ਡੀ ਸੀ ਦੀ ਪਤਨੀ ਕਿਉਂ ਨਾ ਕਰ ਸਕੀ ਸ਼ਿਕਾਇਤ ਬਕਸਿਆਂ ਦਾ ਉਦਘਾਟਨ

TeamGlobalPunjab
4 Min Read

ਔਰਤਾਂ ਖਿਲਾਫ ਹਿੰਸਾ ਦਾ ਕੌਮਾਂਤਰੀ ਦਿਵਸ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਮਨਾਇਆ ਗਿਆ। ਵਿਦਿਅਕ ਅਤੇ ਹੋਰ ਸੰਸਥਾਵਾਂ ਵਿੱਚ ਇਸ ਸੰਬੰਧੀ ਸੈਮੀਨਾਰ ਹੋਏ ਪਰਚੇ ਪੜ੍ਹੇ ਗਏ। ਔਰਤਾਂ ਦੇ ਹੱਕ ਵਿੱਚ ਹਾਅਦਾ ਨਾਅਰਾ ਵੀ ਮਾਰਿਆ ਗਿਆ। ਔਰਤ ਨਾਲ ਹੁੰਦੀ ਘਰੇਲੂ ਹਿੰਸਾ ਬਾਰੇ ਵੀ ਗੱਲਾਂ ਕੀਤੀਆਂ ਗਈਆਂ। ਇਸੇ ਵਿਸ਼ੇ ‘ਤੇ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਚ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜਿਲੇ ਦੇ ਡਿਪਟੀ ਕਮਿਸ਼ਨਰ ਦੀ ਪਤਨੀ ਸ਼ਾਮਿਲ ਹੋਏ ਸਨ। ਉਹਨਾਂ ਨੇ ਵੀ ਔਰਤਾਂ ਦੇ ਹੱਕ ਵਿੱਚ ਗੱਲਾਂ ਕਰਨੀਆਂ ਸਨ। ਪਰ ਉਹਨਾਂ ਨੂੰ ਵਿਦਿਆਰਥੀਆਂ ਦੇ ਸਵਾਲਾਂ ਨੇ ਘੇਰ ਲਿਆ। ਦਰਅਸਲ ਫਰੀਦਕੋਟ ਸਥਿਤ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿੱਚ ਇਕ ਡਾਕਟਰ ਵਲੋਂ ਮਹਿਲਾ ਡਾਕਟਰ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ। ਪੀੜਤਾ ਨੂੰ ਇਨਸਾਫ ਨਾ ਮਿਲਣ ਕਾਰਨ ਇਸ ਦਾ ਵਿਦਿਆਰਥੀਆਂ ਵਿੱਚ ਕਾਫੀ ਰੋਸ ਹੈ। ਪਿਛਲੇ ਦਿਨੀਂ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਵੀ ਕਾਲਜ ਵਿੱਚ ਆਉਣ ‘ਤੇ ਉਹਨਾਂ ਦੇ ਖਿਲਾਫ ਵਿਦਿਆਰਥੀਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਸੀ।
ਰਿਪੋਰਟਾਂ ਮੁਤਾਬਿਕ ਡੀ ਸੀ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਚ ਔਰਤਾਂ ਖ਼ਿਲਾਫ਼ ਹਿੰਸਾ ਦੇ ਖਾਤਮੇ ਲਈ ਕੌਮਾਂਤਰੀ ਦਿਵਸ ’ਤੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ। ਸਮਾਗਮ ‘ਚ ਡਿਪਟੀ ਕਮਿਸ਼ਨਰ ਦੀ ਪਤਨੀ ਜਯੋਤੀ ਸਿੰਘ ਰਾਜ, ਬਾਲ ਤੇ ਵਿਕਾਸ ਅਫ਼ਸਰ ਛਿੰਦਰਪਾਲ ਕੌਰ ਅਤੇ ਹੋਰ ਉੱਚ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਜਿਉਂ ਹੀ ਅਧਿਕਾਰੀਆਂ ਨੇ ਔਰਤਾਂ ਖਿਲਾਫ਼ ਹਿੰਸਾ ਬਾਰੇ ਬੋਲਣਾ ਸ਼ੁਰੂ ਕੀਤਾ ਤਾਂ ਵਿਦਿਆਰਥੀਆਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਪੀੜਤ ਮਹਿਲਾ ਡਾਕਟਰ ਪਿਛਲੇ ਤਿੰਨ ਮਹੀਨਿਆਂ ਤੋਂ ਇਨਸਾਫ਼ ਲਈ ਗੁਹਾਰ ਲਾ ਰਹੀ, ਉਸ ਨੂੰ ਇਨਸਾਫ਼ ਕਿਉਂ ਨਹੀ ਮਿਲ ਰਿਹਾ। ਨੌਜਵਾਨਾਂ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੀ ਜਯੋਤੀ ਸਿੰਘ ਰਾਜ ਨੂੰ ਇਸ ਵਿਸ਼ੇ ‘ਤੇ ਆਪਣੇ ਵਿਚਾਰ ਰੱਖਣ ਲਈ ਕਿਹਾ। ਇਸ ‘ਤੇ ਜਯੋਤੀ ਰਾਜ ਸਿੰਘ ਨੂੰ ਕੁਝ ਨਾ ਸੁਝਿਆ ਤੇ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਡੀਸੀ ਵਜੋਂ ਸੇਵਾਵਾਂ ਦੇਣੀਆਂ ਕਾਫ਼ੀ ਔਖਾ ਕੰਮ ਹੈ। ਜੇ ਹਿੰਮਤ ਹੈ ਤਾਂ ਕੋਈ ਨੌਜਵਾਨ ਇਕ ਦਿਨ ਡੀ.ਸੀ. ਬਣ ਕੇ ਦੇਖੇ, ਫਿਰ ਪਤਾ ਲੱਗੇਗਾ ਕਿ ਕੰਮ ਕਿਵੇਂ ਹੁੰਦੇ ਹਨ।
ਉਸ ਨੇ ਕੇਵਲ ਇੰਨਾ ਹੀ ਕਿਹਾ ਕਿ ਪੀੜਤ ਡਾਕਟਰ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ, ਜਿਸ ਕਰਕੇ ਉਹ ਇਸ ਵਿਸ਼ੇ ’ਤੇ ਕੋਈ ਟਿੱਪਣੀ ਨਹੀਂ ਕਰ ਸਕਦੇ।
ਸਭ ਤੋਂ ਦਿਲਚਸਪ ਘਟਨਾ ਇਹ ਵਾਪਰੀ ਕਿ ਮੁੱਖ ਮਹਿਮਾਨ ਨੇ ਸਮਾਗਮ ਤੋਂ ਬਾਅਦ ਔਰਤਾਂ ਲਈ ਲਾਏ ਗਏ ਵਿਸ਼ੇਸ਼ ਸ਼ਿਕਾਇਤ ਬਕਸਿਆਂ ਦਾ ਉਦਘਾਟਨ ਵੀ ਕਰਨਾ ਸੀ ਪਰ ਸਮਾਗਮ ਵਿਚ ਨੌਜਵਾਨਾਂ ਦੇ ਸਵਾਲ-ਜਵਾਬ ਕਾਰਨ ਡੀ ਸੀ ਦੀ ਪਤਨੀ ਤੇ ਮੁੱਖ ਮਹਿਮਾਨ ਨੇ ਉਦਘਾਟਨ ਕੀਤੇ ਬਿਨਾਂ ਹੀ ਖ਼ਿਸਕਣਾ ਬੇਹਤਰ ਸਮਝਿਆ।
ਮਗਰੋਂ ਵਿਦਿਆਰਥੀਆਂ ਨੇ ਇਸ ਸ਼ਿਕਾਇਤ ਬਕਸੇ ਵਿਚ ਪੀੜਤ ਔਰਤ ਦੀ ਸ਼ਿਕਾਇਤ ਪਾ ਕੇ ਬਕਸੇ ਦਾ ਆਪ ਹੀ ਉਦਘਾਟਨ ਕਰ ਦਿੱਤਾ। ਕਾਲਜ ਦੇ ਵਿਦਿਆਰਥੀਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਸੈਮੀਨਾਰਾਂ ਵਿਚ ਲੈਕਚਰ ਦੇ ਕੇ ਚਲੇ ਜਾਂਦੇ ਹਨ ਪਰ ਹਕੀਕਤ ਵਿਚ ਇਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੋਂ ਕੋਹਾਂ ਦੂਰ ਹਨ। ਇਸ ਘਟਨਾ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ।

 

-ਅਵਤਾਰ ਸਿੰਘ

ਸੀਨੀਅਰ ਪੱਤਰਕਾਰ

- Advertisement -

Share this Article
Leave a comment