ਹੁਣ ਕਾਂਗਰਸ ਦੇ ਆਹ ਵੱਡੇ ਲੀਡਰ ਨੇ ਕਰਤੀ ਬਗਾਵਤ, ਕੈਪਟਨ ਨੂੰ ਤਾਂ ਹੁਣ ਬੱਸ ਆਹੀ ਰਹਿ ਗਿਆ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ’

TeamGlobalPunjab
3 Min Read

ਜਲਾਲਬਾਦ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਪੰਜਾਬ ਅੰਦਰ ਵੀ ਜ਼ਿਮਨੀ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ ਪਾਰਟੀਆਂ ਵੱਲੋਂ ਲਗਾਤਾਰ ਆਪੋ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਲੰਘੀਆਂ ਲੋਕ ਸਭਾ ਚੋਣਾਂ ਵਾਂਗ ਇਸ ਵਾਰ ਵੀ ਕਾਂਗਰਸ ਅੰਦਰ ਸੀਟਾਂ ਦੀ ਵੰਡ ਨੂੰ ਲੈ ਕੇ ਬਗਾਵਤ ਸ਼ੁਰੂ ਹੋ ਗਈ ਹੈ। ਬਗਾਵਤ ਵੀ ਅਜਿਹੀ ਕਿ ਨਰਾਜ ਹੋਏ ਇੱਕ ਟਿਕਟ ਦੇ ਚਾਹਵਾਨ ਨੇ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਅਜ਼ਾਦ ਖੜ੍ਹੇ ਹੋ ਕੇ ਚੋਣ ਲੜਨ ਦਾ ਨਾ ਸਿਰਫ ਐਲਾਨ ਕਰ ਦਿੱਤਾ ਹੈ ਬਲਕਿ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ ਹਨ। ਇਹ ਨਰਾਜ਼ ਹੋਏ ਟਿਕਟ ਦੇ ਚਾਹਵਾਨ ਹਨ ਆਲ ਇੰਡੀਆ ਯੂਥ ਕਾਂਗਰਸ ਕਮੇਟੀ ਦੇ ਸਕੱਤਰ ਜਗਦੀਪ ਕੰਬੋਜ਼ ਗੋਲਡੀ ਜਿਨ੍ਹਾਂ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ ਚੋਣ ਅਧਿਕਾਰੀ ਕੇਸ਼ਵ ਗੋਇਲ ਕੋਲ ਜਲਾਲਾਬਾਦ ਸੀਟ ਤੋਂ ਆਪਣੇ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ  ਹਨ। ਗੋਲਡੀ ਨੇ ਕਾਂਗਰਸ ਹਾਈ ਕਮਾਂਡ ਨੂੰ ਧਮਕੀ ਦਿੱਤੀ ਹੈ ਕਿ ਜਾਂ ਤਾਂ ਆਉਂਦੀ 1 ਤਾਰੀਖ ਤੱਕ ਰਮਿੰਦਰ ਆਂਵਲਾ ਨੂੰ ਦਿੱਤੀ ਗਈ ਟਿਕਟ ਵਾਪਸ ਲੈ ਕੇ ਉਸ ਨੂੰ ਦਿੱਤੀ ਜਾਵੇ ਨਹੀਂ ਉਹ ਇੱਥੋਂ ਅਜ਼ਾਦ ਚੋਣ ਲੜਨਗੇ।

ਜ਼ਿਕਰਯੋਗ ਹੈ ਕਿ ਇੱਥੋਂ ਕਾਂਗਰਸ ਪਾਰਟੀ ਰਮਿੰਦਰ ਆਵਲਾ ਨੂੰ ਆਪਣਾ ਉਮੀਦਵਾਰ ਐਲਾਨ ਚੁਕੀ ਹੈ ਪਰ ਆਵਲਾ ਦਾ ਇੱਥੋਂ ਦੇ ਸਥਾਨਕ ਕਾਂਗਰਸੀ ਆਗੂਆਂ ਵੱਲੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ। ਇੱਧਰ ਦੂਜੇ ਪਾਸੇ ਗੋਲਡੀ ਨੇ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰਨ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਵਰਕਰਾਂ ਦੇ ਵਿਸ਼ਾਲ ਇਕੱਠ ਨੇ ਉਨ੍ਹਾਂ ਨੂੰ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਸਹਿਮਤੀ ਦੇ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਚਰਚਾਵਾਂ ਇਹ ਵੀ ਹਨ ਕਿ ਇੱਥੋਂ ਦੇ ਸਥਾਨਕ ਆਗੂ ਅਤੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਵੀ ਕਾਂਗਰਸੀ ਉਮੀਦਵਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਚਰਚਾ ਹੈ ਕਿ ਉਹ ਵੀ ਆਵਲਾ ਦਾ ਸਾਥ ਨਹੀਂ ਦੇਣਗੇ।

ਇਸ ਤੋਂ ਇਲਾਵਾ ਜੇਕਰ ਦੂਜੀਆਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੀ ਇਨ੍ਹਾਂ ਜ਼ਿਮਨੀ ਚੋਣਾਂ ਦੇ ਸਬੰਧ ਵਿੱਚ ਆਪੋ ਆਪਣੇ ਉਮੀਦਵਾਰ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਦਾਖਾ ਤੋਂ ਮਨਪ੍ਰੀਤ ਸਿੰਘ ਅਯਾਲੀ ਨੂੰ ਉਮੀਦਵਾਰ  ਐਲਾਨਿਆ ਹੈ ਉੱਥੇ ਆਮ ਆਦਮੀ ਪਾਰਟੀ ਨੇ ਇੱਥੋਂ ‘ਤੇ ਅਮਨ ਸੋਹੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕੁੱਲ ਮਿਲਾ ਕੇ ਸਿਆਸਤ ਦੇ ਮੈਦਾਨ ‘ਚ ਲੱਗੀ ਚੋਣ ਭੱਠੀ ਨੇ ਸੇਕ ਫੜਨਾ ਸ਼ੁਰੂ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਭੱਠੀ ਹੇਠਾਂ ਬਿਆਨਾਂ ਦਾ ਬਾਲਣ ਜਿਉਂ ਜਿਉਂ ਪੈਂਦਾ ਰਹੇਗਾ ਭਾਂਬੜ ਹੋਰ ਉਚੇ ਬਲਣਗੇ ਤੇ ਖਿਚੜੀ ਕੀ ਬਣ ਕੇ ਤਿਆਰ ਹੁੰਦੀ ਹੈ ਇਸ ਦਾ ਪਤਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਲੱਗੇਗਾ।

Share this Article
Leave a comment