ਮਾਸਕੋ : ਰੂਸ ਦੇ ਸੁਦੂਰ ਪੂਰਬੀ ਖੇਤਰ ਦੇ ਮਸ਼ਹੂਰ ਗਵਰਨਰ ਸਰਗੇਈ ਆਈ ਫਰਗਲ ਦੀ ਗ੍ਰਿਫਤਾਰੀ ਤੋਂ ਬਾਅਦ ਖੇਤਰ ਦੇ ਲੱਖਾਂ ਲੋਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਸੜਕਾਂ ‘ਤੇ ਉਤਰ ਆਏ ਅਤੇ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕੀਤੀ। ਇੱਥੇ ਲੱਖਾਂ ਲੋਕਾਂ ਨੇ ਇਕੱਠੇ ਹੋ ਕੇ ਰੂਸ ਦੀ ਸੰਸਦ ਕ੍ਰੇਮਲਿਨ ਦੇ ਖਿਲਾਫ ਚੀਨ ਦੀ ਸਰਹੱਦ ਨਾਲ ਲੱਗਦੇ ਖਬਾਰੋਵਸਕ ਖੇਤਰ ‘ਚ ਪ੍ਰਦਰਸ਼ਨ ਕੀਤਾ। ਰੂਸ ‘ਚ ਗਵਰਨਰ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪੂਰਬ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਰੋਸ ਪ੍ਰਦਰਸ਼ਨ ਹੋਏ।
ਖਾਬਰਾਵਸਕ ਦੇ ਪਾਰ ਦਾ ਇਲਾਕਾ ਚੀਨ ਦੇ ਨਾਲ ਪ੍ਰਸ਼ਾਂਤ ਮਹਾਂਸਾਗਰ ਦੇ ਆਰਕਟਿਕ ਖੇਤਰ ਤਕ ਫੈਲਿਆ ਹੋਇਆ ਹੈ। ਇਥੋਂ ਦੇ ਮਸ਼ਹੂਰ ਨੇਤਾ ਸਰਗੇਈ ਫਰਗਲ ਰੂਸ ਦੇ ਸਭ ਤੋਂ ਵੱਡੇ ਸੂਬਾਈ ਨੇਤਾਵਾਂ ‘ਚੋਂ ਇੱਕ ਹਨ ਜੋ ਕ੍ਰੇਮਲਿਨ ਦੁਆਰਾ ਪੂਰੀ ਤਰ੍ਹਾਂ ਨਿਯੰਤਰਿਤ ਰਾਜਨੀਤਿਕ ਤਾਕਤਾਂ ਨਾਲ ਜੁੜੇ ਹੋਏ ਨਹੀਂ ਹਨ।
ਰਾਸ਼ਟਰਪਤੀ ਪੁਤਿਨ ਦੇ ਵਿਰੋਧੀ ਨੇਤਾ ਸਰਗੇਈ ਨੂੰ ਪਿਛਲੇ ਹਫਤੇ ਕਈ ਹੱਤਿਆਂਵਾਂ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂਕਿ ਕ੍ਰੇਮਲਿਨ ਦੇ ਆਲੋਚਕਾਂ ਨੇ ਇਸ ਗ੍ਰਿਫਤਾਰੀ ਨੂੰ ਪੁਤਿਨ ਦੁਆਰਾ ਰਾਜਨੀਤਿਕ ਦਮਨ ਦੀ ਕਾਰਵਾਈ ਦੱਸਿਆ ਹੈ। ਮਾਸਕੋ ਸਥਿਤ ਭ੍ਰਿਸ਼ਟਾਚਾਰ ਵਿਰੋਧੀ ਪ੍ਰਚਾਰਕ ਅਤੇ ਰੂਸ ਦੇ ਸਭ ਤੋਂ ਪ੍ਰਮੁੱਖ ਵਿਰੋਧੀ ਆਗੂ ਐਲੇਕਸੀ ਏ ਨਵਲਨੀ ਨੇ ਇਸ ਪ੍ਰਦਰਸ਼ਨ ਨੂੰ ਸ਼ਹਿਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਦੱਸਿਆ ਹੈ। ਨਵਲਨੀ ਨੇ ਟਵੀਟ ਕੀਤਾ, “ਸੁਦੂਰ ਪੂਰਬ ਦੇ ਲੋਕ ਤੁਹਾਡੇ ਨਾਲ ਹਨ।”
ਜ਼ਿਕਰਯੋਗ ਹੈ ਕਿ ਰਾਸ਼ਟਪਰਤੀ ਪੁਤਿਨ ਦੁਆਰਾ 2036 ਤੱਕ ਸੱਤਾ ਵਿੱਚ ਬਣੇ ਰਹਿਣ ਦਾ ਰਸਤਾ ਸਾਫ਼ ਹੋਣ ਤੋਂ ਬਾਅਦ ਰੂਸ ਦੀ ਸੁਰੱਖਿਆ ਸੇਵਾ ਦੇ ਲੋਕਾਂ ਨੇ ਦੇਸ਼ ਵਿੱਚ ਵਿਰੋਧੀਆਂ ਖਿਲਾਫ ਵਿਸ਼ਾਲ ਮੁਹਿੰਮ ਚਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਤਿਨ ਸਮਰਥਕ ਉਮੀਦਵਾਰ ਨੂੰ ਹਰਾ ਕੇ ਸਰਗੇਈ ਸਾਲ 2018 ਵਿੱਚ ਸੱਤਾ ਵਿੱਚ ਆਏ ਸੀ। ਅਜਿਹੀ ਸਥਿਤੀ ਵਿਚ ਪੁਤਿਨ ਸਮਰਥਕ ਰਾਜਨੀਤਿਕ ਵਿਰੋਧੀਆਂ ਨੂੰ ਸਭ ਤੋਂ ਪਹਿਲਾਂ ਠਿਕਾਣੇ ਲਗਾਉਣਾ ਚਾਹੁੰਦੇ ਹਨ। ਇਹ ਸਰਗੇਈ ਵਿਰੁੱਧ ਸਭ ਤੋਂ ਵੱਡਾ ਸਰਚ ਆਪ੍ਰੇਸ਼ਨ ਸੀ।