ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਪੰਜਾਬ ਦੀਆਂ ਰਾਜਸੀ ਧਿਰਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਕਟਿਹਰੇ ਵਿਚ ਖੜਾ ਕਰ ਰਹੀਆਂ ਹਨ। ਸਭ ਤੋਂ ਵੱਡਾ ਮੁੱਦਾ ਅਜਨਾਲਾ ਵਿਚ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਵੱਲੋਂ ਅਜਨਾਲਾ ਪੁਲਿਸ ਥਾਣੇ ਦੇ ਘਿਰਾਓ ਨੂੰ ਲੈ ਕੇ ਜੁੜੀਆਂ ਘਟਨਾਵਾਂ ਨਾਲ ਹੈ। ਸਾਰਾ ਪੰਜਾਬ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਅਤੇ ਸ਼ਾਂਤੀ ਬਣਾਏ ਰੱਖਣ ਦੇ ਹੱਕ ਵਿਚ ਹੈ। ਪੰਜਾਬ ਦੇ ਲੋਕਾਂ ਵੱਲੋਂ ਸਮੇਂ-ਸਮੇਂ ’ਤੇ ਵੱਖੋ-ਵੱਖਰੀਆਂ ਧਿਰਾਂ ਨੂੰ ਆਪਣੀਆਂ ਆਸਾਂ ਅਤੇ ਉਮੰਗਾਂ ਦੀ ਪੂਰਤੀ ਲਈ ਰਾਜ ਕਰਨ ਦਾ ਮੌਕਾ ਦਿੱਤਾ ਜਾਦਾਂ ਹੈ। ਇਸ ਦੇ ਬਾਵਜੂਦ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਿਉਂ ਸਵਾਲ ਉੱਠਦੇ ਰਹਿੰਦੇ ਹਨ? ਚਿੰਤਾ ਕਰਨ ਵਾਲੇ ਇਹ ਵੀ ਆਖਦੇ ਹਨ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇਸ ਦੇ ਗੁਆਂਡ ਵਿਚ ਪੈਂਦੇ ਪਾਕਿਸਤਾਨ ਵੱਲੋਂ ਵੀ ਪੰਜਾਬ ਵਿਚ ਗੜਬੜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਦੀਆਂ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਦੋਸ਼ ਲਾਉਣ ਵਾਲੀਆਂ ਸਾਰੀਆਂ ਹੀ ਧਿਰਾਂ ਪੰਜਾਬ ਵਿਚ ਕਿਸੇ ਨਾ ਕਿਸੇ ਮੌਕੇ ’ਤੇ ਸੱਤਾ ਵਿਚ ਰਹੀਆਂ ਹਨ। ਅਜਿਹੀਆਂ ਧਿਰਾਂ ਜਦੋਂ ਸੱਤਾ ਵਿਚ ਆਉਂਦੀਆਂ ਹਨ ਤਾਂ ਉਹਨਾਂ ਦੀ ਬੋਲੀ ਹੋਰ ਹੁੰਦੀ ਹੈ ਅਤੇ ਜਦੋਂ ਵਿਰੋਧ ਵਿਚ ਹੁੰਦੀਆਂ ਹਨ ਤਾਂ ਹੋਰ ਬੋਲੀ ਬੋਲੀ ਜਾਂਦੀ ਹੈ। ਕੀ ਇਹ ਸਮਝਿਆ ਜਾਵੇ ਕਿ ਪੰਜਾਬੀ ਅਮਨ ਪਸੰਦ ਨਹੀਂ ਹਨ? ਪੰਜਾਬੀ ਭਾਈਚਾਰਕ ਸਾਂਝ ਦੇ ਹੱਕ ਵਿਚ ਨਹੀਂ ਹਨ? ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਫਿਕਰਾ ਇੱਥੇ ਬਿਲਕੁਲ ਢੁੱਕਦਾ ਹੈ ਕਿ ਪੰਜਾਬ ਵਿਚ ਹਰ ਬੀਜ ਪੈਦਾ ਹੁੰਦਾ ਹੈ ਪਰ ਪੰਜਾਬ ਦੀ ਧਰਤੀ ਨਫਰਤ ਦਾ ਬੀਜ ਕਦੇ ਨਹੀਂ ਪੈਦਾ ਕਰਦੀ। ਜੇਕਰ ਦੇਸ਼ ਦੇ ਕਿਸੇ ਹਿੱਸੇ ਵਿਚ ਧਰਮ ਦੀ ਰਾਜਨੀਤੀ ਸੱਤਾ ਵਿਚ ਆਉਣ ਲਈ ਠੀਕ ਹੈ ਤਾਂ ਅਜਿਹੇ ਮੁੱਦੇ ਦੀ ਜੈ-ਜੈਕਾਰ ਕੀਤੀ ਜਾਂਦੀ ਹੈ। ਅਜਿਹੇ ਮੌਕੇ ’ਤੇ ਨਾ ਤਾਂ ਕਿਸੇ ਹੋਰ ਧਰਮ ਨੂੰ ਖਤਰਾ ਹੁੰਦਾ ਹੈ ਅਤੇ ਨਾ ਹੀ ਦੇਸ਼ ਨੂੰ ਖਤਰਾ ਹੁੰਦਾ ਹੈ। ਇਸ ਦੇ ਉਲਟ ਜੇਕਰ ਪੰਜਾਬ ਅੰਦਰ ਧਰਮ ਦੇ ਨਾਂਅ ’ਤੇ ਕੋਈ ਧਿਰ ਆਪਣੀ ਆਵਾਜ਼ ਬੁਲੰਦ ਕਰਦੀ ਹੈ ਤਾਂ ਬਹੁਤ ਵੱਡਾ ਵਾਵੇਲਾ ਖੜਾ ਹੋ ਜਾਂਦਾ ਹੈ। ਇਹ ਦੋਹਰਾ ਮਾਪਦੰਡ ਉਹਨਾਂ ਹੀ ਪਾਰਟੀਆਂ ਵੱਲੋਂ ਅਪਣਾਇਆ ਜਾਂਦਾ ਹੈ ਜਿਹੜੀਆਂ ਪਾਰਟੀਆਂ ਆਪਣੀ ਸੁਵਿਧਾ ਅਨੁਸਾਰ ਅਮਨ ਕਾਨੂੰਨ ਦੀ ਚਿੰਤਾ ਕਰਦੀਆਂ ਹਨ।
ਹੁਣ ਜੇਕਰ ਅਜਨਾਲਾ ਵਿਚ ਅੰਮ੍ਰਿਤਪਾਲ ਸਿੰਘ ਦੇ ਇਕੱਠ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਕੁੱਝ ਦਿਨ ਪਹਿਲਾਂ ਹੀ ਆਖ ਦਿੱਤਾ ਸੀ ਕਿ ਉਸ ਦੇ ਹਮਾਇਤੀ ਵਿਰੁੱਧ ਗਲਤ ਐਫ.ਆਈ.ਆਰ ਦਰਜ ਕੀਤੀ ਗਈ ਹੈ। ਉਹਨਾਂ ਨੇ ਕਿਹਾ ਸੀ ਕਿ ਜੇਕਰ ਇਹ ਐਫ.ਆਈ.ਆਰ ਰੱਦ ਨਾ ਕੀਤੀ ਗਈ ਤਾਂ ਉਹ ਅਜਨਾਲਾ ਆਕੇ ਰੋਸ-ਪ੍ਰਗਟਾਵਾ ਕਰਨਗੇ। ਜਿਹੜੀ ਐਫ.ਆਈ.ਆਰ ਪੁਲਿਸ ਵੱਲੋਂ ਹੁਣ ਰੱਦ ਕੀਤੀ ਗਈ ਹੈ ਤਾਂ ਇਹ ਸਵਾਲ ਤਾਂ ਸੁਭਾਵਿਕ ਹੀ ਬਣਦਾ ਹੈ ਕਿ ਪਹਿਲਾਂ ਪੂਰੀ ਜਾਂਚ ਪੜਤਾਲ ਦੇ ਬਗੈਰ ਹੀ ਐਫ.ਆਈ.ਆਰ ਦਰਜ ਕਰ ਦਿੱਤੀ ਗਈ ਸੀ। ਇਹ ਦੇਖਿਆ ਜਾ ਸਕਦਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਅਤੇ ਪ੍ਰਸ਼ਾਸਨ ਸਥਿਤੀ ਨੂੰ ਕਾਬੂ ਹੇਠ ਰੱਖਣ ਵਿਚ ਨਲਾਇਕ ਸਾਬਤ ਹੋਇਆ ਹੈ। ਬਾਅਦ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਬਹੁਤ ਸੰਜਮ ਤੋਂ ਕੰਮ ਲੈ ਕੇ ਕਿਸੇ ਵੱਡੀ ਮਾੜੀ ਘਟਨਾ ਨੂੰ ਵਾਪਰਨ ਤੋਂ ਰੋਕ ਲਿਆ। ਸੰਜਮ ਤੋਂ ਕੰਮ ਲੈਣਾ ਇਹ ਚੰਗੀ ਗੱਲ ਹੈ ਪਰ ਅਜਿਹੀ ਸਥਿਤੀ ਹੀ ਪੈਦਾ ਕਿਉਂ ਹੋਈ? ਇਸ ਦਾ ਜਵਾਬ ਵੀ ਤਾਂ ਮੰਗਿਆ ਜਾਵੇਗਾ। ਇਹ ਸਹੀ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਪਰ ਹਾਕਿਮ ਧਿਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰਖਿਆ ਜਾਵੇ ਅਤੇ ਵਿਰੋਧੀ ਧਿਰਾਂ ਆਪਣੀਆਂ ਵੋਟਾਂ ਦੀ ਰਾਜਨੀਤੀ ਲਈ ਮੌਕੇ ਦੀ ਤਲਾਸ਼ ਵਿਚ ਰਹਿਣ ਦੀ ਥਾਂ ਲੋਕਾਂ ਦੇ ਮੁੱਦਿਆਂ ਦੀ ਪਹਿਰੇਦਾਰੀ ਕਰਨ>