ਪ੍ਰੋਫੈਸਰ ਗੁਰਦਿਆਲ ਸਿੰਘ: ਪੰਜਾਬੀ ਸਾਹਿਤ ਦਾ ਚਮਕਦਾ ਸਿਤਾਰਾ

TeamGlobalPunjab
4 Min Read

-ਅਵਤਾਰ ਸਿੰਘ

ਉੱਘੇ ਸਾਹਿਤਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਉਨ੍ਹਾਂ ਦੇ ਨਾਨਕਾ ਪਿੰਡ ਭੈਣੀ ਫੱਤਾ (ਬਰਨਾਲਾ ਜ਼ਿਲਾ) ਵਿਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦਾ ਆਪਣਾ ਪਿੰਡ ਜੈਤੋ ਹੈ ਅਤੇ ਬਚਪਨ ਤੋਂ ਉਥੇ ਹੀ ਰਹਿੰਦੇ ਸਨ। ਉਨ੍ਹਾਂ ਦੇ ਤਿੰਨ ਭਰਾ ਤੇ ਇਕ ਭੈਣ ਹਨ। ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਅੱਠ ਸਾਲ ਤਰਖਾਣ ਦਾ ਕੰਮ ਕੀਤਾ। ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਫਿਰ ਘਾਲਣਾ ਘਾਲ ਕੇ ਉਚੇਰੀ ਵਿੱਦਿਆ ਲੈ ਕੇ ਸਰਕਾਰੀ ਨੌਕਰੀ (ਲੈਕਚਰਾਰ) ਹਾਸਲ ਕੀਤੀ ਅਤੇ ਪੰਦਰਾਂ ਵਰ੍ਹਿਆਂ ਬਾਅਦ ਪਟਿਆਲੇ ਯੂਨੀਵਰਸਿਟੀ ਵਿੱਚ ਰੀਡਰ ਬਣੇ ਅਤੇ 1995 ਵਿੱਚ ਪ੍ਰੋਫੈਸਰੀ ਤੋਂ ਸੇਵਾ ਮੁਕਤ ਹੋਏ। ਉਹਨਾਂ ਦਾ ਵਿਆਹ ਬੀਬੀ ਬਲਵੰਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਇੱਕ ਲੜਕਾ ਅਤੇ ਦੋ ਲੜਕੀਆਂ ਦਾ ਜਨਮ ਲਿਆ।

ਉਨਾਂ ਨੇ ਕਈ ਰਚਨਾਵਾਂ ਰਚੀਆਂ। ਮੜ੍ਹੀ ਦਾ ਦੀਵਾ (1964) ਅਣਹੋਏ, ਰੇਤੇ ਦੀ ਇੱਕ ਮੁੱਠੀ, ਕੁਵੇਲਾ, ਅੱਧ ਚਾਨਣੀ ਰਾਤ, ਆਥਣ, ਉੱਗਣ, ਅੰਨ੍ਹੇ ਘੋੜੇ ਦਾ ਦਾਨ, ਪਹੁਫੁਟਾਲੇ ਤੋਂ ਪਹਿਲਾਂ, ਪਰਸਾ (1992) ਆਹਣ (2009) ਨਾਵਲ ਲਿਖੇ। ਉਨਾਂ ਦੇ ਕਹਾਣੀ ਸੰਗ੍ਰਿਹ ਸੱਗੀ ਫੁੱਲ,ਚੰਨ ਦਾ ਬੂਟਾ, ਕੁੱਤਾ ਤੇ ਆਦਮੀ, ਮਸਤੀ, ਬੋਤਾ, ਰੁੱਖੇ ਮਿੱਸੇ, ਬੰਦੇ, ਬੇਗਾਨਾ ਪਿੰਡ, ਚੋਣਵੀਆਂ ਕਹਾਣੀਆਂ, ਪੱਕਾ ਟਿਕਾਣਾ, ਕਰੀਰ ਦੀ ਢਿੰਗਰੀ, ਮੇਰੀ ਪ੍ਰਤੀਨਿਧ ਰਚਨਾ ਹਨ। ਨਾਟਕ ਤੇ ਹੋਰ ਰਚਨਾਵਾਂ ਫ਼ਰੀਦਾ ਰਾਤੀਂ ਵੱਡੀਆਂ, ਵਿਦਾਇਗੀ ਤੋਂ ਪਿੱਛੋਂ, ਨਿੱਕੀ ਮੋਟੀ ਗੱਲ, ਪੰਜਾਬ ਦੇ ਮੇਲੇ ਤੇ ਤਿਉਹਾਰ, ਦੁਖੀਆ ਦਾਸ, ਕਬੀਰ ਹੈ, ਨਿਆਣ ਮੱਤੀਆਂ (ਆਤਮ ਕਥਾ-1), ਦੂਜੀ ਦੇਹੀ (ਆਤਮ ਕਥਾ-2) ਸਤਜੁਗ ਦੇ ਆਉਣ ਤੱਕ, ਡਗਮਗ, ਛਾਡ ਰੇ ਮਨ ਬਉਰਾ ਲੇਖਕ ਦਾ ਅਨੁਭਵ ਤੇ ਸਿਰਜਣ ਪ੍ਰਕਿਰਿਆ, ਬੰਬਈ ਸ਼ਹਿਰ ਕਹਿਰ ਸਵਾ ਪਹਿਰ ਤੋਂ ਇਲਾਵਾ ਬੱਚਿਆਂ ਲਈ ਬਕਲਮ ਖੁਦ ਟੁੱਕ ਖੋਹ ਲਏ ਕਾਵਾਂ, ਲਿਖ ਤੁਮ ਬਾਬਾ ਖੇਮਾ, ਗੱਪੀਆਂ ਦਾ ਪਿਉ, ਮਹਾਂਭਾਰਤ, ਧਰਤ ਸੁਹਾਵੀ, ਤਿੰਨ ਕਦਮ,ਧਰਤੀ,ਖੱਟੇ ਮਿੱਠੇ ਲੋਕ, ਜੀਵਨ ਦਾਸੀ, ਗੰਗਾਕਾਲ਼ੂ, ਕੌਤਕੀ, ਢਾਈ ਕਦਮ,ਧਰਤੀ ਜੀਵਨ ਦਾਤੀ ਗੰਗਾ (ਦੋ ਭਾਗ) ਲਿਖੇ। ਉਨਾਂ ਪੰਜਾਬੀ ਕਥਾ ਕਿਤਾਬ ਦਾ ਸੰਪਾਦਿਤ ਕੀਤਾ ਤੇ ਮੇਰਾ ਬਚਪਨ (ਗੋਰਕੀ) ਭੁੱਲੇ ਵਿਸਰੇ (ਭਗਵਤੀ ਚਰਨ ਵਰਮਾ) ਮ੍ਰਿਗਨੈਨੀ (ਵ੍ਰਿੰਦਾਵਨ ਲਾਲ ਵਰਮਾ) ਜ਼ਿੰਦਗੀਨਾਮਾ (ਕ੍ਰਿਸ਼ਨਾ ਸੋਬਤੀ) ਬਿਰਾਜ ਬਹੂ (ਸ਼ਰਤ ਚੰਦਰ) ਆਦਿ ਕਿਤਾਬਾਂ ਦਾ ਅਨੁਵਾਦ ਕੀਤਾ।

ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਨੇ ਉਹਨਾਂ ਦੇ ਖੋਜ ਕਾਰਜਾਂ ਬਾਰੇ 2014 ਨੂੰ ਵੱਡੀ ਜਿਲਦ ਵਿਚ ‘ਗੁਰਦਿਆਲ ਸਿੰਘ ਦੇ ਸੰਦਰਭ ਕੋਸ਼’ ਛਾਪਿਆ। ਵੱਖ ਵੱਖ ਰਚਨਾਵਾਂ ਲਈ ਉਨਾਂ ਨੂੰ ਕਈ ਇਨਾਮਾਂ ਤੇ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ।

- Advertisement -

ਗੁਰਦਿਆਲ ਸਿੰਘ ਨੂੰ 1998 ਵਿੱਚ ਭਾਰਤੀ ਰਾਸ਼ਟਰਪਤੀ ਵੱਲੋਂ ਪਦਮਸ੍ਰੀ ਐਵਾਰਡ, 1999 ਵਿੱਚ ਗਿਆਨਪੀਠ ਐਵਾਰਡ, ਭਾਰਤੀ ਸਾਹਿਤ ਅਕਾਦਮੀ ਐਵਾਰਡ, ਅੱਧ ਚਾਨਣੀ ਰਾਤ (1975), ਨਾਨਕ ਸਿੰਘ ਨਾਵਲਿਸਟ ਐਵਾਰਡ (1975),ਸੋਵੀਅਤ ਨਹਿਰੂ ਐਵਾਰਡ (1986), ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅਤੇ ਭਾਸ਼ਾ ਵਿਭਾਗ ਦੇ ਕਈ ਅਤੇ ਹੋਰ ਅਨੇਕ ਮਾਣ ਸਨਮਾਨ ਹਾਸਲ ਕੀਤੇ।

2012 ਵਿੱਚ ਉਹਨਾਂ ਨੂੰ ਬਿਨਾਂ ਕਿਸੇ ਸ਼ਿਫਾਰਸ ਦੇ ਉਪ ਰਾਸ਼ਟਰਪਤੀ ਦੁਆਰਾ ਸਾਹਿਤਕ ਰੁਤਬੇ ਕਾਰਨ ਸੈਨੇਟ ਮੈਂਬਰ ਨਾਮਜ਼ਦ ਕੀਤਾ ਗਿਆ। 2014 ‘ਚ ਪੰਜਾਬ ਯੂਨੀਵਰਸਿਟੀ ਰਾਂਹੀ ਉਹਨਾਂ ਨੂੰ ਡੀ ਲਿਟ ਦੀ ਡਿਗਰੀ ਪ੍ਰਦਾਨ ਕੀਤੀ ਗਈ।

ਨਾਵਲਕਾਰ ਸ. ਗੁਰਦਿਆਲ ਸਿੰਘ ਦਾ ਨਾਮ 2015 ‘ਚ ‘ਲਿਮਕਾ ਬੁੱਕ ਆਫ ਰਿਕਾਰਡ’ ਵਿਚ ਦਰਜ ਕੀਤਾ ਗਿਆ। ਨਾਵਲ ਮੜ੍ਹੀ ਦਾ ਦੀਵਾ ’ਤੇ ਬਣੀ ਫਿਲਮ ਨੇ ਬੈਸਟ ਰੀਜ਼ਨਲ ਫਿਲਮ ਐਵਾਰਡ 1989 ਹਾਸਲ ਕੀਤਾ। “ਅੰਨੇ ਘੋੜੇ ਦਾ ਦਾਨ” ਨਾਵਲ ‘ਤੇ ਫਿਲਮ ਬਣੀ ਜੋ ‘ਆਸਕਰ’ ਲਈ ਚੁਣੀ ਜਾਣ ਵਾਲੀ ਪੰਜਾਬੀ ਫਿਲਮ ਸੀ। ਭਾਰਤੀ ਸਾਹਿਤ ਅਕਾਦਮੀ ਵਲੋਂ 28 ਅਗਸਤ 2016 ਨੂੰ ਦਿੱਤੀ ਜਾ ਰਹੀ ਫੈਲੋਸ਼ਿਪ ਰਸਮੀ ਤੌਰ ‘ਤੇ ਸਵੀਕਾਰ ਕਰਨ ਤੋਂ ਪਹਿਲਾਂ ਹੀ 8 ਅਗਸਤ 2016 ਨੂੰ ਲੇਖਕ ਗੁਰਦਿਆਲ ਸਿੰਘ ਸੰਸਾਰ ਨੂੰ ਅਲਵਿਦਾ ਕਹਿ ਗਿਆ। ਅਗਾਂਹਵਧੂ ਸਾਹਿਤਕ ਤੇ ਲੋਕ ਪੱਖੀ ਜਥੇਬੰਦੀਆਂ ਵਲੋਂ ਪਰੋਫੈਸਰ ਗੁਰਦਿਆਲ ਸਿੰਘ ਵਲੋਂ ਸਾਹਿਤਕ ਖੇਤਰ ਵਿਚ ਪਾਏ ਯੋਗਦਾਨ ਲਈ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ।

Share this Article
Leave a comment