Home / ਓਪੀਨੀਅਨ / ਕਿਸਾਨਾਂ ਲਈ ਜਾਣਕਾਰੀ – ਪੂਸਾ ਬਾਸਮਤੀ ਦੀ ਅਗੇਤੀ ਬਿਜਾਈ ਤੋਂ ਗੁਰੇਜ਼ ਕਰੋ

ਕਿਸਾਨਾਂ ਲਈ ਜਾਣਕਾਰੀ – ਪੂਸਾ ਬਾਸਮਤੀ ਦੀ ਅਗੇਤੀ ਬਿਜਾਈ ਤੋਂ ਗੁਰੇਜ਼ ਕਰੋ

-ਗੁਰਜੀਤ ਸਿੰਘ ਮਾਂਗਟ ਅਤੇ ਰਣਵੀਰ ਸਿੰਘ ਗਿੱਲ;

ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਵਿੱਚ ਕੁਦਰਤੀ ਤੌਰ ਤੇ ਉਤਪੰਨ ਹੋਣ ਤੋ ਬਾਅਦ ਮਨੁੱਖੀ ਚੋਣ ਸਦਕਾ ਇੱਕ ਵਿਲੱਖਣ ਪਹਿਚਾਣ ਵਾਲੀ ਸ਼੍ਰੇਣੀ ਜੋ ਕਿ ਵਿਸ਼ਵ ਵਿੱਚ ਪ੍ਰਸਿੱਧੀ ਰੱਖਦੀ ਹੈ, ਉਹ ਹੈ `ਬਾਸਮਤੀ` ਚਾਵਲ। ਇਸ ਵਿੱਚ ਵਿਲੱਖਣ ਗੁਣ ਜਿਵੇ ਕਿ ਲੰਬੇ ਪਤਲੇ ਚੌਲ, ਇੱਕ ਖਾਸ ਕਿਸਮ ਦੀ ਖੁਸ਼ਬੂ, ਮਿਠਾਸ, ਮੁਲਾਇਮ-ਵਧੀਆ ਸਵਾਦ ਅਤੇ ਪਕਾਉਣ ਉਪਰੰਤ ਚੌਲਾ ਦਾ ਦੁਗਣੇ ਜਾ ਇਸ ਤੋ ਵੀ ਜਿਆਦਾ ਲੰਬੇ ਹੋ ਜਾਣਾ ਵਿਸ਼ਵ ਵਿੱਚ ਇਸ ਸ਼੍ਰੇਣੀ ਨੂੰ ਇੱਕ ਵੱਖਰੀ ਪਹਿਚਾਣ ਦਿੰਦੇ ਹਨ।ਬਾਸਮਤੀ ਚੌਲਾਂ ਦੀ ਕਾਸ਼ਤ ਜ਼ਿਆਦਾਤਰ ਪੰਜਾਬ,ਹਰਿਆਣਾ,ਉਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਕੁਝ ਹਿੱਸਾ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਦਿੱਲੀ ਵਿੱਚ ਹੁੰਦੀ ਹੈ।

ਧਰਤੀ ਹੇਠਲੇ ਡਿੱਗਦੇ ਜਾ ਰਹੇ ਪਾਣੀ ਦੇ ਪੱਧਰ ਦੀ ਗੰਭੀਰ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੋਜ ਦਾ ਮੁੱਖ ਉਦੇਸ਼ ਘੱਟ ਸਮੇ ਵਿੱਚ ਵੱੱਧ ਝਾੜ ਵਾਲੀਆਂ ਕਿਸਮਾਂ ਵਿਕਸਿਤ ਕਰਨ ਵੱਲ ਕੇਂਦਰਿਤ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਬਾਸਮਤੀ ਦੀਆਂ ਸਮੇਂ-ਸਮੇਂ ਉੱਤੇ ਨਵੀਆਂ ਸੁਧਰੀਆਂ ਹੋਈਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ।ਇਸ ਦੇ ਨਾਲ ਹੀ ਇਹਨਾਂ ਕਿਸਮਾ ਤੋਂ ਸਥਿਰ ਝਾੜ ਲੈਣ ਲਈ ਅਤੇ ਬਾਸਮਤੀ ਦੀ ਗੁਣਵਣਤਾ ਬਰਕਰਾਰ ਰੱਖਣ ਲਈ ਸੁਚੱਜੀਆਂ ਉਤਪਾਦਨ ਤਕਨੀਕਾਂ ਦੀ ਵੀ ਸਿਫਾਰਸ਼ ਕੀਤੀ ਜਾਂਦੀ ਰਹੀ ਹੈ।ਸਿਫ਼ਾਰਸ਼ ਬਾਸਮਤੀ ਕਿਸਮਾਂ ਵਿੱਚੋਂ ਪੂਸਾ ਬਾਸਮਤੀ 1509 ਕਿਸਮ ਦੀ ਵਿਲੱਖਣਤਾ ਹੈ ਕਿ ਇਹ ਪਨੀਰੀ ਸਮੇਤ ਸਿਰਫ਼ 120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਬਾਸਮਤੀ ਦੇ ਉੱਤਮ ਗੁਣ ਤਾਂ ਹੀ ਪ੍ਰਾਪਤ ਹੁੰਦੇ ਹਨ ਜਦੋਂ ਦਾਣੇ ਭਰਨ ਸਮੇਂ ਸਵੇਰ ਅਤੇ ਸ਼ਾਮ ਦਾ ਤਾਪਮਾਨ ਠੰਡਾ ਅਤੇ ਦਿਨ ਦਾ ਤਾਪਮਾਨ ਜ਼ਿਆਦਾ ਹੋਵੇ।ਬਾਸਮਤੀ ਦੀਆਂ ਪੁਰਾਤਨ ਕਿਸਮਾਂ ਜਿਵੇ ਕਿ ਬਾਸਮਤੀ 370 ਅਤੇ ਬਾਸਮਤੀ 386 ਪ੍ਰਕਾਸ਼ ਨੂੰ ਸੰਵੇਦਨਸ਼ੀਲ ਕਿਸਮਾਂ ਸਨ ਅਤੇ ਇਹ ਕਿਸਮਾਂ ਸਹੀ ਸਮੇਂ (ਅਖੀਰ ਸਤੰਬਰ ਜਾਂ ਅਕਤੂਬਰ ਦੇ ਸ਼ੁਰੂ ਵਿੱਚ) ਉੱਤੇ ਹੀ ਪੱਕਦੀਆਂ ਸਨ।ਪਰੰਤੂ ਕਿਉਕਿ ਪੂਸਾ ਬਾਸਮਤੀ 1509 ਪ੍ਰਕਾਸ਼ ਨੂੰ ਅਸੰਵੇਦਨਸ਼ੀਲ ਕਿਸਮ ਹੈ (ਲਗਾਉਣ ਤੋ 120 ਦਿਨਾਂ ਵਿੱਚ ਪੱਕ ਜਾਂਦੀ ਹੈ) ਇਸ ਲਈ ਬਾਸਮਤੀ ਦੀ ਗੁਣਵੰਤਾ ਕਾਇਮ ਰੱਖਣ ਲਈ ਇਸ ਦੀ ਸਹੀ ਸਮੇਂ ਤੇ ਲੁਆਈ ਅਤੀ ਜ਼ਰੂਰੀ ਹੈ।ਜੁਲਾਈ ਦਾ ਦੂਜਾ ਪੰਦਰਵਾੜ੍ਹਾ ਇਸ ਕਿਸਮ ਦੀ ਲੁਆਈ ਲਈ ਢੁੱਕਵਾਂ ਹੈ।ਇਸ ਸਮੇਂ ਲਗਾਈ ਗਈ ਫ਼ਸਲ ਅਕਤੂਬਰ ਦੇ ਦੁਜੇ ਪੰਦਰਵਾੜੇ੍ਹ ਵਿੱਚ ਪੱਕਦੀ ਹੈ ਜਦੋਂ ਬਾਸਮਤੀ ਦੇ ਉੱਤਮ ਗੁਣ ਜਿਵੇਂ ਮਹਿਕ, ਪਾਰਦਰਸ਼ੀ ਦਾਣਿਆਂ ਅਤੇ ਸਾਬਤ ਚੌਲਾਂ ਦੀ ਵੱਧ ਪ੍ਰਾਪਤੀ ਲਈ ਵਾਤਾਵਰਨ ਬਿਲਕੁਲ ਅਨੁਕੂਲ ਹੁੰਦਾ ਹੈ।

ਪਰੰਤ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਵੱਲੋਂ ਯੂਨੀਵਰਸਿਟੀ ਦੀਆਂ ਸ਼ਿਫਾਰਸਾਂ ਨੂੰ ਅਣਗੌਲਿਆਂ ਕਰਦਿਆਂ ਇਸ ਕਿਸਮ ਦੀ ਲੁਆਈ ਜੂਨ ਮਹੀਨੇ ਵਿੱਚ ਪਰਮਲ ਝੋਨੇ ਦੇ ਨਾਲ ਹੀ ਕਰ ਦਿੱਤੀ ਗਈ ਅਤੇ ਇਹ ੁਿਕਸਮ ਜਲਦੀ (ਸਤੰਬਰ ਦੇ ਸ਼ੁਰੂ ਵਿੱਚ) ਪੱਕ ਗਈ ਜਦੋਂ ਦਿਨ ਅਤੇ ਰਾਤ ਦੋਵਾਂ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ।ਘੱਟ ਸਮਾਂ ਲੈਣ ਕਾਰਨ ਇਹ ਕਿਸਮ ਪਰਮਲ ਝੋਨੇ ਦੀਆਂ ਕਿਸਮਾਂ ਤੋਂ ਵੀ ਪਹਿਲਾਂ ਪੱਕ ਗਈ।ਇਸ ਕਾਰਨ ਕਿਸਾਨ ਵੀਰਾਂ ਨੂੰ ਝਾੜ ਅਤੇ ਮੰਡੀਕਰਨ ਵਿੱਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦੇ ਖੇਤਾਂ ਤੋਂ ਅਗੇਤੀ ਅਤੇ ਸਮੇਂ ਸਿਰ ਬੀਜੀ ਪੂਸਾ ਬਾਸਮਤੀ 1509 ਕਿਸਮ ਦੇ ਨਮੂਨੇ ਇਕੱਠੇ ਕੀਤੇ ਗਏ ਇਨ੍ਹਾਂ ਦੀ ਕੱਚੇ ਅਤੇ ਸੇਲੇ ਦੇ ਤੌਰ ਛੜਾਈ ਕੀਤੀ ਗਈ।ਨਤੀਜ਼ਿਆਂ ਵਿੱਚ ਪਾਇਆ ਗਿਆ ਹੈ ਕਿ ਇਸ ਕਿਸਮ ਦੀ ਅਗੇਤੀ ਬਿਜਾਈ ਨਾਲ ਕੁੱਲ ਅਤੇ ਸਾਬਤ ਚੋਲਾਂ ਦੀ ਪ੍ਰਾਪਤੀ ਕੱਚੀ ਛੜਾਈ ਦੌਰਾਨ ਲੱਗਭੱਗ 3 ਅਤੇ 11% ਕ੍ਰਮਵਾਰ ਘਟਦੀ ਹੈ।ਅਗੇਤੀ ਬੀਜੀ ਫ਼ਸਲ ਵਿੱਚ ਚਾਕੀ (ਗੈਰ-ਪਾਰਦਰਸ਼ੀ) ਦਾਣਿਆ ਦੀ ਮਾਤਰਾ ਸਮੇਂ ਸਿਰ ਬੀਜੀ ਫ਼ਸਲ ਨਾਲੋਂ 8% ਜ਼ਿਆਦਾ ਸੀ।ਪਾਰਬੁਆਲਿੰਗ ਤਕਨੀਕ (ਸੇਲਾ) ਨਾਲ ਕੁੱਲ ਅਤੇ ਸਾਬਤ ਚੌਲਾਂ ਦੀ ਪ੍ਰਾਪਤੀ ਵਿੱਚ ਕੱਚੇ ਚੌਲਾਂ ਤੋਂ ਕਾਫੀ ਵਾਧਾ ਪਾਇਆ ਗਿਆ।ਪਰੰਤੂ ਇਸ ਵਿਧੀ ਨਾਲ ਵੀ ਅਗੇਤੀ ਬਿਜਾਈ ਵਾਲੀ ਫ਼ਸਲ ਵਿੱਚ ਕੁੱਲ ਅਤੇ ਸਾਬਤ ਚੌਲਾਂ ਦੀ ਮਾਤਰਾ ਵਿੱਚ 4 ਅਤੇ 14% ਕ੍ਰਮਵਾਰ ਘਾਟਾ ਪਾਇਆ ਗਿਆ।

ਇਸ ਲਈ ਕਿਸਾਨ ਵੀਰਾਂ ਨੂੰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਵਧੀਆ ਝਾੜ ਅਤੇ ਉੱਤਮ ਕਿਸਮ ਦੀ ਬਾਸਮਤੀ ਦੀ ਪੈਦਾਵਾਰ ਲਈ ਪੂਸਾ ਬਾਸਮਤੀ 1509 ਕਿਸਮ ਦੀ ਪਨੀਰੀ ਦੀ ਬਿਜਾਈ ਸ਼ਿਫਾਰਸ਼ ਕੀਤੇ ਗਏ ਸਮੇਂ (ਜੂਨ ਦੇ ਦੂਜੇ ਪੰਦਰਵਾੜ੍ਹੇ) ਤੇ ਹੀ ਕਰੋ ਅਤੇ 25 ਦਿਨਾਂ ਦੀ ਪਨੀਰੀ ਨੂੰ ਜੁਲਾਈ ਦੇ ਦੂਜੇ ਪੰਦਰਵਾੜ੍ਹੇ ਦੌਰਾਨ ਖੇਤ ਵਿੱਚ ਲਗਾਉਣਾ ਚਾਹੀਦਾ ਹੈ।

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *