ਏਥੇ ਦਫ਼ਨ ਹੈ ਸਆਦਤ ਹਸਨ ਮੰਟੋ…

TeamGlobalPunjab
4 Min Read

-ਅਵਤਾਰ ਸਿੰਘ

ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਹਮੇਸ਼ਾਂ ਸੱਚ ਤੇ ਪਹਿਰਾ ਦੇਣ ਵਾਲਾ ਇਨਸਾਨ ਸੀ। ਅਖੌਤੀ ਭੱਦਰਪੁਰਸ਼ਾਂ ਨੂੰ ਸ਼ਰੇਆਮ ਨੰਗਾ ਕਰਦਾ ਸੀ ਅਤੇ ਸਮਾਜ ਜਿਨ੍ਹਾਂ ਨੂੰ ਭੈੜਾ ਕਹਿ ਕੇ ਦੁਰਕਾਰਦਾ ਸੀ, ਮੰਟੋ ਉਨ੍ਹਾਂ ਦੀਆਂ ਛੁਪੀਆਂ ਚੰਗਿਆਈਆਂ ਨੂੰ ਉਜਾਗਰ ਕਰਦਾ ਸੀ। ਸਆਦਤ ਹਸਨ ਮੰਟੋ ਦਾ ਜਨਮ 11 ਮਈ 1912 ਨੂੰ ਸਮਰਾਲਾ ਪਿੰਡ ਪਪੜੌਦੀ ਨੇੜਲੇ ਵਿੱਚ ਹੋਇਆ।

ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿੱਚ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿਦਿਅਕ ਕਰੀਅਰ ਏਨਾ ਚੰਗਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਤੋਂ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ।

1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ।

- Advertisement -

ਉਸ ਦੀ ਪਤਨੀ ਸੋਫੀਆ ਅਤੇ ਤਿੰਨ ਧੀਆਂ ਨਿਗਹਤ, ਨਜ਼ਹਤ ਤੇ ਨੁਸਰਤ ਸਨ। ਮੰਟੋ ਲਾਹੌਰ, ਅੰਮ੍ਰਿਤਸਰ, ਅਲੀਗੜ ਬੰਬਈ ਤੇ ਦਿੱਲੀ ਰਿਹਾ। ਜੱਲ੍ਹਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਦੀ ਮੰਟੋ ਦੇ ਮਨ ‘ਤੇ ਗਹਿਰੀ ਛਾਪ ਸੀ। ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ, ਜਿਹੜੀ ਅੰਮ੍ਰਿਤਸਰ ਦੇ ‘ਖਲਕ’ ਵਿਚ ਛਪੀ ਸੀ।

ਉਸਨੇ ਕਿਤਾਬ ‘ਗੰਜੇ ਫਰਿਸ਼ਤੇ’ ਵਿਚ ਲਿਖਿਆ ਹੈ, “ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ‘ਤਮਾਸ਼ਾ’ ਦੇ ਨਾਮ ਨਾਲ ਕਲਕੱਤੇ ਵਿਚ ਛਪਿਆ ਸੀ। ਮੈਂ ਉਸ ਉਪਰ ਨਾਮ ਨਹੀਂ ਦਿੱਤਾ ਸੀ, ਇਸ ਡਰੋਂ ਕਿ ਲੋਕ ਮਜਾਕ ਉਡਾਣਗੇ।” ਉਸ ਦੀਆਂ ਛੇ ਕਹਾਣੀਆਂ ‘ਤੇ ਅਦਾਲਤਾਂ ਵਿਚ ਕੇਸ ਚੱਲੇ। ਮੰਟੋ ਨੇ ਨਾਟਕ, ਕਹਾਣੀਆਂ, ਰੇਖਾ ਚਿੱਤਰ ਤੇ ਹੋਰ ਰੂਪਾਂ ਵਿਚ 40 ਦੇ ਕਰੀਬ (ਜਿਨ੍ਹਾਂ ਵਿਚ 22 ਮਿੰਨੀ ਕਹਾਣੀ ਸੰਗ੍ਰਿਹ, 5 ਰੇਡੀਓ ਨਾਟਕ, 1 ਨਾਵਲ) ਕਿਤਾਬਾਂ ਲਿਖੀਆਂ।

ਉਸਨੇ ਰੂਸੀ ਲੇਖਕ ਮੈਕਸਿਮ ਗੋਰਕੀ ਅਤੇ ਹੋਰ ਰੂਸੀ ਲੇਖਕਾਂ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ। ਮੰਟੋ ਦਾ ਪਹਿਲਾ ਕਹਾਣੀ ਸੰਗ੍ਰਿਹ ‘ਆਸ਼ਪਾਰੇ’ 1935 ‘ਚ ਛਪਿਆ। 18-8-1954 ਨੂੰ ਉਸਨੇ ਆਪਣੀ ਕਬਰ ਦਾ ਕੁਤਬਾ (ਸਮਾਧੀ ‘ਤੇ) ਲਿਖਿਆ ਸੀ ਜੋ ਇੰਜ ਸੀ, “ਏਥੇ ਦਫਨ ਹੈ ਸਆਦਤ ਹਸਨ ਮੰਟੋ ਅਤੇ ਉਨ੍ਹਾਂ ਨਾਲ ਦਫਨ ਹਨ ਕਹਾਣੀ ਲਿਖਣ ਦੇ ਸਾਰੇ ਭੇਦ, ਹਜ਼ਾਰਾਂ ਮਣ ਮਿੱਟੀ ਥੱਲੇ ਦਬਿਆ ਉਹ ਹੈਰਾਨ ਹੈ ਕੌਣ ਵੱਡਾ ਕਹਾਣੀਕਾਰ ਹੈ, ਰਬ ਕਿ ਉਹ।”

ਅਫਸੋਸ ਪਾਕਿਸਤਾਨ ਦੇ ਤੰਗਦਿਲੀ ਮੁਆਸਰੇ ਵਿਚ ਉਸਦਾ ਪਰਿਵਾਰ ਇਕ ਅੱਖਰ ਵੀ ਨਾ ਲਿਖਾ ਸਕਿਆ। ਮੰਟੋ ਕਿਸੇ ਬਾਹਰਲੀ ਤਾਕਤ, ਸਿਆਸਤ, ਵਿਚਾਰਧਾਰਾ, ਦਰਸ਼ਨ ਜਾਂ ਵਿਸ਼ਵਾਸ ਅਧੀਨ ਨਹੀਂ ਲਿਖਦਾ ਸੀ ਸਗੋਂ ਉਹ ਵਿਅਕਤੀਆਂ ਤੇ ਘਟਨਾਵਾਂ ਨੂੰ ਉਸੇ ਰੂਪ ਵਿਚ ਹੀ ਦਿਖਾਉਣ ਦੀ ਕੋਸ਼ਿਸ ਕਰਦਾ, ਜਿਹੋ ਜਿਹੀਆਂ ਉਹ ਹਨ। ਮੰਟੋ ਦੀਆਂ ਕਹਾਣੀਆਂ ਨੂੰ ਅਸ਼ਲੀਲ ਕਿਹਾ ਗਿਆ ਹੈ, ਵੇਖਿਆ ਜਾਵੇ ਉਸ ਨੇ ਇਕ ਵੀ ਸ਼ਬਦ ਅਸ਼ਲੀਲ ਨਹੀਂ ਵਰਤਿਆ।ਬਹੁਤੀਆਂ ਕਹਾਣੀਆਂ ਪਾਤਰਾਂ ਦੀ ਮਾਨਸਕਿਤਾ ਉਪਰ ਅਧਾਰਿਤ ਹਨ।

ਉਸਦੀ 50ਵੀਂ ਬਰਸੀ ‘ਤੇ ਡਾਕ ਟਿਕਟ ਜਾਰੀ ਹੋਈ। ਉਸਦੇ 66ਵੇਂ ਜਨਮ ਦਿਵਸ ਤੇ ਉਸਨੂੰ “ਨਿਸ਼ਾਨ-ਏ-ਇਮਤਿਆਜ” ਨਾਲ ਸਨਮਾਨਿਆ ਗਿਆ। ਉਸ ਦੀਆਂ ਕਹਾਣੀਆਂ ਉਰਦੂ ਵਿਚ ਪਾਤਰ ਠੇਠ ਪੰਜਾਬੀ ਵਿਚ ਸਨ। ਟੋਭਾ ਟੇਕ ਸਿੰਘ, ਬੰਬੇ ਸਟੋਰੀਜ਼, ਠੰਢਾ ਗੋਸ਼ਤ ਅਤੇ ਕਾਲੀ ਸਲਵਾਰ ਪ੍ਰਸਿਧ ਕਹਾਣੀਆਂ ਸਨ। ਮੰਟੋ ਨੇ ਕਿਹਾ ਸੀ, ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ‘ਤੇ ਸੱਟ ਵੱਜਦੀ ਹੈ।

- Advertisement -

ਮੰਟੋ ਦੀ ਇਕ ਫਿਲਮ ਵੀ ਰਿਲੀਜ਼ ਹੋਈ। 22 ਸਾਲ ਅੰਮਿ੍ਤਸਰ ਰਿਹਾ ਪਰ ਉਸਦੀ ਅੱਜ ਤਕ ਕੋਈ ਯਾਦਗਾਰ ਨਹੀਂ ਬਣੀ। ਮੰਟੋ ਦਾ 18-1-1955 ਨੂੰ 43 ਸਾਲ ਦੀ ਉਮਰ ਵਿਚ ਲਾਹੌਰ ਵਿਖੇ ਦੇਹਾਂਤ ਹੋ ਗਿਆ ਸੀ।

Share this Article
Leave a comment