ਟਾਂਡਾ/ਸਿਆਟਲ : ਹਲਕਾ ਟਾਂਡਾ ਦੇ ਪਿੰਡ ਡੁਮਾਣਾ ਦੇ ਇੱਕ ਨੌਜਵਾਨ ਦੀ ਅਮਰੀਕਾ ਵਿਖੇ ਹੋਏ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲਖਵਿੰਦਰ ਸਿੰਘ ਲੱਖਾ ਪੁੱਤਰ ਜੋਗਿੰਦਰ ਸਿੰਘ ਵੱਜੋਂ ਵਿੱਚ ਹੋਈ ਹੈ। ਲਖਵਿੰਦਰ ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਰਹਿੰਦਾ ਸੀ ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਲਖਵਿੰਦਰ ਸਿੰਘ ਅਮਰੀਕਾ ਵਿੱਚ ਆਪਣਾ ਟਰੱਕ ਚਲਾਉਂਦਾ ਸੀ। ਐਤਵਾਰ ਨੂੰ ਉਹ ਆਪਣੇ ਟਰੱਕ ‘ਤੇ ਸਮਾਨ ਲੈ ਕੇ ਸਿਆਟਲ ਤੋਂ ਨਿਕਲਿਆ ਸੀ ਤੇ ਸ਼ਾਮ ਲਗਭਗ ਸੱਤ ਵਜੇ ਜ਼ਿੱਲਾਹ (Zillah) ਨੇੜੇ ਉਹ ਰਸਤੇ ‘ਤੇ ਬਣੇ ਸਟਾਪ ‘ਤੇ ਟਰੱਕ ਪਾਰਕ ਕਰ ਕੇ ਸ਼ੀਸ਼ੇ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਇੱਕ ਤੇਜ ਰਫਤਾਰ ਕਾਰ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਫਰਾਰ ਹੋ ਗਿਆ।
ਜੋਗਿੰਦਰ ਸਿੰਘ ਨੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਜਿੱਥੇ ਹਾਦਸਾ ਹੋਇਆ ਹੈ ਉਹ ਇਲਾਕਾ ਸਿਰਫ ਟਰੱਕਾਂ ਲਈ ਹੀ ਹੈ ਉੱਥੇ ਕਾਰ ਨਹੀਂ ਜਾ ਸਕਦੀ। ਕਿਸੇ ਨੇ ਰੰਜਿਸ਼ ਵਿੱਚ ਉਸਦੇ ਬੇਟੇ ਨੂੰ ਟੱਕਰ ਮਾਰੀ ਹੈ।
ਲਖਵਿੰਦਰ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਲੱਖਾ ਇੱਕ ਮਹੀਨੇ ਅੰਦਰ ਅਮਰੀਕਾ ‘ਚ ਪੱਕਾ ਹੋਣ ਵਾਲਾ ਸੀ। ਪਿੰਡ ਵਿੱਚ ਵੀ ਉਸਨੇ ਨੇ ਨਵਾਂ ਘਰ ਬਣਵਾਇਆਂ ਹੈ ਤੇ ਜਨਵਰੀ ਵਿੱਚ ਉਸ ਨੇ ਘਰ ਆਉਣਾ ਸੀ। ਲਖਵਿੰਦਰ ਸਾਲ 2008 ਵਿੱਚ ਅਮਰੀਕਾ ਗਿਆ ਸੀ ਅਤੇ ਉਸ ਨੇ ਉੱਥੇ ਫਿਲਪੀਨ ਦੀ ਇੱਕ ਪੱਕੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ ਤੇ ਉਸਦੀ ਦੋ ਬੱਚੇ ਹਨ।