ਬੇਅਦਬੀ ਮਾਮਲਾ: ਕੈਪਟਨ ਵੱਡੇ ਵਿਵਾਦ ਵਿੱਚ !

TeamGlobalPunjab
3 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਬੇਅਦਬੀ ਮਾਮਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਤੇ ਭਲਕ ਬਿਆਨਬਾਜ਼ੀ ਅਤੇ ਉਸ ਤੋਂ ਬਾਅਦ ਸਪੱਸ਼ਟੀਕਰਨ ਨੇ ਇੱਕ ਵਾਰ ਫਿਰ ਤੋਂ ਬੇਅਦਬੀ ਕਾਂਡ ਦੀ ਚਰਚਾ ਨਵੇਂ ਸਿਰੇ ਤੋਂ ਛੇੜ ਦਿੱਤੀ ਹੈ। ਇਸ ਮਾਮਲੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਦੀ ਉਸ ਸੋਚ ਨੂੰ ਹੁਲਾਰਾ ਦਿੱਤਾ ਹੈ ਜੋ ਇਹ ਮੰਨ ਕੇ ਚੱਲ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਅੰਦਰ ਖਾਤੇ ਇੱਕਜੁਟ ਹਨ । ਇਸੇ ਕਾਰਨ ਕੈਪਟਨ ਅਮਰਿੰਦਰ ਸਿੰਘ ਬਾਦਲਾਂ ‘ਤੇ ਰਹਿਮ ਕਰਨ ਕਰਮ ਹੀ ਰੱਖਣਗੇ।

ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਅਜਿਹੀ ਬਿਆਨਬਾਜ਼ੀ ਕਰਦੇ ਰਹੇ ਹਨ ਜਿਸ ਦਾ ਪ੍ਰਭਾਵ ਇਹ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਨੂੰ ਕੁਝ ਵੀ ਨਹੀਂ ਕਹਿਣ ਦੇਣਾ। ਵਿਧਾਨ ਸਭਾ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ ਨਸ਼ਾ ਤਸਕਰਾਂ ਨਾਲ ਮਜੀਠੀਆ ਦੇ ਸਬੰਧਾਂ ਬਾਰੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਜ਼ਰੂਰਤ ਨਹੀਂ। ਜਿਸ ਤੋਂ ਲੋਕਾਂ ਵਿੱਚ ਇਹ ਚਰਚਾ ਖੁੱਲ੍ਹੇ ਤੌਰ ‘ਤੇ ਚੱਲ ਪਈ ਸੀ ਕਿ ਇਹ ਵੱਡੇ ਸਿਆਸੀ ਪਰਿਵਾਰ ਇੱਕ ਦੂਜੇ ਨਾਲ ਮਿਲੀ ਭੁਗਤ ਕਰਕੇ ਚੱਲ ਰਹੇ ਹਨ।

ਬੇਅਦਬੀ ਮਾਮਲੇ ਬਾਰੇ ਸਿਆਸੀ ਲਾਹਾ ਲੈਣ ਲਈ ਤਾਂ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਨਿਸ਼ਾਨੇ ‘ਤੇ ਲੈਂਦੇ ਰਹੇ ਹਨ ਪਰ ਅਮਲੀ ਤੌਰ ‘ਤੇ ਬਾਦਲਾਂ ਖਿਲਾਫ ਕਾਰਵਾਈ ਢਿੱਲੀ ਚੱਲਦੀ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਨਰਮ ਵਤੀਰਾ ਅਪਣਾ ਕੇ ਮਾਨਹਾਨੀ ਦਾ ਕੇਸ ਵਾਪਸ ਲੈ ਲਿਆ ਸੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਖੂੰਡੇ ਵਾਲੀ ਸ਼ਬਦਾਵਲੀ ਵੀ ਖੁੰਢੀ ਹੁੰਦੀ ਚਲੀ ਗਈ। ਬੇਅਦਬੀ ਮਾਮਲੇ ਵਿੱਚ ਜਾਂਚ ਵਿੱਚ ਹੋ ਰਹੀ ਲੰਮੀ ਦੇਰੀ ਤੋਂ ਵੀ ਇਹ ਝਲਕ ਮਿਲਦੀ ਹੈ ਕਿ ਮਾਮਲੇ ਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ। ਇਸੇ ਕਾਰਨ ਪੰਥਕ ਹਲਕਿਆਂ ਵਿੱਚ ਇਹ ਪ੍ਰਭਾਵ ਬਣਿਆ ਹੋਇਆ ਹੈ ਕਿ ਬੇਅਦਬੀ ਮਾਮਲੇ ਵਿੱਚ ਬਾਦਲ ਪਰਿਵਾਰ ‘ਤੇ ਬਿਲਕੁਲ ਵੀ ਆਂਚ ਨਹੀਂ ਆਵੇਗੀ।

ਅਖ਼ਬਾਰਾਂ ਦੇ ਇੱਕ ਹਿੱਸੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਹਾਲ ਹੀ ਵਿੱਚ ਬੇਅਦਬੀ ਬਾਰੇ ਕੋਈ ਬਿਆਨਬਾਜ਼ੀ ਨੇ ਫਿਰ ਤੋਂ ਜਦ ਵੀ ਮਾਮਲੇ ਬਾਰੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਜਿਮਨੀ ਚੋਣਾਂ ਵਿੱਚ ਪੰਜਾਬ ਕਾਂਗਰਸ ਬੇਅਦਬੀ ਮਾਮਲੇ ਦਾ ਕਿੰਨਾ ਕੁ ਲਾਹਾ ਲਵੇਗੀ ਅਤੇ ਬੇਅਦਬੀ ਕਾਰਨ ਅਕਾਲੀ ਦਲ ਨੂੰ ਪੈਦਾ ਹੋਈ ਉਲਝਣ ਵਿੱਚੋਂ ਅਕਾਲੀ ਦਲ ਕੀ ਨਿਕਲ ਸਕੇਗਾ ਜਾਂ ਨਹੀਂ ।

- Advertisement -

Share this Article
Leave a comment