ਰਵਨੀਤ ਬਿੱਟੂ ਨੇ ਭਾਈ ਹਵਾਰਾ ਤੇ ਭਾਈ ਰਾਜੋਆਣਾ ਨੂੰ ਦੱਸਿਆ ਜੰਗਲੀ ਗਿੱਦੜ, ਕਿਹਾ ਇਨ੍ਹਾਂ ਨੂੰ ਪਟਾ ਕਿਵੇਂ ਪਾਉਣਾ ਹੈ ਇਹ ਸਾਨੂੰ ਆਉਂਦਾ ਹੈ

TeamGlobalPunjab
3 Min Read

ਲੁਧਿਆਣਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ‘ਤੇ ਸਿੱਖ ਜਗਤ ਲਈ ਜਿੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹਣ ਜਾ ਰਿਹਾ ਹੈ ਉੱਥੇ ਹੀ ਕੇਂਦਰ ਸਰਕਾਰ ਨੇ 8 ਬੰਦੀ ਸਿੰਘਾਂ ਦੀ ਵੀ ਰਿਹਾਈ ਦੇ ਵੀ ਹੁਕਮ ਦੇ ਦਿੱਤੇ ਹਨ। ਜਿਨ੍ਹਾਂ ਸਿੰਘਾਂ ਨੂੰ ਰਿਹਾਅ ਕਰਨ ਦੇ ਹੁਕਮ ਆਏ ਹਨ ਉਨ੍ਹਾਂ ਵਿੱਚ ਉਹ ਲੋਕ ਹਨ ਜਿਨ੍ਹਾਂ ਦੀਆਂ ਸਜ਼ਾਵਾਂ ਅਜੇ ਪੂਰੀਆਂ ਨਹੀਂ ਹੋਈਆਂ ਤੇ ਇਹ ਗੱਲ ਉਨ੍ਹਾਂ ਲੋਕਾਂ ਦੇ ਹਜ਼ਮ ਨਹੀਂ ਹੋ ਰਹੀ ਜਿਹੜੇ ਕੇਂਦਰ ਸਰਕਾਰ ਦੇ ਇਨ੍ਹਾਂ ਹੁਕਮਾਂ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਵਰਗੇ ਲੋਕਾਂ ਦੀ ਰਿਹਾਈ ਵਾਲੀ ਆਸ ਲਾਈ ਬੈਠੇ ਸਨ। ਇਸ ਲਈ ਸਿੱਖ ਜਥੇਬੰਦੀਆਂ ਵੱਲੋਂ ਸਰਕਾਰ ਕੋਲ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਰਿਹਾਅ ਕੀਤੇ ਜਾਣ ਲਈ ਵੀ ਮੰਗ ਕੀਤੀ ਜਾਣ ਲੱਗ ਪਈ ਹੈ। ਅਜਿਹੇ ਵਿੱਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੇ ਇਨ੍ਹਾਂ ਦੋਹਾਂ ਲੋਕਾਂ ਦੀ ਰਿਹਾਈ ਦਾ ਇਹ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰਕੈਦ ‘ਚ ਤਬਦੀਲ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਇਸ ਗੱਲ ਦਾ ਵਿਰੋਧ ਕਰਨਗੇ। ਬਿੱਟੂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਤੋਂ ਵੱਡਾ ਕਾਲਾ ਦਿਨ ਭਾਰਤੀ ਲੋਕਤੰਤਰ ਅਤੇ ਕਨੂੰਨ ਲਈ ਨਹੀਂ ਹੋਵੇਗਾ। ਉਨ੍ਹਾਂ ਇੱਥੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਾਕਿਸਤਾਨੀ ਤੱਕ ਏਜੰਟ ਕਰਾਰ ਦੇ ਦਿੱਤਾ।

ਇਸ ਸਬੰਧ ਵਿੱਚ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਹਵਾਰਾ ਅਤੇ ਰਾਜੋਆਣਾ ਨੂੰ ਜੰਗਲੀ ਗਿੱਦੜ ਵੀ ਕਰਾਰ ਦਿੱਤਾ ਅਤੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਜਿਹੇ ਗਿੱਦੜਾਂ ਦੇ ਸਾਹਮਣੇ ਨਹੀਂ ਛੱੜ ਸਕਦੇ ਅਤੇ ਇਨ੍ਹਾਂ ਗਿੱਦੜਾਂ ਨੂੰ ਕਿਵੇਂ ਪਟਾ ਪਾ ਕੇ ਰੱਖਣਾ ਹੈ ਇਹ ਉਨ੍ਹਾਂ ਨੂੰ ਆਉਂਦਾ ਹੈ।

ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਬਲਵੰਤ ਸਿੰਘ ਵੱਲੋਂ ਰਾਜੋਆਣਾ ਲਈ ਇਹ ਫੈਸਲਾ ਲਿਆ ਜਾਂਦਾ ਹੈ ਤਾਂ ਇਸ ਤੋਂ ਇਹ ਸਾਫ ਹੋ ਜਾਵੇਗਾ ਕਿ ਰਾਸ਼ਟਰਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਝੂਠੀ ਹੈ ਅਤੇ ਇਸ ਫੈਸਲੇ ਦਾ ਉਹ ਆਪਣੇ ਪਰਿਵਾਰ ਸਮੇਤ ਵਿਰੋਧ ਕਰਨਗੇ। ਬਿੱਟੂ ਨੇ ਦੋਸ਼ ਲਾਇਆ ਕਿ ਰਾਜੋਆਣਾ ਉਨ੍ਹਾਂ ਦੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਾਤਲ ਹੈ ਅਤੇ ਜੇਕਰ ਉਨ੍ਹਾਂ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੁੰਦੀ ਹੈ ਤਾਂ ਉਹ (ਰਾਜੋਆਣਾ) ਜੇਲ੍ਹ ‘ਚੋਂ ਬਾਹਰ ਆ ਜਾਣਗੇ ਅਤੇ ਸੂਬੇ ਦਾ ਮਾਹੌਲ ਖਰਾਬ ਹੋਵੇਗਾ।

ਹੁਣ ਵੇਖਣਾ ਇਹ ਹੋਵੇਗਾ ਕਿ ਰਵਨੀਤ ਬਿੱਟੂ ਦੇ ਇਨ੍ਹਾਂ ਬਿਆਨਾਂ ‘ਤੇ ਭਾਈ ਹਵਾਰਾ ਅਤੇ ਭਾਈ ਰਾਜੋਆਣਾ ਕੀ ਪ੍ਰਤੀਕਿਰਿਆ ਦਿੰਦੇ ਹਨ ਕਿਉਂਕਿ ਇਹ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਹੈ ਕਿ ਰਵਨੀਤ ਬਿੱਟੂ ਦੀਆਂ ਇਨ੍ਹਾਂ ਟਿੱਪਣੀਆਂ ਦਾ ਭਾਈ ਹਵਾਰਾ ਤੇ ਭਾਈ ਰਾਜੋਆਣਾ ਜਵਾਬ ਨਾ ਦੇਣ।

- Advertisement -

Share this Article
Leave a comment