ਕਿਸਾਨਾਂ ਤੇ ਮੁਜ਼ਾਰਿਆਂ ਦੇ ਮੋਰਚੇ ਵਿੱਚ ਕੈਦ ਕੱਟਣ ਵਾਲੇ – ਇਨਕਲਾਬੀ ਦੇਸ਼ ਭਗਤ ਬਾਬਾ ਸੋਹਨ ਸਿੰਘ ਭਕਨਾ

TeamGlobalPunjab
5 Min Read

-ਅਵਤਾਰ ਸਿੰਘ

ਇਨਕਲਾਬੀ ਦੇਸ ਭਗਤ ਬਾਬਾ ਸੋਹਨ ਸਿੰਘ ਭਕਨਾ ਵੱਲੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਗਦਰ ਪਾਰਟੀ ਅਤੇ ਉਨ੍ਹਾਂ ਵੱਲੋਂ ਚਲਾਈ ਗਈ ਗਦਰ ਲਹਿਰ ਨੇ ਅਹਿਮ ਭੂਮਿਕਾ ਨਿਭਾਈ ਸੀ।

ਉਨ੍ਹਾਂ ਦਾ ਜੱਦੀ ਪਿੰਡ ਭਕਨਾ ਜ਼ਿਲਾ ਅੰਮ੍ਰਿਤਸਰ ਹੈ। ਉਨ੍ਹਾਂ ਦਾ ਜਨਮ 4 ਜਨਵਰੀ, 1870 ਨੂੰ ਭਾਈ ਕਰਮ ਸਿੰਘ ਸ਼ੇਰਗਿੱਲ ਦੇ ਘਰ ਮਾਤਾ ਰਾਮ ਕੌਰ ਦੀ ਕੁਖੋਂ ਨਾਨਕੇ ਪਿੰਡ ਖਤਰਾਏ ਖੁਰਦ, ਅੰਮਿ੍ਤਸਰ ਵਿੱਚ ਹੋਇਆ। ਉਹ ਇਕ ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਸਮੇਂ ਪਿੰਡ ਵਿੱਚ ਸਕੂਲ ਨਾ ਹੋਣ ਕਾਰਨ ਪੜ੍ਹਾਈ ਲਈ ਗੁਰਦੁਆਰੇ ਭੇਜਿਆ ਗਿਆ। ਉਸ ਸਮੇਂ ਉਹ 11 ਸਾਲ ਦੇ ਸਨ ਜਦ ਪਿੰਡ ਵਿੱਚ ਪ੍ਰਾਇਮਰੀ ਸਕੂਲ ਖੁੱਲ੍ਹਣ ‘ਤੇ ਦਾਖਲ ਕਰਵਾਇਆ ਗਿਆ।

16 ਸਾਲ ਦੀ ਉਮਰ ਵਿੱਚ ਪ੍ਰਾਇਮਰੀ ਪਾਸ ਕੀਤੀ। ਜਵਾਨ ਹੁੰਦਿਆਂ ਹੀ ਭੈੜੀ ਸੰਗਤ ਵਿੱਚ ਪੈਣ ਕਰਕੇ ਨਸ਼ਿਆਂ ਦੇ ਰਾਹ ਪੈਣ ਨਾਲ 65 ਏਕੜ ਜ਼ਮੀਨ ਵਿੱਚੋਂ 32 ਏਕੜ ਗਹਿਣੇ ਪੈ ਗਈ। ਉਹ ਆਪਣੀ ਜੀਵਨ ਕਥਾ ‘ਜੀਵਨ ਸੰਗਰਾਮ’ ਵਿੱਚ ਲਿਖਦੇ ਹਨ ਕਿ “ਇਸ ਤਰ੍ਹਾਂ ਮੇਰੇ ਕੀਮਤੀ ਦਸ ਸਾਲ ਤੇ ਧੰਨ ਦੌਲਤ ਬਰਬਾਦ ਹੋਏ, ਮੇਰੀ ਉਮਰ ਦੇ 26ਵੇਂ ਸਾਲ ਦੇ ਸ਼ੁਰੂ ਵਿੱਚ ਪਲਟਾ ਆਇਆ। ਇਹ ਪਲਟਾ ਲਿਆਉਣ ਵਾਲੇ ਸਨ ਮੁਹਾਵੇ ਦੇ ਨਾਮਧਾਰੀ ਸੰਤ ਬਾਬਾ ਕੇਸਰ ਸਿੰਘ ਸਨ ਜਿਨ੍ਹਾਂ ਦੀ ਬਦੌਲਤ ਉਨ੍ਹਾਂ ਨਸ਼ਿਆਂ ਨੂੰ ਤਿਆਗ ਦਿੱਤਾ।”

- Advertisement -

ਬਾਅਦ ਉਹ ਕਰਜ਼ਾ ਉਤਾਰਨ ਲਈ 3-2-1909 ਨੂੰ ਘਰੋਂ ਅਮਰੀਕਾ ਰਵਾਨਾ ਹੋ ਗਏ। ਚਾਰ ਅਪ੍ਰੈਲ ਨੂੰ ਉਥੇ ਪਹੁੰਚਣ ‘ਤੇ ਹਰਨਾਮ ਸਿੰਘ ਸਾਹਰੀ ਨੇ ਕੰਮ ਲੱਭਣ ਵਿੱਚ ਮਦਦ ਕੀਤੀ। ਉਥੇ ਲੱਕੜੀ ਦੀ ਮਿਲ ਵਿੱਚ ਮਜ਼ਦੂਰੀ ਕਰਨ ਲਗੇ। ਅਮਰੀਕਾ ਤੇ ਕੈਨੇਡਾ ਵਰਗੇ ਆਜ਼ਾਦ ਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਪੰਜਾਬੀਆਂ ਨੇ ਉਥੇ ਹੁੰਦੇ ਮਾੜੇ ਵਿਹਾਰ ਤੇ ਵਿਤਕਰੇ ਨੂੰ ਵੇਖਦਿਆਂ ਇਕ ਮਜ਼ਬੂਤ ਜਥੇਬੰਦੀ 21-4-1913 ਨੂੰ ‘ਹਿੰਦੀ ਐਸੋਸ਼ੀਏਸਨ ਆਫ ਪੈਸੇਫਿਕ ਕੋਸਟ’ ਬਣਾਈ ਜਿਸਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਸਕੱਤਰ ਬਣੇ।

ਇਸ ਜਥੇਬੰਦੀ ਨੇ 1857 ਦੇ ਗਦਰ ਦੇ ਨਾਮ ‘ਤੇ 1913 ਨੂੰ ਉਰਦੂ ਅਖ਼ਬਾਰ ‘ਗਦਰ’ ਕੱਢਿਆ ਜੋ ਕੁਝ ਹਫ਼ਤਿਆਂ ਬਾਅਦ ਪੰਜਾਬੀ ਵਿੱਚ ਛਪਣਾ ਸ਼ੁਰੂ ਹੋ ਗਿਆ। ਇਸ ਦੇ ਨਾਂ ‘ਤੇ ਹੀ ਗਦਰ ਪਾਰਟੀ ਮਸ਼ਹੂਰ ਹੋਈ।

23-7-1914 ਨੂੰ ਕਾਮਾਗਾਟਾ ਮਾਰੂ ਜਹਾਜ ਕੈਨੈਡਾ ਸਰਕਾਰ ਨੇ ਵਾਪਸ ਭਾਰਤ ਭੇਜ ਦਿੱਤਾ ਸੀ, ਇਸ ਤੋਂ ਉਹ ਬਹੁਤ ਦੁਖੀ ਹੋਏ। ਬਾਬਾ ਭਕਨਾ ਜੀ ਗਦਰ ਲਹਿਰ ਨੂੰ ਤੇਜ ਕਰਨ ਲਈ ਜਹਾਜ਼ ਤੋਸ਼ਾਮਾਰੂ ਰਾਂਹੀ ਕਲਕੱਤਾ ਪਹੁੰਚ ਗਏ।

ਖੁਫੀਆ ਪੁਲਿਸ ਦੀ ਰਿਪੋਰਟ ‘ਤੇ ਉਨ੍ਹਾਂ ਨੂੰ 13 ਅਕਤੂਬਰ 1914 ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਪਹਿਲਾਂ ਲੁਧਿਆਣੇ ਤੇ ਫਿਰ ਮੁਲਤਾਨ ਜੇਲ੍ਹ ਭੇਜ ਦਿੱਤਾ।

ਲਾਹੌਰ ਸਾਜਿਸ਼ ਕੇਸ ਵਿੱਚ 24 ਗਦਰੀਆਂ ਨੂੰ ਫਾਂਸੀ ਦੀ ਸਜਾ ਹੋਈ ਜਿਨ੍ਹਾਂ ਵਿਚੋਂ 17 ਨੂੰ ਉਮਰ ਕੈਦ ਤੇ ਕਾਲੇ ਪਾਣੀ ਦੀ ਸਜਾ ਮਿਲੀ ਸੀ ਇਸੇ ਸਜ਼ਾ ਅਧੀਨ ਬਾਬਾ ਭਕਨਾ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ।

- Advertisement -

1921 ਵਿੱਚ ਮਦਰਾਸ, 1928 ਵਿਚ ਲਾਹੌਰ ਤਬਦੀਲ ਕੀਤਾ ਗਿਆ। 14 ਦੀ ਥਾਂ 16 ਸਾਲ ਕੈਦ ਕੱਟੀ ਤੇ ਇਸ ਦੌਰਾਨ ਸ਼ਹੀਦ ਭਗਤ ਸਿੰਘ ਤੇ ਹੋਰ ਕਰਾਂਤੀਆਂ ਨਾਲ ਰਲ ਕੇ ਭੁੱਖ ਹੜਤਾਲ ਵੀ ਰੱਖਦੇ ਰਹੇ।

ਜਦੋਂ ਭਗਤ ਸਿੰਘ ਨੇ ਉਨ੍ਹਾਂ ਨੂੰ ਬਜ਼ੁਰਗ ਹੋਣ ਕਾਰਣ ਭੁੱਖ ਹੜਤਾਲ ਨਾ ਕਰਨ ਲਈ ਕਿਹਾ ਤਾਂ ਉਨ੍ਹਾਂ ਕਿਹਾ, “ਇਨਕਲਾਬੀ ਕਦੇ ਬੁੱਢੇ ਨਹੀਂ ਹੁੰਦੇ।” ਬਾਅਦ ਵਿੱਚ 90 ਦਿਨ ਦੀ ਭੁੱਖ ਹੜਤਾਲ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ।

1938 ਨੂੰ ਕਿਸਾਨ ਤੇ ਮੁਜ਼ਾਰਿਆਂ ਦੇ ਮੋਰਚੇ ਵਿਚ ਇਕ ਸਾਲ ਕੈਦ ਕੱਟੀ। ਦੂਜੀ ਵਿਸ਼ਵ ਜੰਗ ਲੱਗਣ ‘ਤੇ ਮੁੜ ਗ੍ਰਿਫਤਾਰ ਕਰਨ ਮਗਰੋਂ 1943 ਵਿੱਚ ਰਿਹਾਅ ਕੀਤਾ ਗਿਆ।

1948 ਵਿਚ ਗ੍ਰਿਫਤਾਰ ਕਰਕੇ ਯੋਲ ਕੈਂਪ ਵਿੱਚ ਭੇਜਿਆ ਤੇ ਉਥੇ ਮਾੜੀ ਖੁਰਾਕ ਦੇਣ ਖਿਲਾਫ 27- 28 ਦਿਨ ਅਖੀਰਲੀ ਭੁੱਖ ਹੜਤਾਲ ਕੀਤੀ। ਉਹ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਵੀ ਰਹੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਨਾਲ ਅਖੀਰ ਤਕ ਜੁੜੇ ਰਹੇ।

ਉਨ੍ਹਾਂ ਲਿਖਿਆ, “ਮੈਂ ਰੱਬ ਦੇ ਨਾਂ ਦੀ ਮਾਲਾ ਤਾਂ ਨਹੀ ਫੇਰਦਾ, ਪਰ ਦੁਨੀਆਂ ਭਰ ਦੇ ਸ਼ਹੀਦਾਂ ਚਾਹੇ ਉਹ ਕਿਸੇ ਵੀ ਦੇਸ ਜਾਂ ਕੌਮ ਦੇ ਹੋਣ, ਜਿਨ੍ਹਾਂ ਨੇ ਦੁਖੀ ਦੁਨੀਆਂ ਨੂੰ ਜ਼ਾਲਮਾਂ, ਠੱਗਾਂ ਤੇ ਵਹਿਮ ਪਰਸਤਾਂ ਦੇ ਪੰਜੇ ਤੋਂ ਛਡਾਉਣ ਲਈ ਆਪਣੀਆਂ ਆਹੂਤੀਆਂ ਦਿੱਤੀਆਂ ਦੇ ਨਾਮ ਦੀ ਮਾਲਾ ਜ਼ਰੂਰ ਫੇਰਦਾ ਹਾਂ। ਇਹੀ ਮੇਰਾ ਅਕੀਦਾ ਹੈ ਇਹੀ ਮੇਰਾ ਧਰਮ ਹੈ।”

ਇਨਕਲਾਬੀ ਦੇਸ ਭਗਤ ਬਾਬਾ ਸੋਹਨ ਸਿੰਘ ਭਕਨਾ ਨਮੂਨੀਏ ਦੀ ਬਿਮਾਰੀ ਕਾਰਣ 20-21 ਦਸੰਬਰ, 1968 ਦੀ ਰਾਤ ਨੂੰ ਸਦਾ ਲਈ ਅਲਵਿਦਾ ਆਖ ਗਏ। ਪਿੰਡ ਭਕਨਾ ਵਿੱਚ ਉਨ੍ਹਾਂ ਦੀ ਯਾਦ ਵਿਚ ਦੇ ਜਨਮ ਦਿਨ ਮੌਕੇ ਹਰ ਸਾਲ 4 ਜਨਵਰੀ ਨੂੰ ਸਮਾਗਮ ਕੀਤਾ ਜਾਂਦਾ ਹੈ।#

Share this Article
Leave a comment