ਨਵੀਂ ਦਿੱਲੀ- ਭਾਜਪਾ ਨੇ ਅੱਜ ਇੱਕ ਮਤਾ ਪਾਸ ਕਰ ਕੇ ਜੀ-20 ਸਿਖਰ ਸੰਮੇਲਨ ਦੀ ‘ਇਤਿਹਾਸਿਕ’ ਸਫ਼ਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਪਾਰਟੀ ਹੈੱਡਕੁਆਰਟਰ ’ਤੇ ਮੋਦੀ ਦਾ ਭਰਵਾਂ ਸਵਾਗਤ ਕੀਤਾ ਗਿਆ, ਭਾਜਪਾ ਲੋਕ ਸਭਾ ਤੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਮੋਦੀ ਦੀ ਅਗਵਾਈ ਵਿਚ ਲੜੇਗੀ, ਇਸ ਉਪਲਬਧੀ ਨੂੰ ਚੋਣ ਪ੍ਰਚਾਰ ਵਿੱਚ ਵੀ ਲਾਜ਼ਮੀ ਤੌਰ ’ਤੇ ਵਰਤੇਗੀ।
ਅਮਿਤ ਸ਼ਾਹ ਤੇ ਜੇਪੀ ਨੱਢਾ ਨੇ ਪਾਰਟੀ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਤੇ ਮਤਾ ਪਾਸ ਕੀਤਾ। ਮਤੇ ਵਿਚ ਕਿਹਾ ਗਿਆ ਕਿ ਭਾਰਤ ਦੀ ਪ੍ਰਧਾਨਗੀ ਨੂੰ ਜੀ-20 ‘ਲੋਕਾਂ ਦੇ ਜੀ-20 ਸੰਮੇਲਨ’ ਵਜੋਂ ਜਾਣਿਆ ਜਾਵੇਗਾ। ਭਾਜਪਾ ਦੇ ਸੰਸਦੀ ਬੋਰਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਮੇਲਨ ਵਿੱਚ ਤਸੱਲੀਬਖਸ਼ ਅਗਵਾਈ ਤੇ ਗਹਿਰੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਜੀ-20 ਸੰਮੇਲਨ ਤੋਂ ਬਾਅਦ ਅੱਜ ਮੋਦੀ ਪਹਿਲੀ ਵਾਰ ਭਾਜਪਾ ਦਫ਼ਤਰ ਆਏ ਸਨ।
ਕੇਂਦਰੀ ਕੈਬਨਿਟ ਵੱਲੋਂ ਜੀ-20 ਸਿਖਰ ਸੰਮੇਲਨ ਦੀ ਸਫ਼ਲਤਾ ਲਈ ਮੋਦੀ ਦੇ ਧੰਨਵਾਦ ਦਾ ਮਤਾ ਪਾਸ
ਕੇਂਦਰੀ ਕੈਬਨਿਟ ਵਿੱਚ ਜੀ-20 ਸਿਖਰ ਸੰਮੇਲਨ ਦੀ ਸਫ਼ਲਤਾ ਲਈ ਨਰਿੰਦਰ ਮੋਦੀ ਦੇ ਧੰਨਵਾਦ ਦਾ ਮਤਾ ਪਾਸ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਵੱਲੋਂ ਆਪਣੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ ਗਿਆ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਜੀ-20 ਸਿਖਰ ਸੰਮੇਲਨ ਨੂੰ ਵੱਡੇ ਪੱਧਰ ’ਤੇ ਸਫ਼ਲ ਬਣਾਉਣ ਲਈ ਕੇਂਦਰੀ ਕੈਬਨਿਟ ਨੇ ਪੂਰੇ ਦੇਸ਼ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ‘ਆਲਮੀ ਗੱਠਜੋੜਾਂ ਦੇ ਨਾਇਕ’ ਬਣ ਕੇ ਉਭਰੇ ਹਨ।
- Advertisement -
ਮੀਡੀਆ ਨੂੰ ਸੰਬੋਧਨ ਕਰਦਿਆਂ ਠਾਕੁਰ ਨੇ ਕਿਹਾ ਕਿ ਜੀ-20 ਸਿਖਰ ਸੰਮੇਲਨ ਨਾਲ ਸਬੰਧਿਤ ਮਤਾ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਕੇਂਦਰੀ ਮੰਤਰੀ ਮੁਤਾਬਿਕ ਕੈਬਨਿਟ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਜੀ-20 ਸਿਖਰ ਸੰਮੇਲਨ ਦੀ ਸਫ਼ਲ ਮੇਜ਼ਬਾਨੀ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਫ਼ਰੀਕਨ ਯੂਨੀਅਨ ਨੂੰ ਗਰੁੱਪ ’ਚ ਸ਼ਾਮਿਲ ਕਰਨ ਸਮੇਤ ਕਈ ਹੋਰ ਲਏ ਗਏ ਫ਼ੈਸਲਿਆਂ ਨੂੰ ਸਰਬਸੰਮਤੀ ਨਾਲ ਅਪਣਾਉਣਾ ਪੂਰੇ ਮੁਲਕ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਕਾਬਿਲ ਅਗਵਾਈ ਅਤੇ ਮਜ਼ਬੂਤ ਇੱਛਾਸ਼ਕਤੀ ਦੀ ਪੂਰੀ ਦੁਨੀਆ ’ਚ ਚਰਚਾ ਹੋ ਰਹੀ ਹੈ। ਭਾਰਤ ਆਲਮੀ ਏਜੰਡਾ ਤੈਅ ਕਰਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਇਸ ਦਾ ਸਿਹਰਾ ਉਸ ਦੀ ਲੀਡਰਸ਼ਿਪ ਨੂੰ ਜਾਂਦਾ ਹੈ। ਇਹ ਦੇਸ਼ ਲਈ ਇੱਕ ਵੱਡੀ ਸਫ਼ਲਤਾ ਹੈ ਜੋ ਭਾਰਤ ਨੂੰ ਗਲੋਬਲ ਪੱਧਰ ਉੱਤੇ ਮਜਬੂਤੀ ਦੇਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.