ਨਿਊਜ਼ ਡੈਸਕ: ਤਾਲਿਬਾਨ ਨੇ ਅਫਗਾਨਿਸਤਾਨ ‘ਚ ਆਪਣੀ ਸਰਕਾਰ ਬਣਾਉਣ ਨੂੰ ਲੈ ਕੇ ਇਕ ਵੱਡਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਅਮਰੀਕੀ ਫੌਜ ਦੀ ਪੂਰੀ ਤਰ੍ਹਾਂ ਵਾਪਸੀ ਨਹੀਂ ਹੋ ਜਾਂਦੀ ਉਹ ਉਦੋਂ ਤੱਕ ਸਰਕਾਰ ਬਣਾਉਣ ਦਾ ਐਲਾਨ ਨਹੀਂ ਕਰੇਗਾ। ਇਸ ਗੱਲ ਦੀ ਜਾਣਕਾਰੀ ਇੱਕ ਰਿਪੋਰਟ ਵਿੱਚ ਤਾਲਿਬਾਨੀ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਗਈ ਹੈ।
ਤਾਲਿਬਾਨ ਸੂਤਰ ਨੇ ਕਿਹਾ ਇਹ ਤੈਅ ਕੀਤਾ ਗਿਆ ਹੈ ਕਿ ਸਰਕਾਰ ਅਤੇ ਕੈਬਿਨੇਟ ਦੇ ਗਠਨ ਦਾ ਐਲਾਨ ਉਦੋਂ ਤੱਕ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਅਫਗਾਨਿਸਤਾਨ ‘ਚ ਇੱਕ ਵੀ ਅਮਰੀਕੀ ਫੌਜੀ ਮੌਜੂਦ ਰਹੇਗਾ। ਇਸ ਤੋਂ ਬਾਅਦ ਸੰਗਠਨ ਨਾਲ ਜੁੜੇ ਇੱਕ ਹੋਰ ਸੂਤਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ।
ਇਸ ਤੋਂ ਕੁਝ ਘੰਟੇ ਪਹਿਲਾਂ ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਸੀ ਤੇ ਕਿਹਾ ਸੀ ਕਿ ਜੇਕਰ 31 ਅਗਸਤ ਤੱਕ ਸਾਰੀ ਫੌਜ ਵਾਪਸ ਨਹੀਂ ਗਈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਸੰਗਠਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਬ੍ਰਿਟਿਸ਼ ਮੀਡੀਆ ਨਾਲ ਗੱਲਬਾਤ ‘ਚ ਕਿਹਾ ਕਿ ਇਹ ਰੈੱਡ ਲਾਈਨ ਹੈ। ਰਾਸ਼ਟਰਪਤੀ ਬਾਇਡਨ ਨੇ ਕਿਹਾ ਹੈ ਕਿ ਸਾਰੀ ਫ਼ੌਜ ਨੂੰ 31 ਅਗਸਤ ਤੱਕ ਵਾਪਸ ਬੁਲਾ ਲਿਆ ਜਾਵੇਗਾ ਤੇ ਜੇਕਰ ਉਹ ਇਸ ਹੱਦ ਨੂੰ ਵਧਾਉਂਦੇ ਹਨ ਤਾਂ ਇਸ ਦਾ ਮਤਲਬ ਹੋਵੇਗਾ ਕਿ ਉਹ ਇਹ ਸਭ ਜਾਣ ਬੁੱਝ ਕੇ ਕਰ ਰਹੇ ਹਨ ਤੇ ਇਸ ਦੇ ਉਨ੍ਹਾਂ ਨੂੰ ਗੰਭੀਰ ਅੰਜਾਮ ਭੁਗਤਣੇ ਪੈਣਗੇ।
ਦੂਜੇ ਪਾਸੇ ਕਾਬੁਲ ਏਅਰਪੋਰਟ ਦਾ ਵੀ ਬਹੁਤ ਬੁਰਾ ਹਾਲ ਹੈ। ਵੱਡੀ ਗਿਣਤੀ ਵਿਚ ਅਫ਼ਗਾਨੀ ਦੇਸ਼ ਛੱਡ ਕੇ ਭੱਜ ਰਹੇ ਹਨ। ਜਿਸ ਦੇ ਚਲਦਿਆਂ ਇੱਥੇ ਕਾਫ਼ੀ ਭੀੜ ਹੈ, ਇਸ ਕਾਰਨ ਅਮਰੀਕਾ ਅਤੇ ਬਾਕੀ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਕੱਢਣ ਵਿੱਚ ਪਰੇਸ਼ਾਨੀ ਆ ਰਹੀ ਹੈ।