ਭਾਈ ਢੱਡਰੀਆਂ ਵਾਲੇ ਆਏ ਸਿੱਧੂ ਮੂਸੇਵਾਲੇ ਦੇ ਹੱਕ ‘ਚ, ਮਾਈ ਭਾਗੋ ਬਾਰੇ ਗ੍ਰੰਥ ਖੋਲ੍ਹ-ਖੋਲ੍ਹ ਦਿੱਤੀਆਂ ਉਦਾਹਰਨਾਂ, ਕਹਿੰਦੇ ਮੂਸੇਵਾਲੇ ਤੋਂ ਮਾਫ਼ੀ ਮੰਗਵਾਉਣ ਵਾਲਿਓ ਆਹ ਵੀ ਪੜ੍ਹੋ !

TeamGlobalPunjab
11 Min Read
  1. ਪਟਿਆਲਾ : ਭਾਰਤੀ ਲੋਕਾਂ ਨੂੰ ਇੱਕ ਗੱਲ ਜੋ ਬਾਕੀਆਂ ਨਾਲੋਂ ਵੱਖ ਕਰਦੀ ਹੈ ਉਹ ਇਹ ਹੈ ਕਿ ਉਹ ਜਿਸ ਗੱਲ ਦੇ ਪਿੱਛੇ ਪੈ ਜਾਂਦੇ ਹਨ ਫਿਰ ਉਸ ਨੂੰ ਸਿਰੇ ਲਾ ਕੇ ਹੀ ਦਮ ਲੈਂਦੇ ਹਨ। ਜੇਕਰ ਉਹ ਕਿਸੇ ਨੂੰ ਟੀਸੀ ‘ਤੇ ਚੜ੍ਹਾਉਣ ‘ਤੇ ਆ ਜਾਣ ਤਾਂ ਉਸ ਨੂੰ ਅਸਮਾਨ ਦੀਆਂ ਉਚਾਈਆਂ ਛੂਹਣ ਤੋਂ ਕੋਈ ਨਹੀਂ ਰੋਕ ਸਕਦਾ ਤੇ ਜੇਕਰ ਉਹ ਕਿਸੇ ਨੂੰ ਸਬਕ ਸਿਖਾਉਂਦੇ ਨੇ ਤਾਂ ਫਿਰ ਉਸਦਾ ਰੱਬ ਹੀ ਰਾਖਾ ਹੈ। ਇਸ ਦਾ ਅੰਦਾਜਾ ਪਿਛਲੇ ਸਮੇਂ ਦੌਰਾਨ ਨਵੀ ਨਵੀ ਉੱਠੀ ਆਮ ਆਦਮੀ ਪਾਰਟੀ ਨਾਲ ਜੋ ਕੁਝ ਹੋਇਆ ਉਸ ਨੂੰ ਦੇਖ ਕੇ ਅਹਿਜੇ ਹੀ ਲਾਇਆ ਜਾ ਸਕਦਾ ਹੈ। ਜੋ ਕੁਝ ਆਸਾ ਰਾਮ, ਰਾਮਪਾਲ ਤੇ ਰਾਮ ਰਹੀਮ ਵਰਗੇ ਲੋਕਾਂ ਨਾਲ ਹੋਇਆ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਤੇ ਜੋ ਕੁਝ ਅੱਜਕਲ੍ਹ ਗਾਇਕ ਕਲਾਕਾਰਾਂ ਨਾਲ ਹੋ ਰਿਹਾ ਹੈ ਉਹ ਵੀ ਸਾਰੇ ਦੇਖ ਰਹੇ ਨੇ । ਪਹਿਲਾਂ ਰੰਮੀ ਰੰਧਾਵਾ ਤੇ ਐਲੀ ਮਾਂਗਟ, ਫਿਰ ਸਿੱਧੂ ਮੂਸੇਵਾਲਾ ਤੋਂ ਬਾਅਦ ਗੁਰਦਾਸ ਮਾਨ ਨਾਲ ਜੋ ਕੁਝ ਹੋਇਆ ਤੇ ਹੋ ਰਿਹਾ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ । ਇਸ ਦੌਰਾਨ ਗੁਰਦਾਸ ਮਾਨ ਤਾਂ ਉਸਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਸਟੇਜ ਤੋਂ ਪੋਸਟਰ ਮੋੜ ਕੇ ਉਹ ਕੁਝ ਕਰਨ ਲਈ ਕਹਿਣ ਲੱਗ ਪਏ ਹਨ ਜਿਸ ਬਾਰੇ ਸੱਭਿਅਕ ਲੋਕ ਸ਼ਰੇਆਮ ਜਿਕਰ ਕਰਨੋ ਗੁਰੇਜ ਕਰਦੇ ਨੇ। ਇਹ ਸਭ ਦੇਖਕੇ ਇਹ ਚਰਚਾ ਛਿੜ ਗਈ ਹੈ ਕਿ ਹੁਣ ਗਾਇਕ ਕਲਾਕਾਰਾਂ ਦੇ ਦਿਨ ਮਾੜੇ ਚੱਲ ਪਏ ਨੇ ।  ਅਜਿਹੇ ਵਿੱਚ ਪ੍ਰਸਿੱਧ ਸਿੱਖ ਪ੍ਰਚਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਉਹ ਅਸਿੱਧੇ ਤੌਰ ‘ਤੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰਇਹ ਪੁੱਛਦੇ ਦਿਖਾਈ ਦੇ ਰਹੇ ਹਨ ਕਿ ਸਿੱਧੂ ਮੂਸੇਵਾਲਾ ਤਾਂ ਮਾਈ ਭਾਗੋ ਬਾਰੇ ਗਲਤ ਬੋਲਕੇ ਮਾਫੀ ਮੰਗ ਗਿਆ ਪਰ ਤੁਸੀ ਕਦੋਂ ਮੰਗੋਗੇ? ਜਿਹੜੇ ਉਸ ਸੂਰਜ ਪ੍ਰਕਾਸ਼ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੁਮਾਲਾ ਸਾਹਿਬ ਪਾ ਕੇ ਸਤਿਕਾਰ ਦਿੰਦੇ ਹੋ ਜਿਸ ਸੂਰਜ ਪ੍ਰਕਾਸ਼ ਗ੍ਰੰਥ ਅੰਦਰ  ਇਹ ਸਿੱਧੇ ਤੌਰ ‘ਤੇ ਲਿਖਿਆ ਗਿਆ ਹੈ ਕਿ ਮਾਈ ਭਾਗੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਿਰਵਸਤਰ ਹੋ ਕੇ ਰਹਿਂਦੀ ਰਹੀ ਹੈ?

“ਟੌਹਰ ਨਾਲ ਛੜਾ” ਵਾਲੇ ਪਰਮੀਸ਼ ਵਰਮਾ ਤੋਂ ਸ਼ੁਰੂ ਹੋਏ ਇਸ ਵਿਵਾਦ ਨੇ, ਵਰਮਾ ਦਾ ਤਾਂ ਬਹੁਤਾ ਕੁਝ ਨਹੀਂ ਵਿਗਾੜਿਆ, ਪਰ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ, ਰੰਮੀ ਰੰਧਾਵਾ, ਐਲੀ ਮਾਂਗਟ, ਸ਼ੈਰੀ ਮਾਨ ਤੇ ਫਿਰ ਗੁਰਦਾਸ ਮਾਨ ਵਲੋਂ ਇੱਕ ਇੱਕ ਕਰਕੇ ਅਜਿਹਾ ਕੁਝ ਕੀਤਾ ਗਿਆ ਕਿ ਲੋਕ ਨਾ ਸਿਰਫ ਉਨ੍ਹਾਂ ਖਿਲਾਫ ਸੜਕਾਂ ਤੇ ਉਤਰ ਆਏ, ਉਨ੍ਹਾਂ ਦੇ ਸਟੇਜ ਪ੍ਰੋਗਰਾਮ ਰੱਦ ਕਰਵਾਉਣ ਲੱਗੇ ਬਲਕਿ ਹੁਣ ਉਨ੍ਹਾਂ ਖਿਲਾਫ ਪੁਲਿਸ ਨੂੰ ਸ਼ਿਕਾਇਤਾਂ ਦਰਜ਼ ਕਰਵਾ ਕੇ ਪਰਚੇ ਵੀ ਦਰਜ਼ ਹੋਣ ਲੱਗ ਪਏ ਨੇ। ਇਹ ਲੋਕ ਇਸ ਸਭ ਨੂੰ ਭਾਂਵੇ ਕੁਝ ਮਰਜੀ ਕਹਿ ਕੇ ਆਪਣੀਆਂ ਸਫਾਈਆਂ ਦਈ ਜਾਣ ਪਰ ਅਜਿਹੇ ਮਾਮਲਿਆਂ ਦੇ ਮਾਹਰ ਲੋਕ ਇਸ ਨੂੰ ਇਨ੍ਹਾਂ ਲੋਕਾਂ ਦੇ ਹੰਕਾਰ ਦਾ ਨਤੀਜਾ ਗਰਦਾਨ ਰਹੇ ਨੇ। ਤੁਸੀਂ ਪੁੱਛੋਗੇ ਕਿ ਉਹ ਕਿਵੇਂ? ਇਸ ਨੂੰ ਸਮਝਣ ਲਈ ਪਹਿਲਾਂ ਆਪਾਂ ਨੂੰ ਇਹ ਦੇਖਣਾ ਹੋਵੇਗਾ ਕਿ ਇਨ੍ਹਾਂ ਗਾਇਕ ਕਲਾਕਾਰਾਂ ਦਾ ਲੋਕਾਂ ਨੇ ਵਿਰੋਧ ਕਰਨਾ ਕਿਉਂ ਸ਼ੁਰੂ ਕੀਤਾ ਹੈ ?

ਸ਼ੁਰੂ ਕਰਦੇ ਆਂ ਪਰਮੀਸ਼ ਵਰਮਾ ਤੋਂ ਜਿਸ ਨਾਲ ਭਾਂਵੇ ਗੈਂਗਸਟਰ ਦਿਲਪ੍ਰੀਤ ਬਾਬਾ ਤੋਂ ਇਲਾਵਾ ਕੋਈ ਬਹੁਤਾ ਵਿਵਾਦ ਤਾਂ ਨਹੀਂ ਹੋਇਆ ਪਰ ਜਿਸ ਤਰ੍ਹਾਂ ਗੈਂਗਸਟਰ ਨਾਲ ਵਿਵਾਦ ਤੋਂ ਬਾਅਦ ਉਸ ਨੇ ਆਪਣੇ ਗੀਤ ਵਿੱਚ ਪੱਤਰਕਾਰਾਂ ਦੀ ਤੁਲਨਾ ਪੂੰਛ ਹਿਲਾਉਂਦੇ ਕੁੱਤੇ ਨਾਲ ਕੀਤੀ ਉਹ ਪੱਤਰਕਾਰਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਕਾਫੀ ਸੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਤਾਂ ਆਪਣੇ ਗੀਤਾਂ ‘ਚ ਬਿਨਾਂ ਇਸ ਗੱਲ ਦੀ ਪ੍ਰਵਾਹ ਕੀਤਿਆਂ ਨਸ਼ਿਆਂ, ਹਥਿਆਰਾਂ ਅਤੇ ਲੱਚਰਤਾ ਦਾ ਹਿੱਕ ਠੋਕ ਕੇ ਜਿਹੜਾ ਪ੍ਰਚਾਰ ਕੀਤਾ ਉਸ ਦੇ ਨਤੀਜੇ ਵਜੋਂ ਪੰਜਾਬੀਆਂ ਨੇ ਫੁਕਰਪੁਣੇ ‘ਚ ਆਕੇ ਨਾ ਸਿਰਫ ਵਿਆਹਾਂ-ਸ਼ਾਦੀਆਂ ਮੌਕੇ ਗੋਲੀਆਂ ਚਲਾ ਬੇਕਸੂਰ ਲੋਕਾਂ ਦੀਆਂ ਜਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ, ਬਲਕਿ ਇਸ ਨੇ ਸਾਡੇ ਲਾਚਾਰ ਤੇ ਜ਼ਖ਼ਮੀ ਹੋ ਰਹੇ ਸੱਭਿਆਚਾਰ ਨੂੰ ਆਪਣੇ ਸਾਹਮਣੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ‘ਚ ਗ਼ਲਤਾਨ ਹੁੰਦਿਆਂ ਵੇਖਣ ਲਈ ਵੀ ਮਜ਼ਬਰ ਕਰ ਦਿੱਤਾ। ਅਜਿਹੇ ਵਿੱਚ ਪੰਡਿਤ ਰਾਓ ਧਰੇਨਵਰ ਵਰਗੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਜਿੱਥੇ ਇੱਕਲਿਆਂ ਹੀ ਮੂਸੇਵਾਲਾ ਖਿਲਾਫ ਅਦਾਲਤ ਵਿੱਚ ਲੜਾਈ ਲੜੀ ਬਲਕਿ ਉਸਨੇ ਸਰਕਾਰਾਂ ਤੱਕ ਵੀ ਆਪਣੀ ਆਵਾਜ਼ ਪਹੁੰਚਾਈ। ਪਰ ਨਤੀਜਾ ਕੀ ਨਿਕਲਿਆ? ਸਿਫ਼ਰ !!! ਸਿਧੂ ਮੂਸੇਵਾਲਾ ਉਸੇ ਰਫ਼ਤਾਰ ਚ ਨਸ਼ੇ ਹਥਿਆਰਾਂ ਅਤੇ ਲੱਚਰਤਾ ਦੀ ਨੁਮਾਇਸ਼ ਆਪਣੇ ਗੀਤਾਂ ਵਿੱਚ ਕਰਦਾ ਚਲਾ ਗਿਆ।

ਇਸ ਦੌਰਾਨ ਗਾਇਕ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਨੇ ਫੁਕਰਪੁਣੇ ‘ਚ ਆਕੇ ਇੱਕ ਦੂਜੇ ਨੂੰ ਦੇਖ ਲੈਣ ਲਈ ਸ਼ਰੇਆਮ ਵੰਗਾਰ ਦਿੱਤਾ। ਇੱਥੇ ਆਕੇ ਹੀ ਪੇਚ ਫੱਸ ਗਿਆ। ਪੁਲਿਸ ਨੇ ਨਾ ਸਿਰਫ ਐਲੀ ਮਾਂਗਟ ਤੇ ਰੰਮੀ ਰੰਧਾਵਾ ਉੱਤੇ ਪਰਚਾ ਦਰਜ਼ ਕਰ ਦਿੱਤਾ ਬਲਕਿ ਉਨ੍ਹਾਂ ਨੂੰ ਕੁਝ ਅਜਿਹੀ ਪੁਲਿਸੀਆ ਡੋਜ਼ ਦਿੱਤੀ ਗਈ ਜਿਸ ਕਾਰਨ ਐਲੀ ਮਾਂਗਟ ਅੱਜਕਲ੍ਹ ਸੁਧਰੀ ਹੋਈ ਬੋਲੀ ਬੋਲਦਾ ਦਿਖਾਈ ਦੇਣ ਲੱਗ ਪਿਆ ਹੈ।

ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਗਾਇਕਾਂ ਖਿਲਾਫ ਬਣਦਾ ਮਾਹੌਲ ਸ਼ਾਇਦ ਕੁਝ ਸ਼ਾਂਤ ਹੋ ਜਾਂਦਾ ਪਰ ਅਜਿਹਾ ਨਹੀਂ ਹੋਇਆ। ਚੰਦ ਘੰਟੇ ਨੀ ਬੀਤੇ ਸਨ ਕਿ ਸਿੱਧੂ ਮੂਸੇ ਵਾਲੇ ਦੇ ਗਾਣੇ “ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ” ‘ਤੇ ਵਿਵਾਦ ਉੱਠ ਖੜ੍ਹਾ ਹੋਇਆ। ਹੀਆਂ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਸਿੱਖ ਇਤਿਹਾਸ ਦੇ ਮਹਾਨ ਕਿਰਦਾਰ ਮਈ ਭਾਗੀ ਦਾ ਜ਼ਿਕਰ ਬੜੇ ਗਲਤ ਢੰਗ ਨਾਲ ਕਰ ਦਿੱਤਾ। ਇੱਥੇ ਗੁੱਸਾ ਲੋਕਾਂ ਦਾ ਫੁੱਟਿਆ ਤੇ ਉਹ ਵੀ ਅਜਿਹਾ ਫੁੱਟਿਆ ਕਿ ਸਿੱਖ ਜਥੇਬੰਦੀਆਂ ਸੜਕਾਂ ‘ਤੇ ਉਤਰਣ ਦੇ ਨਾਲ ਨਾਲ ਉਸ ਖਿਲਾਫ ਥਾਣੇ ਵਿੱਚ ਵੀ ਜਾ ਖੜ੍ਹੇ। ਇੱਥੇ ਐਸਜੀਪੀਸੀ ਅਤੇ ਅਕਾਲੀ ਦਲ ਨੇ ਵੀ ਸਿੱਧੂ ਮੂਸੇਵਾਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਦਿੱਤੀ। ਇਸ ਵਾਰ ਚਾਰੋਂ ਪਾਸਿਓਂ ਘਿਰਿਆ ਦੇਖ ਕੇ ਸਿੱਧੂ ਮੂਸੇਵਾਲਾ ਦਾ ਹੰਕਾਰ ਟੁੱਟਿਆ ਤੇ ਉਸਨੂੰ ਸ਼ਰੇਆਮ ਅਜਿਹੀ ਮਾਫ਼ੀ ਮੰਗਣੀ ਪਾਈ ਜਿਸ ਨੂੰ ਉਸ ਖਿਲਾਫ ਸ਼ਿਕਾਇਤ ਕਰਨ ਵਾਲਿਆਂ ਨੇ ਕਾਬੁਲ ਨਹੀਂ ਕੀਤਾ। ਮੂਸੇ ਵਾਲੇ ਨੂੰ ਬੱਸ ਰਾਹਤ ਮਿਲੀਤਾਂ ਸਿਰਫ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉਹ ਪ੍ਰਵਚਣ ਸੁਣ ਕੇ ਜਿਸ ‘ਚ ਉਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਲਿਖੀਆਂ ਉਨ੍ਹਾਂ ਤੁਕਾਂ ਨੂੰ ਆਪਣੇ ਸਹਿਯੋਗੀ ਸਿੰਘ ਤੋਂ ਇੰਨ-ਬਿੰਨ ਬੁਲਵਾਕੇ ਅੱਖਰ-ਅੱਖਰ ਉਸ ਦੀ ਵਿਆਖਿਆ ਕੀਤੀ ਤੇ ਮੂਸੇਵਾਲੇ ਦੇ ਨਾਲ ਨਾਲ ਸ਼੍ਰੌਮਣੀ ਕਮੇਟੀ ਨੂੰ ਵੀ ਮਾਈ ਭਾਗੋ ਵਾਲੇ ਕੇਸ ਵਿੱਚ ਗੁਨਾਹਗਾਰ ਠਹਿਰਾ ਦਿੱਤਾ।

- Advertisement -

ਕੁੱਲ ਮਿਲਾ ਕੇ ਪੰਜਾਬੀ ਜਦੋ ਅਜਿਹੇ ਗਾਇਕਾਂ ਤੋਂ ਪਹਿਲਾਂ ਹੀ ਤਪੇ ਬੈਠੇ ਸਨ ਤਾਂ ਗੁਰਦਾਸ ਮਾਨ ਕੈਨੇਡਾ ਅੰਦਰ ਇੱਕ ਰੇਡੀਓ ਸਟੇਸ਼ਨ ‘ਤੇ ਦਿੱਤੀ ਇੰਟਰਵਿਊ ਵਿੱਚ ਉਸ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਬਿਆਨ ਦੇ ਰਾਹ ਤੇ ਤੁਰਦੇ ਨਜ਼ਰ ਆਏ ਜਿਸ ਵਿਚ ਸ਼ਾਹ ਨੇ ਇੱਕ ਰਾਸ਼ਟਰ ਇੱਕ ਭਾਸ਼ਾ ਦੀ ਵਕਾਲਤ ਕੀਤੀ ਸੀ। ਇਸ ਨੂੰ ਸ਼ਾਹ ਦੇ ਬਿਆਨ ਕਾਰਨ ਪਹਿਲਾਂ ਹੀ ਖਿਝੇ ਬੈਠੇ ਲੋਕਾਂ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਤੇ ਸਿਧਾ ਹਮਲਾ ਕਰਾਰ ਦੇਕੇ ਮਾਨ ਖਿਲਾਫ ਵਿਰੋਧ ਦਾ ਝੰਡਾ ਚੁੱਕ ਲਿਆ ਤੇ ਕਨੇਡਾ ‘ਚ ਉੱਥੇ ਪਹੁੰਚ ਗਏ ਜਿੱਥੇ ਮਾਨ ਦਾ ਸਟੇਜ ਸ਼ੋਅ ਸੀ।

ਹਾਲਤ ਇਹ ਬਣ ਗਏ ਕਿ ਲੋਕ ਆਪਣੇ ਹੱਥਾਂ ‘ਚ ਮਾਨ ਖਿਲਾਫ ਲਿਖੇ ਪੋਸਟਰ ਲੈ ਕੇ ਉਸ ਪੰਡਾਲ ਵਿੱਚ ਜਾ ਵਡੇ ਜਿੱਥੇ ਸਟੇਜ਼ ‘ਤੇ ਚੜ੍ਹਿਆ ਮਾਨ ‘ਇਸ਼ਕ ਦਾ ਗਿਰਦਾ ਪੈਂਦਾ’ ਗਾ ਰਿਹਾ ਸੀ। ਇਸ ਦੌਰਾਨ ਮਾਨ ਦੀ ਨਿਗ੍ਹਾ ਜਿਉਂ ਹੀ ਉਸ ਨੂੰ ਮੁਰਦਾਬਾਦ ਦਾ ਪੋਸਟਰ ਵਿਖਾਉਣ ਵਾਲੇ ਬੰਦੇ ‘ਤੇ ਪਈ ਤਾਂ ਉਸ ਨੇ ਗੁੱਸੇ ‘ਚ ਆ ਕੇ ਵਿਰੋਧ ਕਰਨ ਵਾਲੇ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਪੋਸਟਰ ਦੀ ਬੱਤੀ ਬਣਾ ਕੇ ਲੈਲਾ’ ਇਹ ਉਹ ਅੱਖਰ ਸਨ ਜਿੰਨ੍ਹਾਂ ਨੂੰ ਪੰਜਾਬੀ ਭਾਸ਼ਾ ‘ਚ ਬੇਹੱਦ ਅਸ਼ਲੀਲ ਮੰਨਿਆ ਜਾਂਦਾ ਹੈ। ਮੌਕੇ ‘ਤੇ ਚਲ ਰਹੇ ਵੀਡੀਓ ਕੈਮਰਿਆਂ ਨੇ ਮਾਨ ਦੀ ਇਸ ਹਰਕਤ ਨੂੰ ਕੈਦ ਕਰ ਲਿਆ ਤੇ ਫਿਰ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਇਹ ਕਿੰਨੀ ਦੇਰ ‘ਚ ਦੁਨੀਆਂ ਦੇ ਕੌਨੇ ਕੌਨੇ ‘ਚ ਵਸਦੇ ਪੰਜਾਬੀਆਂ ਕੋਲ ਪਹੁੰਚ ਗਿਆ ਹੋਵੇਗਾ। ਮਾਨ ਦੇ ਇੰਨ੍ਹਾਂ ਚੰਦ ਅਲਫਾਜ਼ਾ ਨੇ ਉਸਦੀ ਇੱਜ਼ਤ ਜ਼ਿਆਦਾਤਰ ਪੰਜਾਬੀਆਂ ਦੀ ਨਜ਼ਰ ‘ਚ ਮਿੱਟੀ ਅੰਦਰ ਮਿਲਾ ਦਿੱਤੀ। ਸੋਸ਼ਲ ਮੀਡੀਆ ‘ਤੇ ਮਾਨ ਖਿਲਾਫ ਲੋਕਾਂ ਨੇ ਦੱਬ ਕੇ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ। ਸਿੱਧੂ ਮੂਸੇਵਾਲੇ  ਦੇ ਖਿਲਾਫ ਸ਼੍ਰੋਮਣੀ ਕਮੇਟੀ ਨੇ ਗੁਰਦਾਸ ਮਾਨ ਨੂੰ ਆਪਣੇ ਨਿਸ਼ਾਨੇ ‘ਤੇ ਲੈ ਲਿਆ ਹੈ ਤੇ ਅੱਜ ਹਾਲਾਤ ਇਹ ਹਨ ਕਿ ਚਾਰੇ ਪਾਸੇ ਮਾਨ ਦੀ ਨਿੰਦਾ ਹੋ  ਰਹੀ ਹੈ। ਕਿਉਂ? ਹੋ ਗਈ ਨਾ ਓਹੀ ਗੱਲ! ਕਿ ਗਾਇਕ ਕਲਾਕਾਰਾਂ ਦੇ ਦਿਨ ਮਾੜੇ ਚੱਲ ਰਹੇ ਹਨ।

ਅਜਿਹੇ ਵਿੱਚ ਪੰਜਾਬੀ ਦੇ ਪ੍ਰਸਿੱਧ ਗਾਇਕ ਪੰਮੀ ਬਾਈ ਇੱਕੋ ਹੀ ਤਰਕ ਰੱਖਦੇ ਹਨ ਕਿ ਗੁਰਦਾਸ ਮਾਨ ਨੇ ਜੋ ਕੁਝ ਕਿਹਾ ਹੈ ਉਹ ਬੇਹੱਦ ਹੈਰਾਨ ਕਰਨ ਵਾਲਾ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਗੁਰਦਾਸ ਮਾਨ ਦਾ ਕੀ ਲੁਕਵਾਂ ਖਰੜਾ (ਏਜੰਡਾ) ਹੋ ਸਕਦਾ ਹੈ ਇਸ ਬਾਰੇ ਤਾਂ ਮਾਨ ਹੀ ਜ਼ਿਆਦਾ ਦੱਸ ਸਕਦੇ ਹਨ ਪਰ ਅਜਿਹੇ ਵਿੱਚ ਉਹ ਇੰਨ੍ਹਾ ਜ਼ਰੂਰ ਕਹਿਣਗੇ ਕਿ ਜੇਕਰ ਗੁਰਦਾਸ ਮਾਨ ਦੀ ਜਗ੍ਹਾ ਤੇ ਮੈਂ ਹੁੰਦਾ ਤਾਂ ਮੈਂ ਲੋਕਾਂ ਤੋਂ ਹੱਥ ਜੋੜ ਕੇ ਝੁਕ ਕੇ ਮਾਫੀ ਮੰਗ ਲੈਂਦਾ ਕਿਉਂਕਿ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ।

ਹੁਣ ਗੁਰਦਾਸ ਮਾਨ ਪੰਮੀ ਬਾਈ ਦੀ ਸਲਾਹ ਮੰਨਦੇ ਹਨ, ਆਪਣੇ ਮਨ ਆਈਆਂ ਕਰਦੇ ਹਨ ਜਾਂ ਲੋਕ ਉਨ੍ਹਾਂ ਤੋਂ ਧੱਕੇ ਨਾਲ ਆਪਣੇ ਮਨ ਦੀਆਂ ਆਈਆਂ ਕਰਵਾ ਲੈਂਦੇ ਹਨ, ਇਹ ਤਾਂ ਹਾਲੇ ਭਵਿੱਖ ਦੇ ਗਰਭ ਵਿੱਚ ਹੈ, ਪਰ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਗਾਇਕ ਕਲਾਕਾਰਾਂ ਵਿਰੁੱਧ ਜਨਤਾ ਦਾ ਰੋਸ ਵੱਧਣ ਮਗਰੋਂ ਇੰਨ੍ਹਾਂ ਨੂੰ ਮਾਫੀ ਮੰਗਣੀ ਪੈ ਰਹੀ ਹੈ ਉਸ ਨੂੰ ਦੇਖ ਕੇ ਇਹ ਚਰਚਾ ਛਿੜ ਗਈ ਹੈ ਕਿ ਜਦੋਂ ਸਾਰਿਆਂ ਨੂੰ ਪਤਾ ਹੈ ਕਿ ‘ਹੰਕਾਰਿਆ ਸੋ ਮਾਰਿਆ’ ਫਿਰ ਇਹ ਲੋਕ ਆਪਣੇ ਆਪ ਨੂੰ ਰਾਵਣ (ਹੰਕਾਰ ਦਾ ਪ੍ਰਤੀਕ) ਬਣਨ ਦੀ ਕੋਸ਼ਿਸ਼ ਕਿਉਂ ਕਰਦੇ ਹਨ? ਕੀ ਇੰਨ੍ਹਾਂ ਨੂੰ ਪਤਾ ਨਹੀਂ ਕਿ ਰਾਵਣ ਨਾਲ ਕੀ ਬਣਿਆਂ ਸੀ? ਪਰ ਫਿਰ ਅਸੀਂ ਵੀ ਸੋਚਦੇ ਹਾਂ ਕਿ ਚਲੋ ਸਾਡਾ ਜੋ ਫਰਜ਼ ਸੀ ਅਸੀ ਉਹ ਅਦਾ ਕਰ ਦਿੱਤਾ ਹੈ, “ ਬਾਕੀ ਜਿਹੜੇ ਖਾਣਗੇ ਗਾਜਰਾਂ, ਢਿੱਡੀਂ ਉਨ੍ਹਾਂ ਦੇ ਪੀੜ੍ਹ”।

 

- Advertisement -
Share this Article
Leave a comment