ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀਆਂ ਸਰਗਰਮੀਆਂ ਨੂੰ ਲੈ ਕੇ ਕਾਂਗਰਸ ਦਾ ਘਮਸਾਨ ਰੁਕਣ ਦਾ ਨਾਂ ਨਹੀਂ ਲੈ ਲਿਆ। ਹਾਲਾਂ ਕਿ ਸਿੱਧੂ ਦਾ ਕਹਿਣਾ ਹੈ ਕਿ ਉਹ ਪੰਜਾਬ ਅਤੇ ਕਾਂਗਰਸ ਦੀ ਮਜਬੂਤੀ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਦਾ ਕਿਸੇ ਨਾਲ ਕੋਈ ਜਾਤੀ ਮਾਮਲਾ ਨਹੀਂ ਹੈ ਅਤੇ ਨਾਂ ਹੀ ਉਹ ਇਸ ਕੰਮ ਵਿਚ ਪੈਣਗੇ ਕਿ ਜਾਤੀ ਮਾਮਲਿਆਂ ਵਿਚ ਉਲਝਿਆ ਜਾਵੇ। ਉਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਭਲੇ ਲਈ ਲੱਗੇ ਹੋਏ ਹਨ ਪਰ ਪਿਛਲੇ ਸਮੇਂ ਵਿਚ ਪੰਜਾਬ ਦੇ ਬਹੁਤੇ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਅਤੇ ਅਜਿਹੇ ਆਗੂਆਂ ਨਾਲ ਸਮਝੌਤਾ ਨਹੀਂ ਹੋ ਸਕਦਾ।
ਇਸ ਸਾਰੇ ਕਾਸੇ ਦੇ ਚਲਦੇ ਅੱਜ ਚੰਡੀਗੜ ਵਿਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦੇਵਿੰਦਰ ਯਾਦਵ ਨਾਲ ਸਿਧੂ ਨੇ ਮੁਲਾਕਾਤ ਕੀਤੀ ਹੈ ਇਸ ਮੀਟਿੰਗ ਦੇ ਵੇਰਵੇ ਤਾਂ ਸਾਹਮਣੇ ਨਹੀਂ ਆਏ ਪਰ ਰਾਜਸੀ ਹਲਕਿਆ ਵਿਚ ਕਾਂਗਰਸ ਦੇ ਮਾਮਲਿਆਂ ਨੂੰ ਲੈ ਕੇ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਸਿੱਧੂ ਦੀਆਂ ਰੈਲੀਆਂ ਨੂੰ ਲੈ ਕੇ ਵੀ ਤਕੜਾ ਬਿਖੇੜਾ ਪਿਆ ਹੋਇਆ ਹੈ। ਸਿੱਧੂ ਹੁਣ 21 ਜਨਵਰੀ ਨੂੰ ਮੋਗਾ ਰੈਲੀ ਕਰ ਰਹੇ ਹਨ ਅਤੇ ਇਸ ਰੈਲ਼ੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਤੋਂ ਪਹਿਲਾਂ ਮਹਿਰਾਜ( ਬਠਿੰਡਾ), ਕੋਟਸ਼ਮੀਰ( ਬਠਿੰਡਾ) ਅਤੇ ਹੁਸ਼ਿਆਰਪੁਰ ਰੈਲੀਆਂ ਕਰ ਚੁੱਕੇ ਹਨ। ਕਾਂਗਰਸ ਦੇ ਕਈ ਆਗੂਆਂ ਦਾ ਕਹਿਣਾ ਹੈ ਕਿ ਇਹ ਰੈਲੀਆਂ ਪਾਰਟੀ ਦੀ ਆਗਿਆ ਬਗੈਰ ਹੋ ਰਹੀਆਂਹਨ। ਰੈਲੀਆਂ ਵਿਚ ਕਾਂਗਰਸ ਦੇ ਆਗੂਆਂ ਬਾਰੇ ਵਿਅੰਗ ਕਸਣ ਦੇ ਦੋਸ਼ ਵੀ ਲੱਗ ਰਹੇ ਹਨ। ਕਾਂਗਰਸ ਦੇ ਹੀ ਕਈ ਆਗੂ ਫੋਨ ਕਰਕੇ ਆਪਣੇ ਹਮਾਇਤੀਆਂ ਨੂੰ ਸਿੱਧੂ ਦੀਆਂ ਰੈਲੀਆਂ ਵਿਚ ਜਾਣ ਤੋੰ ਰੋਕ ਰਹੇ ਹਨ। ਅਜਿਹੇ ਆਗੂ ਸਿੱਧੂ ਦੀ ਰੈਲ਼ੀ ਨੂੰ ਅਸਫਲ ਕਰਕੇ ਪਤਾ ਨਹੀਂ ਕਿਹੜੀ ਪ੍ਰਾਪਤੀ ਹਾਸਲ ਕਰਨਗੇ। ਹਾਲਾਂ ਕਿ ਸਾਰੀਆਂ ਹੀ ਰੈਲੀਆਂ ਵਿਚ ਸਿੱਧੂ ਨੂੰ ਪੰਜਾਬੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇਕਰ ਪੰਜਾਬ ਕਾਂਗਰਸ ਵਿਚ ਟਕਰਾ ਦੀ ਸਥਿਤੀ ਨਾਂ ਰੋਕੀ ਗਈ ਤਾਂ ਪਾਰਲੀਮੈਂਟ ਚੋਣ ਵਿਚ ਪੰਜਾਬ ਕਾਂਗਰਸ ਲਈ ਮੁਸ਼ਕਲ ਸਥਿਤੀ ਬਣ ਸਕਦੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਪਾਰਟੀ ਅੰਦਰ ਅਨੁਸ਼ਾਸ਼ਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵੱਡਾ ਸਵਾਲ ਤਾਂ ਇਹ ਹੈ ਕਿ ਪਾਰਟੀ ਦਾ ਅਨੁਸ਼ਾਸਨ ਭੰਗ ਕੌਣ ਕਰ ਰਿਹਾ ਹੈ?
ਸੰਪਰਕ: 9814002186