ਪੰਜਾਬ ਦਾ ਰਾਬਿਨ ਹੁੱਡ ‘ਦੁੱਲਾ ਭੱਟੀ’

TeamGlobalPunjab
38 Min Read

– ਡਾ. ਬਲਵਿੰਦਰ ਸਿੰਘ ਥਿੰਦ;

ਦੁੱਲਾ ਭੱਟੀ ਪੰਜਾਬੀ ਸਭਿਆਚਾਰ ਦੇ ਪ੍ਰਸਿੱਧ ਤਿਉਹਾਰ ‘ਲੋਹੜੀ’ ਦਾ ਮਹਾਨ ਨਾਇਕ ਹੈ। ਦੁੱਲਾ ਭੱਟੀ ਦਾ ਨਾਇਕਤਵ ਇਸ ਕਰਕੇ ਹੈ ਕਿ ਉਹ ਪੰਜਾਬ ਦੀ ਨਾਬਰੀ (ਮੁਜ਼ਾਹਮਤ/ ਇਨਕਾਰੀ/ ਵਿਦਰੋਹੀ ਸੁਰ) ਦਾ ਪ੍ਰਤੀਕ ਹੈ। ਦੁੱਲਾ ਭੱਟੀ ਦਾ ਜਨਮ ਮੁਗ਼ਲ ਸਲਤਨਤ ਵੇਲੇ 16ਵੀਂ ਸਦੀ ਦੇ ਅੱਧ ਵਿੱਚ ਸਾਂਦਲ ਬਾਰ ਪੰਜਾਬ (ਪਾਕਿਸਤਾਨ) ਦੇ ਇਲਾਕੇ ਪਿੰਡੀ ਭੱਟੀਆਂ ਵਿੱਚ ਹੋਇਆ ਅਤੇ ਫਾਂਸੀ (ਮੌਤ) ਅਕਬਰ ਬਾਦਸ਼ਾਹ ਦੀ ਹਕੂਮਤ ਵੇਲੇ 1599 ਈਸਵੀ ਨੂੰ ਹੋਈ। ਇਹ ਮਹਾਨ ਰਾਜਪੂਤ ਨਾਇਕ ਲਾਹੌਰ (ਪੰਜਾਬ, ਪਾਕਿਸਤਾਨ) ਦੇ ਨੌਲੱਖਾ ਬਾਜ਼ਾਰ ਨੇੜੇ ਮਿਆਣੀ ਸਾਹਿਬ ਦੇ ਕਬਰਿਸਤਾਨ ਵਿੱਚ ਦਫ਼ਨ ਦੱਸਿਆ ਜਾਂਦਾ ਹੈ। ਅਫਸੋਸ ਹੈ ਕਿ ਪੰਜਾਬ ਦਾ ਇਹ ਮਹਾਂ ਨਾਇਕ ਇਤਿਹਾਸ ਵਿੱਚੋਂ ਬਹੁਤਾ ਅਣਗੌਲਿਆ ਰਿਹਾ ਹੈ। ਕੁੱਝ ਇਤਿਹਾਸਕਾਰਾਂ ਨੇ ਦੁੱਲਾ ਭੱਟੀ ਨੂੰ ਮਿੱਥਕ ਪਾਤਰ ਮੰਨਦੇ ਹੋਏ ਦੁੱਲੇ ਨਾਲ ਇਨਸਾਫ਼ ਨਹੀਂ ਕੀਤਾ। ਇਸ ਸੂਰਮੇ ਦੇ ਅਣਗੌਲੇ ਰਹਿਣ ਪਿੱਛੇ ਇਹ ਕਾਰਨ ਵੀ ਹੋ ਸਕਦਾ ਹੈ ਕਿ ਇਤਿਹਾਸ ਹਮੇਸ਼ਾ ਤਾਕਤਵਰ/ ਹਕੂਮਤ ਵੱਲੋਂ ਹੀ ਲਿਖਿਆ/ਲਿਖਵਾਇਆ ਜਾਂਦਾ ਰਿਹਾ ਹੈ। ਹਾਰੀ ਜਾਂ ਕੁਚਲੀ ਹੋਈ ਧਿਰ ਦੇ ਇਤਿਹਾਸ ਨੂੰ ਵੀ ਕੁਚਲਿਆ/ ਬਦਲਿਆ ਜਾਂ ਵਿਗਾੜਿਆ ਜਾਂਦਾ ਰਿਹਾ ਹੈ।

ਰਾਏ ਅਬਦੁੱਲਾ ਖ਼ਾਨ ਭੱਟੀ, ਪ੍ਰਚਲਿਤ ਨਾਮ ‘ਦੁੱਲਾ ਭੱਟੀ’ ਪੰਜਾਬ ਦਾ ਇੱਕ ਪ੍ਰਸਿੱਧ ਰਾਜਪੂਤ ਨਾਇਕ ਸੀ, ਜਿਸ ਨੇ ਮੁਗ਼ਲ ਸਮਰਾਟ ਅਕਬਰ ਦੇ ਖਿਲਾਫ਼ ਇੱਕ ਬਗ਼ਾਵਤ ਦੀ ਅਗਵਾਈ ਕੀਤੀ ਸੀ। ਦੁੱਲੇ ਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫ਼ਕੀਰ ਖ਼ਾਨ ਭੱਟੀ ਸੀ। ਰਾਏ ਅਬਦੁੱਲਾ ਖ਼ਾਨ ਨੇ ਇਸ ਹੱਦ ਤੱਕ ਮੁਗ਼ਲ ਹਕੂਮਤ ਨੂੰ ਵਖਤ ਪਾਈ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦੋ ਵਾਰੀ ਦਿੱਲੀ ਅਤੇ ਫਤਿਹਪੁਰ ਸਿਕਰੀ ਤੋਂ ਲਾਹੌਰ ਤਬਦੀਲ ਕਰਨੀ ਪਈ ਤਾਂ ਕਿ ਦੁੱਲਾ ਭੱਟੀ ਦੁਆਰਾ ਕੀਤੀ ਬਗ਼ਾਵਤ ਦਾ ਖਾਤਮਾ ਕੀਤਾ ਜਾ ਸਕੇ। ਬਾਦਸ਼ਾਹ ਅਕਬਰ ਨੂੰ ਲਗਭਗ 20 ਸਾਲਾਂ ਲਈ ਲਾਹੌਰ ਵਿੱਚ, ਲਾਹੌਰ ਕਿਲੇ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਪਿਆ ਸੀ ਅਤੇ ਇਸ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਵੀ ਬਦਲਣਾ ਪਿਆ ਸੀ।

ਪੰਜਾਬੀ ਭਾਸ਼ਾ ਵਿੱਚ ਦੁੱਲਾ ਭੱਟੀ ਬਾਰੇ ਮਿਲਦੀਆਂ ਕੁੱਝ ਰਚਨਾਵਾਂ ਵਿਚੋਂ ਇੱਕ ਰਚਨਾ “ਵਾਰ ਦੁੱਲੇ ਭੱਟੀ ਦੀ” ਹੈ, ਜਿਸ ਨੂੰ “ਦੁੱਲੇ ਦੀ ਵਾਰ” ਵੀ ਕਿਹਾ ਜਾਂਦਾ ਹੈ। ਕੁੱਲ 22 ਬੰਦਾਂ ਵਿੱਚ ਮਿਲਦੀ ਇਸ ਰਚਨਾ ਨੂੰ ਅਹਿਮਦ ਸਲੀਮ ਨੇ ਗਵੰਤ੍ਰੀ ਗੁਲਾਮ ਮੁਹੰਮਦ ਰੁਲੀਏ ਤੋਂ ਸੁਣ ਕੇ ਵਾਰ ਕਾਵਿ ਰੂਪ ਵਿੱਚ ਕਲਮਬੱਧ ਕੀਤਾ ਹੈ। ਇਸ ਵਾਰ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਦੁੱਲਾ ਭੱਟੀ ਦੀ ਅਕਬਰ ਬਾਦਸ਼ਾਹ ਨਾਲ ਹੋਈ ਲੜਾਈ ਦੀਆਂ ਘਟਨਾਵਾਂ ਦਾ ਬਿਰਤਾਂਤ ਹੈ। ਵਾਰ ਮੁਤਾਬਿਕ ਇੱਕ ਇਲਾਕੇ ਦਾ ਨਾਂ ‘ਦੁੱਲੇ ਦੀ ਬਾਰ’ ਯਾਨੀ ਦੁੱਲਾ ਭੱਟੀ ਦਾ ਜੰਗਲ ਹੈ। ‘ਬਾਰ’ ਸ਼ਬਦ ਦਾ ਅਰਥ ਇੱਕ ਜੰਗਲੀ ਖੇਤਰ ਤੋਂ ਹੈ, ਜਿੱਥੇ ਖੇਤੀ ਕਰਨ ਲਈ ਕੋਈ ਸਾਧਨ (ਪਾਣੀ ਆਦਿ) ਘੱਟ ਹੁੰਦੇ ਹਨ। ‘ਬਾਰ’ ਪਾਕਿਸਤਾਨੀ ਪੰਜਾਬ ਵਿੱਚ ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕਹਿੰਦੇ ਹਨ, ਜਿਸ ਨੂੰ ‘ਰਚਨਾ ਦੋਆਬ’ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਰਚਨਾ ਸ਼ਬਦ ਰਾਵੀ ਦਾ ‘ਰ’ ਅਤੇ ਚਨਾਬ ਦਾ ‘ਚਨਾ’ ਜੋੜ ਕੇ (ਰ+ਚਨਾ = ਰਚਨਾ) ਬਣਦਾ ਹੈ ਅਤੇ ਦੋਆਬ ਸ਼ਬਦ ਦੋ ਦਰਿਆਵਾਂ ਅਰਥਾਤ ਪਾਣੀ (ਆਬ) ਜੋੜ ਕੇ (ਦੋ+ਆਬ = ਦੋਆਬ) ਬਣਦਾ ਹੈ। ਕਿਸੇ ਸਮੇਂ ਇਸ ਬਾਰ ਦਾ ਲਗਭਗ ਸਾਰਾ ਹੀ ਖੇਤਰ ਝੰਗ ਜ਼ਿਲ੍ਹੇ ਵਿੱਚ ਹੁੰਦਾ ਸੀ, ਪਰ ਅੱਜਕੱਲ੍ਹ ਇਹ ਫੈਸਲਾਬਾਦ, ਝੰਗ ਅਤੇ ਟੋਭਾ ਟੇਕ ਸਿੰਘ (ਤਿੰਨ ਜ਼ਿਲ੍ਹਿਆਂ) ਦੇ ਵਿੱਚ ਵੰਡਿਆ ਹੈ।

- Advertisement -

ਦੁੱਲਾ ਭੱਟੀ ਪ੍ਰਸਿੱਧੀ ਦੇ ਤੌਰ ‘ਤੇ “ਪੰਜਾਬ ਦਾ ਪੁੱਤਰ”, “ਪੰਜਾਬ ਦਾ ਸੂਰਮਾ” ਜਾਂ “ਪੰਜਾਬ ਦਾ ਰਾਬਿਨ ਹੁੱਡ” ਵਜੋਂ ਵੀ ਜਾਣਿਆ ਜਾਂਦਾ ਹੈ। “ਰਾਬਿਨ ਹੁੱਡ (Robyn Hood) ਅੰਗਰੇਜ਼ੀ ਲੋਕ ਕਥਾਵਾਂ ਦਾ ਇੱਕ ਕਾਨੂੰਨ ਤੋਂ ਬਾਗੀ ਹੀਰੋ ਵਜੋਂ ਪ੍ਰਸਿੱਧ ਹੋਇਆ ਹੈ। ਰਾਬਿਨ ਹੁੱਡ ਇੱਕ ਅਚੁੱਕ ਤੀਰ-ਅੰਦਾਜ਼ ਅਤੇ ਕੁਸ਼ਲ ਤਲਵਾਰਬਾਜ਼ ਸੀ, ਜਿਸ ਨੂੰ ਅੱਜ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਅਮੀਰਾਂ ਦੀ ਜਾਇਦਾਦ ਨੂੰ ਲੁੱਟ ਕੇ ਗ਼ਰੀਬਾਂ ਵਿੱਚ ਵੰਡ ਦੇਣ ਲਈ ਜਾਣਿਆ ਜਾਂਦਾ ਹੈ। ਪਰੰਪਰਾਗਤ ਤੌਰ ‘ਤੇ ਰਾਬਿਨ ਹੁੱਡ ਅਤੇ ਉਸ ਦੇ ਬੰਦਿਆਂ ਨੂੰ ਹਰੇ ਕੱਪੜੇ ਪਹਿਨੇ ਹੋਏ ਚਿਤਰਿਆ ਜਾਂਦਾ ਹੈ।” ਦੁੱਲਾ ਭੱਟੀ ਬਾਰੇ ਜਾਣਨ ਤੋਂ ਪਹਿਲਾਂ ਉਨ੍ਹਾਂ ਦੇ ਵਡੇਰਿਆਂ ਬਾਰੇ ਜਾਣਦੇ ਹਾਂ।

ਦੁੱਲਾ ਭੱਟੀ ਦੇ ਵਡੇਰਿਆਂ ਦਾ ਪਿਛੋਕੜ

ਦੁੱਲਾ ਭੱਟੀ ਦਾ ਜਨਮ ਪਿੰਡੀ ਭੱਟੀਆਂ ਵਿਖੇ ਹੋਇਆ। ਇੱਕ ਸਰੋਤ ਮੁਤਾਬਿਕ ਦੁੱਲੇ ਦਾ ਜਨਮ ਚਨਾਬ ਦਰਿਆ ਕਿਨਾਰੇ ਕਿਸ਼ਤੀ ਵਿੱਚ ਹੋਇਆ ਵੀ ਦੱਸਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਦੁੱਲਾ ਭੱਟੀ ਦੇ ਵੱਡੇ ਪੁਰਖੇ ਰਾਜਸਥਾਨ ਵਿਚਲੇ ਜੈਸਲਮੇਰ ਨੇੜੇ ਭਟਨੇਰ ਦੇ ਰਾਜਪੂਤ ਵੰਸ਼ ਨਾਲ ਸੰਬੰਧਿਤ ਸਨ ਜੋ ਬਾਅਦ ਵਿਚ ਲਾਹੌਰ ਨੇੜੇ ਹਜ਼ਰਾਂ ਕਬੀਲੇ ਕੋਲ ਜਾ ਵਸੇ ਸਨ।

ਦੁੱਲਾ ਭੱਟੀ ਦੇ ਪੁਰਖਿਆਂ ਵੱਲੋਂ ਪਿੰਡੀ ਭੱਟੀਆਂ ਵਸਾਉਣ ਦੀ ਘਟਨਾ ਵੀ ਬੜੀ ਰੌਚਕ ਹੈ। ਹੋਇਆ ਇੰਝ ਕਿ ਇੱਕ ਭੇਡਾਂ ਦੇ ਵਾੜੇ ਵਿੱਚ ਭੇਡ ਦੇ ਲੇਲੇ ਦਾ ਕੋਈ ਜੰਗਲੀ ਜਾਨਵਰ ਸ਼ਿਕਾਰ ਕਰਨ ਲੱਗਦਾ ਹੈ ਤਾਂ ਭੇਡ ਵਾੜੇ ਵਿੱਚ ਆਪਣੇ ਲੇਲੇ ਨੂੰ ਬਚਾਉਣ ਲਈ ਬੜੀ ਬਹਾਦਰੀ ਨਾਲ ਜੰਗਲੀ ਜਾਨਵਰ ਦਾ ਮੁਕਾਬਲਾ ਕਰਦੀ ਹੈ। ਆਖਰ ਜੰਗਲੀ ਜਾਨਵਰ ਨੂੰ ਲੇਲੇ ਦਾ ਸ਼ਿਕਾਰ ਵਿਚਾਲੇ ਛੱਡ ਕੇ ਵਾਪਿਸ ਜਾਣਾ ਪੈਂਦਾ ਹੈ। ਇਸ ਸਾਰੀ ਘਟਨਾ ਨੂੰ ਦੁੱਲੇ ਦੇ ਵਡੇਰਿਆਂ ਵਿਚੋਂ ਕਿਸੇ ਨੇ ਅੱਖੀਂ ਤੱਕਿਆ ਸੀ। ਉਸ ਵਡੇਰੇ ਨੇ ਭੱਟੀ ਕਬੀਲੇ ਵਿੱਚ ਆਣ ਕੇ ਭੇਡ ਦੀ ਦਲੇਰੀ ਅਤੇ ਭੇਡ ਨਾਲ ਵਾਪਰੀ ਸਾਰੀ ਘਟਨਾ ਨੂੰ ਦੱਸਦਿਆਂ ਕਿਹਾ ਕਿ “ਭੇਡ ਨੂੰ ਆਪਣੇ ਵਾੜੇ ‘ਤੇ ਮਾਣ ਸੀ, ਇਸੇ ਕਰਕੇ ਉਹ ਜੰਗਲੀ ਜਾਨਵਰ ਨਾਲ ਭਿੜ ਕੇ ਆਪਣੇ ਲੇਲੇ ਨੂੰ ਬਚਾ ਗਈ। ਭਾਵੇਂ ਹਜ਼ਰਾਂ ਕਬੀਲਾ ਆਪਣਾ ਬਹੁਤ ਮਾਣ-ਸਤਿਕਾਰ ਕਰਦਾ ਹੈ ਪਰ ਜੇਕਰ ਇੱਜ਼ਤ ਨਾਲ ਜਿਉਣਾ ਹੈ ਤਾਂ ਆਪਣਾ ਕੋਈ ਪੱਕਾ ਠੱਡਾ-ਟਿਕਾਣਾ ਹੋਣਾ ਚਾਹੀਦਾ ਹੈ।” ਉਪਰੰਤ ਦੁੱਲੇ ਦੇ ਪੁਰਖੇ ਪਿੰਡੀ ਭੱਟੀਆਂ ਕਸਬਾ ਵਸਾਉੰਦੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਵੇਲੇ ਦੁੱਲੇ ਦੀ ਵੰਸ਼ ‘ਚੋੰ 12ਵੀਂ ਪੀੜ੍ਹੀ ਇਸ ‘ਪਿੰਡੀ ਭੱਟੀਆਂ’ ਵਿੱਚ ਰਹਿ ਰਹੀ ਹੈ ਜੋ ਕਿ ਦੁੱਲੇ ਦੇ ਤਿੰਨ ਪੁੱਤਰਾਂ ਕਮਾਲ ਖ਼ਾਨ, ਨੂਰ ਖ਼ਾਨ ਅਤੇ ਜਹਾਨ ਖ਼ਾਨ ਦੀ ਔਲਾਦ ‘ਚੋਂ ਹੈ। ‘ਭੱਟੀ’ ਜਾਂ ‘ਭੱਟੀਆਂ’ ਨਾਮ ‘ਭਟਨੇਰ’ ਦੇ ਬਸ਼ਿੰਦੇ ਹੋਣ ਕਰਕੇ ਹੀ ਪਿਆ ਜਾਪਦਾ ਹੈ। ਦੁੱਲੇ ਦਾ ਦਾਦਾ ਬਿਜਲੀ ਖ਼ਾਨ ਭੱਟੀ ਜੋ ‘ਸਾਂਦਲ ਦੀ ਬਾਰ’ ਵਿਖੇ ਵੱਸਣ ਕਰਕੇ ਸਾਂਦਲ ਭੱਟੀ ਵਜੋਂ ਹੀ ਵਧੇਰੇ ਜਾਣਿਆ ਜਾਣ ਲੱਗਾ। ਦੁੱਲੇ ਦੇ ਦਾਦੇ ਸਾਂਦਲ ਭੱਟੀ ਅਤੇ ਪਿਉ ਫ਼ਕੀਰ ਖ਼ਾਨ ਭੱਟੀ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ (ਮੁਆਮਲਾ/ ਮਾਲੀਆ/ ਕਰ/ ਟੈਕਸ) ਨੀਤੀ ਦਾ ਵਿਰੋਧ ਕੀਤਾ ਸੀ।

ਦੁੱਲੇ ਅਤੇ ਉਸ ਦੇ ਪੁਰਖਿਆਂ ਦੀ ਬਗ਼ਾਵਤ ਨੂੰ ਢੁਕਵੇਂ ਇਤਿਹਾਸਕ ਪਰਿਪੇਖ ‘ਚ ਸਮਝਣ ਹਿਤ ਅਕਬਰ ਦੇ ਸਮੇਂ ਉੱਤਰੀ ਭਾਰਤ ਦੀ ਜ਼ਰਾਇਤੀ (ਖੇਤੀਬਾੜੀ ਨਾਲ ਸੰਬੰਧਿਤ) ਅਰਥ-ਵਿਵਸਥਾ ਦੇ ਬੰਦੋਬਸਤ ਨੂੰ ਸਮਝਣਾ ਜ਼ਰੂਰੀ ਹੈ। ਮੁਗ਼ਲ ਸਮਰਾਜ ਦੀ ਵਾਂਗਡੋਰ ਸੋਲ੍ਹਵੀਂ ਸਦੀ ਦੇ ਅੱਧ ‘ਚ ਅਕਬਰ ਨੇ ਸੰਭਾਲੀ ਸੀ। ਉਸ ਨੇ ਕਈ ਪਰਗਨਿਆਂ (ਜ਼ਮੀਨ ਦਾ ਉਹ ਹਿੱਸਾ ਜਿਸ ਵਿੱਚ ਕੁੱਝ ਪਿੰਡ ਹੁੰਦੇ ਹਨ) ਨੂੰ ਲਗਾਨ ਹਲਕਿਆਂ ਵਿੱਚ ਤਬਦੀਲ ਕਰ ਦਿੱਤਾ। ਹਰ ਇੱਕ ਫ਼ਸਲ ‘ਤੇ ਲੱਗਣ ਵਾਲੇ ਲਗਾਨ ਦੀ ਮਿਆਰੀ ਦਰ ਮੁਕੱਰਰ ਕਰ ਦਿੱਤੀ ਸੀ। ਹਰ ਇੱਕ ਕਾਸ਼ਤਕਾਰ (ਖ਼ੁਦ ਖੇਤੀ ਕਰਨ ਵਾਲਾ ਕਿਸਾਨ) ਤੋਂ ਸਟੇਟ ਦੇ ਹਿੱਸੇ ਦਾ ਲਗਾਨ ਨਗਦੀ ਵਜੋਂ ਵਸੂਲਿਆ ਜਾਣ ਲੱਗਿਆ। ਇਸ ਨਵੀਂ ਲਗਾਨ ਪ੍ਰਣਾਲੀ ਨੂੰ ‘ਜ਼ਬਤੀ’ (ਕਿਸੇ ਸੰਪਤੀ ਵਿੱਚ ਹਿੱਤਾਂ ਆਦਿ ਦਾ ਖੁੱਸ ਜਾਣਾ) ਆਖਿਆ ਗਿਆ। ਸਟੇਟ ਨੂੰ ਲਗਾਨ ਅਦਾ ਕਰਨ ਦੀ ਜ਼ਿੰਮੇਵਾਰੀ ਇਲਾਕੇ ਦੇ ਜ਼ਿਮੀਂਦਾਰ ਅਤੇ ਲੰਬਰਦਾਰ/ ਨੰਬਰਦਾਰ ਦੀ ਹੁੰਦੀ ਸੀ।

- Advertisement -

ਦੁੱਲੇ ਦੇ ਪੁਰਖਿਆਂ ਵੱਲੋਂ ਕੇਂਦਰੀ ਯੋਜਨਾ ਮੁਤਾਬਿਕ ਤੈਅ ਕੀਤਾ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਰਾਵੀ ਦੀ ਜੰਗ ਵਿੱਚ ਮੁਗ਼ਲ ਹਕੂਮਤ ਦੇ ਸੈਨਿਕਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਅਕਬਰ ਨੇ ਦੁੱਲੇ ਦੇ ਪੁਰਖਿਆਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ ਪਰ ਜਦ ਉਹ ਕਿਸੇ ਤਰ੍ਹਾਂ ਨਾ ਝੁਕੇ ਤਾਂ ਅਕਬਰ ਨੇ ਲਗਾਨ ਨਾ ਚੁਕਾਉਣ ਵਾਲਿਆਂ ਦੇ ਮਨਾਂ ‘ਚ ਦਹਿਸ਼ਤ ਪਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਅਤੇ ਹਵਾ ਭਰ ਕੇ ਲਾਹੌਰ ਦੇ ਮੁੱਖ ਦਰਵਾਜੇ ‘ਤੇ ਪੁੱਠੀਆਂ ਲਟਕਵਾ ਦਿੱਤੀਆਂ ਸਨ।

ਦੁੱਲੇ ਦਾ ਜਨਮ ਮਾਂ ਲੱਧੀ ਦੀ ਕੁੱਖੋਂ ਆਪਣੇ ਪਿਤਾ ਦੀ ਮੌਤ ਤੋਂ ਚਾਰ ਮਹੀਨਿਆਂ ਬਾਅਦ ਹੋਇਆ ਦੱਸਿਆ ਜਾਂਦਾ ਹੈ। ਜਿਸ ਦਿਨ ਲੱਧੀ ਦੇ ਘਰ ਦੁੱਲਾ ਪੁੱਤਰ ਜੰਮਿਆ, ਉਸੇ ਦਿਨ ਬਾਦਸ਼ਾਹ ਅਕਬਰ ਨੂੰ ਵੀ ਪੁੱਤਰ ਦੀ ਦਾਤ ਮਿਲੀ, ਜਿਸ ਨੇ ਭਵਿੱਖ ਵਿੱਚ ਜਹਾਂਗੀਰ ਬਣ ਹਿੰਦੋਸਤਾਨ ‘ਤੇ ਹਕੂਮਤ ਕੀਤੀ ਸੀ। ਦਰਬਾਰੀ ਨਜੂਮੀਆਂ (ਜੋਤਸ਼ੀਆਂ) ਨੇ ਬਾਦਸ਼ਾਹ ਨੂੰ ਦੱਸਿਆ ਕਿ ਜੇ ਸ਼ੇਖੂ (ਜਹਾਂਗੀਰ ਦੇ ਬਚਪਨ ਦਾ ਨਾਂ) ਨੂੰ ਕਿਸੇ ਉਸ ਰਾਜਪੁਤਾਣੀ ਦੇ ਦੁੱਧ ‘ਤੇ ਪਾਲਿਆ ਜਾਵੇ, ਜਿਸ ਨੇ ਉਸੇ ਦਿਨ ਪੁੱਤਰ ਜੰਮਿਆ ਹੋਵੇ, ਜਿਸ ਦਿਨ ਸ਼ੇਖੂ ਪੈਦਾ ਹੋਇਆ ਸੀ, ਤਦ ਇਹ ਸ਼ਹਿਜ਼ਾਦਾ ਭਵਿੱਖ ਵਿੱਚ ਸਦਾ ਲਈ ਬਹਾਦਰ ‘ਤੇ ਜੇਤੂ ਰਹੇਗਾ।

ਅਕਬਰ ਦੇ ਸੂਹੀਆਂ ਨੇ ਭੱਟੀਆਂ ਦੇ ਘਰ ਮਾਂ ਲੱਧੀ ਦੀ ਕੁੱਖੋਂ ਜਨਮੇ ਪੁੱਤਰ ਦੁੱਲੇ ਬਾਰੇ ਜਾਣਕਾਰੀ ਦਿੱਤੀ। ਅਕਬਰ ਬਾਦਸ਼ਾਹ ਨੇ ਦੁੱਲੇ ਦੇ ਪੁਰਖਿਆਂ ਵੱਲੋਂ ਮੁਗ਼ਲ ਤਖ਼ਤ ਦੇ ਵਿਰੁੱਧ ਬਗ਼ਾਵਤ ਕਰਨ ਦੇ ਬਾਵਜੂਦ ਸ਼ੇਖੂ ਨੂੰ ਦੁੱਧ ਚੁੰਘਾਉਣ ਦੀ ਜ਼ਿੰਮੇਵਾਰੀ ਦੁੱਲੇ ਦੀ ਮਾਂ ਲੱਧੀ ਨੂੰ ਦਿੱਤੀ। ਦੁੱਲੇ ਦੀ ਮਾਂ ਲੱਧੀ ਨੇ ਅਕਬਰ ਦੇ ਪੁੱਤ ਸ਼ੇਖੂ (ਬਾਦਸ਼ਾਹ ਜਹਾਂਗੀਰ) ਨੂੰ ਦੁੱਧ ਚੁੰਘਾਇਆ ਤੇ ਮਹੱਲਾਂ ਵਿਚ ਦੁੱਧ ਚੁੰਘਾਵੀ ਦੇ ਤੌਰ ‘ਤੇ ਕੰਮ ਕੀਤਾ। ਲੱਧੀ ਨੂੰ ਸੰਭਾਵੀ ਤੌਖਲਾ ਵੀ ਸੀ ਕਿ ਦੁੱਲਾ ਕਿਤੇ ਆਪਣੇ ਪੁਰਖਿਆਂ ਵਾਂਗ ਨਾਬਰੀ ਦੇ ਪੈਂਡੇ ‘ਤੇ ਨਾ ਤੁਰ ਪਵੇ ਅਤੇ ਕਿਤੇ ਆਪਣੇ ਪਿਉ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਦਾ ਮਨ ਨਾ ਬਣਾ ਲਵੇ। ਇਸ ਫੈਸਲੇ ਦਾ ਦੂਜਾ ਆਧਾਰ ਇਹ ਜਾਪਦਾ ਹੈ ਕਿ ਅਕਬਰ ਨੂੰ ਡਰ ਸੀ ਕਿ ਮੁਗ਼ਲ ਸਲਤਨਤ ਨਾਲ ਨਾਰਾਜ਼ ਹੋਣ ਕਰਕੇ ਕਿਤੇ ਲੱਧੀ ਬਾਗ਼ੀ ਭੱਟੀ ਖ਼ਾਨਦਾਨ ਦੇ ਵਾਰਿਸ ਨੂੰ ਮੁਗ਼ਲ ਸਲਤਨਤ ਲਈ ਸੰਭਾਵੀ ਖਤਰਾ ਨਾ ਬਣਾ ਦੇਵੇ।

ਸੋ ਇਸ ਮੰਤਵ ਦੀ ਪੂਰਤੀ ਲਈ ਲੱਧੀ ਹੀ ਦੁੱਧ ਚੁੰਘਾਵੀ ਹੋ ਸਕਦੀ ਸੀ। ਸਾਰੇ ਸ਼ਾਹੀ ਇੰਤਜ਼ਾਮਾਂ ਨਾਲ ਸ਼ੇਖੂ ਨੂੰ ਲੱਧੀ ਦੇ ਪਿੰਡ ਰੁਖ਼ਸਤ ਕੀਤਾ ਗਿਆ, ਪਰ ਬਾਦਸ਼ਾਹ ਅਕਬਰ ਤਾਂ ਕੋਈ ਹੋਰ ਚਾਲ ਖੇਡ ਰਿਹਾ ਸੀ। ਅਕਬਰ ਨੂੰ ਇਲਮ ਸੀ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ। ਕਿਉੰ ਨਾ ਪਹਿਲਾਂ ਹੀ ਭੱਟੀਆਂ ਦੇ ਪੁੰਗਰਦੇ ਤੁਖ਼ਮ (ਬੀਜ/ ਜੜ/ ਮੂਲ) ਦੇ ਨਾਬਰ ਲਹੂ ਨੂੰ ਸ਼ਾਹੀ ਸਹੂਲਤਾਂ ਨਾਲ ਸਿੰਜ ਕੇ ਮੁੱਢੋਂ ਹੀ ਠੰਢਾ ਕਰ ਦਿੱਤਾ ਜਾਵੇ। ਸ਼ੁਰੂਆਤੀ ਜ਼ਿੰਦਗੀ ਵਿੱਚ ਦੁੱਲਾ ਭੱਟੀ ਪੰਜਾਬ ਦੇ ਪਿੰਡੀ ਭੱਟੀਆਂ ਵਿਖੇ ਰਹਿੰਦਾ ਸੀ। ਲੱਧੀ ਲਈ ਉਸ ਦੇ ਗਿਰਾਂ ਵਿੱਚ ਸ਼ਾਹੀ ਮਹਿਲ ਉਸਾਰਿਆ ਗਿਆ, ਜਿੱਥੇ ਸ਼ੇਖੂ ਤੇ ਦੁੱਲੇ ਦਾ ਇਕੱਠਿਆਂ ਪਾਲਣ-ਪੋਸ਼ਣ ਹੋਣਾ ਸੀ।

ਦੁੱਲੇ ਨੇ ਸ਼ੇਖੂ ਸੰਗ ਕੁਸ਼ਤੀ, ਤੀਰਅੰਦਾਜ਼ੀ ਤੇ ਘੋੜਸਵਾਰੀ ਆਦਿ ਸਭ ਕੁਝ ਸਿੱਖ ਲਿਆ। ਅਕਬਰ ਨੇ ਖ਼ੁਦ ਉਨ੍ਹਾਂ ਦੋਵਾਂ ਦੇ ਹੁਨਰਾਂ ਦਾ ਇਮਤਿਹਾਨ ਲਿਆ। ਦੁੱਲਾ ਹਰ ਹੁਨਰੀ ਮੁਕਾਬਲੇ ਵਿੱਚ ਸ਼ੇਖੂ ਨੂੰ ਮਾਤ ਪਾ ਦਿੰਦਾ ਸੀ। ਬਸ਼ਰਤੇ ਦੁੱਲੇ ਅਤੇ ਸ਼ੇਖੂ ਨੇ ਦੁੱਧ ਭਾਵੇਂ ਇਕੋ ਚੁੰਘਾਵੀ ਦਾ ਬਰਾਬਰ ਪੀਤਾ ਸੀ, ਪਰ ਦੁੱਲੇ ਦੀ ਜਿੱਤ ਪਿੱਛੇ ਭੱਟੀ ਖ਼ਾਨਦਾਨ ਦਾ ਜੁਝਾਰੂ ਖ਼ੂਨ ਵੀ ਤਾਕਤ ਅਤੇ ਰੰਗ ਵਿਖਾ ਰਿਹਾ ਸੀ। ਅਕਬਰ ਨੂੰ ਸ਼ੇਖੂ ਦੇ ਮੁਕਾਬਲੇ ਦੁੱਲੇ ਦੀ ਹੁਸ਼ਿਆਰੀ ‘ਤੇ ਈਰਖਾ ਹੋਈ ਤੇ ਲੱਧੀ ਦੇ ਪਾਲਣ-ਪੋਸ਼ਣ ‘ਤੇ ਸ਼ੱਕ ਵੀ ਹੋਇਆ। ਅਕਬਰ ਨੇ ਲੱਧੀ ਨੂੰ ਇਸ ਤਰਫ਼ਦਾਰੀ ਬਾਰੇ ਗੁੱਸੇ ਵਿੱਚ ਪੁੱਛਿਆ। ਕਿੱਸਾਕਾਰ ਕਿਸ਼ਨ ਸਿੰਘ ਆਰਫ਼ ਆਪਣੇ ਕਿੱਸੇ ‘ਦੁੱਲਾ ਭੱਟੀ’ ਵਿੱਚ ਲੱਧੀ ਦੀ ਅਰਜ਼ ਨੂੰ ਇੰਝ ਪੇਸ਼ ਕਰਦਾ ਹੈ;

“ਤੇਰੇ ਅੱਗੇ ਮੈਂ ਅਰਜ਼ ਗੁਜ਼ਾਰਨੀ ਹਾਂ,

ਮੇਰੀ ਬਾਤ ਸੁਣੀਂ ਕੰਨ ਲਾ ਕੇ ਜੀ।

ਤਨ ਮਨ ਲਾ ਕੇ ਪਾਲਿਆ ਹੈ,

ਨਹੀਂ ਰੱਖਿਆ ਕੁਝ ਛੁਪਾ ਕੇ ਜੀ।

ਇੱਕ ਇਤਨਾ ਫ਼ਰਕ ਮਾਲੂਮ ਹੋਵੇ,

ਸੱਜੀ ਛਾਤੀ ਲਵੇ ਦੁੱਲਾ ਆਇਕੇ ਜੀ।

ਖੱਬੀ ਛਾਤੀ ਦਾ ਦੁੱਧ ਸ਼ਹਿਜ਼ਾਦੇ ਨੂੰ,

ਮੈਂ ਤਾਂ ਛੱਡਦੀ ਕੁਲ ਪਿਲਾਇ ਕੇ ਜੀ।

ਦੁੱਧ ਘੱਟ ਦਾ ਫਰਕ ਨਾ ਇਕ ਰੱਤੀ,

ਸੱਚੀ ਗੱਲ ਮੈਂ ਕਹੀ ਸੁਣਾਇਕੇ ਜੀ।

ਭਾਵੇਂ ਮਾਰ ਤੇ ਛੱਡ ਤੂੰ ਬਾਦਸ਼ਾਹ ਜੀ,

ਸੱਚ ਦੱਸਿਆ ਬੋਲ ਖਲਾਇਕੇ ਜੀ।

ਇਕ ਇਤਨਾ ਮੇਰਾ ਕਸੂਰ ਹੋਯਾ,

ਨਹੀਂ ਰੱਖਿਆ ਦੁੱਲਾ ਹਟਾਇਕੇ ਜੀ।”

ਅਕਬਰ ਨੇ ਆਪਣੀ ਖੇਡ ਜਾਰੀ ਰੱਖਦੇ ਹੋਏ ਲੱਧੀ ਨੂੰ ਆਖਿਆ;

“ਜਾਹ ਲੱਧੀਏ ਕੀਤਾ ਮੁਆਫ਼ ਤੈਨੂੰ,

ਐਪਰ ਦੁੱਲੇ ਨੂੰ ਖ਼ੂਬ ਪੜ੍ਹਾਵਣਾ ਜੇ।

ਖੋਟੇ ਲੋਕਾਂ ਦੇ ਵਿਚ ਨਾ ਬਹਿਣ ਦੇਣਾ,

ਖ਼ੂਬ ਅਦਬ ਅਦਾਬ ਸਿਖਾਵਣਾ ਜੇ।

ਏਹਦੇ ਬਾਪ ਦਾਦੇ ਜਿਹੇ ਊਜ ਜਿਹੜੇ,

ਏਹਨਾਂ ਆਪਣਾ ਸੀਸੀ ਗੁਵਾਵਣਾ ਜੇ।

ਜੇ ਦੁੱਲਾ ਇਲਮ ‘ਚੋਂ ਹੁਸ਼ਿਆਰ ਹੋਵੇ,

ਇਸ ਨੂੰ ਅਸਾਂ ਤਾਂ ਬੁਲਾਵਣੇ ਜੇ।

ਦੁੱਧ ਘੱਟ ਦਾ ਫਰਕ ਨਾ ਇਕ ਰੱਤੀ,

ਸੱਟੀ ਗੱਲ ਹੈ ਕਹੀ ਸੁਣਾਇਕੇ ਜੇ।

ਅਸੀਂ ਇਲਮ ਤੇ ਹੁਨਰ ਨੂੰ ਦੇਖ ਕੇ ਤੇ,

ਦਰਜਾ ਇਸ ਨੂੰ ਖ਼ੂਬ ਦਲਾਵਣਾ ਜੇ।”

ਅਕਬਰ ਦਾ ਇਰਾਦਾ ਦੁੱਲੇ ਦੇ ‘ਪੁਸ਼ਤੈਨੀ’ ਨਾਬਰ ਸੁਭਾਅ ਨੂੰ ਬਦਲਣ ਲਈ ਦੁੱਲੇ ਦਾ ਮਦਰੱਸੇ ਵਿੱਚ ਦਾਖ਼ਲਾ ਕਰਵਾ ਕੇ ਉਸ ਨੂੰ ‘ਤਹਿਜ਼ੀਬ ਯਾਫ਼ਤਾ ਇਨਸਾਨ’ ਬਣਾਉਣਾ ਸੀ ਅਤੇ ਸ਼ਾਹੀ ਗ਼ਲਬੇ (ਦਬਾਉ) ਦੇ ਕਲਾਵੇ ‘ਚ ਉਸ ਨੂੰ ਕੈਦ ਕਰਨਾ ਸੀ। ਪਰ ‘ਹੋਣੀ’ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਖੈਰ ਦੁੱਲੇ ਨੂੰ ਕਾਜ਼ੀ ਕੋਲ ਪੜ੍ਹਨੇ ਭੇਜ ਦਿੱਤਾ ਜਾਂਦਾ ਹੈ;

“ਕਾਜ਼ੀ ਆਖਦਾ ਦੁੱਲੇ ਨੂੰ ਸੁਣ ਬੱਚਾ,

ਜਿਹੜਾ ਸਬਕ ਮੈਂ ਤੈਨੂੰ ਪੜ੍ਹਾਵਣਾ ਹਾਂ।

ਦਿਲ ਲਾ ਕੇ ਇਸ ਨੂੰ ਯਾਦ ਕਰਨਾ,

ਤਾਂਹੀ ਅੱਗੇ ਮੈਂ ਫਿਰ ਬਤਾਵਨਾ ਹਾਂ।

ਨਿਉਂ ਨਿਉਂ ਕੇ ਖ਼ੁਦਾ ਦੀ ਕਰੀਂ ਸੇਵਾ,

ਇਹ ਸਿੱਖਿਆ ਤੈਨੂੰ ਸਿਖਾਵਣਾ ਹਾਂ।

ਨੇਕ ਕੇਮਾਂ ਤੋਂ ਹੁੰਦਾ ਨਾਮ ਰੋਸ਼ਨ,

ਤਾਹੀਓਂ ਤੈਨੂੰ ਮੈਂ ਇਹ ਸਮਝਾਵਣਾ ਹਾਂ।

ਜੇਹੜਾ ਹੁਕਮ ਨੂੰ ਫੇਰ ਖ਼ਿਲਾਫ਼ ਕਰਦਾ,

ਮਾਰ ਮਾਰ ਕੇ ਤਾਰ ਬਨਾਵਣਾ ਹਾਂ।”

ਹਕੂਮਤ ਤੋਂ ਨਾਬਰ ਦੁੱਲੇ ਨੂੰ ਕਿਸੇ ਵੀ ਕਿਸਮ ਦੀ ਅਧੀਨਗੀ ਪ੍ਰਵਾਨ ਨਹੀਂ ਸੀ। ਦਰਅਸਲ ਬੁਨਿਆਦੀ ਲੜਾਈ ‘ਸਭਿਆ’ ਅਤੇ ‘ਅਸਭਿਆ’ ਵਿਚਕਾਰ ਨਹੀਂ ਸੀ, ਬਲਕਿ ‘ਗ਼ਾਲਬ ਜਮਾਤ’ (ਸੁੱਖ-ਸਹੂਲਤਾਂ ਦੇ ਅਧਿਕਾਰ ਰੱਖਦੀ ਸ਼੍ਰੇਣੀ) ਅਤੇ ‘ਨਾਬਰ ਜਮਾਤ’ ਦਰਮਿਆਨ ਸੀ। ਮਦਰੱਸਾ ਤੇ ਕਾਜ਼ੀ ਤਾਂ ਗ਼ਾਲਬ ਇੰਤਜ਼ਾਮ ਦੇ ਮੋਹਰੇ ਸਨ। ਦੁੱਲਾ ਇਨ੍ਹਾਂ ਮੋਹਰਿਆਂ ਦੀਆਂ ਰਮਜ਼ਾਂ ਨੂੰ ਸਮਝਦਾ ਸੀ। ਉਹ ਅੱਗਿਉਂ ਇਨ੍ਹਾਂ ਦਾ ਮੋਹਰਾ ਨਹੀਂ ਸੀ ਬਣ ਸਕਦਾ। ਦੁੱਲਾ ਆਪਣੇ ਖ਼ਾਨਦਾਨ ਦੀ ਰਵਾਇਤੀ ਨਾਬਰੀ ਪ੍ਰੰਪਰਾ ਮੁਤਾਬਿਕ ਉਲਟਾ ਕਾਜ਼ੀ ਨੂੰ ਸਬਕ ਸਿਖਾਉੰਦਾ ਹੈ;

“ਇਹ ਸੋਚ ਕਾਜ਼ੀ ਦੀ ਪਕੜ ਗਰਦਨ,

ਮਾਰੇ ਜ਼ਿਮੀਂ ਦੇ ਨਾਲ ਫਟਕਾਰ ਕੇ ਤੇ।

ਤਿੰਨ ਚਾਰ ਵਾਰ ਇਹ ਹਾਲ ਕੀਤਾ,

ਕਾਜ਼ੀ ਰੋਂਵਦਾ ਤੌਬਾ ਪੁਕਾਰ ਕੇ ਤੇ।

ਜਲਦੀ ਨਾਲ ਫਿਰ ਉਹ ਰਵਾਨ ਹੋਇਆ,

ਉੱਥੇ ਕਾਜ਼ੀ ਨੂੰ ਖ਼ੂਬ ਸਵਾਰ ਕੇ ਤੇ।”

ਮਦਰੱਸਾ ਛੱਡਣ ਤੋਂ ਬਾਅਦ ਦੁੱਲੇ ਨੇ ਆਪਣੇ ਪਿੰਡ ਦੇ ਤਰਖਾਣ ਤੋਂ ਗੁਲੇਲ ਬਣਵਾਈ ਜੋ ਉਸ ਦਾ ‘ਪਹਿਲਾ ਹਥਿਆਰ’ ਸੀ। ਇਸ ਗੁਲੇਲ ਨਾਲ ਉਸ ਨੇ ਆਪਣੇ ਸਾਥੀਆਂ ਸੰਗ ਮਿਲ ਕੇ ਖੂਹ ਤੋਂ ਪਾਣੀ ਭਰਦੀਆਂ ਸਵਾਣੀਆਂ ਦੇ ਘੜੇ ਭੰਨਣੇ ਸ਼ੁਰੂ ਕਰ ਦਿੱਤੇ। ਇੱਥੇ ਘੜੇ ਭੰਨਣ ਦੀਆਂ ਰਮਜ਼ਾਂ ਵੀ ਬੜੀਆਂ ਗੁੱਝੀਆਂ ਹਨ। ਅਸਲ ਵਿੱਚ ਤਾਂ ਦੁੱਲੇ ਨੇ ਸਮਾਜ ਦੇ ਘੜਿਆਂ ਵਿੱਚ ਮਹਿਫੂਜ਼ ਗ਼ਾਲਬ ਰਵਾਇਤ ਨੂੰ ਛੋਟੀ ਉਮਰੇ ਹੀ ਭੰਨਣਾ ਸ਼ੁਰੂ ਕਰ ਦਿੱਤਾ ਸੀ। ਲੋਕ-ਕਥਾਵਾਂ ਵਿੱਚ ਗੁਲੇਲ ਮਾਰ ਕੇ ਘੜੇ ਭੰਨਣ ਦਾ ਮੋਟਿਫ ਬੜਾ ਹੀ ਪ੍ਰਬਲ ਰਿਹਾ ਹੈ। ਇੱਕ ਨੰਦੀ ਨਾਮ ਦੀ ਔਰਤ ਦਾ ਘੜਾ ਦੁੱਲੇ ਨੇ ਗੁਲੇਲ ਨਾਲ ਭੰਨ ਦਿੱਤਾ। ਜਦ ਦੁੱਲਾ ਘੜਿਆਂ ‘ਚ ਛੇਕ ਕਰਨੋਂ ਨਾ ਹਟਿਆ ਤਾਂ ਨੰਦੀ ਮਹਿਰੀ ਨੇ ਦੁੱਲੇ ਨੂੰ ਮਿਹਣਾ ਮਾਰਿਆ;

“ਬੋਲੀ ਮਾਰ ਕੇ ਨੰਦੀ ਫਨਾਹ ਕਰਦੀ,

ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਜੇ।

ਬਾਪ ਦਾਦਾ ਇਹਦ‍ਾ ਤੇ ਸੂਰਮਾ ਏ,

ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਜੇ।

ਏਥੇ ਜ਼ੋਰ ਦਿਖਾਂਵਦਾ ਔਰਤਾਂ ਨੂੰ,

ਤੈਨੂੰ ਰੱਤੀ ਹਯਾ ਨਾ ਆਂਵਦਾ ਜੇ।

ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ,

ਖੱਲਾਂ ਪੁੱਠੀਆਂ ਚਾ ਲੁਹਾਂਵਦਾ ਜੇ।

ਅੱਜ ਤੀਕ ਲਾਹੌਰ ਵਿਚ ਲਟਕ ਰਹੀਆਂ,

ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਜੇ।”

ਨੰਦੀ ਵੱਲੋਂ ਮਾਰੀ ਇਸ ਬੋਲੀ ਨੇ ਜਿਵੇਂ ਦੁੱਲੇ ਦੇ ਕਲੇਜੇ ਵਿੱਚੋਂ ਰੁੱਗ ਭਰ ਲਿਆ ਹੋਵੇ। ਇਸ ਬੋਲੀ ਨੇ ਦੁੱਲੇ ਦੀ ਨਾਬਰੀ ਨੂੰ ਜਗਾਉਣ ਹੀ ਨਹੀਂ ਬਲਕਿ ਅੱਗ ਭੜਕਾਉਣ ਲਈ ਚੰਗਿਆੜੀ ਦਾ ਕੰਮ ਕੀਤਾ। ਦੁੱਲਾ ਤੂਫ਼ਾਨ ਵਾਂਗ ਆਪਣੇ ਘਰ ਗਿਆ ਤੇ ਬੱਦਲ ਵਾਂਗ ਲੱਧੀ ‘ਤੇ ਵਰ੍ਹ ਪਿਆ:

‘ਸੱਚ ਦੱਸ ਮਾਤਾ ਉਸ ਦਾ ਬਾਪ

ਤੇ ਦਾਦਾ ਕਿਸ ਨੇ ਮਾਰਿਆ ਸੀ?

ਝੂਠ ਜੇ ਤੂੰ ਬੋਲੇ ਤੇਰਾ ਸਿਰ ਵੱਢਦਾ,

ਸੱਚ ਬੋਲੇ ਬਾਝ ਨਹੀਂ ਮੂਲ ਛੱਡਦਾ।’

ਆਪਣੇ ਪੁੱਤਰ ਨੂੰ ਰੋਹ ਵਿੱਚ ਭਖਦਾ ਦੇਖ ਕੇ ਲੱਧੀ ਨੇ ਸਾਰਾ ਕਿੱਸਾ ਦੁੱਲੇ ਨੂੰ ਸੁਣਾ ਦਿੱਤਾ। ਜਿਉਂ-ਜਿਉਂ ਕਹਾਣੀ ਦਾ ਰਾਜ਼ ਖੁੱਲਦਾ ਜਾ ਰਿਹਾ ਸੀ, ਦੁੱਲੇ ਨੂੰ ‘ਦੁਸ਼ਮਨ’ ਦੀ ਸ਼ਨਾਖ਼ਤ ਹੁੰਦੀ ਜਾ ਰਹੀ ਸੀ। ਹੁਣ ਉਸ ਨੂੰ ਆਪਣਾ ਪੈਂਡਾ ਸਾਫ਼ ਦਿਖਾਈ ਦੇਣ ਲੱਗ ਪਿਆ ਸੀ। ਦੁੱਲਾ ਚੇਤਨਾ ਤੋਂ ਹੁਣ ਬਾਖ਼ੂਬੀ ਵਾਕਫ਼ ਹੋ ਗਿਆ ਸੀ। ਹੁਣ ਮਸਲਾ ਮਹਿਜ਼ ਬਾਪ ਤੇ ਦਾਦਾ ਦੇ ਕਤਲ ਦਾ ਬਦਲਾ ਲੈਣਾ ਹੀ ਨਹੀਂ ਸੀ। ਹੁਣ ਤਾਂ ਭੱਟੀ ਪੁਰਖਿਆਂ ਵੱਲੋਂ ਹਕੂਮਤ ਵਿਰੁੱਧ ਵਿੱਢੀ ਜੰਗ ਨੂੰ ਅੱਗੇ ਤੋਰਨਾ ਹੀ ਨਹੀਂ ਸੀ, ਸਗੋਂ ਉਸ ਨੂੰ ਹੋਰ ਪ੍ਰਚੰਡ ਵੀ ਕਰਨਾ ਸੀ। ਲੱਧੀ ਨੇ ਤਾੜ ਲਿਆ ਕਿ ਚੋਬਰ ਦੁੱਲੇ ਦਾ ਅੰਦਰਲਾ ਨਾਬਰ ਜਾਗ ਪਿਆ ਹੈ। ਹੁਣ ਉਸ ਦੇ ਤੁਫ਼ਾਨੀ ਵਹਿਣ ਅਤੇ ਜਲੌਅ ਨੂੰ ਠੱਲ੍ਹ ਪਾਉਣੀ ਔਖੀ ਹੈ। ਯਕੀਨਨ ਲੱਧੀ ਦੇ ਧੁਰ ਅੰਦਰ ਵੀ ਕਿਧਰੇ ਧੁਖ ਰਹੀ ਬਦਲੇ ਦੀ ਅੱਗ ਨਾਸੂਰ (ਸਦਾ ਰਿਸਣ ਵਾਲਾ ਫੋੜਾ) ਬਣ ਗਈ ਸੀ ਉਸ ਨੇ ਕੋਠੇ ਵਿਚ ਹਥਿਆਰਾਂ ਦੇ ਭੰਡਾਰ ਦੁੱਲੇ ਲਈ ਖੋਲ੍ਹ ਦਿੱਤੇ। ਦੁੱਲੇ ਨੇ ਹਥਿਆਰਾਂ ਨੂੰ ਸਾਥੀਆਂ ਵਿਚ ਵੰਡ ਦਿੱਤਾ;

“ਦੁੱਲਾ ਕੁੱਲ ਹਥਿਆਰਾਂ ਦੀ ਕਰੇ ਗਿਣਤੀ,

ਹੋਇਆ ਪੰਜ ਸੌ ਸ਼ੁਮਾਰ ਯਾਰੋ।

ਤੁਰਤ ਪੰਜ ਸੌ ਕੀਤਾ ਜਵਾਨ ‘ਕੱਠਾ,

ਭੇਜ ਸੂਰਮੇ ਬਾਂਕੇ ਨਿਤਾਰ ਯਾਰੋ।

ਕਰ ਦੇਵੇ ਹਥਿਆਰ ਤਕਸੀਮ ਸਾਰੇ,

ਆਪ ਬਣਿਆ ਫ਼ੌਜਦਾਰ ਯਾਰੋ।

ਕਿਸ਼ਨ ਸਿੰਘ ਵਿੱਚ ਪਿੰਡ ਦੇ ਘਰੋਂ-ਘਰੀਂ,

ਦੁੱਲੇ ਰਾਠ ਦੀ ਸੀ ਜੈ ਜੈ ਕਾਰ ਯਾਰੋ।

ਦੁੱਲੇ ਦੀ ਪਿੰਡੀ ਭੱਟੀਆਂ ਲਾਹੌਰ ਤੋਂ ਮੀਆਂਵਾਲੀ ਨੂੰ ਜਾਂਦੀ ਜਰਨੈਲੀ ਸੜਕ ‘ਤੇ 112 ਕਿਲੋਮੀਟਰ ਦੂਰੀ ‘ਤੇ ਸਥਿਤ ਹੈ ਜੋ ਅੱਜਕਲ੍ਹ ਤਹਿਸੀਲ ਹੈ। ਮੀਆਂਵਾਲੀ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸ਼ਹਿਰ ਹੈ ਜੋ ਕਿ ਪਿੰਡੀ ਭੱਟੀਆਂ ਤੋਂ 35 ਕਿਲੋਮੀਟਰ ਅੱਗੇ ਹੈ। ਜਰਨੈਲੀ ਸੜਕ ‘ਤੇ ਵਸੀ ਹੋਣ ਕਰਕੇ ਪਿੰਡੀ ਭੱਟੀਆਂ ਵਿੱਚ ਵਪਾਰੀਆਂ ਦੇ ਆਉਣ-ਜਾਣ ਦਾ ਟਿਕਾਣਾ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਘੋੜਿਆਂ ਦਾ ਵਪਾਰੀ ਅਲੀ ਪੰਜ ਸੌ ਕੰਧਾਰੀ ਘੋੜੇ ਅਕਬਰ ਨੂੰ ਦੇਣ ਲਈ ਜਾਂਦਾ ਹੋਇਆ ਪਿੰਡੀ ਰੁਕਿਆ ਤਾਂ ਦੁੱਲੇ ਨੇ ਘੋੜੇ ਖੋਹ ਕੇ ਆਪਣੇ ਸਾਥੀ ਜਵਾਨਾਂ ਵਿਚ ਵੰਡ ਦਿੱਤੇ। ਇਸੇ ਤਰ੍ਹਾਂ ਦੁੱਲੇ ਨੇ ਕੁਝ ਵਪਾਰੀਆਂ ਅਤੇ ਧਨਾਠਾਂ ਤੋਂ ਧਨ-ਦੌਲਤ ਨੂੰ ਵੀ ਖੋਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ। ਬਾਦਸ਼ਾਹ ਅਕਬਰ ਨੂੰ ਦੁੱਲਾ ਭੱਟੀ ਖਿਲਾਫ਼ ਅਕਸਰ ਸ਼ਿਕਾਇਤਾਂ ਮਿਲਿਆ ਕਰਦੀਆਂ, ਜਿਨ੍ਹਾਂ ਨੂੰ ਸ਼ੇਖੂ ਦੀ ਦੁੱਲੇ ਨਾਲ ਦੋਸਤੀ ਹੋਣ ਕਰਕੇ ਅਕਸਰ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਸੀ। ਅਕਬਰ ਨੇ ਦੁੱਲਾ ਨੂੰ ਹਕੂਮਤ ਵਿਰੋਧੀ ਗਤੀਵਿਧੀਆਂ, ਨਾਬਰੀ ਵਿਖਾਉਣ ਵਾਲੀਆਂ ਹਰਕਤਾਂ ਕਰਨ ਤੋਂ ਬਾਜ ਆਉਣ, ਸਮਝੌਤਾ ਕਰਨ ਅਤੇ ਅਕਬਰ ਦਰਬਾਰ ਵਿੱਚ ਹਾਜ਼ਰ ਹੋਣ ਲਈ ਸ਼ੇਖੂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ। ਸ਼ੇਖੂ ਦੁੱਲੇ ਨੂੰ ਮਿਲਣ ਵਾਸਤੇ ਪਿੰਡੀ ਭੱਟੀਆਂ ਗਿਆ। ਦੁੱਲੇ ਦਾ ਸ਼ੇਖੂ ਨਾਲ ਬਚਪਨ ਤੋਂ ਯਾਰਾਨਾ ਹੋਣ ਕਰਕੇ ਬਾਕੀ ਸ਼ਰਤਾਂ ਤਾਂ ਮੰਨ ਲਈਆਂ ਪਰ ਅਕਬਰ ਮੂਹਰੇ ਝੁਕਣਾ ਪ੍ਰਵਾਨ ਨਾ ਕੀਤਾ। ਦੁੱਲੇ ਦੇ ਨਾ ਝੁਕਣ ਸੁਭਾਅ ਬਾਰੇ ਸ਼ੇਖੂ ਨੂੰ ਪਤਾ ਸੀ ਪਰ ਫਿਰ ਵੀ ਉਹ ਦੁੱਲੇ ਨੂੰ ਸਮਝਾ-ਬੁਝਾ ਕੇ ਅਕਬਰ ਦੇ ਦਰਬਾਰ ਵਿੱਚ ਲੈ ਆਇਆ। ਅਕਬਰ ਦੇ ਦਰਬਾਰ ਵਿੱਚ ਜਾਣ ਤੋਂ ਪਹਿਲਾਂ ਸ਼ੇਖੂ ਨੇ ਇੱਕ ਜੁਗਤ ਲੜਾਈ ਤੇ ਦਰਬਾਰ ਦੇ ਦਰਵਾਜ਼ੇ ਅੰਦਰ ਵੜਨ ਲਈ ਰਾਹ ਨੀਵਾਂ ਰੱਖ ਲਿਆ ਤਾਂ ਕਿ ਦੁੱਲਾ ਦਰਬਾਰ ਵਿੱਚ ਝੁਕ ਕੇ ਜਾਵੇ, ਪਰ ਦੁੱਲੇ ਨੇ ਝੁਕਣ ਦੀ ਬਜਾਏ ਪਹਿਲਾਂ ਸੱਜਾ ਪੈਰ ਅੰਦਰ ਪਾਇਆ ਤੇ ਫਿਰ ਸਿਰ ਨੂੰ ਬਿਨਾਂ ਝੁਕਾਏ ਧੜ ਨੀਵਾਂ ਕਰਕੇ ਦੂਜਾ ਪੈਰ ਵੀ ਅੰਦਰ ਕਰ ਲਿਆ। ਦੁੱਲਾ ਸੀਨਾ ਤਾਣ ਕੇ ਅਕਬਰ ਨੂੰ ‘ਨਾਬਰ ਦੁੱਲਾ’ ਬਣ ਕੇ ਮਿਲਿਆ ਅਤੇ ਉਸ ਨੇ ਭਰੇ ਦਰਬਾਰ ਵਿੱਚ ਵੀ ਬਾਦਸ਼ਾਹ ਅਕਬਰ ਅੱਗੇ ਸਿਰ ਨਾ ਝੁਕਾਇਆ। ਅਕਬਰ ਨੇ ਦੁੱਲੇ ਦੀ ਨਾਬਰ ਹਰਕਤ ਦਾ ਬੁਰਾ ਮਨਾਇਆ ਪਰ ਆਪਣੀ ਇਸ ਭਰੇ ਦਰਬਾਰ ਵਿੱਚ ਹੋਈ ਬੇਇੱਜ਼ਤੀ ਨੂੰ ਚੁੱਪ ਵੱਟ ਕੇ ਜ਼ਰ ਗਿਆ।

ਇੱਕ ਤਾਂ ਦੁੱਲਾ ਅਣਖੀ ਹਸਤੀ ਵਜੋਂ ਬਾਦਸ਼ਾਹ ਨੂੰ ਮਿਲ ਕੇ ਆਇਆ ਹੋਣ ਕਰਕੇ ਆਮ ਲੋਕਾਂ ਦਾ ਰੰਗਲਾ ਨਾਇਕ ਅਤੇ ਹਰਮਨ ਪਿਆਰਾ ਬਣ ਗਿਆ। ਦੂਜਾ ਦੁੱਲੇ ਵੱਲੋਂ ਹਕੂਮਤ ਨੂੰ ਵੰਗਾਰਨ ਦੀ ਸ਼ਕਤੀ ਆਪਣੇ ਉਨ੍ਹਾਂ ਲੋੜਵੰਦ ਲੋਕਾਂ ਤੋਂ ਮਿਲਦੀ ਸੀ, ਜਿਨ੍ਹਾਂ ਦੇ ਹਰ ਦੁੱਖ-ਸੁੱਖ ਵਿੱਚ ਦੁੱਲਾ ਮੱਦਦਗਾਰ ਵਜੋਂ ਭਾਈਵਾਲ ਹੋ ਕੇ ਵਿਚਰਦਾ ਸੀ।
ਮੁੱਕਦੀ ਗੱਲ ਇਹ ਕਿ ਦੁੱਲੇ ਨੇ ਅਕਬਰ ਨੂੰ ਵਖ਼ਤ ਪਾ ਦਿੱਤਾ। ਨਤੀਜੇ ਵਜੋਂ ਸਭ ਤੋਂ ਪਹਿਲਾਂ ਬਾਦਸ਼ਾਹ ‘ਬਾਰੀ ਦੋਆਬ’ (ਬਿਆਸ ਅਤੇ ਰਾਵੀ ਦਰਿਆਵਾਂ ਦਾ ਵਿਚਕਾਰਲਾ ਖੇਤਰ) ਦੇ ਕਿਸਾਨਾਂ ਨੂੰ ਸ਼ਾਂਤ ਕਰਨ ਹਿਤ ਤੇ ਪੰਜਵੇਂ ਗੁਰੂ ਅਰਜਨ ਸਾਹਿਬ ਜੀ ਦਾ (ਜਿਨ੍ਹਾਂ ਦਾ ਇਸ ਇਲਾਕੇ ਵਿੱਚ ਇੱਕ ਮਜ਼ਬੂਤ ਧਾਰਮਿਕ, ਸਮਾਜਿਕ, ਭਾਈਚਾਰਕ ਅਤੇ ਰੂਹਾਨੀਅਤ ਆਧਾਰ ਸੀ) ਵਿਸ਼ਵਾਸ ਅਤੇ ਪਿਆਰ ਲੈਣ ਹਿਤ ਮਾਲੀਆ ਮੁਆਫ਼ ਕਰਨ ਦਾ ਸਿਆਸੀ ਕਦਮ ਚੁੱਕਦਾ ਹੈ। ਬਾਦਸ਼ਾਹ ਦੀ ਇਸ ‘ਅੜ’ ਸਮੇਂ ਗ਼ੈਰ ਫ਼ਿਰਕੇਦਾਰਾਨਾ ਸਿਆਸਤ ਕਾਰਗਰ ਸਿੱਧ ਹੁੰਦੀ ਹੈ। ਦਰਅਸਲ ਅਕਬਰ ਲਗਾਨ ਵਸੂਲੀ ਦੇ ਪੱਖ ਤੋਂ ਦੋ ਮੁਹਾਜ਼ਾਂ ‘ਤੇ ਲੜਨਾ ਮੁਨਾਸਿਬ ਨਹੀਂ ਸੀ ਸਮਝਦਾ। ਅਕਬਰ ਦੀ ਸਮਝ ਸੀ ਕਿ ਜੇ ਦੁੱਲੇ ਦੀ ਬਗ਼ਾਵਤ ਨੂੰ ਨੱਥ ਪਾਉਣੀ ਹੈ ਤਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ‘ਮੁਰੀਦਾਂ’ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ। ਗੁਰੂ ਵਾਲੇ ਪਾਸਿਓਂ ਨਿਸ਼ਚਿੰਤ ਹੋ ਕੇ ਅਕਬਰ ਆਪਣੀ ਸਾਰੀ ਤਾਕਤ ਦੁੱਲਾ ਭੱਟੀ ਨੂੰ ਕਾਬੂ ਕਰਨ ‘ਤੇ ਲਗਾ ਦਿੰਦਾ ਹੈ।

ਦੁੱਲਾ ਭੱਟੀ ਦੀ ਗ੍ਰਿਫ਼ਤਾਰੀ

ਅਖੀਰ ਬਾਦਸ਼ਾਹ ਅਕਬਰ ਨੇ ਦੁੱਲਾ ਭੱਟੀ ਦੀਆਂ ਨਾਬਰੀ ਹਰਕਤਾਂ ਤੋਂ ਅੱਕ ਕੇ ਆਪਣੇ ਸੈਨਾਪਤੀ ਮਿਰਜ਼ਾ ਨਿਜ਼ਾਮਦੀਨ ਨੂੰ ਫ਼ੌਜੀ ਟੁਕੜੀ ਦੇ ਕੇ ਦੁੱਲਾ ਭੱਟੀ ਨੂੰ ਫੜਨ ਲਈ ਪਿੰਡੀ ਭੱਟੀਆਂ ਭੇਜਿਆ। ਮਿਰਜ਼ਾ ਵੱਲੋਂ ਕੀਤੀ ਚੜ੍ਹਾਈ ਦੀ ਜਾਣਕਾਰੀ ਦੁੱਲੇ ਨੂੰ ਮਿਲ ਗਈ ਤਾਂ ਦੁੱਲਾ ਆਸੇ-ਪਾਸੇ ਟਿਭ ਗਿਆ। ਦੁੱਲੇ ਦੇ ਆਸੇ-ਪਾਸੇ ਹੋਣ ਦਾ ਇੱਕ ਕਾਰਨ ਸੁਭਾਵਕ ਵੀ ਹੋ ਸਕਦਾ ਹੈ, ਪਰ ਦੂਜਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਦੁੱਲਾ ਭੱਟੀ ਨੇ ਅਕਬਰ ਦੀ ਫ਼ੌਜ ਨਾਲ ਟੱਕਰ ਲੈਣ ਲਈ ਕਿਸੇ ਸਿਆਣੇ ਤੋਂ ਸ਼ੁੱਭ ਘੜੀ ਬਾਰੇ ਪੁੱਛਿਆ ਤਾਂ ਉਸ ਸਿਆਣੇ ਨੇ ਦੁੱਲਾ ਭੱਟੀ ਨੂੰ ਮਿਰਜ਼ੇ ਨਾਲ 9ਵੇਂ ਦਿਨ ਮੁਕਾਬਲਾ ਕਰਨ ਦੀ ਸਲਾਹ ਦਿੱਤੀ। ਮਿਰਜ਼ੇ ਨੇ ਦੁੱਲੇ ਦੀ ਗ਼ੈਰਹਾਜ਼ਰੀ ਵਿੱਚ ਕੁੱਝ ਦਿਨ ਇੰਤਜ਼ਾਰ ਕਰਨ ਉਪਰੰਤ ਉਸ ਦੇ ਪਰਿਵਾਰ ਵਿਚੋਂ ਮਾਂ ਲੱਧੀ ਅਤੇ ਦੁੱਲਾ ਭੱਟੀ ਦੀਆਂ ਦੋਵੇਂ ਬੀਵੀਆਂ ਫੁੱਲਰਾਂ ਅਤੇ ਨੂਰਾਂ ਨੂੰ ਬੰਦੀ ਬਣਾ ਲਿਆ। ਦੁੱਲਾ ਭੱਟੀ ਨੂੰ ਜਦੋਂ ਮਿਰਜ਼ੇ ਵੱਲੋਂ ਔਰਤਾਂ ਨੂੰ ਬੰਦੀ ਬਣਾਉਣ ਵਾਲੀ ‘ਮਰਦ-ਅਸੂਲ’ ਵਿਰੋਧੀ ਇਸ ਘਟੀਆ ਹਰਕਤ ਦਾ ਪਤਾ ਚੱਲਿਆ ਤਾਂ ਦੁੱਲਾ ਭੱਟੀ ਦੀ ਅਗਵਾਈ ਹੇਠ ਉਸ ਦੇ ਸਾਥੀਆਂ ਦਾ ਮਿਰਜ਼ਾ ਦੀ ਫੌਜ ਨਾਲ ਜ਼ਬਰਦਸਤ ਟੱਕਰ ਹੁੰਦੀ ਹੈ, ਜਿਸ ਦੌਰਾਨ ਅਕਬਰ ਵੱਲੋਂ ਦੁੱਲਾ ਭੱਟੀ ਨੂੰ ਕਾਬੂ ਕਰਨ ਲਈ ਭੇਜੀ ਫੌਜ ਨੂੰ ਉਲਟਾ 9ਵੇਂ ਦਿਨ ਦੁੱਲਾ ਬੰਦੀ ਬਣਾ ਲੈਂਦਾ ਹੈ। ਬੰਦੀ ਬਣੇ ਮਿਰਜ਼ੇ ਨੇ ਦੁੱਲਾ ਭੱਟੀ ਦੀ ਮਾਂ ਲੱਧੀ ਦਾ ਵਾਸਤਾ ਦੇ ਕੇ ਦੁੱਲਾ ਭੱਟੀ ਹੱਥੋਂ ਜਾਨ ਬਖਸ਼ਾਉੰਦਾ ਹੈ। ਮਿਰਜ਼ੇ ਨੇ ਹੋਰ ਕੁਚਾਲ ਚਲਦਿਆਂ ਦੁੱਲਾ ਭੱਟੀ ਨੂੰ ‘ਧਰਮੀ ਭਰਾ’ ਬਣਾ ਲਿਆ। ਕੁੱਝ ਦਿਨਾਂ ਬਾਅਦ ਮਿਰਜ਼ੇ ਨੇ ਦੁੱਲਾ ਭੱਟੀ ਨੂੰ ਧੋਖੇ ਨਾਲ ਨਸ਼ਾ ਪਿਲਾ ਕੇ ਬੰਧਕ ਬਣਾ ਲਿਆ ਅਤੇ ਅਕਬਰ ਦੇ ਦਰਬਾਰ ਵਿਚ ਪੇਸ਼ ਕਰ ਦਿੱਤਾ। ਅਸਲ ਵਿੱਚ ਬੰਦਾ ਕੋਈ ਮਾੜਾ ਨਹੀਂ ਹੁੰਦਾ, ਬੱਸ ਬੰਦੇ ਦੇ ਐਬ ਹੀ ਮਾੜੇ ਹੁੰਦੇ ਆ। ਲੋਕ ਕਹਾਵਤ “ਹੋਵੇ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ”। ਖ਼ੈਰ, ਅਕਬਰ ਬਾਦਸ਼ਾਹ ਨੇ ਦੁੱਲਾ ਭੱਟੀ ਨੂੰ ਈਨ ਮੰਨਣ, ਬਗ਼ਾਵਤ ਦਾ ਰਾਹ ਤਿਆਗਣ ਅਤੇ ਪਿੰਡੀ ਭੱਟੀਆਂ ਨੂੰ ਛੱਡਣ ਦਾ ਫ਼ੁਰਮਾਨ ਜਾਰੀ ਕੀਤਾ, ਜਿਸ ਨੂੰ ਦੁੱਲਾ ਭੱਟੀ ਨੇ ਆਪਣੀ ਜੁੱਤੀ ਦੇ ਠੁੱਡ ਬਰਾਬਰ ਜਾਣਿਆ। ਦੁੱਲਾ ਭੱਟੀ ਦੀ ਇਸ ਨਾਬਰੀ ਪ੍ਰਤੀਕਿਰਿਆ ਵਜੋਂ ਉਸ ਨੂੰ ਮੌਤ (ਫ਼ਾਂਸੀ) ਦਾ ਸ਼ਾਹੀ ਫ਼ੁਰਮਾਨ ਜਾਰੀ ਹੋਇਆ।
ਅਖੀਰ ਲਾਹੌਰ ਸ਼ਹਿਰ ਦੇ ਨੌਲੱਖਾ ਬਜ਼ਾਰ ਨੇੜੇ ਚੌੰਕ ‘ਚ ਸੂਲੀ ਗੱਡ ਦਿੱਤੀ ਗਈ ਤਾਂ ਜੋ ਤਮਾਮ ਲੋਕਾਈ ਦੁੱਲੇ ਦੇ ਚਿਹਰੇ ‘ਤੇ ਮੌਤ ਦੇ ਦਰਦ ਵਾਲੇ ਹਾਵ-ਭਾਵ ਤੇ ਖੌਫ਼ ਦਾ ਮੰਜ਼ਰ ਦੇਖ ਸਕੇ। ਦਰਅਸਲ ਬਾਦਸ਼ਾਹ ਅਕਬਰ ਦੁੱਲਾ ਭੱਟੀ ਦਾ ਗੁਮਾਨ ਲੋਕਾਈ ਸਾਹਮਣੇ ਤੋੜਨਾ ਲੋਚਦਾ ਹੈ। ਲਾਹੌਰ ਦੇ ਕੋਤਵਾਲ ਮਲਿਕ ਅਲੀ ਨੂੰ ਹੁਕਮ ਹੋਇਆ ਕਿ ਉਹ ਸੂਲੀ ‘ਤੇ ਚੜ੍ਹਦੇ ਦੁੱਲਾ ਭੱਟੀ ਦੀ ਮਨੋਦਸ਼ਾ, ਮਿਜਾਜ਼ ਤੇ ਉਸ ਵੱਲੋਂ ਉਚਾਰੇ ਆਖ਼ਰੀ ਲਫ਼ਜ਼ਾਂ ਤੋਂ ਬਾਦਸ਼ਾਹ ਨੂੰ ਜਾਣੂੰ ਕਰਵਾਏ। ਜਿਸ ਰੰਗ ਨਾਬਰ ਦੁੱਲਾ ਲੜਿਆ ਉਸੇ ਹੀ ਰੰਗ ਵਿੱਚ ਉਹ ਸੂਲੀ ਚੜ੍ਹਦਾ ਹੈ। ਅਖ਼ੀਰਲੇ ਦਮ ਤੱਕ ਉਸ ਦੇ ਹੌਂਸਲੇ ਦਾ ਰੋਹ ਰੰਗਲਾ ਹੀ ਰਹਿੰਦਾ ਹੈ। ਆਪਣੀ ਮਿੱਟੀ ਨਾਲ ਜੁੜਿਆ ਦੁੱਲਾ ਭੱਟੀ ਅਕੀਦੇ ਅਤੇ ਸਿਧਾਂਤਾਂ ਨੂੰ ਪਾਲਦਾ ਹੋਇਆ ਪੂਰੇ ਜਲੌਅ ਵਿੱਚ ਸੂਲੀ ‘ਤੇ ਚੜ੍ਹਦਿਆਂ ‘ਸ਼ਹੀਦ’ ਹੋ ਕੇ ਲੋਕ ਮਨਾਂ ਵਿਚ ਅਮਰ ਹੋ ਜਾਂਦਾ ਹੈ। ਦਰਅਸਲ ਸੂਲੀ ਤਾਂ ਉਸ ਦੀ ਹਕੂਮਤ ਵਿਰੁੱਧ ਵਿੱਢੀ ਲੜਾਈ ਦਾ ਇੱਕ ਮੋਰਚਾ ਹੈ ਜੋ ਮੁਗ਼ਲ ਸਲਤਨਤ ਦੇ ਖਿਲਾਫ਼ ਦੁੱਲੇ ਦੇ ਪੁਰਖਿਆਂ ਦੇ ਵੇਲਿਆਂ ਤੋਂ ਲੱਗਿਆ ਹੋਇਆ ਹੈ। ਇਸ ਵਾਰ ਮੋਰਚੇ ਦਾ ਮੋਹਰੀ ਦੁੱਲਾ ਹੈ।

ਨਾਬਰਾਂ ਦੀ ਗੁੱਟਬੰਦੀ

ਦੁੱਲਾ ਭੱਟੀ ਨੂੰ ਫ਼ਾਂਸੀ ਲੱਗਣ ਵਾਲੇ ਦਿਨ (ਸਾਲ 1599) ਜੋ ਹਜ਼ੂਮ ਲਾਹੌਰ ਸ਼ਹਿਰ ਦੇ ਬਜ਼ਾਰ ‘ਚ ਜੁੜਦਾ ਹੈ, ਉਸ ਹਜ਼ੂਮ ਵਿੱਚ ਸੂਫ਼ੀ ਕਲੰਦਰ ਸ਼ਾਹ ਹੁਸੈਨ ਵੀ ਹੈ। ਇੱਕ ਵਿਚਾਰਧਾਰਕ ਨਾਬਰ ਸ਼ਾਹ ਹੁਸੈਨ ਨੇ ਦੂਜੇ ਵਿਹਾਰਕ ਪੱਧਰ ਦੇ ਨਾਬਰ ਦੁੱਲਾ ਭੱਟੀ ਦੀ ਸ਼ਹਾਦਤ ਦੇ ਮੰਜ਼ਰ ਨੂੰ ਅੱਖੀਂ ਜੋ ਤੱਕਣਾ ਸੀ। ਸ਼ਾਹ ਹੁਸੈਨ ਦੀ ਨਾਬਰ ਰਹਿਣੀ-ਬਹਿਣੀ ਤੋਂ ਲਾਹੌਰ ਦਾ ਕੋਤਵਾਲ ਮਲਿਕ ਅਲੀ ਬੜਾ ਖਫ਼ਾ ਸੀ। ਕੋਤਵਾਲ ਨੇ ਸ਼ਾਹ ਹੁਸੈਨ ‘ਤੇ ਨਜ਼ਰ ਪੈਂਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਦੁੱਲਾ ਭੱਟੀ ਤੇ ਸ਼ਾਹ ਹੁਸੈਨ ਦੀ ਦੋਸਤੀ ਬਾਰੇ ਇਤਿਹਾਸ ਚੁੱਪ ਹੈ ਅਤੇ ਕੋਈ ਬਹੁਤੇ ਸਬੂਤ ਨਹੀਂ ਮਿਲਦੇ। ਦੁੱਲਾ ਭੱਟੀ ਦੀ ਫ਼ਾਂਸੀ ਵਕਤ ਸ਼ਾਹ ਹੁਸੈਨ ਦੀ ਹਾਜ਼ਰੀ ਬੜੀ ਅਹਿਮ ਹੈ ਜੋ ਨਾਬਰਾਂ ਦੀ ਦੋਸਤੀ ਦੀ ਇਤਿਹਾਸਕ ਗੁੱਟਬੰਦੀ ਵੱਲ ਸੰਕੇਤ ਕਰਦੀ ਹੈ। ਦੁੱਲਾ ਭੱਟੀ ਦੀ ਟੱਕਰ ਸਟੇਟ ਦੇ ਗ਼ਲਬੇ ਦੇ ਖਿਲਾਫ਼ ਵਿਹਾਰਕ ਅਤੇ ਰੋਹਮੁਖੀ ਹੈ, ਜਦ ਕਿ ਸ਼ਾਹ ਹੁਸੈਨ ਵਿਚਾਰਧਾਰਾ ਦੇ ਪੱਧਰ ‘ਤੇ ਹਕੂਮਤ ਪ੍ਰਤੀ ਗ਼ਾਲਬ ਹੈ। ਪੰਜਾਬ ਦੀ ਕਿਸਾਨੀ ਨੂੰ ਗ਼ਾਲਬ ਸਟੇਟ ਦੇ ਖਿਲਾਫ਼ ਦੁੱਲਾ ਭੱਟੀ ਦੇ ਵਡੇਰਿਆਂ ਵੱਲੋਂ ਬਗ਼ਾਵਤ ਦੀ ਜਾਗ ਲਗਾ ਕੇ ਸ਼ਹਾਦਤਾਂ ਰਾਹੀਂ ਜੋ ਲਾਲ ਲਕੀਰ ਖਿੱਚੀ ਸੀ, ਦੁੱਲਾ ਭੱਟੀ ਦੀ ਸ਼ਹਾਦਤ ਨੇ ਉਸ ਲਕੀਰ ਨੂੰ ਹੋਰ ਗੂੜ੍ਹਾ ਅਤੇ ਗਹਿਰਾ ਕੀਤਾ ਸੀ। ਦਰਅਸਲ ਦੁੱਲਾ ਭੱਟੀ ਨੂੰ ਨਾਬਰ ਵਿਹਾਰ ਦੀ ਗੁੜਤੀ ਤਾਂ ਵਿਰਸੇ ਵਿਚੋਂ ਹੀ ਮਿਲੀ ਸੀ। ਇਤਿਹਾਸ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਦੁੱਲਾ ਭੱਟੀ ਦੇ ਵਡੇਰਿਆਂ ਅਤੇ ਦੁੱਲਾ ਭੱਟੀ ਦੁਆਰਾ ਦਿੱਤੀਆਂ ਸ਼ਹਾਦਤਾਂ ਨੇ ਤੰਗ ਕਿਸਾਨੀ ਸੋਚ ਦਾ ਝਾਕਾ ਖੋਲ੍ਹ ਦਿੱਤਾ ਹੈ।

ਇਸਹਾਕ ਮੁਹੰਮਦ ਆਪਣੇ ਨਾਟਕ ‘ਕੁਕਨੂਸ’ ਵਿੱਚ ਦੁੱਲੇ ਭੱਟੀ ਨੂੰ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਗਾਉਂਦਾ ਪੇਸ਼ ਕਰਦਾ ਹੈ। ਲੋਕਾਈ ਦੀ ਇਤਿਹਾਸਕਾਰੀ ‘ਚ ਦੁੱਲਾ ਸ਼ਹੀਦ ਨਾਇਕ ਹੈ। ਉਸ ਦੀ ਸ਼ਹਾਦਤ ਦੇ ਮੰਜ਼ਰ ਨੂੰ ਤੱਕਣ ਵਾਲਿਆਂ ‘ਚੋਂ ਸ਼ਾਹ ਹੁਸੈਨ ਵੀ ਹੈ ਜੋ ਆਪਣੇ ‘ਮਹਿਬੂਬ’ ਲਈ ‘ਸ਼ਹੀਦ’ ਹੋਣ ਨੂੰ ਪਾਕ ਸਮਝ ਕੇ ‘ਕਰਤਾਰੀ ਕਰਮ’ ਦੱਸਦਾ ਹੋਇਆ ਇਉਂ ਬਿਆਨਦਾ ਹੈ;

“ਨੀ ਸਹੀਓ ਅਸੀਂ,

ਨੈਣਾਂ ਦੇ ਆਖੇ ਲੱਗੇ।

ਜਿਨ੍ਹਾਂ ਪਾਕ ਨਿਗਾਹਾਂ ਹੋਈਆਂ,

ਸੇ ਨਹੀਂ ਜਾਂਦੇ ਠੱਗੇ।

ਕਾਲੇ ਪਟ ਨ ਚੜੇ ਸਫੈਦੀ,

ਕਾਗ ਨ ਥੀਂਦੇ ਬੱਗੇ।

ਸ਼ਾਹ ਹੁਸੈਨ ਸ਼ਹਾਦਤ ਪਾਇਨ,

ਜੋ ਮਰਨ ਮਿੱਤਰਾਂ ਦੇ ਅੱਗੇ।

ਸ਼ਾਹ ਹੁਸੈਨ ਮੁਤਾਬਿਕ ਨੈਣਾਂ ਰਾਹੀਂ ਦਿਸਦੇ ਸੱਚ ਨੂੰ ਪ੍ਰਵਾਨ ਕਰ ਲੈਣ ਕਰਕੇ ਨਜ਼ਰੀਆ ਵੀ ਪਾਕ ਹੋ ਜਾਂਦਾ ਹੈ। ਅਜਿਹੇ ਪਾਕ ਨਜ਼ਰੀਏ ਵਾਲੇ ਕਦੇ ਠੱਗੇ ਨਹੀਂ ਜਾਂਦੇ। ਸੱਚੀ ਅਕੀਦਤ ਨੂੰ ਪ੍ਰਵਾਨ ਹੋਏ ਬਗ਼ੈਰ ‘ਸ਼ਹੀਦ’ ਦਾ ਰੁਤਬਾ ਹਾਸਿਲ ਹੋਣਾ ਕਠਿਨ ਹੈ। ‘ਸ਼ਹੀਦ’ ਸ਼ਬਦ ਦੀ ਉਤਪਤੀ ਕੁਰਾਨ ਵਿੱਚ ਆਉਂਦੇ ਅਰਬੀ ਸ਼ਬਦ ਤੋਂ ਹੈ, ਜਿਸ ਦਾ ਕੋਸ਼ਗਤ ਅਰਥ ਹੈ: ਸਾਖੀ, ਗਵਾਹੀ, ਖ਼ੁਦਾ ਦੇ ਰਾਹ ‘ਤੇ ਮਾਰਿਆ ਜਾਣ ਵਾਲਾ, ਭਾਵ ਲੋਕਾਈ ਹਿਤ ਦੇ ਕਿਸੇ ਭਲ਼ੇ ਕਾਰਜ ਲਈ ਮਰਨ ਵਾਲੇ ਲਈ ‘ਸ਼ਹੀਦ’ ਲਕਬ ਵਰਤਿਆ ਜਾਂਦਾ ਹੈ। ਇਸਲਾਮੀ ਸਫ਼ਾਂ ਵਿੱਚ ਸ਼ਹੀਦ ਤੋਂ ਮੁਰਾਦ ਉਹ ਸ਼ਖ਼ਸ ਹੈ ਜੋ ਅੱਲ੍ਹਾ ਦੇ ਰਾਹ ਵਿੱਚ ਜਾਨ ਦੇਵੇ। ਮਸਲਨ ਆਪਣੇ ਵਤਨ ਦੀ ਹਿਫ਼ਾਜ਼ਤ ਜਾਂ ਆਪਣੇ ਮਜ਼ਹਬ ਦੀ ਹਿਫ਼ਾਜ਼ਤ ਲਈ ਜੰਗ ਲੜਦੇ ਹੋਏ ਜਾਨ ਦੇ ਦੇਵੇ। ਇਸਲਾਮ ਵਿੱਚ ਸ਼ਹੀਦ ਦਾ ਮਰਤਬਾ ਬਹੁਤ ਬੁਲੰਦ ਹੈ ਅਤੇ ਕੁਰਾਨ ਦੇ ਮੁਤਾਬਿਕ ਸ਼ਹੀਦ ਮਰਦੇ ਨਹੀਂ ਬਲਕਿ ਜ਼ਿੰਦਾ ਹਨ ਅਤੇ ਅੱਲ੍ਹਾ ਉਨ੍ਹਾਂ ਨੂੰ ਰਿਜ਼ਕ ਵੀ ਦਿੰਦਾ ਹੈ। ਸ਼ਹੀਦ ਵੱਲੋਂ ਪਰਉਪਕਾਰ ਲਈ ਪੁੱਟੇ ਕਦਮਾਂ ਨਾਲ ਹੀ ‘ਸ਼ਹਾਦਤ’ ਦੇ ਦਰ ਦੀ ਸੋਝੀ ਪੈਂਦੀ ਹੈ। ਸ਼ਹਾਦਤ ਨੂੰ ਪ੍ਰਣਾਈ ਅਜਿਹੀ ‘ਕਰਤਾਰੀ ਰੂਹ’ ਦੀ ਰਾਖ ਵਿਚੋਂ “ਕੁਕਨੂਸ” ਪੈਦਾ ਹੁੰਦਾ ਹੈ। ਕਿਸੇ ਕੌਮ/ਧਰਮ ਦੇ “ਲੋਕ ਨਾਇਕ” ਕੁਕਨੂਸ ਦੀ ਨਿਆਈੰ ਹੁੰਦੇ ਹਨ, ਜਿਨ੍ਹਾਂ ਦੀ ਸ਼ਹਾਦਤ ਦੇ ਖ਼ੂਨ ਨਾਲ ਸਿੰਜੀ ਜਰਖੇਜ਼ ਹੋਈ ਮਿੱਟੀ ਵਿਚੋਂ ਦੁੱਲਾ ਭੱਟੀ ਵਰਗੇ ਨਵੇਂ ਕੁਕਨੂਸ ਪੈਦਾ ਹੁੰਦੇ ਹਨ।

(ਯੂਨਾਨੀ ਮਿਥਹਾਸ ਵਿੱਚ “ਕੁਕਨੂਸ” ਇੱਕ ਲੰਮੀ ਉਮਰ ਭੋਗਣ ਵਾਲਾ ਪੰਛੀ ਹੈ, ਜਿਸ ਬਾਰੇ ਮਿਥ ਹੈ ਕਿ ਅੰਤਲੇ ਸਮੇਂ ਇਹ ਪੰਛੀ ਬਹੁਤ ਮਿੱਠੀ ਆਵਾਜ਼ ਵਿੱਚ ਗੀਤ (ਦੀਪਕ ਰਾਗ) ਗਾਉਂਦਾ ਹੈ ਅਤੇ ਇਸ ਗਾਉਣ ਕਰਕੇ ਉਸ ਦੇ ਆਲ੍ਹਣੇ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਹ ਭਸਮ ਹੋ ਜਾਂਦਾ ਹੈ। ਫਿਰ ਬਰਸਾਤ ਵਿੱਚ ਉਸ ਦੀ ਭਸਮ ਵਿੱਚੋਂ ਇੱਕ ਨਵੇਂ ਕੁਕਨੂਸ ਦਾ ਜਨਮ ਹੁੰਦਾ ਹੈ। ਕਾਲਪਨਿਕ ਤੌਰ ‘ਤੇ ਕੁਕਨੂਸ ਇੱਕ ਬੇਹੱਦ ਰੰਗੀਨ ਪੰਛੀ ਹੈ, ਜਿਸ ਦੀ ਦੁਮ ਸੁਨਹਿਰੀ ਜਾਂ ਬੈਂਗਨੀ ਹੁੰਦੀ ਹੈ (ਕੁੱਝ ਕਥਾਵਾਂ ਦੇ ਅਨੁਸਾਰ ਹਰੀ ਜਾਂ ਨੀਲੀ)। ਇਸ ਦੀ ਉਮਰ 500 ਤੋਂ 1000 ਸਾਲ ਦੱਸਦੇ ਹਨ, ਜਿਸ ਦੇ ਅੰਤ ਵਿੱਚ ਇਹ ਆਪਣੇ ਆਪ ਦੇ ਇਰਦ-ਗਿਰਦ ਲਕੜੀਆਂ ਅਤੇ ਟਾਹਣੀਆਂ ਦਾ ਆਲ੍ਹਣਾ ਬਣਾ ਕੇ ਉਸ ਵਿੱਚ ਬੈਠ ਜਾਂਦਾ ਹੈ। ਆਲ੍ਹਣਾ ਅਤੇ ਪੰਛੀ ਦੋਨੋਂ ਜਲ ਕੇ ਰਾਖ ਬਣ ਜਾਂਦੇ ਹਨ ਅਤੇ ਇਸ ਰਾਖ ਵਿੱਚੋਂ ਇੱਕ ਨਵਾਂ ਕੁਕਨੂਸ ਜਨਮ ਲੈਂਦਾ ਹੈ।

ਲੋਹੜੀ ਦਾ ਇਤਿਹਾਸ ਅਤੇ ਦੁੱਲਾ ਭੱਟੀ

ਸ਼ੁਰੂਆਤ ਵਿਚ ਲੋਹੜੀ ਮੌਸਮ ਤਬਦੀਲੀ ਦਾ ਤਿਉਹਾਰ ਹੈ। ਸਮੇਂ ਦੇ ਬੀਤਣ ਨਾਲ ਘਟਨਾਵਾਂ ਇਸ ਦਿਨ ਨਾਲ ਜੁੜਦੀਆਂ ਗਈਆਂ। ਦੁੱਲਾ ਭੱਟੀ ਦੀ ਇਤਿਹਾਸਕ ਘਟਨਾ ਜੁੜਨ ਕਰਕੇ ਹੁਣ ਇਸ ਤਿਉਹਾਰ ਦਾ ਅਹਿਮ ਅੰਗ ਬਣ ਗਈ ਹੈ। ਮੌਸਮ ਅਤੇ ਪੰਜਾਬੀ ਸੁਭਾਅ ਕਰਕੇ ਹੁਣ ਇਹ ਤਿਉਹਾਰ ਖ਼ੁਸ਼ੀਆਂ ਅਤੇ ਵੱਡੇ ਦਿਨਾਂ ਦਾ ਪ੍ਰਤੀਕ ਵੀ ਹੈ। ਗੰਨੇ ਦੀ ਫ਼ਸਲ ਵੱਢੀ ਜਾਣ ਅਤੇ ਗੰਨੇ ਦਾ ਗੁੜ ਬਣਾਉਣ ਕਰਕੇ ਲੋਹੜੀ ਤਿਉਹਾਰ ਮੌਕੇ ਗੁੜ ਵੰਡਦਿਆਂ ਖੁਸ਼ੀਆਂ ਦੇ ਪ੍ਰਗਟਾਵੇ ਦਾ ਵੀ ਰਿਵਾਜ਼ ਹੈ।

ਉੱਪਰ ਚਰਚਾ ਕਰ ਆਏ ਹਾਂ ਕਿ ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਅਮੀਰ ਲੋਕਾਂ ਦਾ ਮਾਲ-ਧਨ ਲੁੱਟ ਕੇ ਗ਼ਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਬਾਰ ਇਲਾਕੇ ਦੇ ਗ਼ਰੀਬ ਲੋਕ ਦੁੱਲਾ ਭੱਟੀ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ। ਇਸ ਕਰਕੇ ਆਮ ਲੋਕ ਦੁੱਲਾ ਭੱਟੀ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ।
ਇੱਕ ਦੰਤ ਕਥਾ ਮੁਤਾਬਿਕ ਸੁੰਦਰੀ ਤੇ ਮੁੰਦਰੀ ਇੱਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਮੰਗੀਆਂ ਹੋਈਆਂ ਸਨ, ਪਰ ਗ਼ਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ।

ਇਲਾਕੇ ਦੇ ਜ਼ਿਮੀਂਦਾਰ/ਹਾਕਮ ਨੂੰ ਕੁੜੀਆਂ ਦੀ ਜਵਾਨੀ ਅਤੇ ਹੁਸਨ ਦਾ ਪਤਾ ਹੋਣ ਕਰਕੇ ਕੁਆਰੀਆਂ ਧੀਆਂ ‘ਤੇ ਮੈਲ਼ੀ ਅੱਖ ਰੱਖਣ ਲੱਗ ਪਿਆ ਤਾਂ ਉਸ ਨੇ ਬ੍ਰਾਹਮਣ ਦੀਆਂ ਧੀਆਂ ਨੂੰ ਜ਼ੋਰੀਂ ਚੁੱਕਣ ਦੀ ਨੀਅਤ ਧਾਰ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸ ਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਕਰਵਾਉਣ ਦੀ ਜਿੰਮੇਵਾਰੀ ਆਪਣੇ ‘ਤੇ ਲੈ ਲਈ। ਦੁੱਲਾ ਭੱਟੀ ਬ੍ਰਾਹਮਣ ਨੂੰ ਆਪਣਾ ਧਰਮੀ ਭਰਾ ਬਣਾਉਂਦਿਆਂ ਧੀਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਾ ਹੈ। ਧੀਆਂ ਦੇ ਇੱਜ਼ਤ ਨਾਲ ਬੂਹੀਓੰ ਡੋਲ਼ੇ ਤੋਰਨ ਨੂੰ ਦੁੱਲਾ ਆਪਣਾ ‘ਧਰਮ-ਕਰਮ’ ਸਮਝਦਾ ਸੀ।

ਸੁਖਦੇਵ ਮਾਦਪੁਰੀ ਦੇ ਸ਼ਬਦਾਂ ਵਿੱਚ, “ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪੁਰਾਣੇ ਵੇਲਿਆਂ ਵਿੱਚ ਬਾਰਾਤ (ਬਾ+ਰਾਤ) ਸਾਰੀ ਰਾਤ ਰੁਕਿਆ ਕਰਦੀ ਸੀ। ਦੁੱਲੇ ਨੇ ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲ਼ੀ ਗਈ। ਦੁੱਲੇ ਦੇ ਸਹਿਯੋਗ, ਪ੍ਰਬੰਧ ਅਤੇ ਨਿਗਰਾਨੀ ਹੇਠ ਕੁੜੀਆਂ ਦਾ ਡੋਲਾ ਤੁਰਨ ਕਰਕੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ਼ ਪੈ ਗਿਆ।” (ਸੁਖਦੇਵ ਮਾਦਪੁਰੀ, “ਲੋਕ ਗਾਥਾ ਦੁੱਲਾ ਭੱਟੀ”)

ਇਹੀ ਕਾਰਨ ਹੈ ਕਿ ਇਸ ਇਤਿਹਾਸਕ ਘਟਨਾ ਕਰਕੇ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਗੁੜ, ਸ਼ੱਕਰ, ਪਤਾਸੇ, ਲੱਕੜੀਆਂ ਜਾਂ ਪੈਸੇ ਆਦਿ ਮੰਗਣ ਜਾਂਦੇ ਹਨ ਤਾਂ ਉਹ ਦੁੱਲਾ ਭੱਟੀ ਦੇ ਜੱਸ ਦਾ ਗੀਤ ਗਾਉਂਦੇ ਹੋਏ ਨਜ਼ਰੀ ਵੀ ਆਉਂਦੇ ਹਨ:-

ਲੋਹੜੀ ਦਾ ਗੀਤ

ਸੁੰਦਰ ਮੁੰਦਰੀਏ ਹੋ!

ਤੇਰਾ ਕੌਣ ਵਿਚਾਰਾ ਹੋ,

ਦੁੱਲਾ ਭੱਟੀ ਵਾਲਾ ਹੋ,

ਦੁੱਲੇ ਧੀ ਵਿਆਹੀ ਹੋ,

ਸੇਰ ਸੱਕਰ ਪਾਈ ਹੋ,

ਕੁੜੀ ਦਾ ਲਾਲ ਪਤਾਕਾ ਹੋ,

ਕੁੜੀ ਦਾ ਸਾਲੂ ਪਾਟਾ ਹੋ,

ਸਾਲੂ ਕੌਣ ਸਮੇਟੇ,

ਚਾਚਾ ਗਾਲ਼ੀ ਦੇਸੇ,

ਚਾਚੇ ਚੂਰੀ ਕੁੱਟੀ,

ਜ਼ਿੰਮੀਦਾਰਾਂ ਲੁੱਟੀ,

ਜ਼ਿੰਮੀਦਾਰ ਸੁਧਾਏ,

ਗਿਣ ਗਿਣ ਪੌਲੇ ਲਾਏ,

ਇੱਕ ਪੌਲਾ ਰਹਿ ਗਿਆ,

ਸਿਪਾਹੀ ਫੜ ਕੇ ਲੈ ਗਿਆ,

ਸਿਪਾਹੀ ਨੇ ਮਾਰੀ ਇੱਟ,

ਭਾਵੇਂ ਰੋ ਤੇ ਭਾਵੇਂ ਪਿੱਟ,

ਸਾਨੂੰ ਦੇ ਦੇ ਲੋਹੜੀ,

ਤੇ ਤੇਰੀ ਜੀਵੇ ਜੋੜੀ!

ਜਿਹੜੇ ਘਰ ਵਾਲੇ ਲੋਹੜੀ ਮੰਗਣ ਵਾਲਿਆਂ ਨੂੰ ਗੁੜ, ਸ਼ੱਕਰ ਆਦਿ ਸਮੱਗਰੀ ਦਿੰਦੇ ਹਨ, ਉਸ ਘਰ ਨੂੰ ਅਸੀਸ ਦਿੱਤੀ ਜਾਂਦੀ ਹੈ;

ਡੱਬਾ ਭਰਿਆ ਲੀਰਾਂ ਦਾ,

ਇਹ ਘਰ ਅਮੀਰਾਂ ਦਾ।

ਜਿਹੜਾ ਘਰ ਲੋਹੜੀ ਮੰਗਣ ਵਾਲਿਆਂ ਨੂੰ ਕੁਝ ਨਹੀਂ ਦਿੰਦਾ ਤਾਂ ਉਸ ਘਰ ਲਈ ਬਦਦੁਆ ਵਜੋਂ ਇੰਝ ਕਿਹਾ ਜਾਂਦਾ ਹੈ;

ਹੁੱਕਾ ਬਈ ਹੁੱਕਾ,

ਇਹ ਘਰ ਭੁੱਖਾ….

ਕਿਸਾਨੀ ਸੰਘਰਸ਼ਾਂ ਲਈ ਪ੍ਰੇਰਣਾ ਸਰੋਤ ਹੈ ‘ਦੁੱਲਾ ਭੱਟੀ’

ਜੇਕਰ ਹਕੂਮਤਾਂ ਖ਼ਿਲਾਫ਼ ਉਠੇ ਕਿਸਾਨ ਸੰਘਰਸ਼ਾਂ ਦੇ ਸ਼ੁਰੂਆਤ ਦੀ ਗੱਲ ਕਰੀਏ ਤਾਂ ਲਗਭਗ ਸਾਢੇ ਚਾਰ ਸਦੀਆਂ ਪਹਿਲਾਂ ਹੋਏ ਪ੍ਰੇਰਨਾ ਸਰੋਤ ਤੇ ਪੰਜਾਬੀ ਨਾਇਕ ਦੁੱਲਾ ਭੱਟੀ ਦਾ ਨਾਮ ਮੱਲੋਜ਼ੋਰੀ ਸਾਡੇ ਜ਼ਿਹਨ ‘ਚ ਆ ਜਾਂਦਾ ਹੈ। ਦੁੱਲਾ ਭੱਟੀ ਤੋਂ ਲਗਭਗ ਸਵਾ ਸਦੀ ਬਾਅਦ ‘ਖਾਲਸਾ ਪੰਥ’ ਦੇ ਝੰਡੇ ਹੇਠ ਬੰਦਾ ਸਿੰਘ ਬਹਾਦਰ ਨੇ ਕਿਸਾਨੀ ਦੀ ਆਰਥਿਕ ਦੁਰਦਸ਼ਾ ਨੂੰ ਮਹਿਸੂਸ ਕਰਦੇ ਹੋਏ ਜ਼ਿਮੀਂਦਾਰੀ ਵਿਵਸਥਾ ਦੇ ਵਿਰੁੱਧ ਇੱਕ ਲੋਕ ਲਹਿਰ ਨੂੰ ਲਾਮਬੰਦ ਕੀਤਾ ਤੇ ਕਿਸਾਨਾਂ ਨੂੰ ਲਗਾਨ ਨਾ ਦੇਣ ਲਈ ਪ੍ਰੇਰਿਆ। ਅਸਲ ਵਿੱਚ ਬੰਦਾ ਸਿੰਘ ਬਹਾਦਰ ਦਾ ਕਿਸਾਨ ਜਮਾਤੀ ਘੋਲ ਜ਼ਿਆਦਾ ਠੋਸ ਤੇ ਵਿਉਂਤਬੰਦ ਸੀ, ਕਿਉਂਕਿ ਉਸ ਕੋਲ ‘ਸਿੱਖ ਗੁਰੂ ਸਾਹਿਬਾਨ ਦੀ ਅਮੀਰ ਵਿਚਾਰਧਾਰਾ’ ਦੁਆਰਾ ਸਿੰਜਿਆ ਤੇ ਜ਼ਰਖੇਜ਼ ਕਿਸਾਨੀ ਕਿੱਤੇ ਦਾ ਸਭਿਆਚਾਰ ਤੇ ਸਮਾਜਿਕ ਆਧਾਰ ਮੌਜੂਦ ਸੀ।

ਕੁੱਲ ਮਿਲਾ ਕੇ ਹਕੀਕਤ ਇਹ ਹੈ ਕਿ ਹਕੂਮਤਾਂ/ ਸਰਕਾਰਾਂ ਬਾਗ਼ੀਆਂ ਨੂੰ ‘ਲੋਕ ਨਾਇਕ’ ਬਣਨੋੰ ਸਦਾ ਰੋਕਦੀਆਂ ਰਹੀਆਂ ਹਨ। ਹਕੂਮਤਾਂ ਅਤੇ ਅਖੌਤੀ ਕੱਟੜ ਧਾਰਮਿਕ ਆਗੂ ਅਕਸਰ ਲੋਕਾਈ ਨੂੰ ਵੰਡ ਕੇ ਰੱਖਦੇ ਹਨ ਅਤੇ ਸਮਾਜ ਦਾ ‘ਏਕਾ’ ਨਹੀਂ ਹੋਣ ਦਿੰਦੇ। ਇਹੀ ਕਾਰਨ ਹੈ ਕਿ ਕਿਸਾਨਾਂ ਦੀ ਵੰਡ ਵੀ ਹਕੂਮਤਾਂ ਵੱਲੋਂ ਅਕਸਰ ਕੀਤੀ ਜਾਂਦੀ ਰਹੀ ਹੈ ਜੋ ਕਿ ਜ਼ਿਮੀਂਦਾਰ, ਕਿਸਾਨ, ਛੋਟੇ ਕਿਸਾਨ, ਮੁਜ਼ਾਰੇ ਅਤੇ ਮਜ਼ਦੂਰ ਆਦਿ ਤੋਂ ਬਿਨਾਂ ਧਰਮਾਂ, ਜਾਤਾਂ, ਨਸਲ, ਰੰਗ-ਰੂਪ ਆਦਿ ਵਰਗਾਂ ਵਿੱਚ ਵੰਡੀਆਂ ਪਾਉਂਦੇ ਵੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮੁਗ਼ਲ ਅਤੇ ਅੰਗਰੇਜ਼ ਹਕੂਮਤ ਨੇ ਦੁੱਲੇ ਦੀ ਸ਼ਹਾਦਤ ਨੂੰ ਧਾਰਮਿਕ ਫਿਰਕਾਪ੍ਰਸਤੀ ਵਿੱਚ ਵੰਡਿਆ ਹੈ। ਦੁੱਲਾ ਭੱਟੀ ਦਾ ਅਸਲ ਨਾਮ ‘ਰਾਏ ਅਬਦੁੱਲਾ ਖ਼ਾਨ ਭੱਟੀ’ ਸੀ ਜੋ ਕਿ ਵਿਗਾੜ ਕੇ ‘ਦੁੱਲਾ ਭੱਟੀ’ ਵਜੋਂ ਪੇਸ਼ ਕਰਦਿਆਂ ਚੋਰ, ਡਾਕੂ ਅਤੇ ਲੁਟੇਰਾ ਤੱਕ ਵੀ ਕਿਹਾ ਹੈ। ਸਾਡੇ ਸਮਾਜ ਵਿਚਲੇ ਕੁਝ ਕੱਟੜ ਹਿੰਦੂ ਭਾਈਚਾਰੇ ਅਤੇ ਅਖੌਤੀ ਬ੍ਰਾਹਮਣ ਦੇ ਮਨ ਨੂੰ ਵੀ ਇਹ ਗੱਲ ਨਹੀਂ ਭਾਉਂਦੀ ਕਿ ਉਨ੍ਹਾਂ ਦੀ ਜਮਾਤ ਦੇ ਨਿਮਾਣੇ ਬ੍ਰਾਹਮਣ ਦੀਆਂ ਦੋ ਧੀਆਂ ਦੀ ਇੱਜ਼ਤ ਦੀ ਰਾਖੀ ਇੱਕ ਗ਼ੈਰ ਹਿੰਦੂ ਭਾਵ ਭੱਟੀ ਮੁਸਲਮਾਨ ਨੇ ਕਰਕੇ ਜੱਸ ਖੱਟਿਆ ਹੈ। ਜਦ ਕਿ ਦੁੱਲਾ ਮੁਸਲਮਾਨ ਜਾਂ ਭੱਟੀ ਤਾਂ ਬਾਅਦ ਵਿੱਚ ਹੈ, ਪਹਿਲਾਂ ‘ਇਨਸਾਨ’ ਹੈ। ਦੁੱਲਾ ਭੱਟੀ ਦੀ ਅੱਜ ਮੁਸਲਮਾਨ, ਰਾਜਪੂਤ ਜਾਂ ਭੱਟੀ ਹੋਣ ਕਰਕੇ ਨਹੀਂ, ਬਲਕਿ ਉਸ ਦੇ ਧੁਰ ਅੰਦਰਲੀ ਇਨਸਾਨੀਅਤ ਕਰਕੇ ਹੀ ਗਾਥਾ ਬਿਆਨੀ ਜਾਂਦੀ ਹੈ। ਇਨਸਾਨੀਅਤ ਦੀ ਤਾਂ ਕੋਈ ਧਰਮ, ਜਾਤ, ਊਚ-ਨੀਚ ਆਦਿ ਵੰਡੀ ਨਹੀਂ ਹੁੰਦੀ। ਦੁੱਲਾ ਤਾਂ ਲੋਕ ਮਨਾਂ ਵਿੱਚ ਵੱਸਿਆ ਹੋਇਆ ‘ਲੋਕ ਨਾਇਕ’ ਹੈ। ਸਮਾਜਿਕ, ਧਾਰਮਿਕ, ਜਾਤਾਂ, ਰੰਗ, ਰੂਪ, ਊਚ, ਨੀਚ ਤੋਂ ਪਰ੍ਹੇ ਰਹਿਣ ਵਾਲਾ ਹੀ ‘ਲੋਕ ਨਾਇਕ’ ਦਾ ਰੁਤਬਾ ਹਾਸਲ ਕਰਦਾ ਹੈ। ਇਹ ਅਜਿਹੇ ਮਰਤਬੇ ‘ਤੇ ਪਹੁੰਚਿਆ ਵਿਅਕਤੀ ਹੀ ਨਿਮਾਣਿਆ, ਨਿਤਾਣਿਆਂ, ਗ਼ਰੀਬਾਂ ਦਾ ਮੱਦਦਗਾਰ ਅਤੇ ਲੋਕਾਈ ਲਈ ਭਾਈਚਾਰਕ ਸਾਂਝ ਦਾ “ਰੋਲ ਮਾਡਲ” ਹੁੰਦਾ ਹੈ। ਸਾਡੇ ‘ਲੋਕ ਨਾਇਕਾਂ’ ਵਿਚੋਂ ਦੁੱਲਾ ਭੱਟੀ ਦਾ ਨਾਮ ਇਤਿਹਾਸ ਵਿੱਚ ‘ਧਰੂ ਤਾਰੇ’ ਵਾਂਗ ਚਮਕਦਾ ਰਹੇਗਾ ਅਤੇ ਭਟਕਿਆਂ ਨੂੰ ਰਾਹੇ ਪਾਉਂਦਾ ਰਹੇਗਾ। ਬੱਸ ਸਾਡੀ ਜ਼ਿੰਮੇਵਾਰੀ ਅੱਜ ਅਜਿਹੇ ਲੋਕ ਨਾਇਕਾਂ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਧੁਰ ਅੰਤਰਮਨ ਵਿੱਚ ਵਸਾਉਣ ਅਤੇ “ਦੁੱਲਾ ਭੱਟੀ ਦੀ ਗਾਥਾ” ਨੂੰ ਨਵੀਂ ਪੀੜ੍ਹੀ ਤੱਕ ਪੁੱਜਦਾ ਕਰਨ ਦੀ ਹੈ।

Share this Article
Leave a comment