ਬਾਇਡਨ ਨੇ ਪੁਤਿਨ ਨੂੰ ਦਿੱਤੀ ਧਮਕੀ- ਯੂਕਰੇਨ ‘ਤੇ ਹਮਲਾ ਕੀਤਾ ਤਾਂ ਪਛਤਾਉਣਾ ਪਵੇਗਾ 

TeamGlobalPunjab
3 Min Read

ਵਾਸ਼ਿੰਗਟਨ-ਯੂਕਰੇਨ ਨੂੰ ਲੈ ਕੇ ਅਮਰੀਕਾ ਅਤੇ ਰੂਸ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਲਾਦੀਮੀਰ ਪੁਤਿਨ ਯੂਕਰੇਨ ਵਿੱਚ ਪੂਰੀ ਤਰ੍ਹਾਂ ਨਾਲ ਜੰਗ ਨਹੀਂ ਚਾਹੁੰਦੇ ਹਨ ਅਤੇ ਜੇਕਰ ਉਹ ਫੌਜੀ ਘੁਸਪੈਠ ਨੂੰ ਅੱਗੇ ਵਧਾਉਂਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਬਾਇਡਨ ਨੇ ਬੁੱਧਵਾਰ ਨੂੰ ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ‘ਤੇ ਆਯੋਜਿਤ ਇਕ ਨਿਊਜ਼ ਕਾਨਫਰੰਸ ‘ਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਰੂਸ ਯੂਕਰੇਨ ‘ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ, ਹਾਲਾਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪੁਤਿਨ ਨੇ ਕੋਈ ਅੰਤਿਮ ਫੈਸਲਾ ਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਰੂਸ ਯੂਕਰੇਨ ‘ਤੇ ਹਮਲਾ ਕਰਦਾ ਹੈ ਤਾਂ ਇਹ ਰੂਸ ਲਈ ਇੱਕ ਤਬਾਹੀ ਹੋਵੇਗੀ। ਸਾਡੇ ਸਾਥੀ ਅਤੇ ਸਹਿਯੋਗੀ ਰੂਸ ਅਤੇ ਇਸ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਉਣ ਲਈ ਤਿਆਰ ਹਨ।

ਬਾਇਡਨ ਨੇ ਕਿਹਾ ਕਿ ਜੇਕਰ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਤਾਂ ਇਹ ਅੰਤਰਰਾਸ਼ਟਰੀ ਬੈਂਕਿੰਗ ਪ੍ਰਣਾਲੀ ਤੱਕ ਰੂਸ ਦੀ ਪਹੁੰਚ ਨੂੰ ਸੀਮਤ ਕਰ ਦੇਵੇਗਾ। ਬਾਇਡਨ ਨੇ ਕਿਹਾ ਕਿ ਮੈਨੂੰ ਪੱਕਾ ਨਹੀਂ ਪਤਾ ਕਿ ਉਹ ਕੀ ਕਰਨ ਜਾ ਰਿਹਾ ਹੈ। ਬਾਇਡਨ ਦਾ ਇਹ ਬਿਆਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਯੂਕਰੇਨ ਦੌਰੇ ਤੋਂ ਕੁਝ ਘੰਟੇ ਬਾਅਦ ਆਇਆ ਹੈ। ਅਮਰੀਕਾ ਨੇ ਦੋਸ਼ ਲਗਾਇਆ ਹੈ ਕਿ ਰੂਸ ਯੂਕਰੇਨ ਦੀ ਸਰਹੱਦ ‘ਤੇ ਇੱਕ ਲੱਖ ਤੋਂ ਵੱਧ ਸੈਨਿਕ ਤਾਇਨਾਤ ਕਰ ਰਿਹਾ ਹੈ। ਇਸ ਦੇ ਨਾਲ ਹੀ ਰੂਸ ਇਹ ਵੀ ਯੋਜਨਾ ਬਣਾ ਰਿਹਾ ਹੈ ਕਿ ਬਹੁਤ ਘੱਟ ਸਮੇਂ ਵਿੱਚ ਸੈਨਿਕਾਂ ਦੀ ਗਿਣਤੀ ਵੀ ਦੁੱਗਣੀ ਕੀਤੀ ਜਾ ਸਕਦੀ ਹੈ।

- Advertisement -

ਰੂਸ ਦੇਸ਼ ਦੇ ਦੂਰ ਪੂਰਬੀ ਹਿੱਸੇ ਵਿੱਚ ਤਾਇਨਾਤ ਸੈਨਿਕਾਂ ਨੂੰ ਇੱਕ ਵੱਡੇ ਅਭਿਆਸ ਲਈ ਬੇਲਾਰੂਸ ਭੇਜ ਰਿਹਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਦੇਸ਼ਾਂ ਵਿੱਚ ਹਮਲੇ ਦੇ ਡਰ ਦੇ ਵਿਚਕਾਰ ਇਸ ਤਾਇਨਾਤੀ ਨੇ ਯੂਕਰੇਨ ਦੇ ਨੇੜੇ ਰੂਸੀ ਫੌਜੀ ਉਪਕਰਣਾਂ ਦੀ ਗਿਣਤੀ ਵਧਾ ਦਿੱਤੀ ਹੈ। ਰੂਸ ਦੇ ਉਪ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਕਿਹਾ ਕਿ ਅਭਿਆਸ ਦਾ ਉਦੇਸ਼ ਬਾਹਰੀ ਖਤਰਿਆਂ ਨਾਲ ਨਜਿੱਠਣ ਲਈ ਰੂਸ-ਬੇਲਾਰੂਸ ਗਠਜੋੜ ਦੁਆਰਾ ਸਾਂਝੇ ਅਭਿਆਸ ਕਰਨਾ ਹੈ। ਦੋਵਾਂ ਦੇਸ਼ਾਂ ਦੇ ਸਿਆਸੀ, ਆਰਥਿਕ ਅਤੇ ਫੌਜੀ ਸਬੰਧਾਂ ਵਿੱਚ ਨਜ਼ਦੀਕੀ ਹੈ। ਫੋਮਿਨ ਨੇ ਇਹ ਨਹੀਂ ਦੱਸਿਆ ਕਿ ਅਭਿਆਸ ਲਈ ਕਿੰਨੇ ਸੈਨਿਕਾਂ ਅਤੇ ਹਥਿਆਰਾਂ ਨੂੰ ਦੁਬਾਰਾ ਤਾਇਨਾਤ ਕੀਤਾ ਜਾ ਰਿਹਾ ਹੈ।

Share this Article
Leave a comment