ਨਿਊਜ਼ੀਲੈਂਡ: ਨਿਊਜ਼ੀਲੈਂਡ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਮਾਸੂਮ ਪੁੱਤਰ ਗੰਭੀਰ ਜ਼ਖਮੀ ਹੋ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ੁਭ ਕਰਮਨ ਸਿੰਘ ਵਜੋਂ ਹੋਈ ਹੈ। ਸ਼ੁਭ ਕਰਮਨ ਸਿੰਘ ਲਗਭਗ 15 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਉੱਥੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।
ਸ਼ੁਭ ਕਰਮਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿੱਚ ਸਨਾਟਾ ਪਸਰ ਗਿਆ ਹੈ। ਸ਼ੁਭ ਕਰਮਨ ਸਿੰਘ ਦੇ ਪਿਤਾ ਅਮਰੀਕ ਸਿੰਘ ਰਾਜੂ ਨੇ ਦੱਸਿਆ ਕਿ ਸ਼ੁਭ ਕਰਮਨ ਆਪਣੇ ਮਾਸੂਮ ਪੁੱਤਰ ਨਾਲ ਕਾਰ ਵਿੱਚ ਘਰ ਤੋਂ ਜਾ ਰਿਹਾ ਸੀ, ਜਦੋਂ ਹਾਈਵੇਅ ‘ਤੇ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਸ਼ੁਭ ਕਰਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦਾ ਮਾਸੂਮ ਪੁੱਤਰ ਗੰਭੀਰ ਜ਼ਖਮੀ ਹੋ ਗਿਆ।
ਅਮਰੀਕ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸ਼ੁਭ ਕਰਮਨ ਉਨ੍ਹਾਂ ਨੂੰ ਖੇਤੀਬਾੜੀ ਛੱਡ ਆਪਣੇ ਕੋਲ ਆਉਣ ਲਈ ਕਹਿ ਕੇ ਗਿਆ ਸੀ ਪਰ ਉਸ ਨਾਲ ਇਹ ਭਾਣਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਸ਼ੁਭ ਕਰਮਨ ਦੀ ਮ੍ਰਿਤਕ ਦੇਹ ਇਥੇ ਆਉਣ ਵਿੱਚ ਸਮਾਂ ਲੱਗ ਸਕਦਾ ਹੈ, ਜਿਸ ਕਰਕੇ ਪਰਿਵਾਰਕ ਮੈਂਬਰ ਖੁਦ ਨਿਊਜ਼ੀਲੈਂਡ ਜਾ ਕੇ ਆਪਣੇ ਪੁੱਤ ਦਾ ਸੰਸਕਾਰ ਕਰਨਗੇ।