ਮੈਜਿਸਟ੍ਰੇਟ ਸਾਹਮਣੇ ਆਪਣਾ ਨਾਂ ਆਜ਼ਾਦ ਤੇ ਪਿਤਾ ਦਾ ਨਾਂ ਸੁੰਤਤਰ ਤੇ ਘਰ ਜੇਲ੍ਹ ਦੱਸਣ ਵਾਲਾ ਕ੍ਰਾਂਤੀਕਾਰੀ ਦੇਸ਼ ਭਗਤ!

TeamGlobalPunjab
4 Min Read

-ਅਵਤਾਰ ਸਿੰਘ

ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23-2-1906 ਨੂੰ ਪੰਡਤ ਸੀਤਾ ਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁੱਖੋਂ ਪਿੰਡ ਭਾਵਰਾ ਜਿਲਾ ਝਾਬੂਆ (ਐਮ ਪੀ) ਵਿੱਚ ਹੋਇਆ।

ਘਰੇਲੂ ਹਾਲਤ ਠੀਕ ਨਾ ਹੋਣ ਕਾਰਨ ਰੋਜ਼ਗਾਰ ਦੀ ਤਲਾਸ਼ ਵਿੱਚ ਉਨ੍ਹਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀਰਾਜ ਰਿਆਸਤ ਵਿੱਚ ਜਾ ਵਸੇ।

ਆਜ਼ਾਦ ਪੰਜ ਭਰਾਵਾਂ ‘ਚੋਂ ਛੋਟੇ ਸਨ। ਸੰਸਕ੍ਰਿਤ ਦੀ ਪੜ੍ਹਾਈ ਲਈ ਬਨਾਰਸ ਚਲੇ ਗਏ। 1921 ਨੂੰ ਨਾ-ਮਿਲਵਰਤਣ ਲਹਿਰ ਵਿਚ ਸਾਥੀਆਂ ਨਾਲ ਤਾਲਮੇਲ ਹੋਣ ‘ਤੇ ਸ਼ਾਮਲ ਹੋ ਗਏ। 15 ਸਾਲ ਦੀ ਉਮਰ ਵਿੱਚ ਉਨ੍ਹਾਂ ਸਰਕਾਰ ਵਿਰੁੱਧ ਨਾ ਮਿਲਵਰਤਣ ਲਹਿਰ ਵਿਰੁੱਧ ਬਨਾਰਸ ਵਿੱਚ ਵੱਡੇ ਜਲੂਸ ਦੀ ਅਗਵਾਈ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ।

- Advertisement -

ਜਦ ਉਸਨੂੰ ਨਾਂ ਤੇ ਪਤਾ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣਾ ਨਾਂ ਆਜ਼ਾਦ ਤੇ ਪਿਤਾ ਦਾ ਨਾਂ ਸੁੰਤਤਰ ਤੇ ਘਰ ਜੇਲ੍ਹ ਦੱਸਿਆ। ਮੈਜਿਸਟ੍ਰੇਟ ਨੇ 15 ਬੈਂਤ ਦੀ ਸ਼ਜਾ ਸੁਣਾਈ ਤਾਂ ਜਦ ਗੰਡਾ ਸਿੰਘ ਜੇਲਰ ਬੰਨ੍ਹ ਕੇ ਸਜ਼ਾ ਦੇਣ ਲਗਾ ਤਾਂ ਉਸਨੇ ਕਿਹਾ ਮੈਨੂੰ ਬੰਨ੍ਹਣ ਦੀ ਲੋੜ ਨਹੀਂ ਹੈ, ਮੇਰੇ ਵਿੱਚ ਸਜ਼ਾ ਸਹਿਣ ਦੀ ਹਿੰਮਤ ਹੈ। ਉਹ ‘ਭਾਰਤ ਮਾਤਾ ਜੈ ‘ਦੇ ਨਾਹਰੇ ਲਾਉਂਦਾ ਰਿਹਾ ਤੇ ਬੈਂਤ ਵਜਦੇ ਰਹੇ।

ਜੱਲਿਆਂ ਵਾਲੇ ਬਾਗ ਵਿੱਚ ਅੰਗਰੇਜ਼ਾਂ ਵਲੋਂ ਕੀਤੀ ਕਤਲੋਗਾਰਤ ਪਿੱਛੋਂ ਆਜ਼ਾਦੀ ਦੀ ਜੰਗ ਵਿੱਚ ਕੁੱਦ ਪਿਆ। ਕਾਨਪੁਰ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਸਾਥੀਆਂ ਨਾਲ ਰਲ ਕੇ ਕੰਮ ਕਰਨ ਲਗੇ।

ਉਨ੍ਹਾਂ ਪਾਰਟੀ ਫੰਡ ਲਈ ਡਾਕੇ ਵੀ ਮਾਰੇ ਤੇ ਖਾਸ ਕਰਕੇ 9-8-1925 ਨੂੰ ਲਖਨਉ ਨੇੜੇ ਕੋਕਰੀ ਤੇ ਆਲਮ ਨਗਰ ਵਿਚਕਾਰ ਚਲਦੀ ਰੇਲ ਗੱਡੀ ਵਿੱਚ ਡਾਕਾ ਮਾਰਿਆ, ਜਿਸ ਵਿੱਚ ਬਹੁਤ ਸਾਰਾ ਸਰਕਾਰੀ ਖਜਾਨਾ ਹੱਥ ਲਗਾ।

ਚੰਦਰ ਸ਼ੇਖਰਆਜ਼ਾਦ ਭੇਸ ਬਦਲ ਕੇ ਝਾਂਸੀ ਚਲੇ ਗਏ। 6-4-1927 ਨੂੰ ਕੇਸ ਦੇ ਹੋਏ ਫੈਸਲੇ ਮੁਤਾਬਿਕ ਪੰਡਤ ਰਾਮ ਪ੍ਰਸ਼ਾਦਿ ਬਿਸਮਿਲ, ਰਾਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ ਤੇ ਅਸ਼ਫਾਕ ਉਲਾ ਨੂੰ ਫਾਂਸੀ ਦਿਤੀ ਗਈ। ਬਾਕੀ ਇਨਕਲਾਬੀਆਂ ਨੂੰ 5 ਤੋਂ 14 ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ।
ਚੰਦਰ ਸ਼ੇਖਰ ਅਜ਼ਾਦ ਨੇ ਸਾਥੀਆਂ ਨਾਲ ਰਲ ਕੇ 8 ਤੇ 9 ਸਤੰਬਰ 1928 ਨੂੰ ‘ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਬਣਾਈ ਗਈ। ਜਿਸ ਦਾ ਕਮਾਂਡਰ ਇਨ ਚੀਫ ਅਜ਼ਾਦ ਨੂੰ ਬਣਾਇਆ ਗਿਆ।

ਇਨ੍ਹਾਂ ਦਾ ਉਦੇਸ਼ ਸੀ, ਹਥਿਆਰਬੰਦ ਇਨਕਲਾਬ ਰਾਹੀਂ ਆਜਾਦੀ ਹਾਸਲ ਕਰਨਾ ਤੇ ਇਸ ਲਈ ਬੰਬ ਬਣਾਉਣੇ ਤੇ ਸਰਕਾਰੀ ਖਜਾਨੇ ਲੁਟਣੇ। 1928 ਵਿੱਚ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਸਮੇ ਜਦ ਭੁਲੇਖੇ ਵਿੱਚ ਸਾਂਡਰਸ ਮਾਰਿਆ ਸੀ ਤਾਂ ਉਸ ਸਮੇ ਚੰਨਣ ਸਿੰਘ ਸਿਪਾਹੀ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਨ ਤੋਂ ਰੋਕਣ ਦੇ ਬਾਵਜੂਦ ਨਾ ਰੁਕਿਆ ਤਾਂ ਚੰਦਰ ਸ਼ੇਖਰ ਅਜ਼ਾਦ ਨੇ ਗੋਲੀਆਂ ਮਾਰਕੇ ਮਾਰ ਦਿੱਤਾ ਸੀ। ਫਿਰ ਦੂਜੇ ਸਾਥੀਆਂ ਵਾਂਗ ਭੇਸ ਬਦਲ ਕੇ ਮਥਰਾ ਪਹੁੰਚ ਗਿਆ।

- Advertisement -

ਉਨ੍ਹਾਂ ਦੀ ਅਸੈਂਬਲੀ ਬੰਬ ਕੇਸ ਵਿਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਜੇਲ੍ਹ ਵਿੱਚੋਂ ਛੁਡਾਉਣ ਦੀ ਸਕੀਮ ਭਗਵਤੀ ਚਰਨ ਵੋਹਰਾ ਦੇ ਸ਼ਹੀਦ ਹੋਣ ਕਾਰਣ ਸਿਰੇ ਨਾ ਚੜੀ।ਅਜ਼ਾਦ ਦੀ ਗ੍ਰਿਫਤਾਰੀ ਲਈ 5,000 ਰੁਪਏ ਇਨਾਮ ਰੱਖਿਆ ਗਿਆ ਸੀ।

1930 ਵਿੱਚ ਵਾਇਸਰਾਏ ਦੀ ਗੱਡੀ ਉਲਟਾਉਣ ਵਿੱਚ ਵੀ ਉਹ ਸ਼ਾਮਲ ਸਨ, ਉਨ੍ਹਾਂ 26-1-1930 ਨੂੰ ਫਿਲਾਸਫੀ ਆਫ ਬੰਬ ਦੇ ਇਸ਼ਤਿਹਾਰ ਵੰਡੇ। 27-2-1931 ਨੂੰ ਇਲਾਹਬਾਦ ਦੇ ਐਲਫਰੈਡ ਪਾਰਕ ਵਿੱਚ ਸਾਥੀਆਂ ਨੂੰ ਮਿਲਣ ਆਏ ਤਾਂ ਕਿਸੇ ਨੇ ਅੰਗਰੇਜ਼ ਪੁਲੀਸ ਨੂੰ ਸੂਚਨਾ ਦੇ ਦਿੱਤੀ ਤੇ 40 ਹਥਿਆਰਬੰਦ ਪੁਲੀਸ ਵਾਲਿਆਂ ਵੱਲੋਂ ਘੇਰਾ ਪੈਣ ਤੇ ਸੁਖਦੇਵ ਨੂੰ ਪਹਿਲਾਂ ਭਜਾ ਦਿੱਤਾ।

ਐਸ ਪੀ ਨਾਟਬਾਵਰ ਦੇ ਜਖ਼ਮੀ ਹੋਣ ਤੇ ਐਸ ਪੀ ਬਸ਼ੇਸਰ ਸਿੰਘ ਨੇ ਘੇਰਾ ਪਾ ਕੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। 32 ਮਿੰਟ ਗੋਲੀ ਚਲਦੀ ਰਹੀ। ਆਜ਼ਾਦ ਰੁੱਖ ਉਹਲੇ ਪਿਸਤੌਲ ਨਾਲ ਆਖਰੀ ਗੋਲੀ ਤਕ ਮੁਕਾਬਲਾ ਕਰਦਾ ਰਿਹਾ। ਉਸ ਨੇ ਪਿਸਤੌਲ ਨੂੰ ਆਪਣੀ ਪੁੜਪੜੀ ‘ਤੇ ਰੱਖ ਕੇ ਆਖਰੀ ਗੋਲੀ ਚਲਾ ਕੇ ਸ਼ਹਾਦਤ ਪ੍ਰਾਪਤ ਕਰ ਲਈ। ਪੁਲੀਸ ਲਾਸ਼ ਚੁੱਕਣ ਤੋਂ ਵੀ ਡਰਦੀ ਸੀ ਕਿਤੇ ਅਜਾਦ ਜਿਉਂਦਾ ਨਾ ਹੋਵੇ। ਉਹ ਆਮ ਤੌਰ ‘ਤੇ ਗੁਣਗਣਾਉਂਦਾ ਹੁੰਦਾ ਸੀ, ਦੁਸ਼ਮਣੋਂ ਕੀ ਗੋਲੀਆਂ ਕਾ ਸਾਹਮਣਾ ਕਰੇਂਗੇ, ਆਜ਼ਾਦ ਹਮ ਅਜ਼ਾਦ ਹੀ ਰਹੇਂਗੇ। ਉਸਦਾ ਪਿਸਤੌਲ ਹੁਣ ਵੀ ਇਲਾਹਬਾਦ ਦੇ ਮਿਊਜੀਅਮ ਵਿਚ ਰੱਖਿਆ ਹੋਇਆ ਹੈ। ਅਜਿਹੇ ਆਜ਼ਾਦੀ ਦੇ ਪਰਵਾਨੇ ਨੂੰ ਸਲਾਮ।

Share this Article
Leave a comment