸੂਬੇ ਜਾਂ ਉਸ ਦੇਸ਼ ਚ ਆਉਣ ਜਾਣ,ਕੋਈ ਕੰਮ ਜਾਂ ਵਪਾਰ ਕਰਨ,ਉੱਥੇ ਪੱਕੇ ਤੌਰਤੇ ਰਹਿਣ ਅਤੇ ਉੱਥੇ ਕਿਸੇ ਕਿਸਮ ਦੀ ਕੋਈ ਜਾਇਦਾਦ ਖਰੀਦਣ ਤੇ ਵੇਚਣ ਉੱਤੇ ਪੂਰਨ ਪਾਬੰਦੀ ਹੁੰਦੀ ਹੈ।ਭਾਵੇਂ ਉਹ ਵਿਅਕਤੀ,ਉਸ ਦੇਸ਼,ਕਿਸੇ ਦੂਸਰੇ ਸੂਬੇ ਦਾ ਵਿਅਕਤੀ ਹੋਵੇ ਜਾਂ ਫਿਰ ਕਿਸੇ ਦੂਸਰੇ ਦੇਸ਼ ਦਾ ਹੀ ਕਿਉਂ ਨਾ ਹੋਵੇ।ਸਾਰਿਆਂ ਲਈ,ਉਹ ਸ਼ਰਤਾਂ ਪੂਰੀਆਂ ਕਰਨੀਆਂ ਜਰੂਰੀ ਹੁੰਦੀਆਂ ਹਨ।

 

ਇੰਨ੍ਹਾਂ ਕਾਨੂੰਨਾਂ ਜਾਂ ਨਿਯਮਾਂ ਦੇ ਤਹਿਤ,ਦੂਸਰੇ ਦੇਸ਼ਾਂ ਦੇ,ਆਪੋ ਆਪਣੇ ਵੱਖੋ ਵੱਖਰੇ ਕਾਨੂੰਨ ਹੋ ਸਕਦੇ ਹਨ,ਇਹ ਤਾਂ ਸਮਝ ਚ ਆਉਂਦਾ ਹੈ।ਪਰ ਇੱਕੋ ਦੇਸ਼ ਚ,ਕਿਸੇ ਇੱਕ ਸੂਬੇ ਦੇ ਦੂਸਰੇ ਸੂਬੇ ਲਈ ਹੋਰ ਕਾਨੂੰਨ ਹੋਣ ਅਤੇ ਦੂਸਰੇ ਸੂਬੇ ਦੇ ਉਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ,ਹੋਰ ਕਾਨੂੰਨ ਹੋਣ।ਇਹ ਗੱਲ ਸਮਝ ਤੋਂ ਬਾਹਰ ਹੈ।ਇਹ ਤਾਂ ਪੰਜਾਬੀ ਦੀ ਉਸ ,
*ਇੱਕ ਤੌੜੀ ਦੋ ਢਿੱਡ!*
ਵਾਲੀ ਕਹਾਵਤ ਦੇ ਵਾਂਗ ਹੈ,ਜਿਸ ਵਿੱਚ ਤੌੜੀ ਉਪਰੋਂ ਭਾਵੇਂ,ਇੱਕ ਹੀ ਲੱਗਦੀ ਹੋਵੇ ਅਤੇ ਇੱਕ ਹੀ ਹੋਵੇ।ਪਰ ਉਹਦੇ ਵਿੱਚ ਦੋ ਤਰ੍ਹਾਂ ਦੀ ਦਾਲ ਰਿੰਨ੍ਹੀ ਜਾ ਰਹੀ ਹੋਵੇ।ਬਿਲਕੁਲ,ਇਹੋ ਜਿਹਾ ਵਰਤਾਰਾ ਹੀ ਸਮੇਂ ਦੀਆਂ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ,ਆਪਣੇ ਵੋਟ ਬੈਂਕ ਦੀ ਖਾਤਰ ਅਤੇ ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ ਅਕਸਰ ਕਰਦੀਆਂ ਹੀ ਰਹਿੰਦੀਆਂ ਹਨ।ਕਿਉਂਕਿ ਰਾਜਨੀਤਕ ਲੋਕਾਂ ਜਾਂ ਸਮੇਂ ਦੀਆਂ ਸਰਕਾਰਾਂ ਨੂੰ,ਦੇਸ਼ ਜਾਂ ਸੂਬੇ ਦੀ ਜਨਤਾ ਦਾ ਕੋਈ ਫਿਕਰ ਨਹੀਂ ਹੁੰਦਾ,ਸਗੋਂ ਉਹ ਤਾਂ ਆਪਣੇ ਨਿੱਜੀ ਫਾਇਦੇ ਲਈ ਜਾਂ ਫਿਰ ਆਪਣੀ ਕੁਰਸੀ ਦੀ ਸਲਾਮਤੀ ਲਈ, ਆਪਣੇ ਦੇਸ਼ ਜਾਂ ਆਪਣੇ ਸੂਬੇ ਦੇ ਲੋਕਾਂ ਦੀ ਹਰ ਕੁਰਬਾਨੀ ਕਰਨ ਨੂੰ ਹਮੇਸ਼ਾ ਤਿਆਰ ਵੀ ਰਹਿੰਦੇ ਹਨ ਅਤੇ ਇਹ ਕੁਰਬਾਨੀ ਝੱਟ ਦੇ ਵੀ ਦਿੰਦੇ ਹਨ।ਕਿਉਂਕਿ ਇਹ ਲੋਕ,ਸਮਾਜ ਸੇਵਾ ਨਾਲੋਂ ਨਿੱਜ ਸੇਵਾ ਜਾਂ ਫਿਰ ਪਰਿਵਾਰ ਸੇਵਾ ਨੂੰ ਪਹਿਲ ਦਿੰਦੇ ਹਨ।

- Advertisement -

 

ਅਜੋਕੇ ਦੌਰ ਚ,ਪੰਜਾਬ ਚ ਵੀ ਸਮੇਂ 2 ਤੇ ਅਜਿਹਾ ਹੀ ਸਭ ਕੁੱਝ ਹੋਇਆ ਹੈ।ਇਹਦੇ ਵਿੱਚ ਪੰਜਾਬ ਦੀ,ਹਰ ਰਾਜਨੀਤਕ ਪਾਰਟੀ ਜਾਂ ਸਮੇਂ ਦੀਆਂ ਸਰਕਾਰਾਂ ਨੇ,ਸਮੇਂ 2 ਤੇ ਪੰਜਾਬ ਦੇ ਲੋਕਾਂ ਨਾਲ ਬੜਾ ਵੱਡਾ ਧੋਖਾ ਕੀਤਾ ਹੈ।ਜਿਸਦੇ ਤਹਿਤ,ਪੰਜਾਬ ਤੋਂ ਬਾਹਰਲੇ ਸੂਬੇ,ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਲੋਕਾਂ ਨੂੰ ਪੰਜਾਬ ਚ ਜਾਇਦਾਦ ਖਰੀਦਣ ਵੇਚਣ,ਇੱਥੇ ਪੱਕੇ ਤੌਰਤੇ ਰਹਿਣ ਅਤੇ ਪੰਜਾਬ ਚ ਹਰ ਪ੍ਰਕਾਰ ਦੀ ਨੌਕਰੀ ਕਰਨ ਦਾ ਵੀ ਹੱਕ ਹੈ।ਪਰ ਇਸਦੇ ਉਲਟ,ਪੰਜਾਬ ਵਾਸੀਆਂ ਨੂੰ ਉਪਰੋਕਤ ਸੂਬਿਆਂ ਚ ਅਜਿਹੀ ਕੋਈ ਸਹੂਲਤ ਨਹੀਂ ਹੈ।ਜਿਸਦਾ ਖਮਿਆਜ਼ਾ ,ਪੰਜਾਬ ਦੇ ਲੋਕ ਭੁਗਤ ਰਹੇ ਹਨ। ਇਸੇ ਤਰ੍ਹਾਂ ਹੀ,ਬੇਸੱਕ ਚੰਡੀਗੜ੍ਹ, ਪੰਜਾਬ ਦੀ ਹੀ ਰਾਜਧਾਨੀ ਸੀ ਅਤੇ ਅੱਜ ਵੀ ਹੈ।ਪਰ ਅਫਸੋਸ,ਕਿ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਚ ਨੌਕਰੀਆਂ ਦੇ ਸਵੰਧ ਚ,ਪੰਜਾਬ ਦੇ ਲੋਕਾਂ ਦੀ ਪ੍ਰਤੀਨਿਧਤਾ ਬੜੀ ਘੱਟ ਹੈ।ਜਦੋਂਕਿ, ਚੰਡੀਗੜ੍ਹ ਤੇ ਪੰਜਾਬ ਦੇ ਲੋਕਾਂ ਦਾ ਸਭ ਤੋਂ ਜਿਆਦਾ ਹੱਕ ਬਣਦਾ ਹੈ।ਪਰ ਪਤਾ ਨਹੀਂ, ਪੰਜਾਬ ਦੀਆਂ ਸਮੇਂ ਦੀਆਂ ਸਰਕਾਰਾਂ ਦੀ ਕੀ ਮਜਬੂਰੀ ਸੀ,ਕਿ ਉਨ੍ਹਾਂ ਨੇ ਪੰਜਾਬ ਤੇ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਪਹਿਲ ਦੇਣ ਦੀ ਵਜਾਏ, ਉਨ੍ਹਾਂ ਨੂੰ ਦੂਸਰੇ ਸੂਬਿਆਂ ਜਾਂ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਕੋਲ ਗਿਰਵੀ ਰੱਖ ਦਿੱਤਾ ਹੈ।

 

ਇਸ ਤੋਂ ਇਲਾਵਾ,ਹੋਰ ਬਹੁਤ ਸਾਰੇ ਮੁੱਦੇ ਹਨ,ਜਿੰਨ੍ਹਾਂ ਦਾ ਫਾਇਦਾ,ਪੰਜਾਬ ਦੇ ਲੋਕਾਂ ਦੀਆਂ ਨਿੱਜੀ ਕੰਪਨੀਆਂ ਤਾਂ ਲੈ ਰਹੀਆਂ ਹਨ,ਪਰ ਉਨ੍ਹਾਂ ਦਾ ਫਾਇਦਾ, ਪੰਜਾਬ ਸਰਕਾਰ ਸਮੁੱਚੇ ਤੌਰਤੇ ਨਹੀਂ ਲੈ ਰਹੀ।ਪਤਾ ਨਹੀਂ, ਇਹ,ਕਿਹੋ ਜਿਹੇ ਸਮਝੌਤੇ ਸਮੇਂ ਦੀਆਂ ਸਰਕਾਰਾਂ ਅਤੇ ਰਾਜਨੀਤਕ ਲੀਡਰਾਂ ਨੇ ਦੂਜੇ ਸੂਬਿਆਂ ਨਾਲ ਕੀਤੇ ਹਨ।ਜਿੰਨ੍ਹਾਂ ਦਾ ਮਾਰੂ ਅਸਰ,ਪੰਜਾਬ ਦੀ ਨੌਜਵਾਨੀ,ਕਿਰਸਾਨੀ,ਮਜਦੂਰ, ਮੁਲਾਜ਼ਮ ਅਤੇ ਵਪਾਰੀ ਤਬਕੇ ਤੇ ਵੀ ਪੈ ਰਿਹਾ ਹੈ।ਪਰ ,ਸਮੇਂ ਦੀਆਂ ਹਕੂਮਤਾਂ ਅਤੇ ਰਾਜਨੀਤਕ ਪਾਰਟੀਆਂ ਦੇ ਲੋਕ,ਇਸ ਮਸਲੇ ਤੇ ਚੁੱਪ ਧਾਰੀ ਬੈਠੇ ਹਨ। ਮੁੱਕਦੀ ਗੱਲ ਤਾਂ ਇਹ ਹੈ,ਕਿ ਪੰਜਾਬ ਦੀਆਂ ਅੱਜ ਤੱਕ ਦੀਆਂ ਸਰਕਾਰਾਂ ਅਤੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਲੀਡਰ,ਕੋਈ ਵੀ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਹੱਕ ਚ ਹੀ ਨਹੀਂ ਹਨ।ਸਗੋਂ,ਇਹ ਲੋਕ ਅਤੇ ਸਰਕਾਰਾਂ ਤਾਂ,ਪੰਜਾਬ ਦੇ ਲੋਕਾਂ ਤੋਂ ਉਨ੍ਹਾਂ ਦੇ ਹੱਕ ਖੋਹ ਕੇ ਬੇਗਾਨਿਆਂ ਨੂੰ ਦੇਣ ਚ ਆਪਣੀ ਵਡਿਆਈ ਅਤੇ ਸ਼ਾਨ ਵੀ ਸਮਝਦੇ ਹਨ ਅਤੇ ਇੰਨ੍ਹਾਂ ਸਾਰਿਆਂ ਦਾ ਆਪਣੀਆਂ ਤਿਜੌਰੀਆਂ ਭਰਨ ਤੇ ਹੀ ਜੋਰ ਲੱਗਿਆ ਹੋਇਆ ਹੈ।
ਅਜੋਕੇ ਦੌਰ ਚ ਤਾਂ,ਇੰਨ੍ਹਾਂ ਲੋਕਾਂ ਦੀ ਤਾਂ ਇਹ ਗੱਲ ਹੋਈ ਪਈ ਹੈ,ਕਿ,
*ਕੋਈ ਮਰੇ ਕੋਈ ਜੀਵੇ,ਸੁਥਰਾ ਘੋਲ ਪਤਾਸੇ ਪੀਵੇ!*
ਵਾਲੀ ਕਹਾਵਤ ਇੰਨ੍ਹਾਂ ਲੋਕਾਂ ਤੇ ਪੂਰੀ ਤਰ੍ਹਾਂ ਢੁੱਕਦੀ ਹੈ।ਇਉਂ ਲੱਗਦਾ ਹੈ,ਜਿਵੇਂ ਪੰਜਾਬ ਦੇ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ।ਕਿਉਂਕਿ ਨੇੜ ਭਵਿੱਖ ਚ ਤਾਂ,ਅਜਿਹਾ ਕੋਈ ਵੀ ਮਸਲਾ ਹੱਲ ਹੁੰਦਾ ਨਜਰ ਨਹੀਂ ਆ ਰਿਹਾ।ਪਰ,ਪੰਜਾਬ ਵਾਸ਼ੀਆਂ ਨੂੰ,ਇਹਦੇ ਵਾਰੇ ਜਰੂਰ ਸੋਚਣ ਅਤੇ ਕੋਈ ਸੰਘਰਸ਼ ਵਿੱਢਣ ਦੀ ਜਰੂਰਤ ਹੈ।

Share this Article
Leave a comment