ਅੱਗ ਨਾਲ ਤਬਾਹ ਹੋਏ ਪਿੰਡ ਲਿਟਨ ਨੂੰ ਮੁੜ ਵਸਾਉਣ ‘ਚ ਮਦਦ ਕਰਨਗੇ ਕਾਰੋਬਾਰੀ ਪੰਜਾਬੀ ਭਰਾ

TeamGlobalPunjab
3 Min Read

ਸਰੀ : ਕੈਨੇਡਾ ਦੇ ਕੁਝ ਸੂਬਿਆਂ ਵਿੱਚ ਇਹਨੀਂ ਦਿਨੀਂ ਪੈ ਰਹੀ ਸਖ਼ਤ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਗਰਮੀ ਕਾਰਨ ਡਾਢਾ ਨੁਕਸਾਨ ਵੀ ਹੋਇਆ ਹੈ। ਬੀਤੇ ਦਿਨੀਂ ਅੱਗ ਲੱਗਣ ਕਾਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (BC) ਸੂਬੇ ਵਿੱਚ ਪੈਂਦਾ ਪਿੰਡ ‘ਲਿਟਨ’ 90 ਫੀਸਦੀ ਸੜ ਕੇ ਸੁਆਹ ਹੋ ਗਿਆ ਸੀ। ਹੁਣ ਲਿਟਨ ਪਿੰਡ ਨੂੰ ਮੁੜ ਵਸਾਉਣ ਲਈ ਪੰਜਾਬੀਆਂ ਦੀ ਇੱਕ ਕੰਪਨੀ ਅੱਗੇ ਆਈ ਹੈ। ਲਾਂਗਲੀ ਸ਼ਹਿਰ ਦੇ ‘ਸੈਨ ਗਰੁੱਪ’ ਨਾਂ ਦੀ ਕੰਪਨੀ ਨੇ ਲਿਟਨ ਵਿੱਚ ਮਕਾਨ ਬਣਾਉਣ ਲਈ ਲੱਕੜ ਦਾਨ ਕਰਨ ਦਾ ਐਲਾਨ ਕੀਤਾ ਹੈ।

ਲਾਂਗਲੀ ਸ਼ਹਿਰ ਦੇ ਸੈਨ ਗਰੁੱਪ ਕੋਲ ਬਹੁਤ ਸਾਰੀਆਂ ਆਰਾ ਮਿੱਲਾਂ ਅਤੇ ਪੋਰਟ ਅਲਬਰਨੀ ਵਿੱਚ ਇੱਕ ਪੁਨਰ ਨਿਰਮਾਣ ਪਲਾਂਟ ਹੈ। ਇਸ ਗਰੁੱਪ ਨੇ ਲਿਟਨ ਪਿੰਡ ਦੇ ਪੁਨਰ ਨਿਰਮਾਣ ਵਾਸਤੇ 50 ਮਕਾਨ ਦੀ ਉਸਾਰੀ ਲਈ ਲੱਕੜ ਤੇ ਹੋਰ ਸਮੱਗਰੀ ਭੇਜਣ ਦਾ ਵਾਅਦਾ ਕੀਤਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਬੀ.ਸੀ. ਦਾ ਲਿਟਨ ਪਿੰਡ ਜੰਗਲ ਦੀ ਅੱਗ ਦੀ ਲਪੇਟ ਵਿੱਚ ਆ ਗਿਆ ਸੀ, ਜਿਸ ਕਾਰਨ ਲਗਭਗ 1 ਹਜ਼ਾਰ ਲੋਕਾਂ ਦੇ ਮਕਾਨ ਅਤੇ ਕਾਰੋਬਾਰ ਅੱਗ ਦੀ ਭੇਟ ਚੜ੍ਹ ਗਏ ਸਨ ਅਤੇ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਥੈਂਪਸਨ-ਨਿਕੋਲਾ ਰੀਜਨਲ ਡਿਸਟ੍ਰਿਕਟ ਅਤੇ ਨੇੜੇ-ਤੇੜੇ ਦੇ ਖੇਤਰ ਵਿੱਚ ਅਜੇ ਵੀ ਅੱਗ ਲੱਗੀ ਹੋਈ ਹੈ।

‘ਸੈਨ ਗਰੁੱਪ’ ਦੇ ਦੋ ਪੰਜਾਬੀ ਭਰਾ ਕਮਲ ਸੰਘੇੜਾ ਅਤੇ ਸੁੱਕੀ ਸੰਘੇੜਾ ਲਿਟਨ ਪਿੰਡ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ, ਜਿਨ੍ਹਾਂ ਨੇ ਪਿੰਡ ਵਿੱਚ 50 ਮਕਾਨ ਬਣਾਉਣ ਲਈ ਲੱਕੜ ਤੇ ਹੋਰ ਸਾਮਾਨ ਭੇਜਣ ਦਾ ਐਲਾਨ ਕਰ ਦਿੱਤਾ ਹੈ। ਸੰਘੇੜਾ ਭਰਾਵਾਂ ਨੇ ਇਹ ਕਦਮ ਟੀਲ-ਜੋਨਸ ਗਰੁੱਪ ਦੀ ਹੱਲਾਸ਼ੇਰੀ ਮਗਰੋਂ ਚੁੱਕਿਆ ਹੈ। ਇਸ ਗਰੁੱਪ ਨੇ ਲਿਟਨ ਦੀ ਮਦਦ ਲਈ ਖੁਦ ਅੱਗੇ ਆਉਂਦੇ ਹੋਏ ਸੰਘੇੜਾ ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਸੀ। ਟੀਲ-ਜੋਨਸ ਦੇ ਜੈਕ ਗਾਰਡਨਰ ਲੱਕੜ ਦੇ ਕਾਰੋਬਾਰ ਨਾਲ ਜੁੜੇ ਹੋਰਨਾਂ ਲੋਕਾਂ ਨੂੰ ਵੀ ਲਿਟਨ ਵਾਸੀਆਂ ਦੀ ਮਦਦ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰ ਰਿਹਾ ਹੈ।

- Advertisement -

‘ਸੈਨ ਗਰੁੱਪ’ ਦੇ ਮਾਲਕ ਸੰਘੇੜਾ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਲਿਟਨ ਪਿੰਡ ਦਾ ਉਹ ਦੁਖਾਂਤ ਤਸਵੀਰਾਂ ’ਚ ਵੇਖਿਆ ਹੈ, ਜਿਸ ਵਿੱਚ ਮਕਾਨ, ਗਾਰਡਨ ਅਤੇ ਗਲੀਆਂ ਅੱਗ ਨਾਲ ਸੜ ਰਹੀਆਂ ਸਨ। ਉਹ ਉੱਥੋਂ ਉਜੜੇ ਲੋਕਾਂ ਦਾ ਦਰਦ ਪਛਾਣਦੇ ਹਨ। ਇਸ ਲਈ ਉਨ੍ਹਾਂ ਨੂੰ ਲਿਟਨ ਵਾਸੀਆਂ ਨਾਲ ਹਮਦਰਦੀ ਹੈ ਅਤੇ ਉਹ ਉਨ੍ਹਾਂ ਲੋਕਾਂ ਦੀ ਹਰ ਸੰਭਵ ਮਦਦ ਕਰਨਗੇ।

ਪੋਰਟ ਅਲਬਰਨੀ ਦੇ ਇਕ ਸਾਬਕਾ ਮੇਅਰ ਰੁਟਨ ਨੇ ਕਿਹਾ ਕਿ ਉਸਨੂੰ ਅਹਿਸਾਸ ਹੈ ਕਿ ਲਿਟਨ ਦੇ ਅਧਿਕਾਰੀਆਂ ਨੂੰ ਯੋਜਨਾਬੰਦੀ ਕਰਨੀ ਪਏਗੀ ਕਿ ਉਹ ਆਪਣੇ ਕਮਿਊਨਿਟੀ ਨੂੰ ਕਿਵੇਂ ਮੁੜ ਤੋਂ ਉੱਥੇ ਸਥਾਪਿਤ ਕਰਨਾ ਚਾਹੁੰਦੇ ਹਨ । ਰੁਟਨ ਨੇ ਕਿਹਾ,’ਸ਼ਾਇਦ ਉਹ ਛੇ ਤੋਂ ਅੱਠ ਮਹੀਨਿਆਂ ਲਈ ਕੁਝ ਵੀ ਸੰਭਾਲ ਨਹੀਂ ਸਕਣਗੇ।’

 

ਲਿਟਨ ਪਿੰਡ ਵਿੱਚ ਅੱਗ ਵੇਖਦੇ ਹੀ ਵੇਖਦੇ ਸਾਰੇ ਘਰਾਂ ਤੱਕ ਫੈਲ ਗਈ।  (7 ਜੁਲਾਈ ਦੀ ਤਸਵੀਰ)

- Advertisement -

 

ਲਿਟਨ ਪਿੰਡ ਵਿੱਚ ਅੱਗ ਨਾਲ ਨੁਕਸਾਨੇ ਗਏ ਕੁਝ ਘਰਾਂ ਦੀਆਂ ਅੱਗ ਲੱਗਣ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ।

 

 

 

Share this Article
Leave a comment