ਦਾਸ ਅਤੇ ਪਾਸ਼ ਦੀ ਜੋੜੀ ਦੇ ਯੁੱਗ ਦਾ ਅੰਤ

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

 

ਗੁਰਦਾਸ ਬਾਦਲ ਦੇ ਇਸ ਦੁਨੀਆ ‘ਚੋਂ ਤੁਰ ਜਾਣ ਬਾਅਦ ਪੰਜਾਬ ਦੀ ਰਾਜਨੀਤੀ ਦੀ ਦਹਾਕਿਆਂ ਬੱਧੀ ਪਾਸ਼ ਅਤੇ ਦਾਸ ਦੀ ਚਰਚਿਤ ਜੋੜੀ ਟੁੱਟ ਗਈ। ਇਕ ਦਰਵੇਸ ਸਿਆਸਤਦਾਨ, ਦੋਸਤਾਂ ਦਾ ਦੋਸਤ, ਵਾਅਦੇ ਦਾ ਪੱਕਾ ਇਨਸਾਨ। ਬਹੁਤ ਘੱਟ ਕੋਈ ਅਜਿਹਾ ਇਨਸਾਨ ਹੋਵੇਗਾ ਜਿਹੜਾ ਨੀਂਹ ਦੀ ਇੱਟ ਬਣਿਆ ਅਤੇ ਉਸ ਇੱਟ ‘ਤੇ ਰਾਜਨੀਤੀ ਦੇ ਮਹਿਲ ਉਸਰ ਗਏ। ਦਾਸ ਪਿੰਡ ਬਾਦਲ ਵਿੱਚ ਬੈਠਕੇ ਕਦੇ ਲੰਬੀ ਅਤੇ ਕਦੇ ਮਲੋਟ ਵਿੱਚ ਪ੍ਰਕਾਸ਼ ਸਿੰਘ ਬਾਦਲ ਖਾਤਰ ਹਲਕੇ ਨੂੰ ਸੰਭਾਲਦੇ ਰਹੇ ਅਤੇ ਵੱਡਾ ਭਰਾ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ। ਵੱਡਾ ਭਰਾ ਜ਼ਰੂਰ ਦਾਸ ਦੀ ਦੇਹ ‘ਤੇ ਸਿਰ ਰੱਖ ਕੇ ਭੂੰਬੀ ਰੋਇਆ ਹੋਵੇਗਾ ਕਿਉਂ ਜੋ ਉਹ ਭਰਾ ਤੁਰ ਗਿਆ ਜਿਹੜਾ ਉਸ ਲਈ ਟਿਕਟ ਮੰਗਣ ਵੇਲੇ ਮੂਹਰੇ ਲੱਗ ਕੇ ਤੁਰਦਾ ਸੀ। ਪੰਜਾਬੀ ਦਾਸ ਦੀ ਦੂਰ ਅੰਦੇਸੀ ਅਤੇ ਰਾਜਸੀ ਸੂਝਬੂਝ ਤੋਂ ਹੈਰਾਨ ਹੋਣਗੇ। ਉਸ ਨੇ ਪ੍ਰਕਾਸ਼ ਸਿੰਘ ਬਾਦਲ ਦੇ ਰੂਪ ‘ਚ ਪੰਜਾਬ ਦੀ ਰਾਜਨੀਤੀ ਨੂੰ ਅਜਿਹਾ ਚੇਹਰਾ ਦਿੱਤਾ ਜਿਹੜਾ ਕਿ ਸੂਬੇ ਦੀ ਰਾਜਨੀਤੀ ‘ਚ ਦਹਾਕਿਆਂ ਤੱਕ ਬੋਹੜ ਬਣ ਕੇ ਛਾ ਗਿਆ। ਜਦੋਂ ਦਾਸ ਨੇ ਉਸ ਚੇਹਰੇ ਨੂੰ ਬਦਲਿਆ ਵੇਖਿਆ ਤਾਂ ਉਸ ਨੇ ਆਪਣੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਨੂੰ ਰਾਜ ਭਾਗ ਛੱਡ ਕੇ ਬਿਖੜੇ ਰਾਹਾਂ ‘ਤੇ ਚੱਲਣ ਲਈ ਥਾਪੜਾ ਦਿੱਤਾ ਜਿਸ ਨੇ ਸੱਚ ਦੀ ਖਾਤਰ ਰੜੇ ਮੈਦਾਨ ‘ਚ ਵੀ ਲੋਈ ਦੀ ਬੁੱਕਲ ਮਾਰ ਕੇ ਡੇਰਾ ਲਾ ਲਿਆ ਤਾਂ ਭੀੜਾਂ ਦੁਆਲੇ ਇਕੱਠੀਆਂ ਹੋ ਗਈਆਂ।

ਬਹੁਤੇ ਰਾਜਸੀ ਮਾਹਿਰ ਹੈਰਾਨ ਹੋਏ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖ ਦਿੱਤਾ ਕਿ ਜੇਕਰ ਮਾੜੇ ਵਤੀਰੇ ਵਾਲੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਅਹੁਦੇ ਤੋਂ ਨਾ ਹਟਾਇਆ ਤਾਂ ਉਹ ਕਰਨ ਅਵਤਾਰ ਸਿੰਘ ਦੀ ਹਾਜ਼ਰੀ ਵਾਲੀ ਮੀਟਿੰਗ ਵਿੱਚ ਨਹੀਂ ਆਉਣਗੇ। ਕੁਝ ਸਾਲ ਪਹਿਲਾਂ ਵਿੱਤ ਮੰਤਰੀ ਵਜੋਂ ਆਪਣੇ ਤਾਇਆ ਜੀ ਵੱਡੇ ਬਾਦਲ ਨੂੰ ਵੀ ਕੋਈ ਸਲਾਹ ਦਿੱਤੀ ਸੀ ਪਰ ਪੁੱਤਰ ਮੋਹ ਵਿੱਚ ਵੱਡੇ ਬਾਦਲ ਨੇ ਸਲਾਹ ਨਾ ਮੰਨੀ। ਮਨਪ੍ਰੀਤ ਬਾਦਲ ਭਰਿਆ ਵੇਹੜਾ ਛੱਡ ਕੇ ਤਾਇਆ ਜੀ ਨੂੰ ਖਜਾਨੇ ਦੀਆਂ ਕੂੰਜੀਆਂ ਫੜ੍ਹਾ ਕੇ ਚੁੱਪ-ਚਾਪ ਘਰ ਜਾ ਬੈਠੇ। ਮਨਪ੍ਰੀਤ ਬਾਦਲ ਨੂੰ ਉਹ ਦਿਨ ਵੀ ਜ਼ਰੂਰ ਚੇਤੇ ਆਏ ਹੋਣਗੇ ਜਦੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮੀਦਵਾਰ ਨੂੰ ਉਪ-ਚੋਣ ਗਿੱਦੜਬਾਹਾ ਵਿੱਚ ਟੱਕਰ ਦੇਣ ਲਈ ਤਾਇਆ ਜੀ ਨੇ ਘਰੋਂ ਸੱਦ ਕੇ ਚੋਣ ਲੜਨ ਲਈ ਬੁਲਾਇਆ ਸੀ। ਦਾਸ ਨੇ ਉਦੋਂ ਵੀ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਬਾਹਾ ਦੀ ਚੋਣ ਲੜਾਉ ਕਿਉਂ ਜੋ ਮਨਪ੍ਰੀਤ ਦੀ ਰਾਜਨੀਤੀ ਵਿੱਚ ਰੁੱਚੀ ਨਹੀਂ ਸੀ। ਵੱਡੇ ਬਾਦਲ ਨੇ ਉਸ ਵੇਲੇ ਦਾਸ ਜੀ ਨੂੰ ਕਿਹਾ ਸੀ ਕਿ ਮਨਪ੍ਰੀਤ ਬਾਦਲ ਹੀ ਚੋਣ ਜਿੱਤ ਸਕਦਾ ਹੈ ਅਤੇ ਇਸ ਨੂੰ ਪੰਜਾਬ ਦੇ ਭਵਿੱਖ ਦੇ ਮੁੱਖ ਮੰਤਰੀ ਵਜੋਂ ਤਿਆਰ ਕੀਤਾ ਜਾਵੇਗਾ। ਹਾਲਾਂਕਿ ਸਰਦਾਰਨੀ ਬਾਦਲ ਨਾਰਾਜ਼ ਵੀ ਹੋਏ ਪਰ ਬਾਦਲ ਨੂੰ ਪਤਾ ਸੀ ਕਿ ਚੋਣ ਮਨਪ੍ਰੀਤ ਹੀ ਜਿੱਤ ਸਕਦਾ ਹੈ।

- Advertisement -

ਦਾਸ ਜੀ ਅਤੇ ਮਨਪ੍ਰੀਤ ਦਾ ਮਿਲਾਪੜਾ ਸੁਭਾਅ ਸੀ ਕਿ ਮਨਪ੍ਰੀਤ ਬਾਦਲ ਨੇ ਕੁਝ ਸੈਕੜੇ ਵੋਟਾਂ ਨਾਲ ਜਿੱਤ ਹਾਸਲ ਕਰ ਹੀ ਲਈ। ਮੈਂ ਪੱਤਰਕਾਰ ਵਜੋਂ ਉਹ ਚੋਣ ਦੀ ਰਿਪੋਰਟਿੰਗ ਲਈ ਗਿਆ ਸੀ ਤਾਂ ਪਤਾ ਲਗਦਾ ਸੀ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੇ ਆਪ ਕਮਾਂਡ ਸੰਭਾਲੀ ਹੋਈ ਸੀ ਅਤੇ ਦਿਨ ਰਾਤ ਇਲਾਕੇ ਵਿੱਚ ਹੀ ਰਹਿੰਦੇ ਸਨ। ਉਸੇ ਚੋਣ ਵਿੱਚ ਹੋਈ ਸਹਿਮਤੀ ਨਾਲ ਪਰਿਵਾਰ ਦੀ ਖਾਤਰ ਵੱਡੇ ਬਾਦਲ ਨੇ ਬਾਅਦ ‘ਚ ਸੁਖਬੀਰ ਬਾਦਲ ਨੂੰ ਐੱਮ.ਪੀ. ਬਣਾਇਆ ਅਤੇ ਕੇਂਦਰ ‘ਚ ਮੰਤਰੀ ਬਣਾਇਆ। ਦਾਸ ਜੀ ਆਪ ਬੇਸ਼ੱਕ ਘੱਟ ਪੜ੍ਹੇ ਸਨ ਪਰ ਉਨ੍ਹਾਂ ਨੇ ਮਨਪ੍ਰੀਤ ਨੂੰ ਦੁਨੀਆ ਦੀ ਪੜ੍ਹਾਈ ਕਰਾਉਣ ਵਿੱਚ ਕਸਰ ਨਹੀਂ ਛੱਡੀ। ਦਾਸ ਜੀ ਦੀ ਸਾਦਗੀ ਕਮਾਲ ਦੀ ਸੀ।

ਅਕਸਰ ੳਨ੍ਹਾਂ ਕੋਲ ਜੀਪ ਹੁੰਦੀ ਸੀ ਅਤੇ ਕੁੜਤਾ ਪਜਾਮਾ ਉਨ੍ਹਾਂ ਦੀ ਪਸੰਦ ਦੀ ਪੁਸ਼ਾਕ ਸੀ। ਦਾਸ ਜੀ ਅਕਸਰ ਆਪਣੇ ਦੋਸਤਾਂ ਮਿੱਤਰਾਂ ਨੂੰ ਦਸਦੇ ਹੁੰਦੇ ਸਨ ਕਿ ਡੱਬਵਾਲੀ ਟ੍ਰਾਂਸਪੋਰਟ ਉਨ੍ਹਾਂ ਦੀ ਚੋਟਾਲਿਆ ਨਾਲ ਸਾਂਝੀ ਸੀ। ਕਈ ਵਾਰ ਚੋਟਾਲਾ ਅਤੇ ਉਹ ਬੱਸਾਂ ਨੂੰ ਇਕੱਠੇ ਧੱਕਾ ਲਾਉਂਦੇ ਰਹੇ ਸਨ। ਸ਼ਾਇਦ ਇਹ ਪਿਤਾ ਦੀ ਸਾਦਗੀ ਦਾ ਹੀ ਅਸਰ ਹੈ ਕਿ ਮਨਪ੍ਰੀਤ ਸਿੰਘ ਬਾਦਲ ਇੱਕ ਵਾਰ ਵਿੱਤ ਮੰਤਰੀ ਵਜੋਂ ਆਪ ਜੀਪ ਚਲਾ ਕੇ ਟ੍ਰਿਬਿਊਨ ਕਿਸੇ ਨੂੰ ਮਿਲਣ ਆ ਗਏ ਤਾਂ ਗੇਟ ‘ਤੇ ਸਕਿਊਰਿਟੀ ਸਟਾਫ ਵਾਲਿਆਂ ਨੇ ਉਨ੍ਹਾਂ ਨੂੰ ਅੰਦਰ ਨਾ ਜਾਣ ਦਿੱਤਾ ਕਿਉਂ ਜੋ ਉਨ੍ਹਾਂ ਦੇ ਨਾਲ ਸਕਿਊਰਿਟੀ ਦਾ ਲਾ-ਲਸ਼ਕਰ ਹੀ ਨਹੀਂ ਸੀ।

ਦਾਸ ਜੀ ਦੀ ਸਾਦਗੀ ਅਤੇ ਲੋਕਾਂ ਨਾਲ ਮੇਲ ਮਿਲਾਪ ਤੋਂ ਮਨਪ੍ਰੀਤ ਬਾਦਲ ਨੇ ਬਹੁਤ ਕੁਝ ਸਿੱਖਿਆ। ਵੱਡੇ ਬਾਦਲ ਦੇ ਸੱਦੇ ‘ਤੇ ਇਕ ਵਾਰ ਅਬਦੁਲ ਕਲਾਮ ਪਿੰਡ ਬਾਦਲ ਆ ਗਏ ਤਾਂ ਜਿਹੜੇ ਲੋਕ ਉੱਥੇ ਆਉਣ ਤਾਂ ਪਹਿਲਾਂ ਦਾਸ ਜੀ ਦੀ ਗੋਡੇ ਹੱਥ ਲਾਉਣ ਅਤੇ ਫਿਰ ਵੱਡੇ ਬਾਦਲ ਕੋਲ ਜਾਣ। ਕਲਾਮ ਸਾਹਿਬ ਨੇ ਵੱਡੇ ਬਾਦਲ ਨੂੰ ਪੁੱਛਿਆ ਕਿ ਇਹ ਆਦਮੀ ਕੌਣ ਹੈ? ਕਲਾਮ ਸਾਹਿਬ ਹੈਰਾਨ ਸਨ ਕਿ ਬਾਦਲ ਨਾਲੋਂ ਪਹਿਲਾਂ ਕਿਸੇ ਹੋਰ ਆਦਮੀ ਦੇ ਲੋਕ ਗੋਡੀ ਹੱਥ ਲਾ ਰਹੇ ਹਨ। ਉਸੇ ਮੀਟਿੰਗ ‘ਚ ਵੱਡੇ ਬਾਦਲ ਨੇ ਸੁਭਾਅ ਮੁਤਾਬਿਕ ਕਲਾਮ ਸਾਹਿਬ ਨੂੰ ਪੁੱਛ ਲਿਆ ਕਿ ਇੱਕ ਵਿਗਿਆਨੀ ਵਜੋਂ ਦੱਸਣ ਕਿ ਪਿੰਡ ਦੇ ਛੱਪੜ ਦਾ ਪਾਣੀ ਬਾਹਰ ਕਿਵੇਂ ਕੱਢਿਆ ਜਾ ਸਕਦੈ? ਦਾਸ ਜੀ ਨੇ ਆਪਣੇ ਵੱਡੇ ਭਰਾ ਨੂੰ ਕਿਹਾ ਕਿ ਐਡੇ ਵੱਡੇ ਬੰਦੇ ਤੋਂ ਇਹੋ ਜਿਹਾ ਸੁਆਲ ਨਹੀਂ ਪੁੱਛਣਾ ਚਾਹੀਦਾ।

ਦਾਸ ਜੀ ਦੇ ਮਜ਼ਾਕ ਵੀ ਬਹੁਤ ਮਸ਼ਹੂਰ ਸਨ। ਦੋਵਾਂ ਭਰਾਵਾਂ ਦਾ ਪਿਆਰ ਐਨਾ ਸੀ ਕਿ ਰਾਜਸੀ ਵਖਰੇਵੇਂ ਦੇ ਬਾਵਜੂਦ ਨਿੱਘ ਦੇ ਰਿਸਤੇ ਕਾਇਮ ਰਹੇ। ਕਹਿੰਦੇ ਹਨ ਕਿ ਕਈ ਵਾਰ ਰਾਤ ਨੂੰ ਗੱਲਾਂ ਕਰਦੇ ਦੋਵੇਂ ਭਰਾ ਇੱਕੋ ਮੰਜੇ ‘ਤੇ ਸੌ ਜਾਂਦੇ ਸਨ। ਵੱਡੇ ਬਾਦਲ ਨੇ ਜਦੋਂ 2007 ਦੀ ਚੋਣ ਲੜੀ ਤਾਂ ਦਾਸ ਜੀ ਨੇ ਮਨਪ੍ਰੀਤ ਨੂੰ ਕਿਹਾ ਕਿ ਆਪਾਂ ਆਖਰੀ ਚੋਣ ਲੜ ਦਿੱਤੀ ਹੈ ਪਰ ਹੁਣ ਉਸ ਦੇ ਤਾਇਆ ਜੀ ਦਾ ਵਿਰੋਧ ਬਹੁਤ ਹੈ। ਦਾਸ ਜੀ ਨੂੰ ਛੱਡ ਕੇ ਦੂਜੇ ਸਾਰੇ ਸਕੇ ਪਰਿਵਾਰ ਵੱਡੇ ਬਾਦਲ ਦੇ ਵਿਰੋਧ ‘ਚ ਖੜ੍ਹ ਗਏ। ਉਸ ਚੋਣ ਬਾਅਦ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਅਤੇ ਉਸੇ ਵਾਰੀ ‘ਚ ਮਨਪ੍ਰੀਤ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਬਾਹਰ ਆ ਗਿਆ। ਸੱਚਮੁੱਚ ਹੀ ਦਾਸ ਜੀ ਦੀ ਬਾਦਲ ਲਈ ਉਹ ਆਖਰੀ ਚੋਣ ਸੀ। ਪਰਿਵਾਰ ਦੇ ਇੱਕ ਨਜ਼ਦੀਕੀ ਦੋਸਤ ਅਤੇ ਸੀਨੀਅਰ ਐਡਵੋਕੇਟ ਸੁਖਬੰਤ ਸਿੰਘ ਭਿੰਡਰ ਦਾ ਕਹਿਣਾ ਹੈ ਕਿ ਦਾਸ ਜੀ ਦੇ ਤੁਰ ਜਾਣ ਨਾਲ ਬਾਦਲ ਯੁੱਗ ਖਤਮ ਹੋ ਗਿਆ ਹੈ।

ਸੰਪਰਕ : 9814002186

- Advertisement -
Share this Article
Leave a comment