ਆਮਦਨ ਕਰ (IT) ਵਿਭਾਗ ਤੋਂ ਕਾਂਗਰਸ ਨੂੰ ਮਿਲੇ ਨੋਟਿਸ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਸਰਕਾਰ ਬਦਲੇਗੀ ਤਾਂ ‘ਲੋਕਤੰਤਰ ਨੂੰ ਖ਼ਤਮ ਕਰਨ ਵਾਲਿਆਂ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਕਾਰਵਾਈ ਅਜਿਹੀ ਹੋਵੇਗੀ ਕਿ ਕਿਸੇ ਨੂੰ ਦੁਬਾਰਾ ਇਹ ਸਭ ਕਰਨ ਦੀ ਹਿੰਮਤ ਨਹੀਂ ਹੋਵੇਗੀ। ਇਹ ਮੇਰੀ ਗਾਰੰਟੀ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਹੈਸ਼ਟੈਗ #BJPTaxTerrorism ਲਿਖਦੇ ਹੋਏ ਇਹ ਗੱਲ ਕਹੀ। ਦਰਅਸਲ, ਆਮਦਨ ਕਰ ਵਿਭਾਗ ਨੇ ਅੱਜ ਸਵੇਰੇ ਕਾਂਗਰਸ ਨੂੰ 1700 ਕਰੋੜ ਰੁਪਏ ਦਾ ਨਵਾਂ ਡਿਮਾਂਡ ਨੋਟਿਸ ਜਾਰੀ ਕੀਤਾ ਸੀ। ਨਿਊਜ਼ ਏਜੰਸੀ ਮੁਤਾਬਕ ਇਹ ਡਿਮਾਂਡ ਨੋਟਿਸ 2017-18 ਤੋਂ 2020-21 ਲਈ ਹੈ। ਇਸ ਵਿੱਚ ਜੁਰਮਾਨੇ ਦੇ ਨਾਲ ਵਿਆਜ ਵੀ ਸ਼ਾਮਲ ਹੈ।
ਨਵੇਂ ਨੋਟਿਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੀ ਕਾਂਗਰਸ ਲਈ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਕ ਦਿਨ ਪਹਿਲਾਂ 28 ਮਾਰਚ ਨੂੰ ਦਿੱਲੀ ਹਾਈ ਕੋਰਟ ਨੇ ਟੈਕਸ ਮੁਲਾਂਕਣ ਨੂੰ ਲੈ ਕੇ ਕਾਂਗਰਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਨੋਟਿਸ ਮਿਲਣ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਅਜੇ ਮਾਕਨ ਨੇ ਦਾਅਵਾ ਕੀਤਾ, ‘ਕੱਲ੍ਹ ਸਾਨੂੰ ਇਨਕਮ ਟੈਕਸ ਵਿਭਾਗ ਤੋਂ 1823 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਨੋਟਿਸ ਮਿਲੇ ਹਨ। ਇਹ ਪੰਜ ਸਾਲਾਂ ਲਈ ਟੈਕਸ ਨੋਟਿਸ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਪਦੰਡਾਂ ‘ਤੇ ਕਾਂਗਰਸ ਨੂੰ ਜੁਰਮਾਨੇ ਦੇ ਨੋਟਿਸ ਦਿੱਤੇ ਗਏ ਹਨ, ਉਨ੍ਹਾਂ ਦੇ ਆਧਾਰ ‘ਤੇ ਭਾਜਪਾ ਤੋਂ 4600 ਕਰੋੜ ਰੁਪਏ ਵਸੂਲੇ ਜਾਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ 2017-18 ‘ਚ ਸਾਡੇ 14 ਲੱਖ ਰੁਪਏ ਦੀ ਉਲੰਘਣਾ ਕਰਨ ‘ਤੇ ਭਾਜਪਾ ਦੇ ਇਨਕਮ ਟੈਕਸ ਵਿਭਾਗ ਨੇ ਕਾਂਗਰਸ ਦੇ ਬੈਂਕ ਖਾਤੇ ‘ਚੋਂ 135 ਕਰੋੜ ਰੁਪਏ ਕਢਵਾ ਲਏ। ਇਕੱਲੇ 2017-18 ‘ਚ 1 ਹਜ਼ਾਰ 297 ਲੋਕਾਂ ਨੇ ਭਾਜਪਾ ਨੂੰ ਲਗਭਗ 42 ਕਰੋੜ ਰੁਪਏ ਦਾਨ ਕੀਤੇ।