ਕੈਪਟਨ ਨੇ ਕਿਹਾ ਪਾਕਿ ਕੁੜੀ ਜਗਜੀਤ ਦਾ ਪਰਿਵਾਰ ਭਾਰਤ ਆ ਜਾਏ, ਅਸੀਂ ਜੀ ਆਇਆਂ ਆਖਾਂਗੇ, ਅਕਾਲੀ ਦਲ ਹੋ ਗਿਆ ਗਰਮ ਕਹਿੰਦਾ ਕਿਉਂ ਘਰ ਪੱਟਦੇ ਓ ਉਨ੍ਹਾਂ ਨੂੰ ਉੱਥੇ ਸੁਰੱਖਿਤ ਮਹਿਸੂਸ ਕਰਵਾਓ

TeamGlobalPunjab
3 Min Read

[alg_back_button]

ਚੰਡੀਗੜ੍ਹ : ਗੁਆਂਢੀ ਮੁਲਕ ਅੰਦਰ ਸਿੱਖ ਲੜਕੀ ਜਗਜੀਤ ਕੌਰ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਨੇ ਨਾ ਸਿਰਫ ਭਾਰਤੀ ਪੰਜਾਬ ਬਲਕਿ ਪਾਕਿਸਤਾਨ ਅੰਦਰ ਵੀ ਵੱਡੀ ਚਰਚਾ ਛੇੜ ਦਿੱਤੀ ਹੈ। ਮੁੱਖ ਮੰਤਰੀ ਨੇ ਪਾਕਿਸਤਾਨ ‘ਚ ਰਹਿੰਦਾ ਸਿੱਖਾਂ ਨੂੰ ਇਹ ਸੱਦਾ ਦਿੱਤਾ ਹੈ ਕਿ ਉਹ ਪਾਕਿਸਤਾਨ ਛੱਡ ਕੇ ਭਾਰਤ ਆ ਜਾਣ ਇੱਥੋਂ ਦੇ ਸਰਕਾਰ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗੀ। ਮੁੱਖ ਮੰਤਰੀ ਦਾ ਇਹ ਬਿਆਨ ਜਿਉਂ ਹੀ ਪ੍ਰਕਾਸ਼ ਵਿੱਚ ਆਇਆ ਇਸ ਨੂੰ ਲੈ ਕੇ ਤੁਰੰਤ ਵੱਖ ਵੱਖ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾਂ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਮੁੱਖ ਮੰਤਰੀ  ਵੱਲੋਂ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਅਜਿਹੇ ਬਿਆਨਾਂ ਨਾਲ ਅਜਿਹੇ ਲੋਕਾਂ ਨੂੰ ਸ਼ੈਅ ਮਿਲਦੀ ਹੈ ਕਿ ਜਿਹੜੇ ਲੋਕ ਚਾਹੁੰਦੇ ਹਨ ਕਿ ਪਾਕਿਸਤਾਨ ਵਿੱਚੋਂ ਘੱਟ ਗਿਣਤੀ ਲੋਕ ਬਿਲਕੁਲ ਖਤਮ ਹੋ ਜਾਣ।

ਇਸ ਸਬੰਧ ਵਿੱਚ ਗਲੋਬਲ ਪੰਜਾਬ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾਂ ਨੇ ਦੱਸਿਆ ਕਿ ਕਿਸੇ ਦੇ ਘਰ ਵਾਰ ਛੱਡ ਕੇ ਚਲੇ ਜਾਣ ਨਾਲ ਮਸਲਾ ਹੱਲ ਨਹੀਂ ਹੋਣ ਵਾਲਾ। ਇਸ ਵੇਲੇ ਅੰਤਰ ਰਾਸ਼ਟਰੀ ਪੱਧਰ ‘ਤੇ ਮਾਨਵ ਅਧਿਕਾਰਾਂ ਦੀ ਉਲੰਘਣਾ ਦਾ ਜਿਹੜਾ ਮੁੱਦਾ ਹੈ ਉਸ ਦੇ ਮੁਤਾਬਿਕ ਪਾਕਿਸਤਾਨ ਨੂੰ ਵੀ ਆਪਣੇ ਮੁਲਕ ਵਿੱਚ ਅੰਦਰ ਬੈਠੇ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਉੱਥੇ ਰਹਿ ਕੇ ਆਪਣੇ ਆਪ ਨੂੰ ਜਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ। ਦਲਜੀਤ ਸਿੰਘ ਚੀਮਾਂ ਨੇ ਕਿਹਾ ਕਿ ਲੋੜ ਹੈ ਘੱਟ ਗਿਣਤੀਆਂ ਦੀ ਹਾਲਤ ਪਾਕਿਸਤਾਨ ‘ਚ ਠੀਕ ਹੋਵੇ ਨਾ ਕਿ ਉਹ ਆਪਣੇ ਘਰਵਾਰ ਛੱਡ ਕੇ ਇੱਥੇ ਆ ਜਾਣ, ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਨੂੰ ਤਾਂ ਇਹ ਲੋਕ ਲੈ ਆਉਣਗੇ ਪਰ ਕੱਲ੍ਹ ਨੂੰ ਇਹੋ ਕੁਝ ਕਿਸੇ ਹੋਰ ਬੱਚੀ ਨਾਲ ਹੁੰਦਾ ਹੈ ਤਾਂ ਫਿਰ ਇਹ ਕੀ ਕਰਨਗੇ ਤੇ ਉਸ ਤੋਂ ਬਾਅਦ ਜੇਕਰ ਇਹ ਸਿਲਸਿਲਾ ਨਹੀਂ ਰੁਕਦਾ ਤਾਂ ਫਿਰ ਉਸ ਦਾ ਕੀ ਹੱਲ ਹੈ? ਲਿਹਾਜਾ ਸਾਰਿਆਂ ਨੂੰ ਕੋਸ਼ਿਸ਼ ਇਹ ਕਰਨੀ  ਚਾਹੀਦੀ ਹੈ ਕਿ ਪਾਕਿਸਤਾਨ ਅੰਦਰ ਘੱਟ ਗਿਣਤੀਆਂ ਦੇ ਅਧਿਕਾਰ ਸੁਰੱਖਿਅਤ ਹੋਣ। ਇਹ ਮਨੁੱਖਤਾ ਦਾ ਮੁੱਦਾ ਹੈ ਨਾ ਕਿ ਇਕੱਲਾ ਘੱਟ ਗਿਣਤੀਆਂ ਦਾ। ਚੀਮਾਂ ਨੇ ਕਿਹਾ ਕਿ ਮਾਨਵਤਾ ਦੇ ਨਜ਼ਰੀਏ ਨਾਲ ਇਹ ਜਿਸ ਦੇਸ਼ ਦੇ ਵਸਨੀਕ ਹਨ ਉਸ ਦੇਸ਼ ਦੀ ਸਰਕਾਰ ਦਾ ਇਹ ਫਰਜ਼ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਤਾਂ ਉਨ੍ਹਾਂ ਤਾਕਤਾਂ ਦੀ ਜਿੱਤ ਹੋਵੇਗੀ ਜਿਹੜੀਆਂ ਤਾਕਤਾਂ ਉਨ੍ਹਾਂ ਨੂੰ ਉੱਥੋਂ ਕੱਢਣਾ ਚਾਹੁੰਦੀਆਂ ਹਨ ਕਿਉਂਕਿ ਜਿਹੜੀਆਂ ਤਾਕਤਾਂ ਉਨ੍ਹਾਂ ਨੂੰ ਉੱਥੋਂ ਕੱਢਣਾ ਚਾਹੁੰਦੀਆਂ ਹਨ ਉਨ੍ਹਾਂ ਦਾ ਮਕਸਦ ਹੀ ਇਹ ਹੈ ਕਿ ਕਿਸੇ ਤਰੀਕੇ ਘੱਟ ਗਿਣਤੀ ਉੱਥੋਂ ਨਿੱਕਲ ਜਾਣ। ਦਲਜੀਤ ਸਿੰਘ ਚੀਮਾਂ ਨੇ ਕਿਹਾ ਕਿ ਪਾਕਿਸਤਾਨ ਵਾਲੇ ਦੁਨੀਆਂ ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਫਿਰ ਉਨ੍ਹਾਂ ਦੇ ਆਪਣੇ ਕਿਉਂ ਅਸਰੁੱਖਿਅਤ ਮਹਿਸੂਸ ਕਰਨ।

[alg_back_button]

Share this Article
Leave a comment