ਚੰਡੀਗੜ੍ਹ ਕਿਵੇਂ ਵੱਸਿਆ? (ਭਾਗ-6)

TeamGlobalPunjab
8 Min Read

ਪਿੰਡ ਨਗਲ੍ਹਾ (ਹੁਣ ਸੈਕਟਰ 19/27)

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁੱਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਛੇਵੇਂ ਭਾਗ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ 19 ਅਤੇ 27 ਹੇਠ ਆ ਚੁੱਕੇ ਪਿੰਡ ਨਗਲ੍ਹੇ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਵੀ ਸ਼੍ਰੀ ਮਲਕੀਤ ਸਿੰਘ ਔਜਲਾ ਮੁੱਲਾਂਪੁਰ ਗਰੀਬਦਾਸ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ। ਪੇਸ਼ ਹੈ ਅੱਜ ਪਿੰਡ ਨਗਲ੍ਹਾ: Village Nagla @ Sector 19/27

ਚੰਡੀਗੜ੍ਹ ਬਣਾਉਣ ਲਈ ਉਜਾੜੇ ਗਏ ਪੰਜਾਬ ਦੇ ਪੁਆਧ ਇਲਾਕੇ ਦੇ 28 ਪਿੰਡਾਂ ਵਿੱਚ ਇੱਕ ਪਿੰਡ ਨਗਲ੍ਹਾ ਵੀ ਸੀ, ਜੋ ਪਹਿਲੇ ਉਠਾਲੇ ਵਿੱਚ 15 ਪਿੰਡਾਂ ਦੇ ਨਾਲ ਉਠਾਇਆ ਗਿਆ ਸੀ। ਨਗਲ੍ਹੇ ਪਿੰਡ ਹੁਣ ਸੈਕਟਰ 19 ਅਤੇ 27 ਹੇਠ ਆ ਚੁੱਕਾ ਹੈ। ਇਸ ਪਿੰਡ ਦੇ ਆਲੇ ਦੁਆਲੇ ਕਾਲੀਬੜ, ਰੁੜਕੀ ਪੜਾਓ, ਗੁਰਦਾਸਪੁਰਾ, ਕੰਚਨਪੁਰਾ ਅਤੇ ਭੰਗੀਮਾਜਰਾ ਸਨ। 1950 ਵਿੱਚ ਚੰਡੀਗੜ ਵਸਾਉਣ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਨਗਲ੍ਹੇ ਤੋਂ ਹੋਈ। ਚੰਡੀਗੜ ਦਾ ਨਕਸ਼ਾ ਬਣਾਉਣ ਵਾਲੇ ਅੰਗਰੇਜ ਆਰਕੀਟੈਕਟ ਲੀ-ਕਾਰਬੂਜੀਅਰ ਦਾ ਦਫਤਰ ਵੀ ਉਸ ਵੇਲੇ ਨਗਲ੍ਹੇ ਵਿੱਚ ਹੀ ਬਣਿਆ, ਜੋ ਕਿ ਅੱਜ ਵੀ ਸੈਕਟਰ 19-ਬੀ ਮੱਧਿਆ ਮਾਰਗ ਤੇ ਮਿਊਜ਼ੀਅਮ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਚੰਡੀਗੜ੍ਹ ਵਿੱਚ ਸਭ ਤੋਂ ਪਹਿਲਾਂ ਬੱਸ ਨਗਲ੍ਹੇ ਪਿੰਡ ਵਿੱਚ ਆ ਕੇ ਰੁਕੀ ਅਤੇ ਪਹਿਲਾ ਬੱਸ ਸਟੈਂਡ ਨਗਲ੍ਹੇ ਵਿੱਚ ਹੀ ਬਣਿਆ ਸੀ। ਇਸ ਤੋਂ ਇਲਾਵਾ ਪਹਿਲਾ ਡਾਕ ਤਾਰ ਘਰ ਅਤੇ ਰੇਡੀਓ ਸਟੇਸ਼ਨ ਵੀ ਨਗਲ੍ਹੇ ਵਿੱਚ ਬਣੇ।

- Advertisement -

*ਨਗਲ੍ਹੇ ਪਿੰਡ ਦੀ ਹਦਬਸਤ ਨੰ: 258 ਸੀ। ਇਸ ਪਿੰਡ ਦੀ ਜਮੀਨ 581 ਏਕੜ ਸੀ। ਅਬਾਦੀ 644 ਸੀ। ਲਿੰਗ ਅਨੁਪਾਤ 740 ਸੀ। ਪੜੇ ਲਿਖਿਆਂ ਦੀ ਗਿਣਤੀ 13.19 ਪ੍ਰਤੀਸ਼ਤ ਸੀ। ਪਿੰਡ ਦੇ 70.34 ਫੀਸਦੀ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੁੰਦਾ ਸੀ। ਇਸ ਪਿੰਡ ਵਿੱਚ ਕੋਈ ਸੌ ਦੇ ਕਰੀਬ ਘਰ ਸਨ, ਜਿਹਨਾਂ ਵਿੱਚ ਜਿਆਦਤਰ ਘਰ ਕੱਚੇ ਸਨ। ਪਿੰਡ ਵਿੱਚ ਤਿੰਨ ਪੱਤੀਆਂ ਸਨ। ਇੱਕ ਉਪਰਲੀ ਪੱਤੀ ਇੱਕ ਹੇਠਲੀ ਪੱਤੀ ਅਤੇ ਇੱਕ ਵਿਚਕਾਰਲੀ ਪੱਤਰੀ। ਇਹਨਾਂ ਤਿੰਨਾਂ ਪੱਤੀਆਂ ਵਿੱਚ ਪਾਣੀ ਲਈ ਤਿੰਨ ਖੂਹ ਹੁੰਦੇ ਸੀ। ਇਸ ਪਿੰਡ ਵਿੱਚ ਜਿਮੀਂਦਾਰ, ਬ੍ਰਾਹਮਣ, ਕਹਾਰ, ਤਰਖਾਣ, ਸੁਨਿਆਰ, ਖੱਤਰੀ ਅਤੇ ਹੋਰ ਭਾਈਚਾਰੇ ਦੇ ਲੋਕ ਬੜੇ ਪਿਆਰ ਨਾਲ ਰਹਿੰਦੇ ਸਨ ਅਤੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਸਨ। ਪਿੰਡ ਵਿੱਚ ਗੁੱਗਾ ਮਾੜੀ ਦਾ ਮੇਲਾ ਹਰ ਸਾਲ ਨੌਮੀ ਨੂੰ ਭਰਦਾ ਸੀ ਜਿਥੇ ਲੋਕ ਹੁੰਮ ਹੁਮਾ ਕੇ ਪਹੁੰਚਦੇ ਸਨ। ਇਸ ਪਿੰਡ ਵਿੱਚ ਅੰਬਾਂ ਦੇ ਬਹੁਤ ਬਾਗ ਹੁੰਦੇ ਸਨ। ਜਿਮੀਂਦਾਰ ਖੇਤਾਂ ਵਿੱਚ ਕਣਕ, ਮੱਕੀ, ਕਪਾਹ, ਕਮਾਦ, ਧਾਨ ਅਤੇ ਮਾਂਹ ਬੀਜਦੇ ਸਨ।

*ਨਗਲ੍ਹੇ ਪਿੰਡ ਵਿੱਚ ਵਿਦਵਾਨ ਸਾਉਣ ਸਿੰਘ ਰਮਾਇਣ ਅਤੇ ਮਹਾਂਭਾਰਤ ਦਾ ਗਿਆਤਾ ਸੀ ਉਸ ਨੂੰ ਪੁਸਤਕਾਂ ਨਾਲ ਬਹੁਤ ਮੋਹ ਸੀ। ਜਦੋਂ ਉਹ ਕਿਤੇ ਸ਼ਹਿਰ ਵਿੱਚ ਜਾਂਦਾ ਸੀ ਕਹਿੰਦੇ ਗੱਡਾ ਭਰ ਕੇ ਕਿਤਾਬਾਂ ਦੇ ਲੈ ਕਾ ਆਉਂਦਾ ਸੀ। ਨਗਲੇ ਪਿੰਡ ਦਾ ਇੱਕ ਰੁਲੀਆ ਸਿੰਘ ਹਕੀਮ ਹੁੰਦਾ ਸੀ ਜਿਸ ਨੂੰ ਲੋਕ ਰੁਲੀ ਹਕੀਮ ਆਖਦੇ ਹੁੰਦੇ ਸੀ, ਉਹ ਮੁਫ਼ਤ ਵਿੱਚ ਦਵਾਈ ਦਿੰਦਾ ਸੀ। ਰੁਲੀਆ ਸਿੰਘ ਦਾ ਪੋਤਰਾ ਉਜਾਗਰ ਸਿੰਘ ਨਿਰਾਲਾ ਚੰਗੇ ਅਹੁਦੇ ਤੋਂ ਰਿਟਾਇਰ ਹੋਏ ਹਨ ਅਤੇ ਉਹਨਾਂ ਨੂੰ ਪੰਜਾਬੀ ਬਾਹਿਤਕਾਰੀ ਦਾ ਸ਼ੌਂਕ ਸੀ। ਇਸ ਪਿੰਡ ਵਿੱਚ ਸਕੂਲ ਨਹੀਂ ਸੀ ਹੁੰਦਾ ਅਤੇ ਬੱਚੇ ਪੜਨ ਲਈ ਕਾਲੀਬੜ ਪਿੰਡ ਦੇ ਸਕੂਲ ਵਿੱਚ ਜਾਂਦੇ ਹੁੰਦੇ ਸਨ।

*ਨਗਲੇ ਪਿੰਡ ਦੀ ਗੁੱਗਾ ਮਾੜੀ ਅੱਜ ਵੀ ਸੈਕਟਰ 19-ਡੀ ਦੀਆਂ ਕੋਠੀਆਂ ਵਿੱਚ ਮੌਜੂਦ ਹੈ ਜਿਥੇ ਲੋਕ ਮੱਥਾ ਟੇਕਣ ਆਉਂਦੇ ਹਨ। ਇਸ ਗੁੱਗਾ ਮਾੜੀ ਲਈ ਕੋਠੀਆਂ ਦੇ ਵਿਚਕਾਰ ਪਲਾਟ ਛੱਡਿਆ ਹੋਇਆ ਹੈ। ਨਗਲੇ ਪਿੰਡ ਦੀਆਂ ਨਿਸ਼ਾਨੀਆਂ ਵਜੋਂ ਸੈਕਟਰ 19-ਬੀ ਦੇ ਪ੍ਰਾਚੀਨ ਮੰਦਰ ਅਤੇ ਡੀਪੀਆਈ ਦਫਤਰ ਦੇ ਨੇੜੇ ਖੜੇ ਵੱਡ ਵੱਡੇ ਪਿੱਪਲ ਬੋਰੇਟੇ ਅਤੇ ਅੰਬਾਂ ਦੇ ਦਰੱਖਤ ਦੇਖੇ ਜਾ ਸਕਦੇ ਹਨ। ਸੈਕਟਰ 27-ਏ ਵਿੱਚ ਹੈਮੋਓਪੈਥੀ ਡਿਸਪੈਂਸਰੀ ਵਿੱਚ ਖੜੇ ਵੱਡੇ ਪਿੱਪਲ ਬਰੋਟੇ ਅਤੇ ਹੋਰ ਦਰੱਖਤ ਵੀ ਉਸ ਵੇਲੇ ਦੇ ਉੱਘੇ ਹੋਏ ਹਨ। ਰਾਮਗੜੀਆ ਭਵਨ ਦੇ ਨਾਲ ਬਣੇ ਟੈਕਸੀ ਸਟੈਂਡ ਵਾਲਿਆਂ ਵੱਲੋਂ ਆਪਣੇ ਟਿਕਾਣੇ ਦਾ ਨਾਮ ਅੱਜ ਵੀ ‘ਨਗਲ੍ਹਾ ਟੈਕਸੀ ਸਟੈਂਡ’ ਲਿਖਿਆ ਹੋਇਆ ਹੈ। ਸੈਕਟਰ 19-ਬੀ ਦੇ ਯੋਗ ਕੇਂਦਰ ਦੇ ਨੇੜੇ ਸੜਕ ਦੇ ਕੰਢੇ ਖੜੇ ਵਿਸ਼ਾਲ ਪਿੱਪਲ ਹੇਠ ਚੰਡੀਗੜ ਦੇ ਜੰਗਲਾਤ ਵਿਭਾਗ ਨੇ ਵਿਰਾਸਤੀ ਬੋਰਡ ਲਗਾਇਆ ਹੋਇਆ ਹੈ ਜਿਸ ਉੱਤੇ ਇਹ ਪਿੱਡਲ ਨਗਲੇ ਪਿੰਡ ਦਾ ਹੋਣ ਦੀ ਗੱਲ ਲਿਖੀ ਹੋਈ ਹੈ। ਨਗਲਾ ਪਿੰਡ ਕਿਸੇ ਵੇਲੇ ਰੋਪੜ ਤੋਂ ਕਾਲਕਾ ਜਾਂਦੀ ਸੜਕ ਦੇ ਉਪਰ ਵੱਸਦਾ ਹੁੰਦਾ ਸੀ। ਸੈਕਟਰ 19 ਅਤੇ ਸੈਕਟਰ 7 ਵਿੱਚ ਮੱਧਿਆ ਮਾਰਗ ਤੇ ਇਸ ਪਿੰਡ ਦੇ ਪੁਰਾਣੇ ਦਰੱਖਤ ਅੱਜ ਵੀ ਦੇਖੇ ਜਾ ਸਕਦੇ ਹਨ। ਸੈਕਟਰ 27 ਦੇ ਸੀਨੀਅਰ ਸੇਕੰਡਰੀ ਸਕੂਲ ਵਾਲੇ ਪਾਸੇ ਵੀ ਇਸ ਪਿੰਡ ਦੇ ਬਹੁਤ ਪੁਰਾਣੇ ਪਿੱਪਲ ਬਰੋਟੇ ਖੜੇ ਹਨ ਅਤੇ ਸਕੂਲ ਦੇ ਅੰਦਰ ਇੱਕ ਸਖੀ ਸੁਲਤਾਨ ਦੀ ਪੁਰਾਣੀ ਮਜਾਰ ਵੀ ਮੌਜੂਦ ਹੈ। ਇਸ ਪਿੰਡ ਦੇ ਪ੍ਰਮੁੱਖ ਵਿਅੱਕਤੀਆਂ ਵਿੱਚ ਹਜਾਰਾ ਸਿਘ, ਸ਼ਮਸ਼ੇਰ ਸਿੰਘ, ਬੀਰ ਸਿੰਘ ਪਿਰਥੀ ਸਿੰਘ, ਮਾਸਟਰ ਅਰਜਨ ਸਿੰਘ ਅੰਬਾਲੇ ਵਾਲੇ, ਕਾਕਾ ਸਿੰਘ, ਤਰਲੋਕ ਸਿੰਘ ਅਤੇ ਕਈ ਹੋਰ ਸਨ। ਇਹਨਾਂ ਲੋਕਾਂ ਨੇ ਬਡਾ ਜੋਰ ਲਾਇਆ ਕਿ ਉਹਨਾਂ ਦਾ ਨਗਲਾ ਪਿੰਡ ਨਾ ਉਜੜੇ ਪਰ ਸਮੇਂ ਦੇ ਹਾਕਮਾਂ ਅੱਗੇ ਉਹਨਾਂ ਦੇ ਪੇਸ਼ ਨਾ ਗਈ। ਮਿਤੀ 20.10.1950, ਮਿਤੀ 9.2.1950, ਮਿਤੀ 3.3.1951 ਅਤੇ ਮਿਤੀ 28.2.1952 ਨੂੰ ਥੋੜੇ ਥੋੜੇ ਵਕਫੇ ਮਗਰੋਂ ਸੁਣਾਏ ਗਏ ਚਾਰ ਐਵਾਰਡਾਂ ਵਿੱਚ ਇਸ ਪਿੰਡ ਦੀ ਜਮੀਨ ਅਤੇ ਲਾਲ ਡੋਰੇ ਦੇ ਰਕਬੇ ਨੂੰ ਐਕੁਆਇਰ ਕਰ ਲਿਆ ਗਿਆ ਅਤੇ ਇਸ ਪਿੰਡ ਦੀ ਜਮੀਨ ਉੱਤੇ ਸੈਕਟਰ 19, 27, 7 ਅਤੇ 26 ਬਣਾਏ ਗਏ। ਪਿੰਡ ਵਾਸੀਆਂ ਨੂੰ ਗਿੱਦੜਪੁਰਾ, ਸਨੇਟਾ, ਮਨੀਮਾਜਰਾ ਅਤੇ ਕਈ ਹੋਰ ਪਿੰਡਾਂ ਵਿੱਚ ਜਾ ਕੇ ਰਹਿਣਾ ਪਿਆ। ਮਨੀਮਾਜਰਾ ਵਿੱਚ ਇਸ ਵੇਲੇ ਇੱਕ ਨਗਲਾ ਮੁਹੱਲਾ ਵੀ ਵੱਜਦਾ ਹੈ ਜਿਥੇ ਇਸ ਪਿੰਡ ਦੇ ਲੋਕ ਰਹਿੰਦੇ ਹਨ। ਉਸ ਵੇਲੇ ਇਸ ਪਿੰਡ ਦੇ ਲੋਕਾਂ ਨੂੰ ਜਮੀਨ ਬਦਲੇ ਜਮੀਨ ਅਤੇ ਮਕਾਨ ਬਦਲੇ ਮਕਾਨ ਦੇ ਕੇ ਇਸ ਪਿੰਡ ਵਿੱਚੋ ਕੱਢਿਆ ਗਿਆ ਸੀ। ਪਿੰਡ ਵਾਸੀਆਂ ਨੂੰ ਅੱਜ ਵੀ ਆਪਣਾ ਪਿੰਡ ਨਗਲਾ ਉਜੜਨ ਦਾ ਦੁੱਖ ਹੈ। ਚੰਡੀਗੜ ਪ੍ਰਸ਼ਾਸ਼ਨ ਨੁੰ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ।

- Advertisement -

*ਚੰਡੀਗੜ੍ਹ ਸ਼ਹਿਰ ਲਈ ਕੁਰਬਾਨੀ ਦੇ ਚੁੱਕੇ ਨਗਲ੍ਹੇ ਪਿੰਡ ਦੀ ਯਾਦ ਨੂੰ ਤਾਜਾ ਰੱਖਣ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਸੈਕਟਰ 7-26-19-27 ਵਾਲੇ ਗੋਲ ਦਾ ਨਾਮ ‘ਨਗਲ੍ਹਾ ਚੌਂਕ ਅਤੇ 19-27 ਨੂੰ ਵੰਡਦੀ ਸੜਕ ਦਾ ਨਾਮ ‘ਨਗਲਾ-ਰੋਡ’ ਰੱਖਣ ਬਾਰੇ ਫੈਸਲਾ ਲੋਕ ਹਿਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਬਾਰੇ ਪਤਾ ਚਲਦਾ ਰਹੇ।

ਲੇਖਕ: ਮਲਕੀਤ ਸਿੰਘ ਔਜਲਾ

ਪਿੰਡ ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ)
ਸੰਪਰਕ: 9914992424

Share this Article
Leave a comment